ਬੀਜਿੰਗ ਓਲੰਪਿਕ ’ਚ ਕੋਰੋਨਾ ਸੰਕ੍ਰਮਣ ਦੇ 21 ਨਵੇਂ ਮਾਮਲੇ ਆਏ ਸਾਹਮਣੇ

Friday, Feb 04, 2022 - 05:16 PM (IST)

ਬੀਜਿੰਗ ਓਲੰਪਿਕ ’ਚ ਕੋਰੋਨਾ ਸੰਕ੍ਰਮਣ ਦੇ 21 ਨਵੇਂ ਮਾਮਲੇ ਆਏ ਸਾਹਮਣੇ

ਪੇਈਚਿੰਗ (ਵਾਰਤਾ) : ਚੀਨ ਦੇ ਬੀਜਿੰਗ ਵਿਚ ਹੋਣ ਵਾਲੀਆਂ ਵਿੰਟਰ ਓਲੰਪਿਕ ਖੇਡਾਂ 2022 ਦੇ 21 ਭਾਗੀਦਾਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ, ਜਿਸ ਨਾਲ ਓਲੰਪਿਕ ਬਾਇਓ-ਬਬਲ ਵਿਚ ਸੰਕਰਮਿਤ ਮਾਮਲਿਆਂ ਦੀ ਕੁੱਲ ਗਿਣਤੀ 308 ਹੋ ਗਈ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਆਈ.ਓ.ਸੀ. ਅਨੁਸਾਰ ਵੀਰਵਾਰ ਨੂੰ ਓਲੰਪਿਕ ਨਾਲ ਸਬੰਧਤ 1344 ਲੋਕ ਚੀਨ ਪਹੁੰਚੇ ਸਨ, ਜਿਨ੍ਹਾਂ ਵਿਚ 737 ਐਥਲੀਟ ਅਤੇ ਟੀਮ ਅਧਿਕਾਰੀ ਅਤੇ 607 ਹੋਰ ਹਿੱਤਧਾਰਕ ਸ਼ਾਮਲ ਸਨ। ਕੋਰੋਨਾ ਟੈਸਟ ਤੋਂ ਬਾਅਦ 14 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ਵਿਚ 7 ਐਥਲੀਟ ਅਤੇ ਟੀਮ ਅਧਿਕਾਰੀ ਹਨ, ਜਦੋਂਕਿ 7 ਹੋਰ ਹਿੱਸੇਦਾਰ ਹਨ।

ਆਈ.ਓ.ਸੀ. ਨੇ ਇਕ ਬਿਆਨ ਵਿਚ ਕਿਹਾ, ‘ਬਾਇਓ-ਬਬਲ ਵਿਚ ਵੀਰਵਾਰ ਨੂੰ ਹੀ 71,081 ਕੋਰੋਨਾ ਟੈਸਟ ਕੀਤੇ ਗਏ, ਜਿਸ ਵਿਚ 7 ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ, ਜਿਨ੍ਹਾਂ ਵਿਚੋਂਂ 2 ਐਥਲੀਟ ਅਤੇ ਟੀਮ ਅਧਿਕਾਰੀ ਹਨ, ਜਦੋਂਕਿ 5 ਹੋਰ ਹਿੱਤਧਾਰਕ ਹਨ। ਓਲੰਪਿਕ ਨਾਲ ਸਬੰਧਤ ਸਾਰੇ ਸਟਾਫ਼ ਅਤੇ ਵਫ਼ਦ ਇਕ ਬਾਇਓ-ਬਬਲ ਦੇ ਅਧੀਨ ਹਨ, ਜਿਸਦਾ ਮਤਲਬ ਹੈ ਕਿ ਉਹ ਬਾਹਰੀ ਦੁਨੀਆ ਤੋਂ ਪੂਰੀ ਤਰ੍ਹਾਂ ਅਲੱਗ ਹੋ ਗਏ ਹਨ।’ ਸਵੀਡਿਸ਼ ਅਖ਼ਬਾਰ ਐਕਸਪ੍ਰੈਸਨ ਨੇ ਸ਼ੁੱਕਰਵਾਰ ਨੂੰ ਰਿਪੋਰਟ ਦਿੱਤੀ ਕਿ ਕੋਰੋਨਾ ਸੰਕਰਮਿਤ ਪਾਏ ਗਏ ਓਲੰਪਿਕ ਐਥਲੀਟਾਂ ਵਿਚ ਦੋ ਸਵੀਡਿਸ਼ ਹਾਕੀ ਖਿਡਾਰੀ ਸ਼ਾਮਲ ਹਨ। ਅਖ਼ਬਾਰ ਮੁਤਾਬਕ ਸਵੀਡਿਸ਼ ਹਾਕੀ ਟੀਮ ਦੇ ਕਪਤਾਨ ਅਤੇ ਡਿਫੈਂਡਰ ਹੈਨਰਿਕ ਟੋਮਰਨਾਸ ਅਤੇ ਡਿਫੈਂਡਰ ਥੀਓਡੋਰ ਲੈਨਸਟਰੋਮ ਦੇ ਨਾਲ-ਨਾਲ ਫਿਜ਼ੀਓਥੈਰੇਪਿਸਟ ਸਵੇਨ ਥਾਮਸਨ ਵੀ ਕੋਰੋਨਾ ਜਾਂਚ ਵਿਚ ਪਾਜ਼ੇਟਿਵ ਪਾਏ ਗਏ, ਹਾਲਾਂਕਿ ਤਿੰਨਾਂ ਦਾ ਦੂਜਾ ਟੈਸਟ ਨੈਗੇਟਿਵ ਆਇਆ ਅਤੇ ਹੁਣ ਉਨ੍ਹਾਂ ਨੂੰ ਤੀਜੇ ਟੈਸਟ ਤੱਕ ਇਕਾਂਤਵਾਸ ਵਿਚ ਰੱਖਿਆ ਗਿਆ ਹੈ, ਜੋ ਦੂਜੇ ਟੈਸਟ ਤੋਂ 24 ਘੰਟੇ ਬਾਅਦ ਹੋਵੇਗਾ।

ਜ਼ਿਕਰਯੋਗ ਹੈ ਕਿ ਵਿੰਟਰ ਓਲੰਪਿਕ ਖੇਡਾਂ 4 ਤੋਂ 20 ਫਰਵਰੀ ਅਤੇ ਪੈਰਾਲੰਪਿਕ ਖੇਡਾਂ 4 ਤੋਂ 13 ਮਾਰਚ ਤੱਕ ਹੋਣਗੀਆਂ। ਖੇਡਾਂ ਵਿਚ ਮੁਕਾਬਲੇ ਤਿੰਨ ਮੇਜ਼ਬਾਨ ਖੇਤਰਾਂ ਬੀਜਿੰਗ (ਹਾਕੀ, ਫਿਗਰ ਸਕੇਟਿੰਗ, ਸਪੀਡ ਸਕੇਟਿੰਗ, ਕਰਲਿੰਗ), ਝਾਂਗਜਿਆਕੋ (ਬਾਇਥਲੋਨ, ਕਰਾਸ-ਕੰਟਰੀ ਸਕੀਇੰਗ, ਸਨੋਬੋਰਡਿੰਗ, ਸਕੀ ਜੰਪਿੰਗ) ਅਤੇ ਯਾਂਕਿੰਗ (ਅਲਪਾਈਨ ਸਕੀਇੰਗ, ਬੌਬਸਲੇ, ਸਕੈਲਟਨ, ਲੁਗ ਸਪੋਰਟਸ) ਵਿਚ ਇਕੋ ਸਮੇਂ ’ਤੇ ਆਯੋਜਿਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਚੀਨ ਵਿਚ ਇਸ ਸਾਲ ਦੀਆਂ ਵਿੰਟਰ ਓਲੰਪਿਕ ਖੇਡਾਂ ਲਈ ਤਿੰਨ ਓਲੰਪਿਕ ਪਿੰਡ ਵੀ ਹਨ।


author

cherry

Content Editor

Related News