11 ਸਾਲ ਪਹਿਲਾਂ ਅੱਜ ਦੇ ਹੀ ਦਿਨ ਧੋਨੀ ਬ੍ਰਿਗੇਡ ਨੇ ਰਚਿਆ ਸੀ ਇਤਿਹਾਸ, ਜਿਸ ਦੇ ਲਈ ਤਰਸਦੇ ਹਨ ਵੱਡੇ-ਵੱਡੇ ਖਿਡਾਰੀ

Saturday, Apr 02, 2022 - 04:35 PM (IST)

11 ਸਾਲ ਪਹਿਲਾਂ ਅੱਜ ਦੇ ਹੀ ਦਿਨ ਧੋਨੀ ਬ੍ਰਿਗੇਡ ਨੇ ਰਚਿਆ ਸੀ ਇਤਿਹਾਸ, ਜਿਸ ਦੇ ਲਈ ਤਰਸਦੇ ਹਨ ਵੱਡੇ-ਵੱਡੇ ਖਿਡਾਰੀ

ਸਪੋਰਟਸ ਡੈਸਕ- ਅੱਜ ਦਾ ਦਿਨ ਭਾਰਤੀ ਕ੍ਰਿਕਟ ਲਈ ਬਹੁਤ ਖਾਸ ਹੈ। ਅੱਜ ਦੇ ਦਿਨ 11 ਸਾਲ ਪਹਿਲਾਂ ਭਾਰਤੀ ਟੀਮ ਨੇ ਵਨ-ਡੇ ਵਿਸ਼ਵ ਕੱਪ ਦੀ ਟਰਾਫੀ ਜਿੱਤੀ ਸੀ। ਟੀਮ ਇੰਡੀਆ ਨੇ ਫਾਈਨਲ ਮੈਚ 'ਚ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਚੈਂਪੀਅਨ ਬਣਨ ਦਾ ਖਿਤਾਬ ਆਪਣੇ ਨਾਂ ਕੀਤਾ। ਭਾਰਤ ਦਾ ਇਹ ਦੂਜਾ ਵਿਸ਼ਵ ਕੱਪ ਖਿਤਾਬ ਸੀ, ਜੋ 28 ਸਾਲਾਂ ਬਾਅਦ ਮਿਲਿਆ। ਕੁਝ ਇਸ ਤਰ੍ਹਾਂ ਦਾ ਸੀ ਯਾਦਗਾਰ ਮੈਚ..

ਮੈਚ 'ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਸ਼੍ਰੀਲੰਕਾ ਦੀ ਸ਼ੁਰੂਆਤ ਖਰਾਬ ਰਹੀ ਪਰ ਮਹੇਲਾ ਜੈਵਰਧਨੇ ਦੇ ਸ਼ਾਨਦਾਰ ਸੈਂਕੜੇ ਅਤੇ ਕਪਤਾਨ ਸੰਗਾਕਰ (48) ਅਤੇ ਤਿਲਕਰਤਨੇ ਦਿਲਸ਼ਾਨ (33) ਨੇ ਸ਼੍ਰੀਲੰਕਾ ਨੂੰ ਚੰਗੇ ਸਕੋਰ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ। ਆਖਰੀ ਵਿੱਚ ਨੁਵਾਨ ਕੁਲਸੇਕਰਾ (32) ਅਤੇ ਥੀਸਾਰਾ ਪਰੇਰਾ (22) ਦੀਆਂ ਤੇਜ਼ ਪਾਰੀਆਂ ਨੇ ਸ਼੍ਰੀਲੰਕਾ ਨੂੰ 50 ਓਵਰਾਂ ਵਿੱਚ 274 ਦੌੜਾਂ ਤੱਕ ਪਹੁੰਚਾਇਆ।

ਇਹ ਵੀ ਪੜ੍ਹੋ : IPL 2022 : ਕੋਲਕਾਤਾ ਦੀ ਸ਼ਾਨਦਾਰ ਜਿੱਤ, ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ

ਭਾਰਤ ਦੀ ਬੱਲੇਬਾਜ਼ੀ ਲਾਈਨਅੱਪ ਨੂੰ ਦੇਖਦੇ ਹੋਏ 275 ਦੌੜਾਂ ਦਾ ਇਹ ਟੀਚਾ ਵੱਡਾ ਨਹੀਂ ਲੱਗ ਰਿਹਾ ਸੀ ਪਰ ਭਾਰਤੀ ਪਾਰੀ ਦੀ ਸ਼ੁਰੂਆਤ 'ਚ ਹੀ ਸਹਿਵਾਗ (0) ਦੇ ਆਊਟ ਹੋਣ ਕਾਰਨ ਟੀਮ ਇੰਡੀਆ ਕੁਝ ਮੁਸ਼ਕਲਾਂ 'ਚ ਘਿਰ ਗਈ ਸੀ। ਇਸ ਤੋਂ ਬਾਅਦ ਜਦੋਂ ਭਾਰਤ ਨੇ 31 ਦੇ ਕੁੱਲ ਸਕੋਰ 'ਤੇ ਸਚਿਨ ਤੇਂਦੁਲਕਰ (18) ਦਾ ਵਿਕਟ ਗੁਆ ਦਿੱਤਾ ਤਾਂ ਅਜਿਹਾ ਲੱਗ ਰਿਹਾ ਸੀ ਕਿ ਵਿਸ਼ਵ ਕੱਪ ਦੁਬਾਰਾ ਜਿੱਤਣ ਦਾ ਸੁਪਨਾ ਹੀ ਰਹਿ ਜਾਵੇਗਾ। ਪਰ ਇੱਥੋਂ ਗੌਤਮ ਗੰਭੀਰ (97) ਅਤੇ ਵਿਰਾਟ ਕੋਹਲੀ (35) ਨੇ ਟੀਮ ਨੂੰ ਉਮੀਦ ਦਿੱਤੀ ਅਤੇ ਫਿਰ ਧੋਨੀ ਦੀ 91 ਦੌੜਾਂ ਦੀ ਧਮਾਕੇਦਾਰ ਪਾਰੀ ਨੇ ਭਾਰਤ ਨੂੰ ਵਿਸ਼ਵ ਕੱਪ ਟਰਾਫੀ ਦਿਵਾਈ।

ਭਾਰਤ ਨੇ 1983 ਵਿੱਚ ਪਹਿਲਾ ਵਿਸ਼ਵ ਕੱਪ ਜਿੱਤਿਆ ਸੀ। ਟੀਮ ਇੰਡੀਆ ਨੂੰ 28 ਸਾਲਾਂ ਬਾਅਦ ਇਹ ਦੂਜੀ ਵਿਸ਼ਵ ਕੱਪ ਟਰਾਫੀ ਮਿਲੀ ਹੈ। ਇਸ ਜ਼ਬਰਦਸਤ ਜਿੱਤ ਦੀ ਖੁਸ਼ੀ 'ਚ ਜਿੱਥੇ ਇੱਕ ਪਾਸੇ ਭਾਰਤੀ ਖਿਡਾਰੀ ਮੈਦਾਨ 'ਚ ਜਸ਼ਨ ਮਨਾ ਰਹੇ ਸੀ, ਉੱਥੇ ਹੀ ਕ੍ਰਿਕਟ ਪ੍ਰੇਮੀ ਵੀ ਚੌਰਾਹੇ 'ਤੇ ਇਕੱਠੇ ਹੋ ਗਏ ਅਤੇ ਰਾਤ ਭਰ ਨੱਚਦੇ-ਟੱਪਦੇ ਰਹੇ।

ਇਹ ਵੀ ਪੜ੍ਹੋ : ਆਈ. ਪੀ. ਐੱਲ. 'ਚ ਦਰਸ਼ਕਾਂ ਦੀ ਗਿਣਤੀ ਵਧਾਉਣ ਦੀ ਉੱਠੀ ਮੰਗ, ਸਾਹਮਣੇ ਆਇਆ ਬਿਆਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News