ਅਫਗਾਨਿਸਤਾਨ ਇਤਿਹਾਸਕ ਜਿੱਤ ਤੋਂ 4 ਵਿਕਟਾਂ ਦੂਰ
Sunday, Sep 08, 2019 - 09:21 PM (IST)
ਚਟਗਾਂਵ— ਅਫਗਾਨਿਸਤਾਨ ਦੀ ਟੀਮ ਬੰਗਲਾਦੇਸ਼ ਵਿਰੁੱਧ ਸੀਰੀਜ਼ ਦੇ ਇਕਲੌਤੇ ਟੈਸਟ ਨੂੰ ਜਿੱਤਣ ਤੋਂ ਹੁਣ ਸਿਰਫ 4 ਵਿਕਟਾਂ ਦੂਰ ਰਹਿ ਗਈ ਹੈ। ਬੰਗਲਾਦੇਸ਼ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤਕ 6 ਵਿਕਟਾਂ 'ਤੇ 136 ਦੌੜਾਂ ਬਣਾ ਲਈਆਂ ਹਨ ਤੇ ਉਸ ਨੂੰ ਅਜੇ ਵੀ 262 ਦੌੜਾਂ ਦੀ ਲੋੜ ਹੈ। ਬੰਗਲਾਦੇਸ਼ ਵਲੋਂ ਦਿਨ ਦੀ ਖੇਡ ਖਤਮ ਹੋਣ ਤਕ ਕਪਤਾਨ ਸ਼ਾਕਿਬ ਅਲ ਹਸਨ 39 ਤੇ ਸੌਮਿਆ ਸਰਕਾਰ ਬਿਨਾਂ ਖਾਤਾ ਖੋਲ੍ਹੇ ਕ੍ਰੀਜ਼ 'ਤੇ ਮੌਜੂਦ ਸਨ। ਸ਼ਾਕਿਬ 46 ਗੇਂਦਾਂ ਦੀ ਆਪਣੀ ਪਾਰੀ ਵਿਚ 4 ਚੌਕੇ ਲਾ ਚੁੱਕਾ ਹੈ ਤੇ ਉਸ 'ਤੇ ਆਪਣੀ ਟੀਮ ਨੂੰ ਹਾਰ ਦੇ ਖਤਰੇ ਵਿਚੋਂ ਬਾਹਰ ਕੱਢਣ ਦੀ ਵੱਡੀ ਜ਼ਿੰਮੇਵਾਰੀ ਹੈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਦੀ ਟੀਮ ਨੇ ਦੂਜੀ ਪਾਰੀ ਵਿਚ ਅਸਗਰ ਅਫਗਾਨ ਦੀ 50 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਤੇ ਵਿਕਟਕੀਪਰ ਬੱਲੇਬਾਜ਼ ਅਫਸਰ ਜਜਈ ਦੀ ਅਜੇਤੂ 48 ਦੌੜਾਂ ਦੀ ਬਿਹਤਰੀਨ ਪਾਰੀ ਦੀ ਬਦੌਲਤ 260 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਵਿਰੁੱਧ 397 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕਰ ਲਈ। ਅਫਗਾਨਿਸਤਾਨ ਨੇ ਪਹਿਲੀ ਪਾਰੀ ਵਿਚ 342 ਦੌੜਾਂ ਬਣਾਈਆਂ ਸਨ, ਜਦਕਿ ਬੰਗਲਾਦੇਸ਼ ਦੀ ਪਹਿਲੀ ਪਾਰੀ 205 ਦੌੜਾਂ 'ਤੇ ਸਿਮਟ ਗਈ ਸੀ, ਜਿਸ ਨਾਲ ਮਹਿਮਾਨ ਟੀਮ ਨੂੰ 137 ਦੌੜਾਂ ਦੀ ਮਜ਼ਬੂਤ ਬੜ੍ਹਤ ਹਾਸਲ ਹੋ ਗਈ ਸੀ। ਅਫਗਾਨਿਸਤਾਨ ਵਲੋਂ ਪਹਿਲੀ ਪਾਰੀ ਵਿਚ ਰਹਿਮਤ ਸ਼ਾਹ ਨੇ ਸ਼ਾਨਦਾਰ 102 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਸੀ ਤੇ ਅਫਗਾਨ ਨੇ 92 ਦੌੜਾਂ ਬਣਾਈਆਂ ਸਨ।

