ਆਲ ਇੰਗਲੈਂਡ ਚੈਂਪੀਅਨ ਫੇਂਗ ਨੂੰ ਹਰਾ ਕੇ ਲਕਸ਼ੈ ਸੇਨ ਬਣੇ ਕੈਨੇਡਾ ਓਪਨ ਚੈਂਪੀਅਨ
Monday, Jul 10, 2023 - 12:51 PM (IST)
ਕੈਲਗਰੀ (ਭਾਸ਼ਾ)- ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਕੈਨੇਡਾ ਓਪਨ ਦੇ ਫਾਈਨਲ ਵਿਚ ਚੀਨ ਦੇ ਲੀ ਸ਼ੀ ਫੇਂਗ ਨੂੰ ਹਰਾ ਕੇ ਆਪਣਾ ਦੂਜਾ ਬੀ.ਡਬਲਿਊ.ਐੱਫ. (ਵਿਸ਼ਵ ਬੈਡਮਿੰਟਨ ਫੈਡਰੇਸ਼ਨ) ਸੁਪਰ 500 ਖ਼ਿਤਾਬ ਜਿੱਤ ਲਿਆ। ਇਸ 21 ਸਾਲਾ ਖਿਡਾਰੀ ਨੇ 2022 ਇੰਡੀਆ ਓਪਨ ਵਿਚ ਆਪਣਾ ਪਹਿਲਾ ਸੂਪਰ 500 ਖ਼ਿਤਾਬ ਜਿੱਤਿਆ ਸੀ। ਸੇਨ ਨੇ ਸ਼ਾਨਦਾਰ ਗਤੀ ਅਤੇ ਹੁਨਰ ਦੇ ਮਿਸ਼ਰਣ ਨਾਲ ਐਤਵਾਰ ਨੂੰ ਇੱਥੇ ਫਾਈਨਲ ਵਿਚ ਮੌਜੂਦਾ ਆਲ ਇੰਗਲੈਂਡ ਚੈਂਪੀਅਨ ਫੇਂਗ ਨੂੰ 21-18, 22-20 ਨਾਲ ਹਰਾਇਆ। ਇਸ ਜਿੱਤ ਮਗਰੋਂ ਸੇਨ ਨੇ ਕਿਹਾ ਕਿ ਓਲੰਪਿਕ ਕੁਆਲੀਫਿਕੇਸ਼ਨ ਸਾਲ ਵਿਚ ਇਹ ਮੁਸ਼ਕਲ ਸੀ, ਕਿਉਂਕਿ ਚੀਜਾਂ ਮੇਰੇ ਹਿਸਾਬ ਨਾਲ ਨਹੀਂ ਸਨ। ਇਸ ਲਈ ਇਹ ਜਿੱਤ ਮੇਰੇ ਆਤਮਨਿਸ਼ਵਾਸ ਨੂੰ ਵਧਾਏਗੀ। ਸੇਨ ਨੇ ਕਿਹਾ ਕਿ ਮੈਨੂੰ ਕੁੱਝ ਮੈਚਾਂ ਵਿਚ ਆਪਣੀ ਪੂਰੀ ਤਾਕਤ ਲਗਾਉਣੀ ਪਵੇਗੀ। ਇੱਥੇ ਹਾਲਾਤ ਵੱਖਰੇ ਸਨ ਅਤੇ ਇਸ ਦਾ ਆਦੀ ਹੋਣਾ ਜ਼ਰੂਰੀ ਸੀ।
ਪਿਛਲੇ ਸਾਲ ਅਗਸਤ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਣ ਦੇ ਬਾਅਦ ਸੇਨ ਦਾ ਇਹ ਪਹਿਲਾ ਖ਼ਿਤਾਬ ਸੀ। ਉਹ ਇਸ ਸਾਲ ਸਿੰਗਲਜ਼ ਚੈਂਪੀਅਨ ਬਣਨ ਵਾਲੇ ਦੇਸ਼ ਦੇ ਦੂਜੇ ਖਿਡਾਰੀ ਹਨ। ਇਸ ਤੋਂ ਪਹਿਲਾਂ ਮਈ ਵਿਚ ਐੱਚ. ਪ੍ਰਣਯ ਨੇ ਮਲੇਸ਼ੀਆ ਮਾਸਟਰਜ਼ ਵਿਚ ਜਿੱਤ ਹਾਸਲ ਕੀਤੀ ਸੀ। ਸੇਨ ਨੇ ਇਸ ਮੁਕਾਬਲੇ ਵਿਚ ਆਪਣੇ ਦਮਦਾਰ ਕਿਰਦਾਰ ਦਾ ਪ੍ਰਦਰਸ਼ਨ ਕਰਦੇ ਹੋਏ ਦੂਜੀ ਗੇਮ ਵਿਚ ਚਾਰ ਗੇਮ ਪੁਆਇੰਟ ਬਚਾਅ ਕੇ ਚੈਂਪੀਅਨਸ਼ਿਪ ਪੁਆਇੰਟ ਨੂੰ ਆਪਣੇ ਨਾਮ ਕੀਤਾ। ਉਨ੍ਹਾਂ ਨੇ ਦਮਦਾਰ ਸਪੈਮ ਲਗਾ ਕੇ ਚੈਂਪੀਅਨਸ਼ਿਪ ਅੰਕ ਹਾਸਲ ਕੀਤਾ ਅਤੇ ਫਿਰ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਕੋਰਟ 'ਤੇ ਲੇਟ ਗਏ। ਸੇਨ ਨੇ ਕਿਹਾ ਕਿ ਮੇਰੇ ਲਈ ਇਹ ਇੱਕ ਸ਼ਾਨਦਾਰ ਹਫ਼ਤਾ ਰਿਹਾ ਹੈ। ਜਿਵੇਂ-ਜਿਵੇਂ ਖੇਡ ਅੱਗੇ ਵਧਦੀ ਗਈ, ਮੈਂ ਬਿਹਤਰ ਹੁੰਦਾ ਗਿਆ, ਮੈਨੂੰ ਹਾਲਾਤ ਦੀ ਆਦਤ ਪੈ ਗਈ ਅਤੇ ਕੱਲ੍ਹ ਅਤੇ ਅੱਜ (ਸੈਮੀ-ਫਾਈਨਲ ਅਤੇ ਫਾਈਨਲ) ਮੇਰੀ ਰਣਨੀਤੀ ਕਾਰਗਰ ਰਹੀ। ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ।