1st Test : ਭਾਰਤ ਦੀ ਬੰਗਲਾਦੇਸ਼ 'ਤੇ ਵੱਡੀ ਜਿੱਤ, ਸੀਰੀਜ਼ 'ਚ ਬਣਾਈ ਬੜ੍ਹਤ
Sunday, Dec 18, 2022 - 12:00 PM (IST)

ਚਟਗਾਂਵ (ਬੰਗਲਾਦੇਸ਼)- ਸਪਿਨਰ ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਨਾਲ ਭਾਰਤ ਨੇ ਐਤਵਾਰ ਨੂੰ ਇੱਥੇ ਪਹਿਲੇ ਟੈਸਟ ਵਿੱਚ ਬੰਗਲਾਦੇਸ਼ ਨੂੰ 188 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਟੀਮ ਇੰਡੀਆ ਨੇ ਪਹਿਲੀ ਪਾਰੀ 'ਚ ਆਲ ਆਊਟ ਹੋਣ ਤੱਕ 404 ਦੌੜਾਂ ਬਣਾਈਆਂ ਅਤੇ 258 ਦੌੜਾਂ ਬਣਾ ਕੇ ਦੂਜੀ ਪਾਰੀ ਦਾ ਐਲਾਨ ਕਰ ਦਿੱਤਾ।
ਜਵਾਬ ਵਿੱਚ ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ ਵਿੱਚ 150 ਦੌੜਾਂ ਅਤੇ ਦੂਜੀ ਪਾਰੀ ਵਿੱਚ 324 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤ ਲਈ ਕੁਲਦੀਪ ਯਾਦਵ ਨੇ ਖਤਰਨਾਕ ਗੇਂਦਬਾਜ਼ੀ ਕਰਦੇ ਹੋਏ 8 ਵਿਕਟਾਂ ਲਈਆਂ। ਉਸ ਨੂੰ 'ਪਲੇਅਰ ਆਫ਼ ਦਾ ਮੈਚ' ਵੀ ਚੁਣਿਆ ਗਿਆ। ਚੇਤੇਸ਼ਵਰ ਪੁਜਾਰਾ ਅਤੇ ਸ਼ੁਭਮਨ ਗਿੱਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਂਕੜੇ ਲਗਾਏ।
ਇਹ ਵੀ ਪੜ੍ਹੋ : FIFA World Cup 2022 : ਤੀਜੇ ਨੰਬਰ 'ਤੇ ਰਹੀ ਕ੍ਰੋਏਸ਼ੀਆ, ਮੋਰੱਕੋ ਨੂੰ 2-1 ਨਾਲ ਹਰਾਇਆ
513 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਟੀਮ ਮੈਚ ਦੇ ਪੰਜਵੇਂ ਅਤੇ ਆਖ਼ਰੀ ਦਿਨ ਖੇਡ ਦੇ ਪਹਿਲੇ ਘੰਟੇ ਵਿੱਚ 324 ਦੌੜਾਂ 'ਤੇ ਢੇਰ ਹੋ ਗਈ। ਬੰਗਲਾਦੇਸ਼ ਨੇ ਸਵੇਰੇ ਛੇ ਵਿਕਟਾਂ 'ਤੇ 272 ਦੌੜਾਂ ਤੋਂ ਆਪਣੀ ਦੂਜੀ ਪਾਰੀ ਸ਼ੁਰੂ ਕੀਤੀ। ਕਪਤਾਨ ਸ਼ਾਕਿਬ ਅਲ ਹਸਨ ਨੇ 84 ਦੌੜਾਂ ਬਣਾ ਕੇ ਹਾਰ ਦਾ ਫਰਕ ਘੱਟ ਕੀਤਾ।
ਭਾਰਤ ਲਈ ਕੁਲਦੀਪ ਯਾਦਵ ਨੇ 77 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਦਕਿ ਅਕਸ਼ਰ ਪਟੇਲ ਨੇ 73 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਮੁਹੰਮਦ ਸਿਰਾਜ, ਉਮੇਸ਼ ਯਾਦਵ ਅਤੇ ਰਵੀਚੰਦਰਨ ਅਸ਼ਵਿਨ ਨੂੰ ਇਕ-ਇਕ ਵਿਕਟ ਮਿਲੀ। ਦੋਵਾਂ ਟੀਮਾਂ ਵਿਚਾਲੇ ਦੂਜਾ ਅਤੇ ਆਖਰੀ ਟੈਸਟ ਮੈਚ 22 ਦਸੰਬਰ ਤੋਂ ਮੀਰਪੁਰ 'ਚ ਖੇਡਿਆ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।