IND vs AUS 2nd ODI: ਅਸ਼ਵਿਨ ਤੇ ਅਈਅਰ ''ਤੇ ਹੋਵੇਗਾ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ

09/23/2023 1:23:56 PM

ਇੰਦੌਰ- ਮੋਹਾਲੀ 'ਚ ਸਪਾਟ ਵਿਕਟ 'ਤੇ ਦੌੜਾਂ ਬਣਾਉਣ ਤੋਂ ਖੁੰਝਣ ਵਾਲੇ ਸ਼੍ਰੇਅਸ ਅਈਅਰ ਐਤਵਾਰ ਨੂੰ ਆਸਟ੍ਰੇਲੀਆ ਖਿਲਾਫ ਇੰਦੌਰ 'ਚ ਹੋਣ ਵਾਲੇ ਦੂਜੇ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਆਪਣੇ ਨਾਂ ਕੁਝ ਦੌੜਾਂ ਜੋੜਨ ਦੀ ਕੋਸ਼ਿਸ਼ ਕਰਨਗੇ, ਜਦਕਿ ਸਪਿਨਰ ਰਵੀਚੰਦਰਨ ਅਸ਼ਵਿਨ ਵਿਚਾਲੇ ਦੇ ਓਵਰਾਂ 'ਚ ਵਿਕਟਾਂ ਹਾਸਲ ਕਰਨ ਲਈ ਬੇਤਾਬ ਹੋਣਗੇ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ :  ਭਾਰਤ ਨੇ ਰਚਿਆ ਇਤਿਹਾਸ, ICC ਦੇ ਤਿੰਨ ਫਾਰਮੈਟਾਂ 'ਚ ਨੰਬਰ 1 ਬਣਿਆ
ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸਮੇਤ ਕੁਝ ਅਹਿਮ ਖਿਡਾਰੀਆਂ ਤੋਂ ਬਿਨਾਂ ਖੇਡ ਰਹੀ ਭਾਰਤੀ ਟੀਮ ਨੇ ਆਸਟ੍ਰੇਲੀਆ ਖਿਲਾਫ ਪਹਿਲੇ ਵਨਡੇ 'ਚ ਆਸਾਨੀ ਨਾਲ ਜਿੱਤ ਦਰਜ ਕੀਤੀ ਅਤੇ ਉਹ ਵੱਡੇ ਸਕੋਰਾਂ ਲਈ ਮਸ਼ਹੂਰ ਹੋਲਕਰ ਸਟੇਡੀਅਮ 'ਚ ਸੀਰੀਜ਼ ਆਪਣੇ ਨਾਮ ਕਰਨ ਦੀ ਕੋਸ਼ਿਸ਼ ਕਰੇਗੀ।
ਮੀਂਹ ਕਾਰਨ ਸ਼ਹਿਰ ਦਾ ਤਾਪਮਾਨ ਡਿੱਗ ਗਿਆ ਹੈ ਅਤੇ ਮੋਹਾਲੀ ਵਿੱਚ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰ ਰਹੇ ਖਿਡਾਰੀਆਂ ਨੂੰ ਇੱਥੇ ਆ ਕੇ ਕਾਫ਼ੀ ਰਾਹਤ ਮਿਲੀ ਹੈ। ਮੁਹੰਮਦ ਸ਼ੰਮੀ ਅਤੇ ਸੂਰਿਆਕੁਮਾਰ ਯਾਦਵ ਦਾ ਪ੍ਰਦਰਸ਼ਨ ਖ਼ਾਸ ਤੌਰ 'ਤੇ ਪਹਿਲੇ ਵਨਡੇ 'ਚ ਭਾਰਤ ਲਈ ਸਕਾਰਾਤਮਕ ਪਹਿਲੂ ਰਿਹਾ ਹੈ ਪਰ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਕੁਝ ਸਵਾਲ ਅਜੇ ਵੀ ਜਵਾਬ ਲੱਭ ਰਹੇ ਹਨ। ਸੱਟ ਤੋਂ ਉਭਰ ਕੇ ਵਾਪਸੀ ਕਰਨ ਵਾਲੇ ਭਾਰਤ ਦੇ ਚੌਥੇ ਨੰਬਰ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਕਈ ਕਾਰਨਾਂ ਕਰਕੇ ਕ੍ਰੀਜ਼ 'ਤੇ ਜ਼ਿਆਦਾ ਸਮਾਂ ਨਹੀਂ ਬਿਤਾ ਸਕੇ ਹਨ। ਏਸ਼ੀਆ ਕੱਪ 'ਚ ਪਿੱਠ ਦੀ ਜਕੜਨ ਕਾਰਨ ਉਹ ਕੁਝ ਮੈਚ ਨਹੀਂ ਖੇਡ ਸਕਿਆ ਸੀ ਜਦਕਿ ਸ਼ੁੱਕਰਵਾਰ ਨੂੰ ਪਹਿਲੇ ਵਨਡੇ 'ਚ ਉਹ ਸਿਰਫ਼ ਅੱਠ ਗੇਂਦਾਂ ਖੇਡਣ ਤੋਂ ਬਾਅਦ ਰਨ ਆਊਟ ਹੋ ਗਏ ਸਨ। ਸੱਜੇ ਹੱਥ ਦਾ ਇਹ ਬੱਲੇਬਾਜ਼ ਵਿਸ਼ਵ ਕੱਪ ਤੋਂ ਪਹਿਲਾਂ ਆਪਣਾ ਮਨੋਬਲ ਵਧਾਉਣ ਲਈ ਅਗਲੇ ਦੋ ਵਨਡੇ ਮੈਚਾਂ ਵਿੱਚ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰੇਗਾ।

ਇਹ ਵੀ ਪੜ੍ਹੋ : ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਅੰਤਿਮ ਪੰਘਾਲ ਨੇ ਜਿੱਤਿਆ ਕਾਂਸੀ ਤਗਮਾ, ਮਿਲਿਆ 2024 ਓਲਪਿੰਕ ਦਾ ਕੋਟਾ
ਦੂਜੇ ਪਾਸੇ ਅਸ਼ਵਿਨ ਨੇ ਵਾਪਸੀ 'ਤੇ ਆਰਥਿਕ ਤੌਰ 'ਤੇ ਗੇਂਦਬਾਜ਼ੀ ਕੀਤੀ ਪਰ ਉਹ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਪਰੇਸ਼ਾਨ ਨਹੀਂ ਕਰ ਸਕੇ। ਉਹ ਸਪਾਟ ਵਿਕਟ 'ਤੇ ਟਰਨ ਹਾਸਲ ਨਹੀਂ ਪਾਏ ਅਤੇ ਉਨ੍ਹਾਂ ਦੀਆਂ ਸਿੱਧੀਆਂ ਗੇਂਦਾਂ ਨੂੰ ਬੱਲੇਬਾਜ਼ਾਂ ਨੇ ਆਸਾਨੀ ਨਾਲ ਖੇਡਿਆ। ਜੇਕਰ ਅਕਸ਼ਰ ਪਟੇਲ ਸਹੀ ਸਮੇਂ 'ਤੇ ਫਿੱਟ ਨਹੀਂ ਹੁੰਦੇ ਤਾਂ ਇਹ ਸਟਾਰ ਸਪਿਨਰ ਅਜੇ ਵੀ ਭਾਰਤ ਦੀ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾ ਸਕਦਾ ਹੈ ਪਰ ਟੀਮ ਪ੍ਰਬੰਧਨ ਨੂੰ ਉਸ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਇਹ ਵੀ ਦੇਖਣਾ ਹੋਵੇਗਾ ਕਿ ਟੀਮ 'ਚ ਸ਼ਾਮਲ ਇਕ ਹੋਰ ਆਫ ਸਪਿਨਰ ਵਾਸ਼ਿੰਗਟਨ ਸੁੰਦਰ ਨੂੰ ਮੌਕਾ ਮਿਲਦਾ ਹੈ ਜਾਂ ਨਹੀਂ। ਜੇਕਰ ਉਸ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਮਿਲਦੀ ਹੈ ਤਾਂ ਅਸ਼ਵਿਨ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਵੀ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਨੇ ਪਹਿਲੇ ਵਨਡੇ ਵਿੱਚ 10 ਓਵਰਾਂ ਵਿੱਚ 78 ਦੌੜਾਂ ਦਿੱਤੀਆਂ ਸਨ। ਉਨ੍ਹਾਂ ਦੇ ਪ੍ਰਦਰਸ਼ਨ ਵਿੱਚ ਨਿਰੰਤਰਤਾ ਦੀ ਕਮੀ ਹੈ ਜੋ ਟੀਮ ਲਈ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ।
ਸੂਰਿਆਕੁਮਾਰ ਯਾਦਵ ਨੇ ਬੱਲੇਬਾਜ਼ੀ 'ਚ ਲਗਾਤਾਰ ਅਸਫਲਤਾਵਾਂ ਤੋਂ ਬਾਅਦ ਚੰਗੀ ਪਾਰੀ ਖੇਡੀ ਹੈ, ਜਿਸ ਨਾਲ ਬੱਲੇਬਾਜ਼ ਅਤੇ ਟੀਮ ਪ੍ਰਬੰਧਨ ਦੋਵਾਂ ਨੂੰ ਰਾਹਤ ਮਿਲੀ ਹੋਵੇਗੀ। ਭਾਰਤ ਵਾਂਗ ਆਸਟ੍ਰੇਲੀਆ ਦੇ ਵੀ ਕੁਝ ਅਹਿਮ ਖਿਡਾਰੀ ਪਹਿਲੇ ਵਨਡੇ 'ਚ ਨਹੀਂ ਖੇਡ ਸਕੇ। ਇਨ੍ਹਾਂ ਵਿੱਚ ਮਿਸ਼ੇਲ ਸਟਾਰਕ, ਗਲੇਨ ਮੈਕਸਵੈੱਲ ਅਤੇ ਜੋਸ਼ ਹੇਜ਼ਲਵੁੱਡ ਸ਼ਾਮਲ ਹਨ। ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਮੋਹਾਲੀ 'ਚ ਮੈਚ ਤੋਂ ਬਾਅਦ ਕਿਹਾ ਕਿ ਇਹ ਤਿੰਨੇ ਖਿਡਾਰੀ 27 ਸਤੰਬਰ ਨੂੰ ਰਾਜਕੋਟ 'ਚ ਹੋਣ ਵਾਲੇ ਤੀਜੇ ਮੈਚ ਤੋਂ ਪਹਿਲਾਂ ਖੇਡਣ ਲਈ ਤਿਆਰ ਹੋ ਸਕਦੇ ਹਨ।
ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਆਪਣੀ ਚੰਗੀ ਫਾਰਮ ਬਰਕਰਾਰ ਰੱਖੀ ਹੋਈ ਹੈ ਪਰ ਸਟੀਵ ਸਮਿਥ ਅਤੇ ਮਾਰਨਸ ਲਾਬੁਸ਼ੇਨ ਵੱਡੀ ਪਾਰੀ ਖੇਡਣ ਲਈ ਬੇਤਾਬ ਹੋਣਗੇ। ਇਸ ਮੈਦਾਨ 'ਤੇ ਆਖਰੀ ਵਨਡੇ ਜਨਵਰੀ 'ਚ ਖੇਡਿਆ ਗਿਆ ਸੀ। ਨਿਊਜ਼ੀਲੈਂਡ ਖਿਲਾਫ ਇਸ ਮੈਚ 'ਚ ਭਾਰਤ ਨੇ ਰੋਹਿਤ ਅਤੇ ਸ਼ੁਭਮਨ ਗਿੱਲ ਦੇ ਸੈਂਕੜਿਆਂ ਦੀ ਮਦਦ ਨਾਲ 385 ਦੌੜਾਂ ਦਾ ਵੱਡਾ ਸਕੋਰ ਬਣਾਇਆ। ਰੋਹਿਤ ਇਸ ਮੈਚ 'ਚ ਵੀ ਨਹੀਂ ਖੇਡਣਗੇ ਪਰ ਗਿੱਲ ਫਿਰ ਤੋਂ ਵੱਡੀ ਪਾਰੀ ਖੇਡਣ ਦੀ ਕੋਸ਼ਿਸ਼ ਕਰਨਗੇ।

ਇਹ ਵੀ ਪੜ੍ਹੋ : ਮੈਨੂੰ ਇਸ ਦੀ ਆਦਤ ਹੋ ਗਈ ਹੈ- 2 ਮੈਚਾਂ ਲਈ ਕਪਤਾਨੀ ਮਿਲਣ 'ਤੇ KL ਰਾਹੁਲ ਦੀ ਮਜ਼ੇਦਾਰ ਪ੍ਰਤੀਕਿਰਿਆ
ਟੀਮਾਂ ਇਸ ਪ੍ਰਕਾਰ ਹਨ-
ਭਾਰਤ: ਕੇਐੱਲ ਰਾਹੁਲ (ਕਪਤਾਨ), ਰਵਿੰਦਰ ਜਡੇਜਾ, ਰੁਤੂਰਾਜ ਗਾਇਕਵਾੜ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਈਸ਼ਾਨ ਕਿਸ਼ਨ, ਸ਼ਾਰਦੁਲ ਠਾਕੁਰ, ਵਾਸ਼ਿੰਗਟਨ ਸੁੰਦਰ, ਆਰ ਅਸ਼ਵਿਨ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ। 
ਆਸਟ੍ਰੇਲੀਆ : ਪੈਟ ਕਮਿੰਸ (ਕਪਤਾਨ), ਐਲੇਕਸ ਕੈਰੀ, ਨਾਥਨ ਐਲਿਸ, ਕੈਮਰਨ ਗ੍ਰੀਨ, ਐਡਮ ਜ਼ੈਂਪਾ, ਮਾਰਕਸ ਸਟੋਇਨਿਸ, ਮਿਸ਼ੇਲ ਸਟਾਰਕ, ਸਟੀਵ ਸਮਿਥ, ਡੇਵਿਡ ਵਾਰਨਰ, ਜੋਸ਼ ਹੇਜ਼ਲਵੁੱਡ, ਸਪੈਂਸਰ ਜੌਹਨਸਨ, ਮਾਰਨਸ ਲਾਬੁਸ਼ੇਨ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਤਨਵੀਰ ਸੰਘਾ, ਮੈਟ ਸ਼ਾਰਟ

ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News