ਕੀ ''ਬਾਲਾਕੋਟ'' ਮੋਦੀ ਨੂੰ ਜਿਤਾ ਸਕੇਗਾ

Sunday, Mar 17, 2019 - 06:08 AM (IST)

ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਮੇਰੇ  ਹਿਸਾਬ ਨਾਲ ਇਕ ਸਵਾਲ ਸ਼ਾਇਦ ਸਾਰਿਆਂ ਦੀ ਜ਼ੁਬਾਨ 'ਤੇ ਹੈ–ਕੀ ਪੁਲਵਾਮਾ ਅੱਤਵਾਦੀ ਹਮਲੇ ਅਤੇ ਬਾਲਾਕੋਟ ਏਅਰ ਸਟ੍ਰਾਈਕ ਨੇ ਸਿਆਸੀ ਦ੍ਰਿਸ਼ ਬਦਲ ਦਿੱਤਾ ਹੈ ਅਤੇ ਚੋਣਾਂ ਦੀਆਂ ਗਿਣਤੀਆਂ-ਮਿਣਤੀਆਂ 'ਚ ਤਬਦੀਲੀ ਲਿਆ ਦਿੱਤੀ ਹੈ ਜਾਂ ਇਹ ਇਕ ਅਜਿਹਾ ਪ੍ਰਭਾਵ ਹੈ, ਜੋ ਸਮੇਂ ਦੇ ਨਾਲ ਧੁੰਦਲਾ ਹੁੰਦਾ  ਜਾਵੇਗਾ? 
ਮੇਰਾ ਸ਼ੁਰੂਆਤੀ ਜਵਾਬ ਸਵਾਲ ਦੇ ਪਹਿਲੇ ਅੱਧ ਨਾਲ ਸਹਿਮਤ ਹੋਣਾ ਸੀ ਪਰ ਜਿੰਨਾ ਮੈਂ ਜ਼ਿਆਦਾ ਡੂੰਘਾਈ 'ਚ ਜਾਂਦਾ ਗਿਆ, ਓਨਾ ਹੀ ਜ਼ਿਆਦਾ ਮੈਨੂੰ ਅਹਿਸਾਸ ਹੋਇਆ ਕਿ ਇਹ ਓਨਾ ਸੁਭਾਵਿਕ ਨਹੀਂ ਹੈ, ਜਿਵੇਂ ਕਿ ਪਹਿਲਾਂ ਦਿਸਦਾ ਸੀ। ਰਾਸ਼ਟਰਵਾਦ ਅਤੇ ਪਾਕਿਸਤਾਨ ਵਿਰੋਧੀ ਭਾਵਨਾ : ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਅੱਜ ਜੋ ਸਥਿਤੀ ਹੈ, ਉਸ 'ਚ ਰਾਸ਼ਟਰਵਾਦ ਅਤੇ ਪਾਕਿਸਤਾਨ ਵਿਰੋਧੀ ਭਾਵਨਾ ਪਹਿਲਾਂ ਵਾਲੇ ਮੁੱਦਿਆਂ 'ਤੇ ਭਾਰੀ ਪੈ ਰਹੀ ਹੈ, ਜਿਵੇਂ ਕਿ ਬੇਰੋਜ਼ਗਾਰੀ, ਦਿਹਾਤੀ ਸੰਕਟ, ਰਾਫੇਲ, ਜੀ. ਐੱਸ. ਟੀ. ਅਤੇ ਨੋਟਬੰਦੀ ਦੇ ਜਾਰੀ ਪ੍ਰਭਾਵ ਅਤੇ ਸ਼ਾਇਦ ਪਛਾਣ ਤੇ ਧਰਮ ਦੇ ਮੁੱਦੇ ਵੀ। ਇਸ ਦੇ ਕੇਂਦਰ 'ਚ ਭਾਰਤ ਦੀ ਇਕ ਮਜ਼ਬੂਤ ਫੈਸਲਾਕੁੰਨ ਆਗੂ ਦੀ ਰਵਾਇਤੀ  ਚਾਹਤ ਹੈ, ਜੋ ਪਾਕਿਸਤਾਨ ਨੂੰ ਇਕ ਸਬਕ ਸਿਖਾਉਣ  ਦੇ ਸਮਰੱਥ ਹੋਵੇ, ਜਿਵੇਂ ਕਿ 1971 'ਚ ਇੰਦਰਾ ਗਾਂਧੀ ਅਤੇ 2019 'ਚ ਨਰਿੰਦਰ ਮੋਦੀ ਇਸ ਸਕ੍ਰਿਪਟ 'ਚ ਫਿੱਟ ਬੈਠਦੇ ਹਨ। ਕੀ ਫਿਰ ਇਕ ਜੋਸ਼ੀਲਾ ਅਤੇ ਸ਼ੁਕਰਗੁਜ਼ਾਰ ਦੇਸ਼ ਮੋਦੀ ਲਈ ਵੋਟ ਕਰੇਗਾ? 
2016 'ਚ ਸਰਜੀਕਲ ਸਟ੍ਰਾਈਕ ਤੋਂ ਬਾਅਦ 2017 'ਚ ਭਾਜਪਾ ਨੇ ਯੂ. ਪੀ. 'ਚ ਜ਼ਬਰਦਸਤ ਜਿੱਤ ਹਾਸਿਲ ਕੀਤੀ। ਕੀ ਫਿਰ ਅਜਿਹਾ ਹੋ ਸਕਦਾ ਹੈ? ਇਸ ਦੀ ਸੰਭਾਵਨਾ ਹੈ। ਪੁਲਵਾਮਾ 'ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ 40 ਜਵਾਨਾਂ 'ਚੋਂ 30 ਫੀਸਦੀ ਇਸ ਇਕ ਸੂਬੇ ਤੋਂ ਸਨ। ਇਸ ਤੋਂ ਇਲਾਵਾ ਤਿੰਨਾਂ ਹਥਿਆਰਬੰਦ ਫੌਜਾਂ 'ਚ ਸਭ ਤੋਂ ਵੱਧ ਰੰਗਰੂਟ ਯੂ. ਪੀ. ਤੋਂ ਹਨ, ਇਸ ਲਈ ਰਾਸ਼ਟਰ ਦੇ ਜੋਸ਼ ਦਾ ਪ੍ਰਭਾਵ ਇਥੇ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲੇਗਾ। ਹਾਲਾਂਕਿ ਇਕ ਉਲਟ ਵਿਚਾਰ ਦੀ ਸੰਭਾਵਨਾ ਵੀ ਹੈ। 1999 'ਚ ਕਾਰਗਿਲ ਦੌਰਾਨ ਅਟਲ ਬਿਹਾਰੀ ਵਾਜਪਾਈ ਨੇ ਓਨੀਆਂ  ਹੀ ਸੀਟਾਂ ਜਿੱਤੀਆਂ, ਜਿੰਨੀਆਂ ਉਨ੍ਹਾਂ ਨੇ 1998 'ਚ ਜਿੱਤੀਆਂ ਸਨ। ਇਸੇ ਤਰ੍ਹਾਂ 2009 'ਚ 26/11 ਤੋਂ ਬਾਅਦ ਕਾਂਗਰਸ ਨੇ ਸੀਟਾਂ ਗੁਆਈਆਂ ਨਹੀਂ, ਸਗੋਂ 60 ਤੋਂ ਜ਼ਿਆਦਾ ਸੀਟਾਂ ਦਾ ਵਾਧਾ ਕੀਤਾ ਅਤੇ ਫਿਰ ਸਾਡੇ ਸਾਹਮਣੇ ਵਿੰਸਟਨ ਚਰਚਿਲ ਦੀ ਮਿਸਾਲ ਵੀ ਹੈ, ਜਿਨ੍ਹਾਂ ਨੇ ਦੂਜੀ ਸੰਸਾਰ ਜੰਗ ਜਿੱਤੀ ਪਰ ਕੁਝ ਮਹੀਨਿਆਂ ਬਾਅਦ ਹੀ ਚੋਣਾਂ 'ਚ ਬੁਰੀ ਤਰ੍ਹਾਂ ਹਾਰੇ। ਇਸ ਦਾ ਅਰਥ ਇਹ ਹੋਇਆ ਕਿ ਰਾਸ਼ਟਰਵਾਦੀ ਭਾਵਨਾਵਾਂ ਅਤੇ ਚੋਣ ਨਤੀਜਿਆਂ ਦਰਮਿਆਨ ਕੋਈ ਸਪੱਸ਼ਟ ਆਪਸੀ ਸਬੰਧ ਨਹੀਂ ਹੈ। ਦਿਹਾਤੀ ਸੰਕਟ ਅਤੇ ਕਿਸਾਨ : ਹੁਣ ਇਹ ਮੰਨ ਲੈਣ ਪਿੱਛੇ ਚੰਗੀ ਵਜ੍ਹਾ ਹੈ ਕਿ ਬਾਲਾਕੋਟ ਦਾ ਚੋਣ ਪ੍ਰਭਾਵ ਸਰਜੀਕਲ ਸਟ੍ਰਾਈਕਸ ਦੇ ਪ੍ਰਭਾਵ ਨਾਲੋਂ ਵੱਖਰਾ ਹੋ ਸਕਦਾ ਹੈ। ਪਹਿਲੀ ਗੱਲ 2017 ਤੋਂ ਬਾਅਦ ਦਿਹਾਤੀ ਸੰਕਟ ਅਤੇ ਕਿਸਾਨਾਂ ਵਲੋਂ ਖ਼ੁਦਕੁਸ਼ੀਆਂ ਕੀਤੇ ਜਾਣ ਦੀ ਸਥਿਤੀ ਬਦਤਰ ਹੋਈ ਹੈ। ਮਹਾਰਾਸ਼ਟਰ ਸਭ ਤੋਂ ਵੱਧ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਯਾਦ ਰੱਖੋ ਕਿ ਭਾਰਤ ਦਾ 60 ਫੀਸਦੀ ਹਿੱਸਾ ਦਿਹਾਤੀ ਹੈ। 
ਜਦੋਂ ਪਿੰਡਾਂ ਦੇ ਲੋਕ ਵੋਟ ਦਿੰਦੇ ਹਨ ਤਾਂ ਕੀ ਉਨ੍ਹਾਂ ਦੀ ਗਰੀਬੀ, ਚਿੰਤਾਵਾਂ ਅਤੇ ਪ੍ਰੇਸ਼ਾਨੀਆਂ ਇਹ ਤੈਅ ਨਹੀਂ ਕਰਦੀਆਂ ਕਿ ਉਹ ਕਿਸ ਨੂੰ ਵੋਟ ਦੇਣਗੇ? ਇਹ ਮੰਨਣਾ ਮੁਸ਼ਕਿਲ ਹੈ ਕਿ ਪ੍ਰਧਾਨ ਮੰਤਰੀ ਦੀ ਕਿਸਾਨ ਯੋਜਨਾ ਇਸ ਚਿੰਤਾ ਨੂੰ ਦੂਰ ਕਰ ਰਹੀ ਹੈ। ਇਕ ਹੋਰ ਕਾਰਕ ਹੈ ਬੇਰੋਜ਼ਗਾਰੀ : 2017-18 'ਚ ਬੇਰੋਜ਼ਗਾਰੀ 45 ਸਾਲਾਂ ਦੀ ਸਭ ਤੋਂ ਵੱਧ ਬੁਰੀ ਹਾਲਤ 6.1 ਫੀਸਦੀ 'ਤੇ ਸੀ ਪਰ ਸੈਂਟਰ ਫਾਰ ਮਾਨੀਟਰਿੰਗ ਆਫ ਇੰਡੀਅਨ ਇਕੋਨਾਮੀ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਇਹ ਜ਼ਿਕਰਯੋਗ ਤੌਰ 'ਤੇ ਵਧ ਕੇ 7.3 ਫੀਸਦੀ ਹੋ ਗਈ। ਨੌਜਵਾਨਾਂ 'ਚ ਬੇਰੋਜ਼ਗਾਰੀ ਦੀ ਹਾਲਤ ਇਸ ਤੋਂ ਵੀ ਖਰਾਬ ਹੈ। ਅਜ਼ੀਮ ਪ੍ਰੇਮਜੀ ਯੂਨੀਵਰਿਸਟੀ ਦੇ ਸੈਂਟਰ ਫਾਰ ਸਸਟੇਨੇਬਲ ਇੰਪਲਾਇਮੈਂਟ ਦਾ ਕਹਿਣਾ ਹੈ ਕਿ ਇਹ ਦਰ ਹੈਰਾਨੀਜਨਕ ਤੌਰ  'ਤੇ 16 ਫੀਸਦੀ ਹੈ। 
15 ਤੋਂ 29 ਸਾਲ ਉਮਰ ਵਰਗ ਦੇ ਦਿਹਾਤੀ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ ਤਿੰਨ ਗੁਣਾ ਵਧ ਕੇ 2017-18 ਤਕ 17.4 ਫੀਸਦੀ ਹੋ ਗਈ ਤੇ ਇਸੇ ਉਮਰ ਵਰਗ ਦੀਆਂ ਦਿਹਾਤੀ ਕੁੜੀਆਂ ਦੀ ਬੇਰੋਜ਼ਗਾਰੀ ਦੀ ਦਰ 2017-18 ਤਕ ਤਿੰਨ ਗੁਣਾ ਵਧ ਕੇ 13.6 ਫੀਸਦੀ ਹੋ ਗਈ। ਮੋਦੀ ਦੇ ਪ੍ਰਸ਼ੰਸਕ ਨੌਜਵਾਨ ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਜੋਸ਼ 'ਚ ਹੋ ਸਕਦੇ ਹਨ ਪਰ ਯਕੀਨੀ ਤੌਰ 'ਤੇ ਨੌਕਰੀਆਂ ਨਾ ਹੋਣ ਦਾ ਦਰਦ ਸਟ੍ਰਾਈਕ ਨੂੰ ਲੈ ਕੇ ਖੁਸ਼ੀ ਮਨਾਉਣ ਉੱਤੇ ਭਾਰੀ ਪੈ ਸਕਦਾ ਹੈ। 
ਯਕੀਨੀ ਤੌਰ 'ਤੇ ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਵਿਰੋਧੀ ਧਿਰ ਇਸ ਨੂੰ ਕਿਵੇਂ ਕੈਸ਼ ਕਰਦੀ ਹੈ? ਬਾਲਾਕੋਟ ਦੀ ਸਫਲਤਾ 'ਤੇ ਸਵਾਲ ਉਠਾਉਣ ਜਾਂ ਪੁਲਵਾਮਾ 'ਚ ਖੁਫੀਆ ਏਜੰਸੀਆਂ ਦੀ ਨਾਕਾਮੀ ਦਾ ਦੋਸ਼ ਸਰਕਾਰ 'ਤੇ ਲਾਉਣ ਜਾਂ ਰਾਫੇਲ 'ਤੇ ਉਮੀਦ ਤੋਂ ਵੱਧ ਭਰੋਸਾ ਕਰਨ ਦੀ ਬਜਾਏ ਵਿਰੋਧੀ ਧਿਰ ਨੂੰ ਬੇਰੋਜ਼ਗਾਰੀ, ਦਿਹਾਤੀ ਸੰਕਟ, ਦਲਿਤਾਂ ਅਤੇ ਘੱਟਗਿਣਤੀਆਂ ਨਾਲ ਬੁਰੇ ਸਲੂਕ ਅਤੇ ਮੋਦੀ ਸਰਕਾਰ ਦੀ ਸਾਧਾਰਨ ਅਸਹਿਣਸ਼ੀਲਤਾ ਦੀ ਹਾਂਡੀ ਨੂੰ ਹਿਲਾਉਣ ਦੀ ਲੋੜ ਹੈ। ਜੇ ਵਿਰੋਧੀ ਧਿਰ ਸਫਲਤਾਪੂਰਵਕ ਅਜਿਹਾ ਕਰ ਲੈਂਦੀ ਹੈ ਤਾਂ ਸ਼ਾਇਦ ਵੋਟਿੰਗ ਵਾਲੇ ਦਿਨ ਪੁਲਵਾਮਾ-ਬਾਲਾਕੋਟ ਦਾ ਕੋਈ ਪ੍ਰਭਾਵ ਨਹੀਂ ਹੋਵੇਗਾ ਪਰ ਕੀ ਅਜਿਹਾ ਹੋ ਸਕਦਾ ਹੈ? ਮੈਂ ਅਜੇ ਤਕ ਪ੍ਰਭਾਵਿਤ ਨਹੀਂ ਹਾਂ ਕਿ ਜਵਾਬ 'ਹਾਂ' ਹੈ। 
                                                                                                                             - ਕਰਨ ਥਾਪਰ


KamalJeet Singh

Content Editor

Related News