ਬਾਬਾ ਰਾਮਦੇਵ ਨਾਲ ਇੰਨੀ ਈਰਖਾ ਕਿਉਂ

Monday, Dec 19, 2016 - 07:24 AM (IST)

ਬਾਬਾ ਰਾਮਦੇਵ ਨਾਲ ਇੰਨੀ ਈਰਖਾ ਕਿਉਂ

ਜਦੋਂ ਤੋਂ ਬਾਬਾ ਰਾਮਦੇਵ ਦੇ ਪਤੰਜਲੀ ਆਯੁਰਵੇਦ ਦਾ ਕਾਰੋਬਾਰ ਦਿਨ ਦੁੱਗਣਾ ਅਤੇ ਰਾਤ ਚੌਗੁਣਾ ਵਧਣਾ ਸ਼ੁਰੂ ਹੋਇਆ ਹੈ, ਉਦੋਂ ਤੋਂ ਉਨ੍ਹਾਂ ਨਾਲ ਈਰਖਾ ਕਰਨ ਵਾਲਿਆਂ ਦੀ ਅਤੇ ਉਨ੍ਹਾਂ ਦੀ ਆਲੋਚਨਾ ਕਰਨ ਵਾਲਿਆਂ ਦੀ ਤਾਦਾਦ ਵੀ ਕਾਫੀ ਵਧ ਗਈ ਹੈ। ਇਨ੍ਹਾਂ ''ਚ ਕੁਝ ਦਲਾਂ ਦੇ ਰਾਜਨੇਤਾ ਵੀ ਸ਼ਾਮਿਲ ਹਨ। ਇਨ੍ਹਾਂ ਦਾ ਦੋਸ਼ ਹੈ ਕਿ ਬਾਬਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਦਦ ਨਾਲ ਆਪਣਾ ਆਰਥਿਕ ਸਾਮਰਾਜ ਵਧਾ ਰਹੇ ਹਨ। ਉਨ੍ਹਾਂ ਦੇ ਉਤਪਾਦ ਗੁਣਵੱਤਾ ''ਚ ਖਰੇ ਨਹੀਂ ਹਨ। ਉਨ੍ਹਾਂ ਨੇ ਵਿਗਿਆਪਨ ਵੰਡ ਕੇ ਮੀਡੀਆ ਦਾ ਮੂੰਹ ਬੰਦ ਕਰ ਦਿੱਤਾ ਹੈ। ਉਹ ਸੂਬਿਆਂ ''ਚ ਭਾਰੀ ਮਾਤਰਾ ''ਚ ਜ਼ਮੀਨ ਹੜੱਪ ਰਹੇ ਹਨ। 
ਨੇਤਾਵਾਂ ਤੋਂ ਇਲਾਵਾ ਸੰਤ ਸਮਾਜ ਦੇ ਕੁਝ ਲੋਕ ਵੀ ਬਾਬਾ ਰਾਮਦੇਵ ਦੀ ਆਰਥਿਕ ਤਰੱਕੀ ਦੇਖ ਕੇ ਦੁਖੀ ਹਨ। ਇਨ੍ਹਾਂ ਦਾ ਦੋਸ਼ ਹੈ ਕਿ ਕੋਈ ਯੋਗੀ ਵਪਾਰੀ ਕਿਵੇਂ ਹੋ ਸਕਦਾ ਹੈ? ਇਸ ਵਿਚ ਵਿਰੋਧਾਭਾਸ ਹੈ। ਬਾਬਾ ਕੇਸਰੀਆ ਬਾਣਾ ਪਹਿਨ ਕੇ ਉਸ ਦਾ ਅਪਮਾਨ ਕਰ ਰਹੇ ਹਨ। ਕੇਸਰੀਆ ਬਾਣਾ ਤਾਂ ਉਹ ਸੰਨਿਆਸੀ ਪਹਿਨਦਾ ਹੈ, ਜਿਸ ਦੀਆਂ ਸਾਰੀਆਂ ਭੌਤਿਕ ਇੱਛਾਵਾਂ ਅਗਨੀ ਦੀਆਂ ਲਾਟਾਂ ਵਿਚ ਭਸਮ ਹੋ ਚੁੱਕੀਆਂ ਹੋਣ, ਜਦਕਿ ਬਾਬਾ ਰਾਮਦੇਵ ਤਾਂ ਹਰ ਇੱਛਾ ਰੱਖਦੇ ਹਨ। ਉਨ੍ਹਾਂ ਵਿਚ ਲਾਭ, ਲੋਭ ਅਤੇ ਵੱਕਾਰ ਤਿੰਨੋਂ ਹਾਸਿਲ ਕਰਨ ਦੀ ਲਾਲਸਾ ਕੁੱਟ-ਕੁੱਟ ਕੇ ਭਰੀ ਹੈ। 
ਅਜਿਹੇ ਦੋਸ਼ ਲਗਾਉਣ ਵਾਲੇ ਨੇਤਾਵਾਂ ਤੋਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ 70 ਅਤੇ 80 ਦੇ ਦਹਾਕੇ ਵਿਚ ਸ਼੍ਰੀਮਤੀ ਇੰਦਰਾ ਗਾਂਧੀ ਦੇ ਯੋਗ ਗੁਰੂ ਸਵਾਮੀ ਧੀਰੇਂਦਰ ਬ੍ਰਹਮਚਾਰੀ ਨੇ ਜਦੋਂ ਦਿੱਲੀ ਵਿਚ, ਗੁੜਗਾਓਂ ਦੇ ਕੋਲ, ਜੰਮੂ ਵਿਚ ਅਤੇ ਕਸ਼ਮੀਰ ਦੇ ਊਧਮਪੁਰ ਵਿਚ ਪਟਨੀਟਾਪ ਵਿਚ ਸੈਂਕੜੇ, ਕਰੋੜਾਂ ਦਾ ਸਾਮਰਾਜ ਨਾਜਾਇਜ਼ ਕਮਾਈ ਨਾਲ ਖੜ੍ਹਾ ਕੀਤਾ ਸੀ, ਹਵਾਈ ਜਹਾਜ਼ਾਂ ਦੇ ਬੇੜੇ ਖਰੀਦ ਲਏ ਸਨ, ਰੱਖਿਆ ਦ੍ਰਿਸ਼ਟੀ ਤੋਂ ਵਰਜਿਤ ਖੇਤਰ ਵਿਚ ਸੈਂਕੜੇ ਹੋਟਲ, ਹਵਾਈ ਅੱਡੇ ਬਣਾ ਲਏ ਸਨ, ਉਦੋਂ ਇਹ ਨੇਤਾ ਕਿੱਥੇ ਸਨ? ਕੀ ਇਹ ਆਪਣਾ ਕੋਈ ਬਿਆਨ ਦਿਖਾ ਸਕਦੇ ਹਨ, ਜੋ ਉਨ੍ਹਾਂ ਨੇ ਉਸ ਸਮੇਂ ਮੀਡੀਆ ਨੂੰ ਦਿੱਤਾ ਹੋਵੇ? ਜਦਕਿ ਰਾਮਦੇਵ ਬਾਬਾ ਦਾ ਸਾਮਰਾਜ ਤਾਂ ਜਾਇਜ਼ ਉਤਪਾਦਨ ਅਤੇ ਇਲਾਜ ਸੇਵਾਵਾਂ ਨੂੰ ਵੇਚ ਕੇ ਕਮਾਏ ਗਏ ਮੁਨਾਫੇ ਨਾਲ ਖੜ੍ਹਾ ਕੀਤਾ ਗਿਆ ਹੈ। ਧੀਰੇਂਦਰ ਬ੍ਰਹਮਚਾਰੀ ਦਾ ਸਾਮਰਾਜ ਤਾਂ ਕੌਮਾਂਤਰੀ ਰੱਖਿਆ ਸੌਦਿਆਂ ''ਚ ਦਲਾਲੀ ਨਾਲ ਬਣਿਆ ਸੀ। ਇਹ ਗੱਲ ਉਸ ਸਮੇਂ ਦੀਆਂ ਸਿਆਸੀ ਸਰਗਰਮੀਆਂ ''ਤੇ ਨਜ਼ਰ ਰੱਖਣ ਵਾਲੇ ਦੱਸਦੇ ਸਨ। 
ਰਹੀ ਗੱਲ ਬਾਬਾ ਰਾਮਦੇਵ ਦੇ ਉਤਪਾਦਾਂ ਦੀ ਗੁਣਵੱਤਾ ਦੀ, ਤਾਂ ਇਹ ਅਜਿਹਾ ਮਾਮਲਾ ਹੈ, ਜਿਵੇਂ ''ਮੀਆਂ-ਬੀਵੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ''। ਜਦੋਂ ਗਾਹਕ ਸੰਤੁਸ਼ਟ ਹੈ ਤਾਂ ਦੂਜਿਆਂ ਦੇ ਪੇਟ ਵਿਚ ਦਰਦ ਕਿਉਂ ਹੁੰਦਾ ਹੈ? ਮੈਂ ਵੀ ਪੂਰੇ ਦੇਸ਼ ਵਿਚ ਅਕਸਰ ਭਾਸ਼ਣ ਦੇਣ ਜਾਂਦਾ ਰਹਿੰਦਾ ਹਾਂ ਅਤੇ ਹੋਟਲਾਂ ਦੀ ਬਜਾਏ ਆਯੋਜਕਾਂ ਦੇ ਘਰਾਂ ਵਿਚ ਠਹਿਰਨਾ ਪਸੰਦ ਕਰਦਾ ਹਾਂ ਕਿਉਂਕਿ ਉਨ੍ਹਾਂ ਦੇ ਘਰ ਦਾ ਵਾਤਾਵਰਣ ਮੈਨੂੰ ਹੋਟਲ ਨਾਲੋਂ ਜ਼ਿਆਦਾ ਸਾਤਵਿਕ ਲੱਗਦਾ ਹੈ। ਇਨ੍ਹਾਂ ਘਰਾਂ ਦੇ ਬਾਥਰੂਮ ਵਿਚ ਜਦੋਂ ਮੈਂ ਇਸ਼ਨਾਨ ਲਈ ਜਾਂਦਾ ਹਾਂ ਤਾਂ ਇਹ ਦੇਖ ਕੇ ਹੈਰਾਨ ਹੁੰਦਾ ਹਾਂ ਕਿ ਜਿਥੇ ਪਹਿਲਾਂ ਵਿਦੇਸ਼ੀ ਸ਼ੈਂਪੂ, ਸਾਬਣ, ਟੁੱਥਪੇਸਟ ਆਦਿ ਲਾਈਨਾਂ ਵਿਚ ਸਜੇ ਰਹਿੰਦੇ ਸਨ, ਉਥੇ ਅੱਜ ਜ਼ਿਆਦਾਤਰ ਉਤਪਾਦ ਪਤੰਜਲੀ ਦੇ ਹੀ ਦਿਖਾਈ ਦਿੰਦੇ ਹਨ। ਪੁੱਛਣ ''ਤੇ ਘਰ ਦੇ ਮੈਂਬਰ ਦੱਸਦੇ ਹਨ ਕਿ ਉਹ ਬਾਬਾ ਰਾਮਦੇਵ ਦੇ ਉਤਪਾਦਾਂ ਤੋਂ ਕਿੰਨੇ ਸੰਤੁਸ਼ਟ ਹਨ। ਕੀ ਇਹ ਗੱਲ ਸਾਡੇ ਲਈ ਮਾਣ ਕਰਨ ਦੀ ਨਹੀਂ ਹੈ ਕਿ ਇਕ ਵਿਅਕਤੀ ਨੇ ਆਪਣੇ ਪੁਰਸ਼ਾਰਥ ਦੇ ਬਲ ''ਤੇ ਵਿਦੇਸ਼ੀ ਕੰਪਨੀਆਂ ਸਾਹਮਣੇ ਇੰਨਾ ਵੱਡਾ ਦੇਸੀ ਸਾਮਰਾਜ ਖੜ੍ਹਾ ਕਰ ਦਿੱਤਾ, ਜਿਸ ਨਾਲ ਦੇਸ਼ ਵਿਚ ਰੋਜ਼ਗਾਰ ਵੀ ਵਧ ਰਿਹਾ ਹੈ ਤੇ ਦੇਸ਼ ਦਾ ਪੈਸਾ ਦੇਸ਼ ਵਿਚ ਹੀ ਲੱਗ ਰਿਹਾ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਕਿ ਬਾਬੇ ਦੇ ਉਤਪਾਦ ਬਹੁਕੌਮੀ ਕੰਪਨੀਆਂ ਦੇ ਉਤਪਾਦਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਕਿਫਾਇਤੀ ਕੀਮਤਾਂ ''ਤੇ ਮਿਲਦੇ ਹਨ। ਉਹ ਵੀ ਉਦੋਂ, ਜਦੋਂ  ਬਾਬਾ ਹਰ ਟੀ. ਵੀ. ਚੈਨਲ ''ਤੇ ਹਰ ਸਮੇਂ ਵਿਗਿਆਪਨ ਦਿੰਦੇ ਹਨ।
ਇਥੇ ਵੀ ਬਾਬੇ ਨੇ ਵਿਗਿਆਪਨ ਏਜੰਸੀਆਂ ਨੂੰ ਮਾਤ ਦੇ ਦਿੱਤੀ। ਉਨ੍ਹਾਂ ਨੂੰ ਕਿਸੇ ਮਾਡਲ ਦੀ ਜ਼ਰੂਰਤ ਨਹੀਂ ਪਈ। ਉਹ ਖ਼ੁਦ ਹੀ ਮਾਡਲ ਬਣ ਜਾਂਦੇ ਹਨ। ਇਸ ਨਾਲ ਸਭ ਤੋਂ ਵੱਧ ਸਨਮਾਨ ਤਾਂ ਔਰਤਾਂ ਦਾ ਵਧਿਆ ਹੈ ਕਿਉਂਕਿ ਹੁਣ ਤਕ ਹੁੰਦਾ ਇਹ ਆਇਆ ਸੀ ਕਿ ਸਾਬਣ ਤੇ ਸ਼ੈਂਪੂ ਦਾ ਹੀ ਨਹੀਂ, ਸਗੋਂ ਮੋਟਰਸਾਈਕਲ ਅਤੇ ਮਰਦਾਨੀ ਬੁਨੈਣ ਤਕ ਦਾ ਵਿਗਿਆਪਨ ਕਿਸੇ ਅਰਧ-ਨਗਨ ਔਰਤ ਨੂੰ ਹੀ ਦਿਖਾ ਕੇ ਬਣਾਇਆ ਜਾਂਦਾ ਸੀ। ਇਸ ਗੱਲ ਲਈ ਤਾਂ ਭਾਰਤ ਦੀ ਅੱਧੀ ਆਬਾਦੀ, ਭਾਵ ਮਾਤ-ਸ਼ਕਤੀ ਨੂੰ ਮਿਲ ਕੇ ਬਾਬਾ ਦਾ ਸਨਮਾਨ ਕਰਨਾ ਚਾਹੀਦਾ ਹੈ। 
ਰਹੀ ਗੱਲ ਸੰਤ ਬਰਾਦਰੀ ''ਚ ਕੁਝ ਲੋਕਾਂ ਦੇ ਢਿੱਡ ਪੀੜ ਦੀ, ਤਾਂ ਕੀ ਜ਼ਰੀ ਦੇ ਕੱਪੜੇ ਪਹਿਨ ਕੇ ਗਹਿਣਿਆਂ ਨਾਲ ਸਜ ਕੇ, ਮੰਚਾਂ ''ਤੇ ਵਿਆਹ ਪੰਡਾਲ ਵਰਗੀ ਸਜਾਵਟ ਕਰਵਾ ਕੇ, ਭਾਗਵਤ ਦੀ ਨੌਟੰਕੀ ਕਰਨ ਵਾਲੇ ਧਰਮ ਦਾ ਵਪਾਰ ਨਹੀਂ ਕਰ ਰਹੇ? ਕੀ ਉਹ ਸ਼ੁਕਦੇਵ ਜੀ ਵਰਗੇ ਵਕਤਾ ਹਨ ਜਾਂ ਅਸੀਂ ਸਭ ਪ੍ਰੀਕਸ਼ਿਤ ਮਹਾਰਾਜ ਵਰਗੇ ਵਿਰਕਤ ਸਰੋਤੇ ਹਾਂ? ਧਰਮ ਦਾ ਵਪਾਰ ਤਾਂ ਸਾਰੇ ਧਰਮ ਵਾਲੇ ਕਰਦੇ ਹਨ, ਜੋ ਨਹੀਂ ਕਰਦੇ, ਉਹ ਹਿਮਾਲਿਆ ਦੀਆਂ ਕੰਦਰਾਵਾਂ ''ਚ ਭਜਨ ਕਰਦੇ ਹਨ। 
ਉਨ੍ਹਾਂ ਨੂੰ ਹੋਰਡਿੰਗਜ਼ ਅਤੇ ਟੀ. ਵੀ. ''ਤੇ ਆਪਣੇ ਵਿਗਿਆਪਨ ਨਹੀਂ ਚਲਾਉਣੇ ਪੈਂਦੇ। ਕੋਈ ਕਥਾ ਵੇਚਦਾ ਹੈ ਤਾਂ ਕੋਈ ਦੁੱਖ ਨਿਵਾਰਣ ਦਾ ਆਸ਼ੀਰਵਾਦ ਵੇਚ ਰਿਹਾ ਹੈ, ਬਾਬਾ ਤਾਂ ਘੱਟੋ-ਘੱਟ ਸਿਹਤਮੰਦ ਰਹਿਣ ਦਾ ਗਿਆਨ ਅਤੇ ਸਿਹਤਮੰਦ ਰਹਿਣ ਦੇ ਉਤਪਾਦ ਵੇਚ ਰਹੇ ਹਨ। ਇਸ ਵਿਚ ਕਿਤੇ ਕੋਈ ਧੋਖਾ ਨਹੀਂ। ਜੇਕਰ ਕਿਸੇ ਉਤਪਾਦ ਵਿਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਉਸ ਲਈ ਕਾਨੂੰਨ ਬਣੇ ਹਨ।
ਕੁਲ ਮਿਲਾ ਕੇ ਬਾਬੇ ਨੇ ਖਾਸ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ। ਕਿਸੇ ਨੇ ਉਨ੍ਹਾਂ ਨੂੰ ਉਂਗਲ ਫੜ ਕੇ ਖੜ੍ਹਾ ਨਹੀਂ ਕੀਤਾ। ਉਹ ਆਪਣੀ ਮਿਹਨਤ ਨਾਲ ਖੜ੍ਹੇ ਹੋਏ ਹਨ। ਉਨ੍ਹਾਂ ਦੇ ਨਾਲ ਆਚਾਰੀਆ ਬਾਲ ਕ੍ਰਿਸ਼ਨ ਵਰਗੇ ਤਪੱਸਵੀਆਂ ਦਾ ਤਪ ਜੁੜਿਆ ਹੈ ਅਤੇ ਉਨ੍ਹਾਂ ਕਰੋੜਾਂ ਲੋਕਾਂ ਦਾ ਆਸ਼ੀਰਵਾਦ, ਜਿਨ੍ਹਾਂ ਨੂੰ ਬਾਬੇ ਤੋਂ ਸਰੀਰਕ ਜਾਂ ਮਾਨਸਿਕ ਲਾਭ ਮਿਲਿਆ ਹੈ। ਇਨ੍ਹਾਂ ਵਿਚ ਹਰ ਸਿਆਸੀ ਵਿਚਾਰਧਾਰਾ ਦੇ ਲੋਕ ਸ਼ਾਮਿਲ ਹਨ। ਅਜਿਹੇ ਬਾਬਾ ਰਾਮਦੇਵ ਨੂੰ ਤਾਂ ਭਾਰਤ ਦਾ ਰਤਨ ਮੰਨਿਆ ਜਾਣਾ ਚਾਹੀਦਾ ਹੈ।   


Related News