ਖੇਡ ਮੰਤਰੀ ਮੀਤ ਹੇਅਰ ਵਲੋਂ ਵੱਡਾ ਐਲਾਨ, ‘ਖੇਡਾਂ ਵਤਨ ਪੰਜਾਬ ਦੀਆਂ’ 'ਚ ਸ਼ਾਮਲ ਕੀਤੀਆਂ ਇਹ ਪ੍ਰਮੁੱਖ ਖੇਡਾਂ

Tuesday, Aug 08, 2023 - 07:07 PM (IST)

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਖੇਡਾਂ ਦਾ ਸੱਭਿਆਚਾਰ ਪੈਦਾ ਕਰਨ ਅਤੇ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਪੈਦਾ ਕਰਨ ਦੇ ਸੁਫ਼ਨੇ ਨੂੰ ਹਕੀਕੀ ਰੂਪ ਦੇਣ ਲਈ ਉਲੀਕੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਪਹਿਲੇ ਸਾਲ ਦੀ ਸਫਲਤਾ ਤੋਂ ਬਾਅਦ ਇਸ ਸਾਲ ਦੂਜੀਆਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਲਈ ਵਿਭਾਗ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ।

ਅੱਜ ਇਥੇ ਪੰਜਾਬ ਭਵਨ ਵਿਖੇ ਖੇਡਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ ਉਪਰੰਤ ਮੀਤ ਹੇਅਰ ਨੇ ਦੱਸਿਆ ਕਿ ਵੱਖ-ਵੱਖ ਖਿਡਾਰੀਆਂ ਤੇ ਖੇਡ ਐਸੋਸੀਏਸ਼ਨਾਂ ਵੱਲੋਂ ਕੀਤੀਆਂ ਮੰਗਾਂ ਨੂੰ ਸਵੀਕਾਰ ਕਰਦਿਆਂ ਇਸ ਵਾਰ ਚਾਰ ਨਵੀਆਂ ਖੇਡਾਂ ਸਾਈਕਲਿੰਗ, ਘੋੜਸਵਾਰੀ, ਰਗਬੀ ਤੇ ਵਾਲੀਬਾਲ ਸ਼ੂਟਿੰਗ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਾਰ ਕੁੱਲ 34 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਨਾਂ ਵਿੱਚ ਉਕਤ ਚਾਰ ਤੋਂ ਇਲਾਵਾ ਅਥਲੈਟਿਕਸ, ਹਾਕੀ, ਫੁਟਬਾਲ, ਵਾਲੀਬਾਲ (ਸਮੈਸ਼ਿੰਗ), ਕਬੱਡੀ (ਸਰਕਲ ਤੇ ਨੈਸ਼ਨਲ ਸਟਾਈਲ), ਹੈਂਡਬਾਲ, ਮੁੱਕੇਬਾਜ਼ੀ, ਬਾਸਕਟਬਾਲ, ਕੁਸ਼ਤੀ, ਜੂਡੋ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਪਾਵਰ ਲਿਫਟਿੰਗ, ਲਾਅਨ ਟੈਨਿਸ, ਬੈਡਮਿੰਟਨ, ਕਿੱਕ ਬਾਕਸਿੰਗ, ਕਾਏਕਿੰਗ ਤੇ ਕੈਨੋਇੰਗ, ਖੋ ਖੋ, ਜਿਮਨਾਸਟਕ, ਤੈਰਾਕੀ, ਨੈਟਬਾਲ, ਗੱਤਕਾ, ਸਤਰੰਜ਼, ਟੇਬਲ ਟੈਨਿਸ, ਰੋਲਰ ਸਕੇਟਿੰਗ, ਵੇਟਲਿਫਟਿੰਗ, ਸਾਫਟਬਾਲ, ਰੋਇੰਗ ਤੇ ਤਲਵਾਰਬਾਜ਼ੀ ਸ਼ਾਮਲ ਹਨ।

ਇਹ ਵੀ ਪੜ੍ਹੋ : ਕੱਲ੍ਹ ਭਾਰਤ-ਪਾਕਿ ਵਿਚਾਲੇ ਖੇਡਿਆ ਜਾਵੇਗਾ ਹਾਕੀ ਦਾ ਮਹਾਮੁਕਾਬਲਾ, ਕਪਤਾਨ ਹਰਮਨਪ੍ਰੀਤ ਨੇ ਦਿੱਤਾ ਵੱਡਾ ਬਿਆਨ

ਖੇਡ ਮੰਤਰੀ ਨੇ ਦੱਸਿਆ ਕਿ ਅੰਡਰ 14 ਤੋਂ 60 ਸਾਲ ਉਮਰ ਤੋਂ ਵੱਧ ਵੈਟਰਨ ਤੱਕ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ। ਅਥਲੈਟਿਕਸ, ਫੁਟਬਾਲ, ਖੋ ਖੋ, ਕਬੱਡੀ (ਨੈਸ਼ਨਲ ਤੇ ਸਰਕਲ ਸਟਾਈਲ) ਤੇ ਵਾਲੀਬਾਲ ਦੇ ਮੁਕਾਬਲੇ ਬਲਾਕ ਪੱਧਰ ਤੋਂ ਸ਼ੁਰੂ ਹੋਣਗੇ ਜਦੋਂ ਇਨਾਂ ਦੇ ਜੇਤੂ ਅਤੇ ਬਾਕੀ ਖੇਡਾਂ ਦੇ ਜ਼ਿਲਾ ਪੱਧਰੀ ਮੁਕਾਬਲੇ ਹੋਣਗੇ ਅਤੇ ਫੇਰ ਜ਼ਿਲਾ ਜੇਤੂਆਂ ਦੇ ਰਾਜ ਪੱਧਰੀ ਮੁਕਾਬਲੇ ਹੋਣਗੇ। ਇਸ ਵਾਰ ਰਾਜ ਪੱਧਰੀ ਮੁਕਾਬਲਿਆਂ ਦਾ ਦਾਇਰਾ ਵਧਾ ਕੇ ਪਿਛਲੀ ਵਾਰ ਦੇ 10 ਜ਼ਿਲਿਆਂ ਦੀ ਬਜਾਏ 20 ਜ਼ਿਲਿਆਂ ਵਿੱਚ ਹੋਣਗੇ। ਰਾਜ ਪੱਧਰ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ ਉਤੇ ਆਉਣ ਵਾਲਿਆਂ ਨੂੰ ਕ੍ਰਮਵਾਰ 10 ਹਜ਼ਾਰ, 7 ਹਜ਼ਾਰ ਤੇ 5 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ।

ਮੀਤ ਹੇਅਰ ਨੇ ਕਿਹਾ ਕਿ ਰੰਗਾਰੰਗ ਉਦਘਾਟਨੀ ਸਮਾਰੋਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਜਿਸ ਲਈ ਦਿਨ ਅਤੇ ਸਥਾਨ ਦੀ ਚੋਣ ਦਾ ਫੈਸਲਾ ਜਲਦ ਕੀਤਾ ਜਾਵੇਗਾ। ਕੌਮੀ ਪੱਧਰ ਦੇ ਹੋਰਨਾਂ ਖੇਡ ਮੁਕਾਬਲਿਆਂ ਦੇ ਕੈਲੰਡਰ ਨੂੰ ਦੇਖਦਿਆਂ ਜਲਦ ਹੀ ਖੇਡਾਂ ਦੇ ਮੁਕਾਬਲਿਆਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਖੇਡਾਂ ਵਿੱਚ ਹਿੱਸਾ ਲੈਣ ਆਨਲਾਈਨ ਤੇ ਆਫਲਾਈਨ ਐਂਟਰੀ ਹੋਵੇਗੀ। ਰੰਗਾਰੰਗ ਸਮਾਪਤੀ ਸਮਾਰੋਹ ਦੌਰਾਨ 10 ਹਜ਼ਾਰ ਤੋਂ ਵੱਧ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ 7 ਕਰੋੜ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਮੀਟਿੰਗ ਵਿੱਚ ਵਿਸ਼ੇਸ਼ ਮੁੱਖ ਸਕੱਤਰ ਸਰਵਜੀਤ ਸਿੰਘ, ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ, ਵਿਸ਼ੇਸ਼ ਸਕੱਤਰ ਆਨੰਦ ਕੁਮਾਰ ਤੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਸਿੱਧੂ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Tarsem Singh

Content Editor

Related News