ਸਾਰੀਆਂ ਸਿਆਸੀ ਧਿਰਾਂ ਲਈ ਬਹੁਤ ਅਹਿਮ ਹੋਵੇਗਾ ਆਉਣ ਵਾਲਾ ਵਰ੍ਹਾ

Friday, Dec 23, 2016 - 08:03 AM (IST)

ਸਾਰੀਆਂ ਸਿਆਸੀ ਧਿਰਾਂ ਲਈ ਬਹੁਤ ਅਹਿਮ ਹੋਵੇਗਾ ਆਉਣ ਵਾਲਾ ਵਰ੍ਹਾ

2017 ਸਿਆਸੀ ਤੌਰ ''ਤੇ ਹਾਦਸਿਆਂ ਨਾਲ ਭਰਪੂਰ ਰਹਿਣ ਵਾਲਾ ਹੈ। ਇਕ ਤਰ੍ਹਾਂ ਨਾਲ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲੇ ਕਾਰਜਕਾਲ ਦੇ ਦੂਜੇ ਅੱਧ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਨੇ ਪਹਿਲਾਂ ਹੀ ਆਪਣੀ ਪਾਰਟੀ ਦਾ ਆਧਾਰ ਵਧਾਉਣ ਦੇ ਨਾਲ-ਨਾਲ ਆਪਣੇ ਗਰੀਬ ਹਿਤੈਸ਼ੀ ਅਕਸ ਨੂੰ ਚਮਕਾਉਣ ਅਤੇ 2019 ਦੀਆਂ ਲੋਕ ਸਭਾ ਚੋਣਾਂ ਲਈ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। 
ਇਹ ਭਾਜਪਾ, ਕਾਂਗਰਸ, ਅਕਾਲੀ ਦਲ, ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ''ਆਮ ਆਦਮੀ ਪਾਰਟੀ'' (ਆਪ) ਲਈ ਇਕ ਅਹਿਮ ਵਰ੍ਹਾ ਹੋਵੇਗਾ, ਜੋ ਆਪਣੀ ਚੋਣ ਜੰਗ ਲੜਨ ਲਈ ਤਿਆਰ ਹੋ ਰਹੀਆਂ ਹਨ। ਇਹ ਸਪਾ ਅਤੇ ਬਸਪਾ ਲਈ ਉੱਤਰ ਪ੍ਰਦੇਸ਼ ਵਿਚ ਹੋਂਦ ਦੀ ਲੜਾਈ ਹੈ। ਇਹ ''ਆਪ'' ਲਈ ਪੰਜਾਬ ਅਤੇ ਗੋਆ ਵਿਚ ਵਿਸਥਾਰ ਲਈ ਇਕ ਜੂਆ ਹੈ। ਕਾਂਗਰਸ ਲਈ ਇਹ ਮੁੜ ਸੁਰਜੀਤ ਹੋਣ ਦਾ ਸਵਾਲ, ਜਦਕਿ ਭਾਜਪਾ ਲਈ ਇਹ ਸਿੱਧ ਕਰਨਾ ਜ਼ਰੂਰੀ ਹੈ ਕਿ ਮੋਦੀ ਲਹਿਰ ਅਜੇ ਜਾਰੀ ਹੈ। 
ਸਾਲ ਦੀ ਸ਼ੁਰੂਆਤ ਉੱਤਰ ਪ੍ਰਦੇਸ਼, ਪੰਜਾਬ, ਗੋਆ, ਉੱਤਰਾਖੰਡ ਅਤੇ ਮਣੀਪੁਰ ਵਿਚ ਚੋਣਾਂ ਨਾਲ ਹੋਵੇਗੀ। ਭਾਜਪਾ ਪੰਜਾਬ ਵਿਚ ਗੱਠਜੋੜ ਸਹਿਯੋਗੀ ਅਤੇ ਗੋਆ ਵਿਚ ਸੱਤਾਧਾਰੀ ਪਾਰਟੀ ਹੈ। ਕਾਂਗਰਸ ਦਾ ਉੱਤਰਾਖੰਡ ਅਤੇ ਮਣੀਪੁਰ ਵਿਚ ਸ਼ਾਸਨ ਹੈ, ਜਦਕਿ ਸਮਾਜਵਾਦੀ ਪਾਰਟੀ ਦੇ ਹੱਥਾਂ ਵਿਚ ਯੂ. ਪੀ. ਦੀ ਕਮਾਨ ਹੈ। 
ਇਹ ਭਾਜਪਾ ਅਤੇ ਮੋਦੀ ਲਈ ਨਿੱਜੀ ਤੌਰ ''ਤੇ ਅਹਿਮ ਹੈ ਕਿ ਚੰਗੀ ਕਾਰਗੁਜ਼ਾਰੀ ਯਕੀਨੀ ਬਣਾਈ ਜਾਵੇ, ਖਾਸ ਕਰਕੇ ਉੱਤਰ ਪ੍ਰਦੇਸ਼ ਵਿਚ। ਮੋਦੀ ਲਹਿਰ ''ਤੇ ਸਵਾਰ ਹੋ ਕੇ ਇਸ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਇਥੇ 80 ''ਚੋਂ 72 ਸੀਟਾਂ ਜਿੱਤੀਆਂ ਸਨ। ਜੇਕਰ ਭਾਜਪਾ ਯੂ. ਪੀ. ਨੂੰ ਜਿੱਤ ਲੈਂਦੀ ਹੈ ਤਾਂ ਇਸ ਦਾ ਹੋਰ 8 ਸੂਬਿਆਂ ''ਤੇ ਵੀ ਵਿਆਪਕ ਅਸਰ ਪਵੇਗਾ, ਜਿਨ੍ਹਾਂ ''ਚ 2018 ਵਿਚ ਚੋਣਾਂ ਹੋਣੀਆਂ ਹਨ। ਇਨ੍ਹਾਂ ''ਚ ਕਰਨਾਟਕ ਅਤੇ ਗੁਜਰਾਤ ਸ਼ਾਮਿਲ ਹਨ। 
ਸਪਾ  ਸੁਪਰੀਮੋ ਮੁਲਾਇਮ ਸਿੰਘ ਅਤੇ ਬਸਪਾ  ਦੀ ਪ੍ਰਧਾਨ ਮਾਇਆਵਤੀ ਦੇ ਭਵਿੱਖ ਦਾ ਵੀ ਚੋਣਾਂ ਤੋਂ ਬਾਅਦ ਪਤਾ ਲੱਗੇਗਾ। ਮਾਇਆਵਤੀ 2014 ਤੋਂ ਹੀ ਪੱਛੜੀ ਹੋਈ ਹੈ, ਜਦੋਂ ਉਨ੍ਹਾਂ ਦੀ ਪਾਰਟੀ ਨੂੰ ਇਕ ਵੀ ਸੀਟ ਨਹੀਂ ਮਿਲੀ ਸੀ। ਜਿਥੋਂ ਤਕ ਕਾਂਗਰਸ ਦੀ ਗੱਲ ਹੈ, ਯੂ. ਪੀ. ਅਤੇ ਕਿਤੇ ਹੋਰ ਕੋਈ ਵੀ ਸੁਧਾਰ ਇਸ ਦੀ ਅਤੇ ਇਸ ਦੀ ਲੀਡਰਸ਼ਿਪ ਦੀ ਢਿੱਲ-ਮੱਠ ''ਤੇ ਦੂਰਰਸ ਅਸਰ ਪਾਵੇਗਾ। ਕਾਂਗਰਸ ਅਤੇ ਸਪਾ ਵਿਚਾਲੇ ਗੱਠਜੋੜ ਨਾਲ ਸ਼ਾਇਦ ਦੋਹਾਂ ਨੂੰ ਮਦਦ ਮਿਲੇ ਪਰ ਅਜੇ ਤਕ ਇਹ ਸਿਰੇ ਨਹੀਂ ਚੜ੍ਹਿਆ ਹੈ। 
ਉੱਤਰਾਖੰਡ ਵਿਚ ਵੀ ਭਾਜਪਾ ਵਾਰੀ-ਵਾਰੀ ਸੱਤਾ ਵਿਚ ਆ ਰਹੀ ਹੈ ਅਤੇ ਹੁਣ ਕਾਂਗਰਸ ਇਕ ਵਾਰ ਫਿਰ ਸੱਤਾ ਹਥਿਆਉਣ ਦੀ ਉਡੀਕ ਵਿਚ ਹੈ। ਹਰੀਸ਼ ਰਾਵਤ ਸਰਕਾਰ ਨੂੰ ਬਰਖਾਸਤ ਕਰਨ (ਜਿਸ ਨੂੰ ਬਾਅਦ ਵਿਚ ਅਦਾਲਤ ਨੇ ਬਹਾਲ ਕਰ ਦਿੱਤਾ) ਦੇ ਵਿਵਾਦ ਕਾਰਨ ਇਹ ਸਪੱਸ਼ਟ ਨਹੀਂ ਕਿ ਕਾਂਗਰਸ ਮੁੜ ਸੱਤਾ ਵਿਚ ਵਾਪਸੀ ਕਰ ਸਕੇਗੀ। 
ਪੰਜਾਬ ਇਕ ਹੋਰ ਅਹਿਮ ਸੂਬਾ ਹੈ ਕਿਉਂਕਿ ਕਾਂਗਰਸ ਉਥੇ ਅਕਾਲੀ ਦਲ-ਭਾਜਪਾ ਗੱਠਜੋੜ ਸਾਹਮਣੇ ਦਰਪੇਸ਼ ਸੱਤਾ ਵਿਰੋਧੀ ਲਹਿਰ ''ਤੇ ਨਿਰਭਰ ਹੈ। ਕਿਸੇ ਦੀ ਵੀ ਜਿੱਤ ਆਪਸੀ ਸੰਬੰਧ ਸੁਧਾਰਨ ਵਿਚ ਦੂਰ ਤਕ ਅਸਰ ਪਾਏੇਗੀ। ''ਆਪ'' ਦੀ ਨਜ਼ਰ ਪੰਜਾਬ ਅਤੇ ਗੋਆ ਦੇ ਨਾਲ-ਨਾਲ ਬਾਅਦ ਵਿਚ ਗੁਜਰਾਤ ਵਿਚ ਕਾਂਗਰਸ ਤੇ ਭਾਜਪਾ ਦਾ ਬਦਲ ਬਣਨ ''ਤੇ ਹੈ। ਭਾਜਪਾ ਨੂੰ ਗੋਆ ਅਤੇ ਕਾਂਗਰਸ ਨੂੰ ਮਣੀਪੁਰ ਵਿਚ ਸੱਤਾ ਵਿਰੋਧੀ ਲਹਿਰ ਦਾ ਸਾਹਣਾ ਕਰਨਾ ਪੈ ਰਿਹਾ ਹੈ। ਇਰੋਮ ਸ਼ਰਮੀਲਾ ਆਉਣ ਵਾਲੀਆਂ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਕਿਉਂਕਿ ਉਨ੍ਹਾਂ ਨੇ ਚੋਣਾਂ ਲੜਨ ਦਾ ਫੈਸਲਾ ਕਰ ਲਿਆ ਹੈ। 
ਕੌਮੀ ਪਾਰਟੀਆਂ ਵੀ 2018 ''ਚ ਗੁਜਰਾਤ ਅਤੇ ਕਰਨਾਟਕ ਸਮੇਤ 8 ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰਨਗੀਆਂ। ਮੋਦੀ ਦੇ ਗ੍ਰਹਿ ਸੂਬੇ ਵਿਚ ਗੁਜਰਾਤ ਨੂੰ ਜਿੱਤਣਾ ਵੱਕਾਰ ਦਾ ਮੁੱਦਾ ਹੈ। ਕਰਨਾਟਕ ਨੂੰ ਮੁੜ ਹਾਸਿਲ ਕਰਨਾ ਕਾਂਗਰਸ ਲਈ ਅਹਿਮ ਹੈ। 
ਮੋਦੀ ਵਲੋਂ ਲਏ ਗਏ ਨੋਟਬੰਦੀ ਦੇ ਦਲੇਰਾਨਾ ਫੈਸਲੇ ਨਾਲ ਗਰੀਬਾਂ ਦਰਮਿਆਨ ਬਣੇ ਆਪਣੇ ਅਕਸ ਨੂੰ ਬਣਾਈ ਰੱਖਣਾ ਉਨ੍ਹਾਂ ਲਈ ਅਹਿਮ ਹੈ ਪਰ ਉਨ੍ਹਾਂ ਨੂੰ ਮੱਧ ਵਰਗ, ਹੇਠਲੇ ਮੱਧ ਵਰਗ, ਔਰਤਾਂ, ਛੋਟੇ ਵਪਾਰੀਆਂ ਅਤੇ ਕਿਸਾਨਾਂ ਦੇ ਦਿਲ ਵੀ ਮੁੜ ਜਿੱਤਣੇ ਪੈਣਗੇ, ਜੋ ਇਸ ਨੋਟਬੰਦੀ ਕਾਰਨ ਬਹੁਤ ਨਿਰਾਸ਼ ਅਤੇ ਟੁੱਟ ਚੁੱਕੇ ਹਨ। 
2017 ਦਾ ਵਰ੍ਹਾ ਖਾਸ ਤੌਰ ''ਤੇ ਅਹਿਮ ਹੈ ਕਿਉਂਕਿ ਜੁਲਾਈ ਵਿਚ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਵੀ ਚੋਣਾਂ ਹੋਣੀਆਂ ਹਨ। ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਦੋਵੇਂ ਹੀ ਅਗਲੇ ਸਾਲ ਅਹੁਦਾ ਛੱਡ ਰਹੇ ਹਨ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਅਤੇ ਸ਼ਹਿਰੀ ਵਿਕਾਸ ਮੰਤਰੀ ਐੱਮ. ਵੈਂਕੱਈਆ ਨਾਇਡੂ ਦੇ ਨਾਂ ਇਨ੍ਹਾਂ ਅਹੁਦਿਆਂ ਲਈ ਚਰਚਾ ਵਿਚ ਹਨ। 
ਕਿਉਂਕਿ ਵਿਧਾਇਕ ਤੇ ਸੰਸਦ ਮੈਂਬਰ ਹੀ ਰਾਸ਼ਟਰਪਤੀ ਤੇ ਉਪ-ਰਾਸ਼ਟਰਪਤੀ ਦੀ ਚੋਣ ਕਰਦੇ ਹਨ, ਇਸ ਲਈ ਜੇਕਰ ਭਾਜਪਾ ਅਗਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਸਥਿਤੀ ਸੁਧਾਰ ਲੈਂਦੀ ਹੈ ਤਾਂ ਉਸਦੇ ਲਈ ਕੁਝ ਆਸਾਨੀ ਹੋਵੇਗੀ ਪਰ ਜਿਥੋਂ ਤਕ ਕਾਂਗਰਸ ਦੀ ਗੱਲ ਹੈ, ਜੇਕਰ ਰਾਹੁਲ ਗਾਂਧੀ ਪਾਰਟੀ ਦੀ ਕਮਾਨ ਸੰਭਾਲਦੇ ਹਨ ਤਾਂ ਇਹ ਇਕ ਅਹਿਮ ਘਟਨਾ ਵਾਲਾ ਵਰ੍ਹਾ ਹੋ ਸਕਦਾ ਹੈ। ਉਂਝ ਵੀ ਸੋਨੀਆ ਗਾਂਧੀ ਪਹਿਲਾਂ ਹੀ ਪਿੱਛੇ ਚਲੀ ਗਈ ਹੈ ਤੇ ਆਪਣੇ ਬੇਟੇ ਨੂੰ ਅੱਗੇ ਵਧਾ ਰਹੀ ਹੈ। ਜੇ ਅਜਿਹਾ ਹੁੰਦਾ ਹੈ ਤਾਂ 18 ਸਾਲਾਂ ਤਕ ਪਾਰਟੀ ਦੀ ਪ੍ਰਧਾਨ ਰਹਿਣ ਦਾ ਰਿਕਾਰਡ ਬਣਾਉਣ ਵਾਲੀ ਸੋਨੀਆ ਗਾਂਧੀ ਸ਼ਾਇਦ ਪਾਰਟੀ ਦੀ ਮਾਰਗਦਰਸ਼ਕ ਬਣ ਜਾਵੇਗੀ। ਇਹ ਇਸ ਪਾਰਟੀ ਲਈ ਇਕ ਵੱਡੀ ਪੀੜ੍ਹੀਗਤ ਤਬਦੀਲੀ ਹੋਵੇਗੀ, ਜੋ ਇਸ ਸਮੇਂ ਲੀਡਰਸ਼ਿਪ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। 
ਘੱਟੋ-ਘੱਟ 3 ਹੋਰ ਪਾਰਟੀਆਂ ਵੀ ਪੀੜ੍ਹੀਗਤ ਤਬਦੀਲੀ ਦੀ ਤਿਆਰੀ ਕਰ ਰਹੀਆਂ ਹਨ। ਡੀ. ਐੱਮ. ਕੇ. ਦੇ ਮੁਖੀ ਕਰੁਣਾਨਿਧੀ ਬੀਮਾਰ ਹਨ ਤੇ ਉਨ੍ਹਾਂ ਨ ੇਪਹਿਲਾਂ ਹੀ ਸੰਕੇਤ ਦੇ ਦਿੱਤਾ ਹੈ ਕਿ ਉਨ੍ਹਾਂ ਦਾ ਦੂਜਾ ਬੇਟਾ ਸਟਾਲਿਨ ਉਨ੍ਹਾਂ ਦਾ ਸਿਆਸੀ ਉਤਰਾਧਿਕਾਰੀ ਹੋਵੇਗਾ। ਜੈਲਲਿਤਾ ਤੋਂ ਬਾਅਦ ਅੰਨਾ ਡੀ. ਐੱਮ. ਕੇ. ਲਈ ਇਹ ਵਰ੍ਹਾ ਉਥਲ-ਪੁਥਲ ਵਾਲਾ ਹੋਵੇਗਾ ਜਾਂ ਸਥਿਰਤਾ ਵਾਲਾ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਪਨੀਰਸੇਲਵਮ ਨੇ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲ ਲਿਆ ਹੈ ਪਰ ਜੈਲਲਿਤਾ ਤੋਂ ਬਾਅਦ ਪਾਰਟੀ ਕੁਝ ਡਾਵਾਂਡੋਲ ਹੋ ਰਹੀ ਹੈ, ਜਿਸ ਨੂੰ ਸੰਭਾਲਣ ਦੀ ਲੋੜ ਹੈ। ਅਸਲ ਵਿਚ ਉਥੇ ਸ਼ਸ਼ੀਕਲਾ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਮੰਗ ਉੱਠ ਰਹੀ ਹੈ। 
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਇਸ ਵਾਰ ਆਪਣੀ ਆਖਰੀ ਚੋਣ ਜੰਗ ਲੜ ਰਹੇ ਹਨ। ਉਹ ਜਿੱਤਣ ਜਾਂ ਹਾਰਨ, ਕਮਾਨ ਆਪਣੇ ਬੇਟੇ ਸੁਖਬੀਰ ਬਾਦਲ ਨੂੰ ਸੌਂਪ ਸਕਦੇ ਹਨ। ਇਸੇ ਤਰ੍ਹਾਂ ਹਾਲਾਂਕਿ ਐਲਾਨ ਨਹੀਂ ਕੀਤਾ ਗਿਆ ਪਰ ਯੂ. ਪੀ. ਵਿਚ ਸਪਾ ਚਾਹੇ ਜਿੱਤੇ ਜਾਂ ਹਾਰੇ, ਮੁਲਾਇਮ ਸਿੰਘ ਯਾਦਵ ਪਾਰਟੀ ਦੀ ਕਮਾਨ ਆਪਣੇ ਬੇਟੇ ਅਖਿਲੇਸ਼ ਯਾਦਵ ਨੂੰ ਸੌਂਪ ਦੇਣਗੇ। 
ਜੰਮੂ-ਕਸ਼ਮੀਰ ਵਿਚ ਵੀ ਆਉਣ ਵਾਲਾ ਵਰ੍ਹਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਪ੍ਰਸ਼ਾਸਨ ਲਈ ਇਕ ਇਮਤਿਹਾਨ ਹੋਵੇਗਾ ਤੇ ਦਿੱਲੀ ਵਿਚ ''ਆਪ'' ਸਰਕਾਰ ਫਰਵਰੀ ਮਹੀਨੇ ਵਿਚ ਆਪਣਾ 2 ਵਰ੍ਹਿਆਂ ਦਾ ਕਾਰਜਕਾਲ ਪੂਰਾ ਕਰ ਰਹੀ ਹੈ। 
ਵਿਧਾਨ ਸਭਾ ਚੋਣਾਂ ਤੋਂ ਬਾਅਦ ਵਿਰੋਧੀ ਧਿਰ ਦੇ ਨਾਲ-ਨਾਲ ਸੱਤਾਧਾਰੀ ਰਾਜਗ ਵਿਚ ਕੁਝ ਨਵੇਂ ਜੋੜ-ਤੋੜ ਦੇਖਣ ਨੂੰ ਮਿਲ ਸਕਦੇ ਹਨ ਪਰ ਇਹ ਸਭ ਚੋਣ ਨਤੀਜਿਆਂ ''ਤੇ ਨਿਰਭਰ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਲੱਖ ਟਕੇ ਦਾ ਸਵਾਲ ਇਹ ਹੋਵੇਗਾ ਕਿ ਕੀ ਉਹ 2017 ਵਿਚ ਹੋਰ ਮਜ਼ਬੂਤ ਹੋਣਗੇ ਜਾਂ ਕਮਜ਼ੋਰ। ਕੁਲ ਮਿਲਾ ਕੇ ਆਉਣ ਵਾਲਾ ਵਰ੍ਹਾ ਸਾਰੀਆਂ ਸਿਆਸੀ ਧਿਰਾਂ ਲਈ ਬਹੁਤ ਅਹਿਮ ਹੋਵੇਗਾ। 


Related News