ਐਥਲੈਟਿਕਸ ਚੈਂਪੀਅਨਸ਼ਿਪ : 103 ਸਾਲਾ ਮਾਤਾ ਮਾਨ ਕੌਰ ਦਾ ਇਕ ਹੋਰ ਕਮਾਲ, ਜਿੱਤੇ 4 ਸੋਨ ਤਮਗੇ

12/09/2019 7:27:33 PM

ਪਟਿਆਲਾ : ਕਹਿੰਦੇ ਸਿਆਣੇ ਗੱਲਾਂ ਸੱਚੀਆਂ  'ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਜ਼ਿੰਦਗੀ ਵਿਚ ਕੁਝ ਕਰਨ ਦਾ ਇਰਾਦਾ ਪੱਕਾ ਹੋਵੇ ਤਾਂ ਕਿਸੇ ਵੀ ਮੰਜ਼ਿਲ ਨੂੰ ਪਾਰ ਕੀਤਾ ਜਾ ਸਕਦਾ ਹੈ। ਇਸ ਦੀ ਮਿਸਾਲ ਇਕ ਵਾਰ ਫਿਰ 103 ਸਾਲਾ ਦੌੜਾਕ ਮਾਤਾ ਮਾਨ ਕੌਰ ਤੇ ਉਸ ਦੇ ਸਪੁੱਤਰ 82 ਸਾਲਾ ਗੁਰਦੇਵ ਸਿੰਘ ਨੇ ਮਲੇਸ਼ੀਆ ਵਿਚ ਹੋਈ 21ਵੀਂ ਏਸ਼ੀਆ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ-2019 (ਏ. ਐੱਮ. ਏ. ਸੀ.) ਵਿਚ 7 ਮੈਡਲ ਜਿੱਤ ਕੇ ਨਵਾਂ ਰਿਕਾਰਡ ਬਣਾ ਦਿੱਤਾ। ਮਾਤਾ ਮਾਨ ਕੌਰ ਨੇ 100 ਤੇ 200 ਮੀਟਰ ਵਿਚ ਦੋ ਗੋਲਡ ਮੈਡਲ, ਜੈਵਲਿਨ ਥਰੋਅ ਵਿਚ ਇਕ ਗੋਲਡ ਮੈਡਲ, ਸ਼ਾਟਪੁੱਟ ਵਿਚ ਗੋਲਡ ਮੈਡਲ ਜਿੱਤੇ। ਗੁਰਦੇਵ ਸਿੰਘ ਨੇ 100, 200 ਮੀਟਰ ਦੌੜਾਂ ਵਿਚ ਦੋ ਸਿਲਵਰ ਅਤੇ ਅਰਲੇ ਟੀਮ ਵਿਚ ਗੋਲਡ ਮੈਡਲ ਜਿੱਤ ਕੇ ਇਕ ਮਹਾਨ ਉਪਲੱਬਧੀ ਹਾਸਲ ਕੀਤੀ ਹੈ। ਦੌੜਾਕ ਮਾਨ ਕੌਰ ਦੇ ਕੋਚ ਅਤੇ ਸਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ 29 ਦੇਸ਼ਾਂ ਦੇ ਕਾਮਨਵੈਲਥ ਏਸ਼ੀਆ ਖੇਡੇ 35 ਸਾਲ ਤੋਂ ਵੱਧ ਵਾਲੇ 2500 ਖਿਡਾਰੀਆਂ ਨੇ ਭਾਗ ਲਿਆ। ਦੌੜਾਂ ਵਿਚ ਮਾਤਾ ਮਾਨ ਕੌਰ ਨੇ 2 ਗੋਲਡ ਮੈਡਲ ਜਿੱਤ ਕੇ ਆਪਣੇ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ।

93 ਸਾਲ ਦੀ ਉਮਰ 'ਚ ਦੌੜਨਾ ਸ਼ੁਰੂ ਕੀਤਾ
103 ਸਾਲਾ ਮਾਤਾ ਮਾਨ ਕੌਰ ਨੇ ਉਸ ਉਮਰ ਵਿਚ ਦੌੜਨਾ ਸ਼ੁਰੂ ਕੀਤਾ, ਜਿਸ ਉਮਰ ਵਿਚ ਲੋਕਾਂ ਦੇ ਗੋਡੇ ਚੱਲਣੇ ਬੰਦ ਹੋ ਜਾਂਦੇ ਹਨ। ਮਾਤਾ ਮਾਨ ਕੌਰ ਦੇ ਕੋਚ ਤੇ ਉਨ੍ਹਾਂ ਦੇ ਸਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਮਾਤਾ ਮਾਨ ਕੌਰ ਨੇ 93 ਸਾਲ ਦੀ ਉਮਰ ਵਿਚ ਦੌੜਨਾ ਸ਼ੁਰੂ ਕੀਤਾ। ਹੁਣ ਤੱਕ ਉਹ 90 ਗੋਲਡ ਮੈਡਲ (ਦੌੜਾਂ, ਜੈਵਲਿਨ ਥਰੋਅ ਅਤੇ ਸ਼ਾਟਪੁਟ ਵਿਚ) ਜਿੱਤ ਚੁੱਕੇ ਹਨ। 6 ਵਿਸ਼ਵ ਰਿਕਾਰਡ ਵੀ ਆਪਣੇ ਨਾਂ ਕਰ ਚੁੱਕੇ ਹਨ ਅਤੇ ਵਿਸ਼ਵ ਦੀਆਂ 10 ਪ੍ਰਸਿੱਧ ਸਿੱਖ ਪ੍ਰਭਾਵਸ਼ਾਲੀ ਔਰਤਾਂ ਵਿਚ ਆਪਣਾ ਨਾਂ ਦਰਜ ਕਰਵਾ ਚੁੱਕੇ ਹਨ। 2 ਦਰਜਨ ਤੋਂ ਵੱਧ ਦੇਸ਼ਾਂ ਦੀਆਂ ਮਾਸਟਰ ਗੇਮਾਂ ਵਿਚ ਭਾਗ ਲੈ ਚੁੱਕੇ ਹਨ।

62 ਸਾਲ ਦੀ ਉਮਰ ਵਿਚ ਮਾਸਟਰ ਖੇਡਾਂ ਵਿਚ ਭਾਗ ਲੈਣਾ ਸ਼ੁਰੂ ਕੀਤਾ 82 ਸਾਲਾ ਗੁਰਦੇਵ ਸਿੰਘ ਨੇ
ਮਾਤਾ ਮਾਨ ਕੌਰ ਦੇ ਸਪੁੱਤਰ 82 ਸਾਲਾ ਗੁਰਦੇਵ ਸਿੰਘ ਨੇ ਆਪਣੀ ਮਾਂ ਨੂੰ ਅੰਤਰਰਾਸ਼ਟਰੀ ਦੌੜਾਕ ਬਣਾਉਣ ਲਈ ਕੋਚ ਦੀ ਭੂਮਿਕਾ ਨਿਭਾਈ ਹੈ, ਉਥੇ ਹੀ ਗੁਰਦੇਵ ਸਿੰਘ ਵੀ ਅੰਤਰਰਾਸ਼ਟਰੀ ਦੌੜਾਕ ਹੈ। ਉਸ ਨੇ ਹੁਣ ਤੱਕ 25 ਗੋਲਡ ਮੈਡਲ ਦੌੜਾਂ ਅਤੇ ਸ਼ਾਟਪੁੱਟ ਵਿਚ ਜਿੱਤ ਕੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ। ਖੇਡਾਂ ਦਾ ਸ਼ੌਕ ਸਕੂਲ ਸਮੇਂ ਤੋਂ ਸੀ ਪਰ ਮਾਸਟਰ ਖੇਡਾਂ ਵਿਚ ਭਾਗ 62 ਸਾਲ ਦੀ ਉਮਰ ਵਿਚ ਲੈਣਾ ਸ਼ੁਰੂ ਕੀਤਾ। ਫਿਰ ਮਾਂ-ਪੁੱਤ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। 150 ਮੈਡਲ ਜਿੱਤ ਚੁੱਕੇ ਮਾਤਾ ਮਾਨ ਕੌਰ ਤੇ ਗੁਰਦੇਵ ਸਿੰਘ ਨੇ ਪੰਜਾਬ ਦਾ ਨਾਂ ਦੇਸ਼-ਵਿਦੇਸ਼ਾਂ ਵਿਚ ਉੱਚਾ ਕੀਤਾ ਹੈ।

ਕੁਝ ਕਰਨ ਦੀ ਹਿੰਮਤ ਹੋਵੇ ਤਾਂ ਉਮਰ ਅੜਿੱਕਾ ਨਹੀਂ ਬਣ ਸਕਦੀ : ਖੇਡ ਮੰਤਰੀ
21ਵੀਂ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ (ਕੋਚਿੰਗ) ਮਲੇਸ਼ੀਆ ਵਿਚ ਮੈਡਲ ਜਿੱਤਣ ਉਪਰੰਤ ਸਨਮਾਨਤ ਕਰਨ ਲਈ ਪਹੁੰਚੇ ਯੂਥ ਐਂਡ ਸਪੋਰਟਸ ਮੰਤਰੀ ਭਾਟੂਕ ਅਬਦੁਲ ਕਰੀਮ ਰਹਿਮਾਨ ਹਮਜ਼ ਨੇ ਆਪਣੇ ਭਾਸ਼ਣ ਵਿਚ ਦੌੜਾਕ ਮਾਤਾ ਮਾਨ ਕੌਰ ਤੇ ਗੁਰਦੇਵ ਸਿੰਘ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਜੇਕਰ ਕੁਝ ਕਰਨ ਦੀ ਹਿੰਮਤ ਹੋਵੇ ਤਾਂ ਉਮਰ ਅੜਿੱਕਾ ਨਹੀਂ ਬਣ ਸਕਦੀ। ਮਾਤਾ ਮਾਨ ਕੌਰ ਦੀ ਫੋਟੋ ਸਪੋਰਟਸ ਮੈਗਜ਼ੀਨ ਦੇ ਕਵਰ 'ਤੇ ਛਾਪੀ ਜਾਵੇਗੀ ਤਾਂ ਜੋ ਨੌਜਵਾਨਾਂ ਨੂੰ ਉਨ੍ਹਾਂ ਤੋਂ ਪ੍ਰੇਰਣਾ ਮਿਲ ਸਕੇ।


Related News