ਚੀਨ ਨੂੰ ਜਵਾਬ ਦੇਣ ਲਈ ਸਮੁੰਦਰੀ ਫੌਜੀ ਸ਼ਕਤੀ ਵਧਾਉਂਦਾ ਵੀਅਤਨਾਮ

07/03/2023 6:18:41 PM

ਚੀਨ ਦੀ ਦੱਖਣ-ਪੂਰਬੀ ਏਸ਼ੀਆ ’ਚ ਵਧਦੀ ਦਖਲਅੰਦਾਜ਼ੀ ਦਾ ਜਵਾਬ ਦੇਣ ਲਈ ਕਈ ਦੇਸ਼ਾਂ ਨੇ ਆਪਸ ’ਚ ਸਹਿਯੋਗ ਕਰਨਾ ਸ਼ੁਰੂ ਕੀਤਾ ਅਤੇ ਕੁਝ ਦੇਸ਼ਾਂ ਨੇ ਅਮਰੀਕਾ ਅਤੇ ਦੂਜੇ ਸ਼ਕਤੀਸ਼ਾਲੀ ਦੇਸ਼ਾਂ ਦਾ ਰੁਖ ਕੀਤਾ। ਇਨ੍ਹਾਂ ’ਚ ਕੁਝ ਦੇਸ਼ ਅਜਿਹੇ ਵੀ ਹਨ ਜੋ ਆਪਣੀ ਸੁਰੱਖਿਆ ਆਪਣੇ ਦਮ ’ਤੇ ਕਰਨੀ ਚਾਹੁੰਦੇ ਹਨ। ਅਜਿਹਾ ਹੀ ਦੇਸ਼ ਹੈ ਵੀਅਤਨਾਮ, ਜਿਸ ਦੀ ਸਮੁੰਦਰੀ ਰੇਖਾ ਬੜੀ ਲੰਬੀ ਹੈ ਅਤੇ ਇਹ ਇਲਾਕਾ ਵਿਵਾਦਿਤ ਇਸ ਲਈ ਵੀ ਹੈ ਕਿਉਂਕਿ ਮੌਜੂਦਾ ਕੌਮਾਂਤਰੀ ਨਿਯਮਾਂ ਅਨੁਸਾਰ ਜੋ ਸਮੁੰਦਰੀ ਇਲਾਕਾ ਵੀਅਤਨਾਮ ਦਾ ਹੋਣਾ ਚਾਹੀਦਾ ਹੈ, ਉਸ ’ਤੇ ਚੀਨ ਆਪਣੀ ਨਾਈਨ ਡੈਸ਼ਲਾਈਨ ਬਣਾ ਕੇ ਆਪਣਾ ਦਾਅਵਾ ਕਰਦਾ ਹੈ। ਅਜਿਹੇ ’ਚ ਭਾਰਤ ਨੇ ਵੀਅਤਨਾਮ ਨੂੰ ਆਪਣੀ ਰੱਖਿਆ ਕਰਨ ’ਚ ਸਮਰੱਥ ਬਣਾਉਣ ਲਈ ਮਿਜ਼ਾਈਲ ਕੋਰਵੇਟ ਆਈ. ਐੱਨ. ਐੱਸ. ਕਿਰਪਾਣ ਤੋਹਫੇ ਦੇ ਰੂਪ ’ਚ ਦਿੱਤੀ ਹੈ ਭਾਵ ਇਹ ਬੇੜਾ ਵੀਅਤਨਾਮ ਨੂੰ ਭਾਰਤ ਵਲੋਂ ਇਕਦਮ ਮੁਫਤ ਦਿੱਤਾ ਿਗਆ ਹੈ। ਆਈ. ਐੱਨ. ਐੱਸ. ਕਿਰਪਾਣ ਭਾਰਤੀ ਸਮੁੰਦਰੀ ਫੌਜ ਦੇ ਸਭ ਤੋਂ ਅਹਿਮ ਅਤੇ ਤੇਜ਼ ਜੰਗੀ ਬੇੜਿਆਂ ’ਚੋਂ ਇਕ ਹੈ ਜੋ ਧਰਤੀ ਤੋਂ ਸਿੱਧਾ ਆਕਾਸ਼ ’ਚ ਮਿਜ਼ਾਈਲ ਲਾਂਚ ਕਰ ਸਕਦੀ ਹੈ, ਇਸ ’ਤੇ ਇਕ ਹੈਲੀਕਾਪਟਰ ਲੈਂਡਿੰਗ ਪੈਡ ਵੀ ਬਣਿਆ ਹੋਇਆ ਹੈ। ਇਸ ਜੰਗੀ ਬੇੜੇ ਦੇ ਵੀਅਤਨਾਮ ਨੂੰ ਮਿਲ ਜਾਣ ਦੇ ਬਾਅਦ ਉਸ ਦੀ ਸਮੁੰਦਰੀ ਫੌਜ ਦੀ ਸ਼ਕਤੀ ’ਚ ਵਾਧਾ ਹੋਵੇਗਾ। ਨਾਲ ਹੀ ਚੀਨ ਤੋਂ ਹੋਣ ਵਾਲੀ ਹਮਲਾਵਰ ਕਾਰਵਾਈ ’ਤੇ ਆਈ. ਐੱਨ. ਐੱਸ. ਕਿਰਪਾਣ ਨਾਲ ਸੁਰੱਖਿਆ ਵੀ ਹੋ ਸਕੇਗੀ। ਭਾਰਤ ਇਸ ਸਮੁੰਦਰੀ ਫੌਜ ਦੇ ਜੰਗੀ ਬੇੜੇ ਨੂੰ ਲੰਬੇ ਸਮੇਂ ਤੋਂ ਵਰਤ ਰਿਹਾ ਸੀ।

ਭਾਰਤ ਨੇ ਵੀਅਤਨਾਮ ਦੇ ਰੱਖਿਆ ਸਹਿਯੋਗ ’ਤੇ ਦਸਤਖਤ ਕੀਤੇ ਜਿਸ ਦੇ ਤਹਿਤ ਦੋਵੇਂ ਦੇਸ਼ ਆਪਣੇ ਰੱਖਿਆ ਸਹਿਯੋਗ ਨੂੰ ਸਮੇਂ ਦੇ ਨਾਲ ਹੋਰ ਵਧਾਉਂਦੇ ਜਾਣਗੇ। ਵੀਅਤਨਾਮ ਨੂੰ ਸਭ ਤੋਂ ਵੱਡਾ ਖਤਰਾ ਉਸ ਦੇ ਗੁਆਂਢੀ ਦੇਸ਼ ਚੀਨ ਤੋਂ ਹੈ ਜੋ ਅਕਸਰ ਵੀਅਤਨਾਮ ਦੀ ਸਮੁੰਦਰੀ ਜਾਇਦਾਦ ਨੂੰ ਨਾਜਾਇਜ਼ ਢੰਗ ਨਾਲ ਧੱਕੇ ਨਾਲ ਹੜੱਪਦਾ ਹੈ। ਵੀਅਤਨਾਮ ਭਾਰਤ ਕੋਲੋਂ ਇਸ ਜੰਗੀ ਬੇੜੇ ਨੂੰ ਹਾਸਲ ਕਰ ਕੇ ਬੜਾ ਖੁਸ਼ ਹੈ ਜਿਸ ਨੂੰ ਵਿਦੇਸ਼ੀ ਮੀਡੀਆ ਨੇ ਪ੍ਰਮੁੱਖਤਾ ਨਾਲ ਛਾਪਿਆ ਵੀ ਹੈ। ਭਾਰਤ ਨੇ ਵੀਅਤਨਾਮ ਦੀ ਉਸ ਦੀ ਰੱਖਿਆ ’ਚ ਮਦਦ ਇਸ ਲਈ ਵੀ ਕੀਤੀ ਹੈ ਕਿਉਂਕਿ ਵੀਅਤਨਾਮ ਭਾਰਤ ਦਾ ਮਿੱਤਰ ਦੇਸ਼ ਹੈ ਅਤੇ ਕਈ ਸਿਆਸਤਦਾਨਾਂ ਦੀ ਰਾਏ ’ਚ ਵੀਅਤਨਾਮ ਭਾਰਤ ਦਾ ਭਰੋਸੇਮੰਦ ਮਿੱਤਰ ਹੈ, ਸੰਯੁਕਤ ਰਾਸ਼ਟਰ ’ਚ ਕਸ਼ਮੀਰ ਦੇ ਮੁੱਦੇ ’ਤੇ ਵੀਅਤਨਾਮ ਭਾਰਤ ਦਾ ਖੁੱਲ੍ਹ ਕੇ ਸਮਰਥਨ ਕਰਦਾ ਹੈ। ਇਸ ਨੂੰ ਦੇਖਦੇ ਹੋਏ ਭਾਰਤ ਨੇ ਵੀ ਵੀਅਤਨਾਮ ਦੀ ਰੱਖਿਆ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਕੀਤਾ ਹੈ। ਭਾਰਤ ਨੇ ਵੀਅਤਨਾਮ ਨੂੰ 10 ਕਰੋੜ ਡਾਲਰ ਦਾ ਲਾਈਨ ਆਫ ਕ੍ਰੈਡਿਟ ਦੇਣ ਦਾ ਇਕ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਭਾਰਤ ਨੇ ਪਿਛਲੇ ਸਾਲ 2022 ’ਚ ਵੀਅਤਨਾਮ ਨੂੰ 12 ਤੇਜ਼ ਰਫਤਾਰ ਨਾਲ ਚੱਲਣ ਵਾਲੀਆਂ ਗਾਰਡ ਬੋਟਸ ਦਿੱਤੀਆਂ ਸਨ।

ਇਸ ਤੋਂ ਪਹਿਲਾਂ ਸਾਲ 2016 ’ਚ ਭਾਰਤ ਨੇ ਵੀਅਤਨਾਮ ਦੇ ਹਵਾਈ ਫੌਜ ਦੇ ਪਾਇਲਟਾਂ ਨੂੰ ਸੁਖੋਈ ਲੜਾਕੂ ਜਹਾਜ਼ ਉਡਾਉਣ ਅਤੇ ਪਣਡੁੱਬੀ ਚਲਾਉਣ ਦੀ ਟ੍ਰੇਨਿੰਗ ਦਿੱਤੀ ਸੀ। ਚੀਨ ਵੀਅਤਨਾਮ ਦੇ ਸਮੁੰਦਰੀ ਇਲਾਕੇ ’ਚੋਂ ਨਾਜਾਇਜ਼ ਤੌਰ ’ਤੇ ਮੱਛੀਆਂ ਮਾਰਨ ਦਾ ਕੰਮ ਕਰਦਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ’ਚ ਤਣਾਅ ਵਧਿਆ ਹੋਇਆ ਹੈ। ਇਸ ਦੇ ਇਲਾਵਾ ਚੀਨ ਇਸ ਸਮੁੰਦਰੀ ਇਲਾਕੇ ਦੀ ਖਣਿਜ ਜਾਇਦਾਦ ’ਤੇ ਵੀ ਆਪਣੀਆਂ ਨਜ਼ਰਾਂ ਗੱਡੀ ਬੈਠਾ ਹੈ। ਅਕਸਰ ਦੋਵਾਂ ਦੇਸ਼ਾਂ ’ਚ ਇਸ ਗੱਲ ਨੂੰ ਲੈ ਕੇ ਤਣਾਅ ਬਣਿਆ ਰਹਿੰਦਾ ਹੈ ਕਿਉਂਕਿ ਵੀਅਤਨਾਮ ਦੇ ਵਿਸ਼ੇਸ਼ ਆਰਥਿਕ ਇਲਾਕੇ ’ਚ ਤੇਲ ਅਤੇ ਗੈਸ ਦੀ ਪ੍ਰਾਪਤੀ ’ਚ ਰੋੜਾ ਅਟਕਾਉਣ ਲਈ ਚੀਨ ਨੇ ਮਈ ਮਹੀਨੇ ’ਚ ਕਈ ਵਾਰ ਆਪਣੇ ਜੰਗੀ ਬੇੜਿਆਂ ਨੂੰ ਭੇਜਿਆ ਸੀ। ਭਵਿੱਖ ’ਚ ਆਪਣੀ ਰੱਖਿਆ ਖੁਦ ਕਰਨ ਲਈ ਵੀਅਤਨਾਮ ਖੁਦ ਵੀ ਕੋਸ਼ਿਸ਼ ਕਰ ਰਿਹਾ ਹੈ।


Anuradha

Content Editor

Related News