80,000 ਭਾਰਤੀ ਇੰਗਲੈਂਡ ''ਚ ਵਿਸ਼ਵ ਕੱਪ ਦੇਖਣ ਜਾਣਗੇ
Thursday, May 09, 2019 - 09:11 PM (IST)

ਨਵੀਂ ਦਿੱਲੀ- ਇੰਗਲੈਂਡ ਵਿਚ 30 ਮਈ ਤੋਂ ਸ਼ੁਰੂ ਹੋ ਰਹੇ ਆਈ. ਸੀ. ਸੀ. ਕ੍ਰਿਕਟ ਵਨ ਡੇ ਵਿਸ਼ਵ ਕੱਪ ਵਿਚ ਭਾਰਤ ਦੇ ਮੈਚਾਂ ਲਈ ਟਿਕਟਾਂ ਦੀ ਮਾਰੋ-ਮਾਰੀ ਪਈ ਹੋਈ ਹੈ। ਆਲਮ ਇਹ ਹੈ ਕਿ ਪਾਕਿਸਤਾਨ ਤੇ ਭਾਰਤ ਵਿਚਾਲੇ 16 ਜੂਨ ਨੂੰ ਹੋਣ ਵਾਲੇ ਹਾਈਵੋਲਟੇਜ ਮੈਚ ਦੀਆਂ ਟਿਕਟਾਂ ਸਿਰਫ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਹੀ ਵਿਕ ਗਈਆਂ। ਇਸ ਵਾਰ ਵਿਸ਼ਵ ਕੱਪ ਦਾ ਆਯੋਜਨ ਇੰਗਲੈਂਡ ਵਿਚ ਹੋਣ ਜਾ ਰਿਹਾ ਹੈ, ਅਜਿਹੇ ਵਿਚ ਕ੍ਰਿਕਟ ਪ੍ਰੇਮੀ ਆਪਣੀ ਟੀਮ ਨੂੰ ਸਪੋਰਟ ਕਰਨ ਲਈ ਆਪਣਾ ਬੈਗ ਹੁਣ ਤੋਂ ਹੀ ਪੈਕ ਕਰ ਚੁੱਕੇ ਹਨ।
ਬ੍ਰਿਟਿਸ਼ ਹਾਈ ਕਮਿਸ਼ਨ ਅਨੁਸਾਰ ਇਸ ਵਾਰ ਤਕਰੀਬਨ 80,000 ਤੋਂ ਵੱਧ ਭਾਰਤੀ ਵਿਸ਼ਵ ਕੱਪ ਦੇ ਮੈਚ ਦੇਖਣ ਲਈ ਇੰਗਲੈਂਡ ਜਾਣ ਵਾਲੇ ਹਨ। ਇਹ ਅੰਦਾਜ਼ਾ ਇੰਗਲੈਂਡ ਜਾਣ ਵਾਲੇ ਭਾਰਤੀਆਂ ਤੇ ਪਿਛਲੀ ਵਾਰ ਇੰਗਲੈਂਡ ਵਿਚ ਭਾਰਤ ਦੀ ਟੀਮ ਨੂੰ ਸਪੋਰਟ ਕਰਨ ਗਏ ਪ੍ਰਸ਼ੰਸਕਾਂ ਦੇ ਡਾਟਾ ਦਾ ਮੁਲਾਂਕਣ ਕਰ ਕੇ ਲਾਇਆ ਗਿਆ ਹੈ। ਜੇਕਰ ਪੂਰੇ ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਸਾਨੂੰ ਅਜੇ ਨਹੀਂ ਪਤਾ ਕਿ ਆਖਿਰ ਕਿੰਨੇ ਲੋਕ ਵਿਸ਼ਵ ਕੱਪ ਦੌਰਾਨ ਇੰਗਲੈਂਡ ਆਉਣਗੇ ਪਰ ਭਾਰਤ ਵਿਚ ਕ੍ਰਿਕਟ ਦੇ ਪ੍ਰਤੀ ਲੋਕਾਂ ਦੀ ਦੀਵਾਨਗੀ ਤੇ ਬੀਤੇ ਅੰਕੜਿਆਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਲਿਸਟ ਵਿਚ ਸਭ ਤੋ ਵੱਧ ਭਾਰਤੀ ਹੀ ਹੋਣਗੇ।
ਬ੍ਰਿਟਿਸ਼ ਹਾਈ ਕਮਿਸ਼ਨ ਨੇ ਕਿਹਾ ਕਿ ਸਾਨੂੰ ਰੋਜ਼ਾਨਾ 3500 ਤੋਂ ਵੱਧ ਵੀਜ਼ਾ ਐਪਲੀਕੇਸ਼ਨਾਂ ਆ ਰਹੀਆਂ ਹਨ, ਜਦਕਿ ਜਨਵਰੀ ਤੋਂ ਅਪ੍ਰੈਲ ਤਕ ਤਕਰੀਬਨ 2 ਲੱਖ ਲੋਕਾਂ ਨੂੰ ਵੀਜ਼ਾ ਜਾਰੀ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਮੈਚ ਲਈ ਸਭ ਤੋਂ ਵੱਧ ਮਾਰੋ-ਮਾਰੀ ਹੈ। ਉਸ ਤੋਂ ਬਾਅਦ ਦਰਸ਼ਕ ਭਾਰਤ-ਆਸਟਰੇਲੀਆ ਤੇ ਭਾਰਤ-ਇੰਗਲੈਂਡ ਦਾ ਮੈਚ ਦੇਖਣਾ ਚਾਹੁੰਦੇ ਹਨ। ਉਥੇ 16 ਜੂਨ ਦੇ ਮੈਚ ਤੋਂ ਬਾਅਦ ਵਿਸ਼ਵ ਕੱਪ ਦੇ ਫਾਈਨਲ ਮੈਚ ਲਈ ਸਭ ਤੋਂ ਵੱਧ ਟਿਕਟਾਂ ਦੀ ਮਾਰੋ-ਮਾਰੀ ਹੈ।