ਇੰਗਲੈਂਡ ਤੋਂ ਆਸਟਰੇਲੀਆ-ਇੰਗਲੈਂਡ ਦੇ 21 ਖਿਡਾਰੀ ਸਿੱਧੇ 17 ਨੂੰ ਪਹੁੰਚਣਗੇ ਦੁਬਈ
Tuesday, Sep 15, 2020 - 08:18 PM (IST)
ਦੁਬਈ– ਇੰਗਲੈਂਡ ਵਿਚ ਸੀਮਤ ਓਵਰਾਂ ਦੀ ਦੋ-ਪੱਖੀ ਸੀਰੀਜ਼ ਖੇਡ ਰਹੇ ਆਸਟਰੇਲੀਆ ਤੇ ਇੰਗਲੈਂਡ ਦੇ ਕੁਲ 21 ਖਿਡਾਰੀ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਵਿਚ ਹਿੱਸਾ ਲੈਣ ਲਈ ਸਿੱਧੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਪਹੁੰਚਣਗੇ। ਹਾਲਾਂਕਿ ਇਨ੍ਹਾਂ ਖਿਡਾਰੀਆਂ ਨੂੰ ਯੂ. ਏ. ਈ. ਪਹੁੰਚਣ 'ਤੇ ਇਕਾਂਤਵਾਸ ਤੋਂ ਛੋਟ ਨਹੀਂ ਮਿਲੇਗੀ ਤੇ ਉਨ੍ਹਾਂ ਨੂੰ ਜ਼ਰੂਰੀ ਕੁਆਰੰਟੀਨ ਵਿਚੋਂ ਲੰਘਣਾ ਪਵੇਗਾ।
ਇਨ੍ਹਾਂ ਖਿਡਾਰੀਆਂ ਨੂੰ ਕੁਆਰੰਟੀਨ ਤੋਂ ਛੋਟ ਨਾ ਮਿਲਣ 'ਤੇ ਆਈ. ਪੀ. ਐੱਲ. ਦੀਆਂ ਸੱਤ ਟੀਮਾਂ ਪ੍ਰਭਾਵਿਤ ਹੋਣਗੀਆਂ। ਸਿਰਫ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ 'ਤੇ ਇਸਦਾ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਉਸਦਾ ਕੋਈ ਵੀ ਖਿਡਾਰੀ ਇੰਗਲੈਂਡ-ਆਸਟਰੇਲੀਆ ਸੀਰੀਜ਼ ਵਿਚ ਨਹੀਂ ਖੇਡ ਰਿਹਾ ਹੈ। ਇੰਗਲੈਂਡ ਨੇ ਆਸਟਰੇਲੀਆ ਕੋਲੋਂ ਟੀ-20 ਸੀਰੀਜ਼ 2-1 ਨਾਲ ਜਿੱਤ ਲਈ ਹੈ ਜਦਕਿ 3 ਮੈਚਾਂ ਦੀ ਵਨ ਡੇ ਸੀਰੀਜ਼ 1-1 ਨਾਲ ਬਰਾਬਰ ਹੈ ਤੇ ਇਸ ਸੀਰੀਜ਼ ਦਾ ਫੈਸਲਾਕੁੰਨ ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ। ਆਸਟਰੇਲੀਆ ਤੇ ਇੰਗਲੈਂਡ ਦੇ ਖਿਡਾਰੀ ਆਪਣੀ ਸੀਰੀਜ਼ ਖਤਮ ਹੋਣ ਤੋਂ ਬਾਅਦ ਆਈ. ਪੀ. ਐੱਲ. ਲਈ 17 ਸਤੰਬਰ ਨੂੰ ਯੂ. ਏ. ਈ. ਪਹੁੰਚਣਗੇ।