6,6,6,6,4... ਧਾਕੜ ਬੱਲੇਬਾਜ਼ ਨੇ 1 ਓਵਰ ''ਚ ਠੋਕੀਆਂ 32 ਦੌੜਾਂ, T20 WC ਤੋਂ ਪਹਿਲਾਂ ਜੜਿਆ ਧਮਾਕੇਦਾਰ ਸੈਂਕੜਾ
Saturday, Jan 17, 2026 - 01:27 PM (IST)
ਸਪੋਰਟਸ ਡੈਸਕ : ਆਸਟ੍ਰੇਲੀਆ ਦੀ 'ਬਿੱਗ ਬੈਸ਼ ਲੀਗ' (BBL) ਵਿੱਚ ਕੰਗਾਰੂ ਬੱਲੇਬਾਜ਼ ਸਟੀਵ ਸਮਿਥ ਦਾ ਇੱਕ ਅਜਿਹਾ ਰੂਪ ਦੇਖਣ ਨੂੰ ਮਿਲਿਆ ਹੈ, ਜਿਸ ਨੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਹੈ। ਸਿਡਨੀ ਥੰਡਰ ਦੇ ਖਿਲਾਫ ਖੇਡਦਿਆਂ ਸਿਡਨੀ ਸਿਕਸਰਸ ਦੇ ਸਟਾਰ ਬੱਲੇਬਾਜ਼ ਸਮਿਥ ਨੇ ਮਹਿਜ਼ 41 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕਰਕੇ ਵਿਰੋਧੀ ਟੀਮ ਦੇ ਗੇਂਦਬਾਜ਼ੀ ਹਮਲੇ ਦੀਆਂ ਧੱਜੀਆਂ ਉਡਾ ਦਿੱਤੀਆਂ।
ਸਮਿਥ ਨੇ ਪਾਰੀ ਦੇ 12ਵੇਂ ਓਵਰ ਵਿੱਚ ਗੇਂਦਬਾਜ਼ ਰਿਆਨ ਹੈਡਲੀ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਦੇ ਇਕੋ ਓਵਰ ਵਿੱਚ 32 ਦੌੜਾਂ ਬਣਾ ਦਿੱਤੀਆਂ। ਸਮਿਥ ਨੇ ਪਹਿਲੀਆਂ ਚਾਰ ਗੇਂਦਾਂ 'ਤੇ ਲਗਾਤਾਰ ਚਾਰ ਛੱਕੇ ਜੜੇ ਅਤੇ ਪੰਜਵੀਂ ਗੇਂਦ 'ਤੇ ਚੌਕਾ ਮਾਰਿਆ। ਇਸ ਓਵਰ ਵਿੱਚ ਨੋ-ਬਾਲ ਅਤੇ ਵਾਈਡ ਦੇ ਰਨ ਵੀ ਸ਼ਾਮਲ ਸਨ। ਆਪਣੀ ਇਸ ਪਾਰੀ ਦੌਰਾਨ ਸਮਿਥ ਨੇ 238 ਦੇ ਸਟ੍ਰਾਈਕ ਰੇਟ ਨਾਲ ਖੇਡਦਿਆਂ 9 ਛੱਕੇ ਅਤੇ 5 ਚੌਕੇ ਲਗਾਏ।
ਸਿਡਨੀ ਥੰਡਰ ਵੱਲੋਂ ਮਿਲੇ 190 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸਿਡਨੀ ਸਿਕਸਰਸ ਦੀ ਟੀਮ ਲਈ ਸਮਿਥ ਅਤੇ ਬਾਬਰ ਆਜ਼ਮ ਨੇ ਪਹਿਲੀ ਵਿਕਟ ਲਈ 12.1 ਓਵਰਾਂ ਵਿੱਚ 141 ਦੌੜਾਂ ਦੀ ਸਾਂਝੇਦਾਰੀ ਕੀਤੀ। ਜਿੱਥੇ ਬਾਬਰ 47 ਦੌੜਾਂ ਬਣਾ ਕੇ ਆਊਟ ਹੋਏ, ਉੱਥੇ ਹੀ ਸਮਿਥ ਨੇ 42 ਗੇਂਦਾਂ ਵਿੱਚ 100 ਦੌੜਾਂ ਬਣਾ ਕੇ ਆਪਣੀ ਟੀਮ ਨੂੰ 17.2 ਓਵਰਾਂ ਵਿੱਚ ਹੀ ਜਿੱਤ ਦਿਵਾ ਦਿੱਤੀ।
ਇਸ ਤੋਂ ਪਹਿਲਾਂ ਸਿਡਨੀ ਥੰਡਰ ਲਈ ਖੇਡਦਿਆਂ ਸਾਬਕਾ ਦਿੱਗਜ ਬੱਲੇਬਾਜ਼ ਡੇਵਿਡ ਵਾਰਨਰ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਵਾਰਨਰ ਨੇ 65 ਗੇਂਦਾਂ ਵਿੱਚ 110 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਵਿੱਚ 11 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਪਰ ਸਮਿਥ ਦੀ ਤੂਫ਼ਾਨੀ ਪਾਰੀ ਨੇ ਵਾਰਨਰ ਦੇ ਸੈਂਕੜੇ ਨੂੰ ਫਿੱਕਾ ਪਾ ਦਿੱਤਾ।
ਸਮਿਥ ਦੀ ਇਹ ਧਮਾਕੇਦਾਰ ਪਾਰੀ ਟੀ-20 ਵਿਸ਼ਵ ਕੱਪ 2026 ਤੋਂ ਠੀਕ ਪਹਿਲਾਂ ਆਈ ਹੈ। ਹਾਲਾਂਕਿ, ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਸਮਿਥ ਨੂੰ ਵਿਸ਼ਵ ਕੱਪ ਲਈ ਆਸਟ੍ਰੇਲੀਆਈ ਟੀਮ ਵਿੱਚ ਨਹੀਂ ਚੁਣਿਆ ਗਿਆ ਹੈ।
