ਅੱਜ ਪੂਰੀ ਦੁਨੀਆ ਦੀਆਂ ਨਜਰਾਂ CWC Final 'ਤੇ, ਆਸਟ੍ਰੇਲੀਆ ਵਿਰੁੱਧ ਇਤਿਹਾਸ ਰਚਣ ਲਈ ਤਿਆਰ ਭਾਰਤ

Sunday, Nov 19, 2023 - 10:27 AM (IST)

ਅਹਿਮਦਾਬਾਦ (ਭਾਸ਼ਾ) –  ਭਾਰਤ ਵਰਲਡ ਕ੍ਰਿਕਟ ਕੱਪ ਦੇ ਫਾਈਨਲ ’ਚ ਪਹੁੰਚ ਗਿਆ ਹੈ, ਅੱਜ ਐਤਵਾਰ ਦੁਪਹਿਰ 2 ਵਜੇ ਇਹ ਮੁਕਾਬਲਾ ਸ਼ੁਰੂ ਹੋਵੇਗਾ, ਜਿਸ ਕਾਰਨ ਕਰੋੜਾਂ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਹਰ ਕੋਈ ਆਪਣੇ-ਆਪਣੇ ਢੰਗ ਨਾਲ ਅਰਦਾਸਾਂ ਕਰ ਰਿਹਾ ਹੈ ਕਿ ਭਾਰਤ ਇਹ ਵਰਲਡ ਕੱਪ ਫਿਰ ਤੋਂ ਜਿੱਤ ਲਵੇ। ਬਰਨਾਲਾ ਅਤੇ ਸੰਗਰੂਰ ਜ਼ਿਲੇ ’ਚ ਵੀ ਕ੍ਰਿਕਟ ਪ੍ਰੇਮੀਆਂ ਦਾ ਉਤਸ਼ਾਹ ਜ਼ੋਰਾਂ ’ਤੇ ਹੈ।

ਭਾਰਤੀ ਕਪਤਾਨ ਰੋਹਿਤ ਸ਼ਰਮਾ ਆਪਣੀ ਵਿਰਾਸਤ ਖੜ੍ਹੀ ਕਰਨ ਲਈ ਤਿਆਰ ਹੈ ਤੇ ਐਤਵਾਰ ਨੂੰ ਇੱਥੇ ਆਸਟਰੇਲੀਆ ਵਿਰੁੱਧ ਹੋਣ ਵਾਲੇ ਵਿਸ਼ਵ ਕੱਪ ਫਾਈਨਲ ਵਿਚ ਉਹ ਕਰੋੜਾਂ ਕ੍ਰਿਕਟ ਪ੍ਰੇਮੀਆਂ ਦੀਆਂ ਦੁਆਵਾਂ ਵਿਚਾਲੇ ਆਪਣੇ 10 ਸਾਥੀਆਂ ਨਾਲ 5 ਵਾਰ ਦੇ ਵਿਸ਼ਵ ਚੈਂਪੀਅਨ ਵਿਰੁੱਧ ਇਤਿਹਾਸ ਰਚਣ ਉਤਰੇਗਾ। ਵਿਰਾਟ ਕੋਹਲੀ ਤੇ ਰਵੀਚੰਦਰਨ ਅਸ਼ਵਿਨ ਵਨ ਡੇ ਵਿਸ਼ਵ ਕੱਪ (2011) ਦਾ ਖਿਤਾਬ ਜਿੱਤਣ ਦੇ ਅਹਿਸਾਸ ਤੋਂ ਚੰਗੀ ਤਰ੍ਹਾਂ ਜਾਣੂ ਹਨ ਤੇ ਰੋਹਿਤ ਸ਼ਰਮਾ ਵੀ 2007 ਵਿਚ ਪਹਿਲਾ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕਾ ਹੈ।

ਕਪਿਲ ਦੇਵ ਨੇ 1983 ਵਿਚ ਜਦੋਂ ਲਾਰਡਸ ਵਿਚ ਵਿਸ਼ਵ ਕੱਪ ਟਰਾਫੀ ਚੁੱਕੀ ਸੀ ਤਾਂ ਇਹ ਭਾਰਤੀ ਕ੍ਰਿਕਟ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਸੀ। ਮਹਿੰਦਰ ਸਿੰਘ ਧੋਨੀ ਨੇ ਫਿਰ 2011 ਵਿਚ ਜਦੋਂ ਫਾਈਨਲ ਦੌਰਾਨ ਜੇਤੂ ਛੱਕਾ ਲਾਇਆ ਸੀ ਤਾਂ ਇਸ ਨਾਲ ਵਿਸ਼ਵ ਕ੍ਰਿਕਟ ਵਿਚ ਭਾਰਤ ਦੇ ਦਬਦਬੇ ਦੀ ਸ਼ੁਰੂਆਤ ਹੋਈ। ਭਾਰਤੀ ਕ੍ਰਿਕਟ ਟੀਮ 2023 ਵਿਚ ਆਪਣਾ ਤੀਜਾ ਵਨ ਡੇ ਵਿਸ਼ਵ ਕੱਪ ਹੀ ਨਹੀਂ ਜਿੱਤਣਾ ਚਾਹੇਗੀ, ਸਗੋਂ 50 ਓਵਰਾਂ ਦੇ ਸਵਰੂਪ ਨੂੰ ਵੀ ਬਚਾਉਣਾ ਚਾਹੇਗੀ ਜਿਹੜਾ ਪਿਛਲੇ ਘੱਟ ਤੋਂ ਘੱਟ 5 ਸਾਲਾਂ ਤੋਂ ਆਪਣੇ ਵੱਕਾਰ ਨੂੰ ਬਚਾਉਣ ਲਈ ਜੂਝ ਰਿਹਾ ਹੈ।

‘ਸੈਂਡਪੇਪਰ’ ਵਿਵਾਦ ਤੋਂ ਬਾਅਦ ਆਸਟਰੇਲੀਆ ’ਤੇ ਪਿਆ ਅਸਰ

‘ਸੈਂਡਪੇਪਰ’ ਵਿਵਾਦ ਤੋਂ ਬਾਅਦ ਆਸਟਰੇਲੀਅਨ ਟੀਮ ਦੀ ਸੰਸਕ੍ਰਿਤੀ ਵਿਚ ਥੋੜ੍ਹਾ-ਬਹੁਤ ਬਦਲਾਅ ਆਇਆ ਹੈ। ਟੀਮ ਨੇ ਕਿਸੇ ਵੀ ਕੀਮਤ ’ਤੇ ਜਿੱਤ ਦੀ ਸੰਸਕ੍ਰਿਤੀ ਛੱਡ ਦਿੱਤੀ ਹੈ ਪਰ ਜਿੱਤਣਾ ਨਹੀਂ ਭੁੱਲੀ ਹੈ। 5 ਵਾਰ ਦੀ ਇਹ ਵਿਸ਼ਵ ਚੈਂਪੀਅਨ ਟੀਮ ਵੱਡੇ ਮੁਕਾਬਲਿਆਂ ਦੀ ਟੀਮ ਹੈ ਤੇ ਸੰਭਾਵਿਤ ਇਕਲੌਤੀ ਟੀਮ ਹੈ ਜਿਹੜੀ ਭਾਰਤ ’ਤੇ ਕਾਫੀ ਦਬਾਅ ਪਾ ਸਕਦੀ ਹੈ।

ਸੰਭਾਵਿਤ ਟੀਮਾਂ :

ਭਾਰਤੀ ਟੀਮ-ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਆਰ. ਅਸ਼ਵਿਨ, ਈਸ਼ਾਨ ਕਿਸ਼ਨ, ਸੂਰਯਕੁਮਾਰ ਯਾਦਵ, ਪ੍ਰਸਿੱਧ ਕ੍ਰਿਸ਼ਣਾ।

ਆਸਟਰੇਲੀਆ : ਪੈਟ ਕਮਿੰਸ (ਕਪਤਾਨ), ਡੇਵਿਡ ਵਾਰਨਰ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਸਟੀਵ ਸਮਿਥ, ਮਾਰਨਸ ਲਾਬੂਸ਼ੇਨ, ਗਲੇਨ ਮੈਕਸਵੈੱਲ, ਮਾਰਕਸ ਸਟੋਇੰਸ, ਐਡਮ ਜ਼ਾਂਪਾ, ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁਡ, ਕੈਮਰਨ ਗ੍ਰੀਨ, ਜੋਸ਼ ਇੰਗਲਿਸ, ਐਲਕਸ ਕੈਰੀ ਤੇ ਸੀਨ ਐਬੋਟ।

ਟਾਸ ਦੀ ਭੂਮਿਕਾ

ਜਿਹੜੀ ਵੀ ਟੀਮ ਟਾਸ ਜਿੱਤੇਗੀ, ਉਹ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੇਗੀ। ਹਾਲਾਂਕਿ, ਟਾਸ ਦੀ ਭੂਮਿਕਾ ਨਰਿੰਦਰ ਮੋਦੀ ਸਟੇਡੀਅਮ ਵਿਚ ਜ਼ਿਆਦਾ ਅਹਿਮ ਨਹੀਂ ਹੋਵੇਗੀ। ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਦਾ ਇੱਥੇ ਜਿੱਤ ਫੀਸਦੀ ਜ਼ਿਆਦਾ ਹੈ।

ਕਿਹੋ ਜਿਹਾ ਰਹੇਗਾ ਮੌਸਮ

ਐਤਵਾਰ ਨੂੰ ਅਹਿਮਦਾਬਾਦ ਵਿਚ ਮੀਂਹ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਹਲਕੀ ਧੁੱਪ ਰਹੇਗੀ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 17 ਡਿਗਰੀ ਸੈਲਸੀਅਸ ਰਹਿ ਸਕਦਾ ਹੈ।

ਮੀਂਹ ਪਿਆ ਤਾਂ ਕੀ ਹੋਵੇ?

ਐਤਵਾਰ ਨੂੰ ਫਾਈਨਲ ਮੈਚ ਦੌਰਾਨ ਵੈਸੇ ਤਾਂ ਮੌਸਮ ਸਾਫ ਰਹੇਗਾ ਪਰ ਜੇਕਰ ਮੀਂਹ ਪੈਂਦਾ ਹੈ ਤਾਂ ਮੈਚ ਰਿਜ਼ਰਵ ਡੇ ’ਤੇ ਖੇਡਿਆ ਜਾਵੇਗਾ।

... ਤਾਂ ਸਾਂਝਾ ਜੇਤੂ ਬਣਨਗੇ

ਆਈ. ਸੀ. ਸੀ. ਦੇ ਨਿਯਮ ਮੁਤਾਬਕ ਜੇਕਰ ਫਾਈਨਲ ਮੈਚ ਰਿਜ਼ਰਵ ਡੇ ਨੂੰ ਵੀ ਨਹੀਂ ਹੁੰਦਾ ਤਾਂ ਦੋਵੇਂ ਹੀ ਟੀਮਾਂ ਸਾਂਝੇ ਤੌਰ ’ਤੇ ਜੇਤੂ ਐਲਾਨ ਕੀਤੀਆਂ ਜਾਣਗੀਆਂ।

ਸ਼ੁਭਮਨ ਗਿੱਲ ਬੈਸਟ ਹੈ ਅਹਿਮਦਾਬਾਦ ਵਿਚ

ਨਰਿੰਦਰ ਮੋਦੀ ਸਟੇਡੀਅਮ ਵਿਚ ਸ਼ੁਭਮਨ ਟੈਸਟ ਤੇ ਟੀ-20 ਮੁਕਾਬਲਿਆਂ ਵਿਚ 1-1 ਸੈਂਕੜਾ ਲਾ ਚੁੱਕਾ ਹੈ। ਆਈ. ਪੀ. ਐੱਲ. ਵਿਚ ਵੀ ਉਹ ਇਸ ਮੈਦਾਨ ’ਤੇ 12 ਮੈਚ ਖੇਡ ਕੇ 2 ਸੈਂਕੜਿਆਂ ਦੀ ਮਦਦ ਨਾਲ 669 ਦੌੜਾਂ ਬਣਾ ਚੁੱਕਾ ਹੈ। ਆਸਟਰੇਲੀਆ ਵਿਰੁੱਧ ਉਹ 6 ਵਨ ਡੇ ਖੇਡ ਕੇ 1 ਸੈਂਕੜੇ ਨਾਲ 268 ਦੌੜਾਂ ਬਣਾ ਚੁੱਕਾ ਹੈ।

ਵਿਰਾਟ ਕੋਹਲੀ ਬੈਸਟ ਹੈ ਆਸਟਰੇਲੀਆ ਵਿਰੁੱਧ

ਵਿਰਾਟ ਕੋਹਲੀ ਦਾ ਆਸਟਰੇਲੀਆ ਵਿਰੁੱਧ ਪ੍ਰਦਰਸ਼ਨ ਹਮੇਸ਼ਾ ਤੋਂ ਚੰਗਾ ਰਿਹਾ ਹੈ। ਉਹ ਇਸ ਟੀਮ ਵਿਰੁੱਧ ਟੈਸਟ ਤੇ ਵਨ ਡੇ ਵਿਚ ਕੁਲ ਮਿਲਾ ਕੇ 16 ਸੈਂਕੜੇ ਲਾ ਚੁੱਕਾ ਹੈ। 43 ਵਨ ਡੇ ਵਿਚ ਉਸ ਦੇ ਨਾਂ 2313 ਦੌੜਾਂ ਹਨ। ਸਚਿਨ 71 ਮੈਚਾਂ ਵਿਚੋਂ 3077 ਦੌੜਾਂ ਨਾਲ ਅਜੇ ਵੀ ਉਸ ਤੋਂ ਅੱਗੇ ਹੈ।

ਯੂ. ਕੇ. ਦੀ ਕੰਪਨੀ ਦਿਖਾਏਗੀ ਲੇਜ਼ਰ ਸ਼ੋਅ

30 ਤੋਂ ਵੱਧ ਸਾਲ ਤੋਂ ਲੇਜਰ ਸ਼ੋਅ ਵਰਕ ਵਿਚ ਕੰਮ ਕਰ ਰਹੀ ਯੂ. ਕੇ. ਦੀ ਕੰਪਨੀ ਦੂਜੀ ਪਾਰੀ ਦੀ ਡ੍ਰਿੰਕਸ ਬ੍ਰੇਕ ਦੌਰਾਨ 90 ਸੈਕੰਡ ਦਾ ਲੇਜਰ ਸ਼ੋਅ ਦਿਖਾਏਗੀ। ਇਸ ਤੋਂ ਪਹਿਲਾਂ 500 ਡਾਸਰਾਂ ਨਾਲ ਸੰਗੀਤਕਾਰ ਪ੍ਰੀਤਮ ਤੇ ਪੌਪ ਗਾਇਕਾ ਜੋਨਿਤਾ ਗਾਂਧੀ ਪੇਸ਼ਕਾਰੀ ਦੇਣਗੇ।

ਗਲੋਬਲ ਐਵਾਰਡ ਜੇਤੂ ਚਲਾਉਣਗੇ ਪਟਾਕੇ

ਭਾਰਤ ਬੈਲਕਪੂਲ ਸਾਲਾਨਾ ਵਿਸ਼ਵ ਫਾਇਰਵਰਕ ਮੁਕਾਬਲੇ ਵਿਚ ਜੇਤੂ ਰਿਹਾ ਸੀ। ਇਹ ਟੀਮ ਵਿਸ਼ਵ ਕੱਪ ਦੇ ਅੰਤ ਵਿਚ ਫਾਇਰਵਰਕ ਆਰਟ ਦਿਖਾ ਕੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਇਸ ਤੋਂ ਬਾਅਦ 1200 ਡ੍ਰੋਨ ਵਿਸ਼ਵ ਕੱਪ ਟਰਾਫੀ ਦਾ ਇਕ ਵੱਡਾ ਕੋਲਾਜ਼ ਅਸਮਾਨ ਵਿਚ ਬਣਾਉਣਗੇ।

12 ਸਾਲਾਂ ਬਾਅਦ ਮੁੜ ਉਹੀ ਮਾਹੌਲ

12 ਸਾਲ ਬਾਅਦ ਇਕ ਵਾਰ ਫਿਰ ਉਹੀ ਮਾਹੌਲ ਹੈ। ਭਾਰਤ ਦੇ ਖਚਾਖਚ ਭਰੇ ਸਟੇਡੀਅਮ ਅਤੇ ਹਰ ਕਿਸੇ ਦਾ ਇਕੋ-ਇਕ ਸੁਪਨਾ ਹੈ ਕਿ ਭਾਰਤ ਨੂੰ ਵਿਸ਼ਵ ਕੱਪ ਜਿੱਤਦੇ ਹੋਏ ਵੇਖਣਾ। ਆਖਰੀ ਵਾਰ ਟੀਮ ਇੰਡੀਆ ਨੇ ਵਿਸ਼ਵ ਕੱਪ 2011 ਵਿਚ ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ਵਿਚ ਜਿੱਤਿਆ ਸੀ। ਇਸ ਵਾਰ ਬਸ ਵਿਰੋਧੀ ਟੀਮ ਅਤੇ ਸਟੇਡੀਅਮ ਹੀ ਬਦਲਿਆ ਹੈ। ਬਾਕੀ ਭਾਰਤੀ ਟੀਮ ਦੀ ਫਾਰਮ 2011 ਵਾਲੀ ਵਿਸ਼ਵ ਕੱਪ ਦੀ ਟੀਮ ਨਾਲੋਂ ਵੀ ਕਾਫ਼ੀ ਬਿਹਤਰ ਹੈ। ਬੱਲੇਬਾਜ਼ ਤੋਂ ਲੈ ਕੇ ਗੇਂਦਬਾਜ਼ ਤਕ ਹਰ ਕੋਈ ਮੈਚ ਵਿਚ ਆਪਣਾ 100 ਫੀਸਦੀ ਯੋਗਦਾਨ ਦੇ ਰਿਹਾ ਹੈ।

ਕੋਈ ਤਵੱਜੋ ਨਾ ਮਿਲਣ ਤੋਂ ਬੌਖਲਾ ਰਿਹਾ ਹੈ ਖਾਲਿਸਤਾਨੀ ਅੱਤਵਾਦੀ ਪੰਨੂ

-ਕ੍ਰਿਕਟ ਵਿਸ਼ਵ ਕੱਪ ਨੂੰ ਲੈ ਕੇ ਦੇ ਰਿਹਾ ਹੈ ਗਿੱਦੜਭੱਕੀਆਂ

ਚੰਡੀਗੜ੍ਹ (ਰਮਨਜੀਤ ਸਿੰਘ) – ਗਾਹੇ-ਬਗਾਹੇ ਖਾਲਿਸਤਾਨੀ ਸਮਰਥਕ ਤੇ ਅਮਰੀਕਾ ਅਧਾਰਿਤ ਸਿੱਖਸ ਫਾਰ ਜਸਟਿਸ ਸੰਸਥਾ ਨਾਲ ਜੁੜੇ ਗੁਰਪਤਵੰਤ ਸਿੰਘ ਪੰਨੂ ਵਲੋਂ ਜਾਰੀ ਕੀਤੀਆਂ ਜਾਂਦੀਆਂ ਗਿੱਦੜਭੱਕੀਆਂਨੂੰ ਹੁਣ ਤਵੱਜੋ ਨਾ ਮਿਲਣ ਨਲਾ ਉਸ ਦੀ ਬੌਖਲਾਹਟ ਦਿਖਾਈ ਦੇਣ ਲੱਗੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪਹਿਲਾਂ ਉਸ ਦੀ ਧਮਾਕੀ ਭਰੀਆਂ ਕਾਲਾਂ ਤੇ ਵੀਡੀਓਜ਼ ਨੂੰ ਲੇ ਕੇ ਮੀਡੀਆ ਵਿਚ ਹੰਗਾਮਾ ਖੜ੍ਹਾ ਹੋ ਜਾਂਦਾ ਸੀ।

ਭਾਰਤ ਸਰਕਾਰ ਵਲੋਂ ਐਲਾਨੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵਲੋਂ ਦੋ ਹਫ਼ਤੇ ਪਹਿਲਾਂ ਹੀ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਲੈ ਕੇ ਧਮਕੀ ਭਰੀ ਵੀਡੀਓ ਜਾਰੀ ਕੀਤੀ ਸੀ, ਪਰ ਭਾਰਤੀ ਸੁਰੱਖਿਆ ਏਜੰਸੀਆ ਤੇ ਇਥੋਂ ਤੱਕ ਕਿ ਅਮਰੀਕਾ ਤੇ ਕੈਨੇਡਾ ਤੱਕ ਵਿਚ ਵਸੇ ਹੋਏ ਭਾਰਤੀਆਂ ਵਲੋਂ ਉਸ ਦੀਆਂ ਧਮਕੀਆਂ ਨੂੰ ਕੋਈ ਤਵੱਜੋ ਨਾ ਦਿੱਤੇ ਜਾਣ ਤੋਂ ਉਹ ਬੌਖਲਾ ਗਿਆ ਲੱਗਦਾ ਹੈ। ਭਾਰਤ ਸਰਕਾਰ ਵਲੋਂ ਕੈਨੇਡਾ ਸਰਕਾਰ ਦੇ ਪ੍ਰਤੀ ਅਪਨਾਏ ਗਏ ਸਖ਼ਤ ਰੁਖ ਤੇ ਦੁਨੀਆ ਭਰ ਵਿਚ ਭਾਰਤੀਆਂ ਵਲੋਂ ਲਿਮ ਰਹੇ ਸਮਰਥਨ ਦੇ ਕਾਰਣ ਪੰਨੂ ਦੀ ਧਮਕੀ ਦਾ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲਿਆ। ਉਲਟਾ ਭਾਰਤ ਸਰਕਾਰ ਵਲੋਂ ਉਕਤ ਅੱਤਵਾਦੀ ਦੀ ਵੀਡੀਓ ਦੇ ਖਿਲਾਫ਼ ਕੈਨੇਡਾ ਤੇ ਅਮਰੀਕਾ ਸਰਕਾਰਾਂ ਨੂੰ ਕਾਰਵਾਈ ਕਰਨ ਲਈ ਸਿਫਾਰਿਸ਼ ਕਰਨ ਦੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਪੰਨੂ ਦੀ ਮੁਸ਼ਕਿਲ ਹੋਰ ਵਧ ਸਕਦੀ ਹੈ।

ਇਹੀ ਕਾਰਣ ਹੈ ਕਿ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਆਪਣੀ ਬੌਖਲਾਹਟ ਕੱਢਣ ਲਈ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਧਮਕੀ ਦੀ ਵੀਡੀਓ ਪੋਸਟ ਕਰਨੀ ਪਈ।

ਕ੍ਰਿਕਟ ਦਾ ਖੁਮਾਰ, ਚੰਡੀਗੜ੍ਹ ਤਿਆਰ ਟ੍ਰਾਈਸਿਟੀ ’ਚ ਵਰਲਡ ਕੱਪ ਦੀ 11ਵੀਂ ਜਿੱਤ ਲਈ 11 ਘੰਟੇ ਲਗਾਤਾਰ ਹਵਨ ਕਰ ਕੇ ਅਰਦਾਸ

ਚੰਡੀਗੜ੍ਹਰ (ਲਲਨ) : ਵੰਨਡੇ ਵਿਸ਼ਵ ਕੱਪ-2023 ਦਾ ਫਾਈਨਲ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਐਤਵਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸ ਮੈਚ ਨਾਲ ਕਰੋੜਾਂ ਭਾਰਤੀ ਪ੍ਰਸ਼ੰਸਕਾਂ ਦੀਆਂ ਉਮੀਦਾਂ ਜੁੜੀਆਂ ਹੋਈਆਂ ਹਨ। ਇਸ ਲਈ ਟ੍ਰਾਈਸਿਟੀ ਵਿਚ ਸਵੇਰ ਟੀਮ ਦੀ ਜਿੱਤ ਲਈ ਮਿਟਸ ਐਂਟਰਟੇਨਮੈਂਟ ਵਿਚ ਵਿਸ਼ੇਸ਼ ਹਵਨ ਪੂਜਾ ਕੀਤੀ ਗਈ।

ਐੱਮ. ਕੇ. ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੇ ਸੈਮੀਫਾਈਨਲ ਤੋਂ ਪਹਿਲਾਂ ਵੀ ਹਵਨ ਕੀਤਾ ਸੀ ਅਤੇ ਇਸ ਮੌਕੇ ਪੂਰਾ ਦੇਸ਼ ਭਾਰਤੀ ਖਿਡਾਰੀਆਂ ਤੋਂ ਉਮੀਦ ਲਾ ਕੇ ਬੈਠਾ ਹੈ। ਅਸੀਂ ਇਸ ਵਿਸ਼ਵ ਕੱਪ ਦੀ 11ਵੀਂ ਜਿੱਤ ਲਈ ਪੰਚਕੂਲਾ ਵਿਚ 11 ਘੰਟੇ ਲਗਾਤਾਰ ਹਵਨ ਪੂਜਾ ਕਰ ਕੇ ਭਾਰਤੀ ਟੀਮ ਦੀ ਜਿੱਤ ਲਈ ਅਰਦਾਸ ਕਰ ਰਹੇ ਹਾਂ। ਦੇਸ਼ ਦੇ 140 ਕਰੋੜ ਲੋਕਾਂ ਦਾ ਆਸ਼ੀਰਵਾਦ ਭਾਰਤੀ ਟੀਮ ਦੇ ਨਾਲ ਹੈ। ਭਾਟੀਆ ਨੇ ਕਿਹਾ ਕਿ ਦੁਨੀਆ ਦੀ ਕੋਈ ਵੀ ਤਾਕਤ ਭਾਰਤ ਦੀ ਜਿੱਤ ਨੂੰ ਨਹੀਂ ਰੋਕ ਸਕੇਗੀ।


Harinder Kaur

Content Editor

Related News