ਭਰਤਗੜ੍ਹ ਦਾ ਕੌਮਾਂਤਰੀ ਦੰਗਲ 25 ਤੋਂ

08/23/2019 8:50:07 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ, ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਬਾਬਾ ਜੀ ਦੇ ਜਨਮ ਅਸਥਾਨ ਭਰਤਗੜ੍ਹ ਵਿਖੇ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਰਹਿਨੁਮਾਈ ਹੇਠ ਕੌਮਾਂਤਰੀ ਦੰਗਲ 25 ਅਗਸਤ ਤੋਂ 27 ਅਗਸਤ ਤੱਕ ਕਰਵਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਬਾਬਾ ਜੀ ਦੇ ਸੇਵਾਦਾਰ ਤੇ ਦੰਗਲ ਕਮੇਟੀ ਦੇ ਪ੍ਰਧਾਨ ਉਜਾਗਰ ਸਿੰਘ ਨੰਬਰਦਾਰ ਨੇ ਦੱਸਿਆ ਕਿ 24 ਅਗਸਤ ਨੂੰ ਡੇਰਾ ਹੰਸਾਲੀ ਭਰਤਗੜ੍ਹ ਵਿਖੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਜਨਮ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਧਾਰਮਕ ਸਮਾਗਮ ਤੇ ਵਿਸ਼ਾਲ ਖ਼ੂਨ-ਦਾਨ ਕੈਂਪ ਲਾਇਆ ਜਾਵੇਗਾ।
25 ਅਗਸਤ ਨੂੰ ਕੁਸ਼ਤੀਆਂ ਸ਼ੁਰੂ ਕਰਵਾਈਆਂ ਜਾਣਗੀਆਂ, ਜਿਸ ਵਿਚ 10 ਤੋਂ 15 ਸਾਲ ਦੇ ਬੱਚਿਆਂ (55 ਕਿਲੋਗ੍ਰਾਮ ਤੱਕ) ਦੀਆਂ 2 ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ।  ਦੋਵੇਂ ਕੁਸ਼ਤੀਆਂ ਦੇ ਜੇਤੂਆਂ ਨੂੰ ਸੋਨੇ ਦੇ ਕੜੇ ਪਾਏ ਜਾਣਗੇ। ਫਿਰ 26 ਅਗਸਤ ਤਕ ਲੋਕਲ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਜਾਣਗੀਆਂ, 27 ਅਗਸਤ ਨੂੰ ਪੰਜਾਬ ਦੇ ਵੱਖ-ਵੱਖ ਅਖਾੜਿਆਂ ਦੇ ਨਾਮੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਮਿੱਟੀ 'ਚ ਕਰਵਾਈਆਂ ਜਾਣਗੀਆਂ। ਇਨ੍ਹਾਂ ਕੁਸ਼ਤੀਆਂ ਲਈ ਭਾਰ ਵਰਗ 65,75,85 ਕਿਲੋਗ੍ਰਾਮ ਤੇ ਪਲੱਸ 85 ਕਿਲੋ ਤੋਂ ਵੱਧ ਭਾਰ ਰੱਖਿਆ ਗਿਆ ਹੈ। ਜੇਤੂ ਪਹਿਲਵਾਨਾਂ ਨੂੰ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਵੱਲੋਂ ਉਚਿਤ ਇਨਾਮ ਦਿੱਤੇ ਜਾਣਗੇ।


Gurdeep Singh

Content Editor

Related News