ਅੰਤਰਰਾਸ਼ਟਰੀ ਦੋਸਤਾਨਾ ਮੈਚਾਂ ਲਈ ਭਾਰਤੀ ਫੁੱਟਬਾਲ ਟੀਮ ''ਚ 7 ਨਵੇਂ ਚਿਹਰੇ ਸ਼ਾਮਲ

Monday, Mar 21, 2022 - 05:15 PM (IST)

ਅੰਤਰਰਾਸ਼ਟਰੀ ਦੋਸਤਾਨਾ ਮੈਚਾਂ ਲਈ ਭਾਰਤੀ ਫੁੱਟਬਾਲ ਟੀਮ ''ਚ 7 ਨਵੇਂ ਚਿਹਰੇ ਸ਼ਾਮਲ

ਨਵੀਂ ਦਿੱਲੀ (ਵਾਰਤਾ)- ਬਹਿਰੀਨ ਵਿਚ ਇਸ ਮਹੀਨੇ ਦੇ ਅੰਤ ਵਿਚ 2 ਦੋਸਤਾਨਾ ਮੈਚਾਂ ਲਈ ਸੋਮਵਾਰ ਨੂੰ 25 ਮੈਂਬਰੀ ਭਾਰਤੀ ਸੀਨੀਅਰ ਪੁਰਸ਼ ਫੁਟਬਾਲ ਟੀਮ ਦਾ ਐਲਾਨ ਕੀਤਾ ਗਿਆ, ਜਿਸ ਵਿਚ 7 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਟੀਮ ਦੇ ਮੁੱਖ ਕੋਚ ਇਗਰ ਸਟਿਮੈਕ ਨੇ ਟੀਮ ਦਾ ਐਲਾਨ ਕੀਤਾ, ਜੋ 23 ਮਾਰਚ ਨੂੰ ਮੇਜ਼ਬਾਨ ਬਹਿਰੀਨ ਅਤੇ 26 ਮਾਰਚ ਨੂੰ ਬੇਲਾਰੂਸ ਵਿਰੁੱਧ ਦੋਸਤਾਨਾ ਮੈਚ ਖੇਡੇਗੀ। ਪ੍ਰਭਸੁਖਨ ਗਿੱਲ, ਹਾਰਮੀਪਮ ਰੂਈਵਾ, ਅਨਵਰ ਅਲੀ, ਰੋਸ਼ਨ ਸਿੰਘ, ਵੀਪੀ ਸੁਹੇਰ, ਦਾਨਿਸ਼ ਫਾਰੂਕ ਅਤੇ ਅਨਿਕੇਤ ਜਾਧਵ ਟੀਮ ਵਿਚ ਨਵੇਂ ਚਿਹਰੇ ਹਨ।

ਸਟਿਮੈਕ ਨੇ ਮੈਚਾਂ ਬਾਰੇ ਕਿਹਾ, “ਅਸੀਂ ਬਹਿਰੀਨ ਅਤੇ ਬੇਲਾਰੂਸ ਨਾਲ ਖੇਡ ਰਹੇ ਹਾਂ ਅਤੇ ਉਹ ਸਾਡੇ ਨਾਲੋਂ ਬਿਹਤਰ ਰੈਂਕਿੰਗ ਵਾਲੀ ਟੀਮ ਹੈ, ਪਰ ਰੈਂਕਿੰਗ ਜੋ ਵੀ ਹੋਵੇ, ਤੁਹਾਨੂੰ ਮੈਦਾਨ 'ਤੇ ਬਿਹਤਰ ਹੋਣ ਦੀ ਲੋੜ ਹੈ। ਬਹਿਰੀਨ ਸਾਨੂੰ ਦਿਖਾਏਗਾ ਕਿ ਅਸੀਂ ਕਿੱਥੇ ਖੜ੍ਹੇ ਹਾਂ। ਅਸੀਂ ਕੁਝ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਵਾਂਗੇ, ਜਿਨ੍ਹਾਂ ਨੇ ਇਸ ਸੀਜਨ ਹੀਰੋ ਆਈ.ਐੱਸ.ਐੱਲ. (ਇੰਡੀਅਨ ਸੁਪਰ ਲੀਗ) ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ, ਇਹ ਦੇਖਣ ਲਈ ਕਿ ਅਸੀਂ ਜੂਨ ਵਿਚ ਹੋਣ ਵਾਲੇ ਕੁਆਲੀਫਾਇਰ ਲਈ ਉਨ੍ਹਾਂ ਦਾ ਕਿੰਨਾ ਕੁ ਉਪਯੋਗ ਕਰ ਸਕਦੇ ਹਾਂ।'

ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਦੋਸਤਾਨਾ ਮੈਚ ਏ.ਐੱਫ.ਸੀ. ਏਸ਼ੀਅਨ ਕੱਪ ਚੀਨ 2023 ਕੁਆਲੀਫਾਇੰਗ ਮੈਚਾਂ ਦੇ ਫਾਈਨਲ ਗੇੜ ਲਈ ਟੀਮ ਦੀਆਂ ਤਿਆਰੀਆਂ ਦਾ ਹਿੱਸਾ ਹਨ, ਜੋ 8 ਜੂਨ ਤੋਂ ਕੋਲਕਾਤਾ ਵਿਚ ਸ਼ੁਰੂ ਹੋਵੇਗਾ। ਕੁਆਲੀਫਾਇਰ ਦੇ ਅੰਤਿਮ ਗੇੜ ਲਈ 24 ਟੀਮਾਂ ਨੂੰ 6 ਗਰੁੱਪਾਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਭਾਰਤ ਹਾਂਗਕਾਂਗ, ਅਫਗਾਨਿਸਤਾਨ ਅਤੇ ਕੰਬੋਡੀਆ ਦੇ ਨਾਲ ਗਰੁੱਪ ਡੀ ਵਿਚ ਹੈ। ਗਰੁੱਪ ਜੇਤੂ ਅਤੇ ਚੋਟੀ ਦੀਆਂ ਪੰਜ ਸਰਵੋਤਮ ਟੀਮਾਂ ਏਸ਼ੀਅਨ ਕੱਪ ਲਈ ਕੁਆਲੀਫਾਈ ਕਰਨਗੀਆਂ।

25 ਮੈਂਬਰੀ ਭਾਰਤੀ ਟੀਮ:

  • ਗੋਲਕੀਪਰ: ਗੁਰਪ੍ਰੀਤ ਸਿੰਘ ਸੰਧੂ, ਅਮਰਿੰਦਰ ਸਿੰਘ, ਪ੍ਰਭਸੁਖਨ ਗਿੱਲ।
  • ਡਿਫੈਂਡਰ: ਪ੍ਰੀਤਮ ਕੋਟਲ, ਸੇਰੀਟਨ ਫਰਨਾਂਡਿਸ, ਰਾਹੁਲ ਭੇਕੇ, ਹਾਰਮੀਪਮ ਰੂਈਵਾ, ਸੰਦੇਸ਼ ਝਿੰਗਨ, ਅਨਵਰ ਅਲੀ, ਚਿੰਗਲੇਨਸਾਨਾ ਸਿੰਘ, ਸੁਭਾਸ਼ੀਸ਼ ਬੋਸ, ਆਕਾਸ਼ ਮਿਸ਼ਰਾ, ਰੋਸ਼ਨ ਸਿੰਘ।
  • ਮਿਡਫੀਲਡਰ: ਬਿਪਿਨ ਸਿੰਘ, ਅਨਿਰੁਧ ਥਾਪਾ, ਪ੍ਰਣਯ ਹਲਦਰ, ਜੈਕਸਨ ਸਿੰਘ, ਬ੍ਰੈਂਡਨ ਫਰਨਾਂਡਿਸ, ਵੀਪੀ ਸੁਹੇਰ, ਦਾਨਿਸ਼ ਫਾਰੂਕ, ਯਾਸਿਰ ਮੁਹੰਮਦ, ਅਨਿਕੇਤ ਜਾਧਵ।
  • ਫਾਰਵਰਡ: ਮਨਵੀਰ ਸਿੰਘ, ਲਿਸਟਨ ਕੋਲਾਕੋ, ਰਹੀਮ ਅਲੀ।

author

cherry

Content Editor

Related News