ਸੰਯੁਕਤ ਰਾਸ਼ਟਰ ਮਾਨਸੂਨ ਰੁੱਤ ਨੂੰ ''ਪੇੜ-ਪੌਦੇ'' ਲਗਾਉਣ ਲਈ ਰਾਖਵਾਂ ਐਲਾਨੇ

07/14/2019 4:48:46 AM

ਭਾਰਤੀ ਸੰਸਕ੍ਰਿਤੀ ਵਿਚ ਮਾਨਸੂਨੀ ਰੁੱਤ ਦਾ ਵਿਸ਼ੇਸ਼ ਮਹੱਤਵ ਹੈ। ਮਾਨਸੂਨੀ ਰੁੱਤ ਉਤਪਾਦਕਤਾ ਦੀ ਧਰਾਤਲ ਹੈ। ਇਹ ਰੁੱਤ ਆਰਥਿਕਤਾ ਦਾ ਅਪਾਰ ਖਜ਼ਾਨਾ ਹੈ। ਮਾਨਸੂਨੀ ਰੁੱਤ ਦੇ ਪਾਣੀ ਰੂਪੀ ਅਪਾਰ ਖਜ਼ਾਨੇ ਦੇ ਸਹੀ ਉਪਯੋਗ ਲਈ ਸਰਕਾਰ ਦੀ ਕੋਈ ਸਾਰਥਕ ਯੋਜਨਾ ਹੀ ਨਜ਼ਰ ਨਹੀਂ ਆਉਂਦੀ, ਜਦੋਂਕਿ ਹੁਣ ਮੌਸਮ ਵਿਗਿਆਨੀ ਕੁਝ ਮਹੀਨੇ ਪਹਿਲਾਂ ਹੀ ਮਾਨਸੂਨੀ ਰੁੱਤ ਵਿਚ ਪੈਣ ਵਾਲੇ ਮੀਂਹ ਦੀ ਸਹੀ ਮਾਤਰਾ ਦੱਸ ਦਿੰਦੇ ਹਨ।
ਭਾਰਤ 'ਚ ਕੁਲ ਵਰਖਾ ਦਾ 73.7% ਭਾਗ ਕੇਵਲ ਦੱਖਣੀ-ਪੱਛਮੀ ਮਾਨਸੂਨ ਪੌਣਾਂ ਦੁਆਰਾ ਜੂਨ ਤੋਂ ਸਤੰਬਰ 'ਚ ਹੁੰਦਾ ਹੈ। ਵਰਖਾ ਦੇ ਇਸ 73.7% ਭਾਗ ਦਾ ਲਗਭਗ ਅੱਧਾ ਭਾਗ ਹੜ੍ਹ ਮਚਾਉਂਦਾ ਹੋਇਆ ਨਦੀਆਂ ਦੁਆਰਾ ਸਮੁੰਦਰ ਵਿਚ ਚਲਾ ਜਾਂਦਾ ਹੈ। ਹੁਣ ਜ਼ਰੂਰਤ ਹੈ ਕੁਦਰਤ ਵਲੋਂ ਦਿੱਤੇ ਇਸ ਅਪਾਰ ਖਜ਼ਾਨੇ ਨੂੰ ਸੰਭਾਲਿਆ ਜਾਵੇ। ਵਰਖਾ ਦੇ ਇਸ ਸ਼ੁੱਧ ਪਾਣੀ ਨੂੰ ਸੰਭਾਲਣ ਲਈ ਕੁਝ ਜ਼ਰੂਰੀ ਬੁਨਿਆਦੀ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ।

(1) ਸਾਰੇ ਦੇਸ਼ ਵਿਚ ਹਰਿਆਵਲ ਨੂੰ ਉੱਚਤਮ ਪੱਧਰ ਤਕ ਵਧਾਉਣਾ।
(2) ਤਲਾਬਾਂ, ਝੀਲਾਂ ਅਤੇ ਚੈੱਕ ਡੈਮਾਂ ਦਾ ਨਿਰਮਾਣ।
(3) ਬਹੁ-ਉਪਯੋਗੀ ਡੈਮਾਂ ਦਾ ਨਿਰਮਾਣ।
(4) ਨਦੀਆਂ ਨੂੰ ਜੋੜਨ ਦੀ ਸਕੀਮ ਨੂੰ ਅਮਲੀ ਜਾਮਾ ਪਹਿਨਾਉਣਾ।
(5) ਸ਼ਹਿਰਾਂ ਦੇ ਗੰਦੇ ਪਾਣੀ ਨੂੰ ਰੀ-ਸਾਈਕਲ ਕਰਨਾ।
(6) ਨਦੀਆਂ ਨੂੰ ਗੰਦਗੀ ਅਤੇ ਕਚਰਾ ਮੁਕਤ ਕਰਨਾ।

ਰੇਲਵੇ ਦੀ 90 ਫੀਸਦੀ ਜਗ੍ਹਾ ਖਾਲੀ
ਮਾਨਸੂਨੀ ਰੁੱਤ ਨਵੇਂ ਪੇੜ-ਪੌਦੇ ਲਗਾਉਣ ਲਈ ਸਭ ਤੋਂ ਢੁੱਕਵੀਂ ਹੈ। ਪੌਦੇ ਨੂੰ ਮੁੱਢਲੀ ਖੁਰਾਕ ਪਾਣੀ ਅਤੇ ਨਮ ਵਾਤਾਵਰਣ ਆਸਾਨੀ ਨਾਲ ਮਿਲ ਜਾਂਦਾ ਹੈ। ਸਾਡੀਆਂ ਸਰਕਾਰਾਂ ਮਾਨਸੂਨੀ ਰੁੱਤ ਦੀ ਇਸ ਦੇਣ ਨੂੰ ਵਰਤਣ ਵਿਚ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ। ਜੇਕਰ ਰੇਲਵੇ ਵਿਭਾਗ ਨੂੰ ਹੀ ਦੇਖਿਆ ਜਾਵੇ ਤਾਂ ਇਸ ਦੀ ਲਗਭਗ 90% ਜਗ੍ਹਾ ਪੇੜ-ਪੌਦਿਆਂ ਤੋਂ ਖਾਲੀ ਪਈ ਹੈ। ਭਾਵੇਂ ਰੇਲਵੇ ਵਿਭਾਗ ਦੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ ਨੇ ਰੇਲਵੇ ਵਿਭਾਗ ਦੀ ਜਗ੍ਹਾ ਉੱਪਰ ਪੰਜ ਕਰੋੜ ਨਵੇਂ ਦਰੱਖਤ ਲਗਾਉਣ ਦੀ ਗੱਲ ਕਹੀ ਸੀ ਪਰ ਹਾਲੇ ਤੱਕ ਇਸ ਮੁਹਿੰਮ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ।
ਰੇਲਵੇ ਵਿਭਾਗ ਦਾ ਆਪਣਾ ਇਕ ਜੰਗਲਾਤ ਵਿਭਾਗ ਹੋਣਾ ਚਾਹੀਦਾ ਹੈ, ਜਿਹੜਾ ਰੇਲਵੇ ਵਿਭਾਗ ਤੋਂ ਨਿਸ਼ਾਨਦੇਹੀ ਨਿਸ਼ਚਿਤ ਕਰਵਾ ਕੇ ਨਿਯਮਿਤ ਤੌਰ 'ਤੇ ਰੇਲਵੇ ਟਰੈਕ ਦੇ ਇਰਦ-ਗਿਰਦ ਪੌਦੇ ਲਗਾਵੇ। ਇਸ ਵਿਧੀ ਨਾਲ ਰੇਲਵੇ ਵਿਭਾਗ ਦੇਸ਼ ਅਤੇ ਵਿਦੇਸ਼ 'ਚ ਟਿੰਬਰ ਦੀ ਪੂਰਤੀ ਕਰ ਸਕਦਾ ਹੈ। ਇਸ ਪ੍ਰਕਿਰਿਆ ਨਾਲ ਰੇਲਵੇ ਨੂੰ ਮੋਟੀ ਕਮਾਈ ਹੋ ਸਕਦੀ ਹੈ ਅਤੇ ਰੇਲਵੇ ਟਰੈਕ ਦੀ ਖੂਬਸੂਰਤੀ ਵਿਚ ਚੋਖਾ ਵਾਧਾ ਹੋ ਸਕਦਾ ਹੈ। ਕੇਂਦਰੀ ਅਤੇ ਰਾਜ ਸਰਕਾਰਾਂ ਦੇ ਅਧੀਨ ਅਦਾਰਿਆਂ 'ਚ ਖਾਲੀ ਜਗ੍ਹਾ ਉੱਪਰ ਅਤੇ ਸੜਕਾਂ ਦੇ ਇਰਦ-ਗਿਰਦ ਅਤੇ ਡਿਵਾਈਡਰਾਂ ਉੱਪਰ ਖਾਸ ਕਰਕੇ ਨਿੰਮ, ਪਿੱਪਲ ਅਤੇ ਹੋਰ ਦਰੱਖਤ ਲਗਾਏ ਜਾਣੇ ਚਾਹੀਦੇ ਹਨ। ਸਮੁੰਦਰ ਅਤੇ ਨਦੀਆਂ ਦੇ ਕੰਢੇ ਅਤੇ ਪਹਾੜ ਸਭ ਦਰੱਖਤਾਂ ਨਾਲ ਹਰੇ-ਭਰੇ ਕੀਤੇ ਜਾ ਸਕਦੇ ਹਨ। ਨਗਰ ਪੰਚਾਇਤਾਂ ਅਧੀਨ ਜ਼ਮੀਨਾਂ ਦੇ ਘੱਟੋ-ਘੱਟ ਅੱਧੇ ਭਾਗ ਨੂੰ ਜੰਗਲਾਤ ਲਈ ਰਾਖਵਾਂ ਕਰ ਦੇਣਾ ਚਾਹੀਦਾ ਹੈ।
ਜਿਸ ਤਰੀਕੇ ਨਾਲ ਭਾਰਤ ਨੇ ਯੂ. ਐੱਨ. ਵਲੋਂ ਸਾਰੇ ਵਿਸ਼ਵ 'ਚ 21 ਜੂਨ ਦਾ ਦਿਨ ਯੋਗ ਦਿਵਸ ਦੇ ਤੌਰ 'ਤੇ ਮਨਾਉਣ 'ਚ ਆਪਣੀ ਭੂਮਿਕਾ ਨਿਭਾਈ ਹੈ, ਉਸੇ ਤਰ੍ਹਾਂ ਹੀ ਹੁਣ ਭਾਰਤ ਵਲੋਂ ਮਾਨਸੂਨੀ ਵਰਖਾ ਰੁੱਤ ਦੇ ਦੋ ਮਹੀਨਿਆਂ ਜਿਸ ਵਿਚ ਸਾਉਣ ਦਾ ਮਹੀਨਾ ਸ਼ਾਮਿਲ ਹੈ, ਵਿਚ ਦਰੱਖਤ ਲਗਾਉਣ ਦੀ ਮੁਹਿੰਮ ਨੂੰ ਇਕ ਤਿਉਹਾਰ ਦੇ ਤੌਰ 'ਤੇ ਮਨਾਉਣ ਦੀ ਅਗਵਾਈ ਕਰਨੀ ਚਾਹੀਦੀ ਹੈ। ਭਾਰਤ ਦਾ ਇਹ ਕਦਮ ਸਾਰੇ ਵਿਸ਼ਵ ਸਾਹਮਣੇ ਇਕ ਚਾਨਣ-ਮੁਨਾਰੇ ਵਾਂਗ ਹੋਵੇਗਾ। ਯੂ. ਐੱਨ. ਇਸ ਸੁਝਾਅ ਨੂੰ ਆਸਾਨੀ ਨਾਲ ਮੰਨ ਸਕਦੀ ਹੈ। 5 ਜੂਨ ਵਿਸ਼ਵ ਵਾਤਾਵਰਣ ਦਿਵਸ ਹੁੰਦਾ ਹੈ, ਇਸ ਲਈ 5 ਜੂਨ ਤੋਂ ਲੈ ਕੇ 5 ਅਗਸਤ ਤੱਕ ਦੇ ਦੋ ਮਹੀਨਿਆਂ ਨੂੰ ਯੂ. ਐੱਨ. ਓ. ਵਲੋਂ ਸਾਰੇ ਵਿਸ਼ਵ 'ਚ ਪੇੜ-ਪੌਦੇ ਲਗਾਉਣ ਲਈ ਰਾਖਵਾਂ ਕਰ ਦੇਣਾ ਚਾਹੀਦਾ ਹੈ।

ਭਾਰਤ 'ਚ 6 ਗੁਣਾ ਵਧਿਆ ਕਾਰਬਨ ਉਤਸਰਜਨ
ਜੇਕਰ ਵਿਸ਼ਵ ਅਤੇ ਭਾਰਤ ਦੇ ਕਾਰਬਨ ਉਤਸਰਜਨ ਦੇ ਅੰਕੜਿਆਂ 'ਤੇ ਗੌਰ ਕੀਤਾ ਜਾਵੇ ਤਾਂ ਇਹ ਬਹੁਤ ਹੀ ਚਿਤਾਵਨੀਜਨਕ ਹਨ। ਸੰਸਾਰ 'ਚ ਸੰਨ 1960 'ਚ ਕਾਰਬਨ ਉਤਸਰਜਨ ਅੰਕੜੇ 9.4 ਮਿਲੀਅਨ ਕਿੱਲੋ ਟਨ, 1990 'ਚ 22 ਮਿਲੀਅਨ ਕਿੱਲੋ ਟਨ ਅਤੇ 2011 'ਚ 35 ਮਿਲੀਅਨ ਕਿੱਲੋ ਟਨ ਸਨ, ਜਦਕਿ ਭਾਰਤ 'ਚ ਕਾਰਬਨ ਉਤਸਰਜਨ ਅੰਕੜੇ 1960 'ਚ 0.3 ਮਿਲੀਅਨ ਕਿੱਲੋ ਟਨ, 1990 'ਚ 0.8 ਮਿਲੀਅਨ ਕਿੱਲੋ ਟਨ ਅਤੇ 2011 'ਚ 1.7 ਮਿਲੀਅਨ ਕਿੱਲੋ ਟਨ ਸਨ। 50 ਸਾਲਾਂ ਦੇ ਅੰਤਰਾਲ ਵਿਚ ਸੰਸਾਰ ਦਾ ਕਾਰਬਨਿਕ ਗੈਸਾਂ ਦਾ ਮੁਕਤੀਕਰਨ ਚਾਰ ਗੁਣਾ ਵਧ ਗਿਆ ਹੈ, ਜਦੋਂਕਿ ਭਾਰਤ ਦਾ ਕਾਰਬਨਿਕ ਗੈਸਾਂ ਦਾ ਮੁਕਤੀਕਰਨ ਇੰਨੇ ਹੀ ਅੰਤਰਾਲ 'ਚ ਛੇ ਗੁਣਾ ਵਧ ਗਿਆ ਹੈ। ਬਹੁਤਾਤ 'ਚ ਕਾਰਬਨਿਕ ਗੈਸਾਂ ਦੇ ਮੁਕਤੀਕਰਨ ਦੇ ਬਹੁਤ ਹੀ ਭਿਆਨਕ ਸਿੱਟੇ ਨਿਕਲ ਰਹੇ ਹਨ। ਆਸਮਾਨ 'ਚ ਕਾਰਬਨਿਕ ਗੈਸਾਂ ਦੀ ਬਹੁਤਾਤ ਵਿਚ ਮੌਜੂਦਗੀ ਕਾਰਨ ਹੀ ਧਰਤ ਤਾਪ 'ਚ ਵਾਧਾ ਹੋ ਰਿਹਾ ਹੈ। ਧਰਤੀ ਉੱਪਰ 50 ਸਾਲਾਂ ਦੇ ਅੰਤਰਾਲ 'ਚ ਔਸਤ ਤਾਪਮਾਨ ਦੇ ਅੰਕੜੇ ਇਸ ਪ੍ਰਕਾਰ ਹਨ– ਸੰਨ 1960 'ਚ 14 ਡਿਗਰੀ ਸੈਂਟੀਗ੍ਰੇਡ, 1990 'ਚ 14.31 ਡਿਗਰੀ ਸੈਂਟੀਗ੍ਰੇਡ ਅਤੇ 2011 'ਚ 15 ਡਿਗਰੀ ਸੈਂਟੀਗ੍ਰੇਡ ਵਧ ਗਿਆ।
50 ਸਾਲਾਂ ਦੇ ਅੰਤਰਾਲ 'ਚ ਧਰਤੀ ਦਾ ਔਸਤ ਤਾਪਮਾਨ 1 ਡਿਗਰੀ ਸੈਂਟੀਗ੍ਰੇਡ ਵਧ ਗਿਆ ਹੈ। ਇਹ ਜ਼ਰੂਰੀ ਨਹੀਂ ਹੈ ਕਿ ਆਉਣ ਵਾਲੇ ਪੰਜਾਹ ਸਾਲਾਂ 'ਚ ਧਰਤੀ ਦਾ ਔਸਤ ਤਾਪਮਾਨ 1 ਡਿਗਰੀ ਸੈਂਟੀਗ੍ਰੇਡ ਹੀ ਵਧੇਗਾ। ਸੰਸਾਰ ਪੱਧਰ 'ਤੇ ਵਧ ਰਹੇ ਉਦਯੋਗੀਕਰਨ, ਵਧ ਰਹੀ ਵਾਹਨਾਂ ਦੀ ਸੰਖਿਆ, ਜੰਗਲਾਂ ਨੂੰ ਲੱਗੀਆਂ ਅੱਗਾਂ ਅਤੇ ਯੁੱਧਾਂ ਕਾਰਨ ਕਾਰਬਨਿਕ ਗੈਸਾਂ ਦਾ ਉਤਸਰਜਨ ਲਗਾਤਾਰ ਵਧ ਰਿਹਾ ਹੈ। ਇਨ੍ਹਾਂ ਗੈਸਾਂ 'ਚ ਮੌਜੂਦ ਕਾਰਬਨ ਤੱਤਾਂ ਵਲੋਂ ਸੂਰਜ ਦੀਆਂ ਲਾਲ ਅਵਰਕਤ ਕਿਰਨਾਂ, ਜੋ ਧਰਤੀ ਨਾਲ ਟਕਰਾਅ ਕੇ ਵਾਪਸ ਆਸਮਾਨ ਵੱਲ ਜਾਂਦੀਆਂ ਹਨ, ਸੋਖ ਲਈਆਂ ਜਾਂਦੀਆਂ ਹਨ। ਨਤੀਜਾ ਹਰਿਤ ਗ੍ਰਹਿ ਪ੍ਰਭਾਵ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਲਈ ਆਉਂਦੇ ਪੰਜਾਹ ਸਾਲਾਂ 'ਚ ਧਰਤੀ ਦਾ ਔਸਤ ਤਾਪਮਾਨ 2 ਡਿਗਰੀ ਸੈਂਟੀਗ੍ਰੇਡ ਵਧਣ ਦੀ ਪੂਰੀ ਸੰਭਾਵਨਾ ਹੈ। ਇਸਦਾ ਨਤੀਜਾ ਇਹ ਹੋਵੇਗਾ, ਧਰਤੀ ਉੱਪਰ ਮੌਜੂਦ ਸਾਰੇ ਗਲੇਸ਼ੀਅਰ ਪਿਘਲ ਜਾਣਗੇ, ਜਿਸ ਕਾਰਨ ਸਮੁੰਦਰ ਦਾ ਤਲ ਉੱਚਾ ਹੋ ਜਾਵੇਗਾ। ਗਲੇਸ਼ੀਅਰਾਂ ਦੇ ਪਿਘਲਣ ਕਾਰਨ ਹਿਮਾਲਿਆ 'ਚੋਂ ਨਿਕਲਣ ਵਾਲੀਆਂ ਨਦੀਆਂ–ਗੰਗਾ, ਯਮੁਨਾ, ਬ੍ਰਹਮਪੁੱਤਰ, ਸਤਲੁਜ, ਝਨਾਬ, ਜਿਹਲਮ, ਸਿੰਧ ਆਦਿ ਆਉਣ ਵਾਲੇ 50 ਸਾਲਾਂ 'ਚ ਸੁੱਕ ਜਾਣਗੀਆਂ। ਵਿਸ਼ਵ ਭਰ ਦੇ ਟਾਪੂ ਦੇਸ਼, ਛੋਟੇ ਪ੍ਰਾਇਦੀਪੀ ਦੇਸ਼ ਸਮੁੰਦਰ 'ਚ ਡੁੱਬ ਜਾਣਗੇ।

ਮਾਰ-ਕਟ ਦਾ ਖਤਰਾ
ਵਿਸ਼ਵ ਸੰਸਥਾਵਾਂ ਨੂੰ ਇਸ ਭਿਆਨਕ ਤਬਾਹੀ ਤੋਂ ਜਾਗਰੂਕ ਕਰਨ ਲਈ ਕੁਝ ਸਮਾਂ ਪਹਿਲਾਂ ਮਾਰੀਸ਼ਸ ਦੇਸ਼ ਨੇ ਆਪਣੀ ਪਾਰਲੀਮੈਂਟ ਦੀ ਮੀਟਿੰਗ ਸਮੁੰਦਰ ਦੇ ਹੇਠਾਂ ਕੀਤੀ ਸੀ। ਇਥੇ ਹੀ ਬਸ ਨਹੀਂ ਹੋਵੇਗਾ, ਲਗਭਗ 100 ਕਰੋੜ ਲੋਕ ਵਿਸਥਾਪਿਤ ਹੋਣਗੇ, ਇਨ੍ਹਾਂ ਲੋਕਾਂ ਦਾ ਪਲਾਇਨ ਉੱਚ ਧਰਾਤਲ ਵੱਲ ਨੂੰ ਹੋਵੇਗਾ, ਜਿਸ ਨਾਲ ਸਾਰੇ ਸੰਸਾਰ 'ਚ ਮਾਰ-ਕਟ ਫੈਲ ਜਾਵੇਗੀ। ਇਹ ਦ੍ਰਿਸ਼ 100 ਪ੍ਰਮਾਣੂ ਬੰਬ ਫਟਣ ਦੀ ਤਬਾਹੀ ਤੋਂ ਵੀ ਭਿਆਨਕ ਹੋਵੇਗਾ। ਪਾਣੀ ਦੀ ਕਮੀ ਕਾਰਨ ਜੋ ਮੌਤਾਂ ਹੋਣਗੀਆਂ, ਉਹ ਇਸ ਤੋਂ ਵੱਖਰੀਆਂ ਹੋਣਗੀਆਂ। ਇਨ੍ਹਾਂ ਸਭ ਬੁਰਾਈਆਂ ਦਾ ਹੱਲ ਕੇਵਲ ਆਸਮਾਨ 'ਚੋਂ ਕਾਰਬਨਿਕ ਗੈਸਾਂ ਨੂੰ ਸੋਖਣ ਨਾਲ ਹੀ ਸੰਭਵ ਹੈ ਅਤੇ ਇਹ ਪ੍ਰਕਿਰਿਆ ਕੇਵਲ ਹਰੇ ਪੇੜ-ਪੌਦੇ ਹੀ ਸੰਪੰਨ ਕਰ ਸਕਦੇ ਹਨ ਕਿਉਂਕਿ ਹਰੇ ਪੇੜ-ਪੌਦੇ ਕਾਰਬਨ ਡਾਇਆਕਸਾਈਡ, ਪਾਣੀ ਅਤੇ ਸੂਰਜ ਦੀ ਰੌਸ਼ਨੀ ਦਾ ਪ੍ਰਯੋਗ ਕਰਕੇ ਆਪਣਾ ਭੋਜਨ ਬਣਾਉਂਦੇ ਹਨ। ਕੇਵਲ ਇਹੋ ਨਹੀਂ ਕਿ ਉਹ ਸਾਡੀ ਗੰਦੀ ਗੈਸ ਨੂੰ ਸੋਖਦੇ ਹਨ, ਸਗੋਂ ਸਾਡੇ ਲਈ ਸ਼ੁੱਧ ਆਕਸੀਜਨ ਵੀ ਛੱਡਦੇ ਹਨ। ਮਨੁੱਖ ਦਾ ਜੀਵਨ ਵਾਤਾਵਰਣ ਦੀ ਸ਼ੁੱਧਤਾ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਹਰੇ ਪੇੜ-ਪੌਦੇ ਵਾਤਾਵਰਣ ਦੀ ਸ਼ੁੱਧਤਾ ਲਈ ਧਰਾਤਲ ਪੈਦਾ ਕਰਨਗੇ। ਅਮਲੀ ਤੌਰ 'ਤੇ ਹਰੇ ਪੇੜ-ਪੌਦੇ ਲਗਾਉਣ ਦਾ ਟੀਚਾ ਮਾਨਸੂਨ ਦੇ ਦੋ ਮਹੀਨਿਆਂ ਨੂੰ ਇਸ ਮਕਸਦ ਲਈ ਰਾਖਵਾਂ ਘੋਸ਼ਿਤ ਕਰਕੇ ਅਤੇ ਇਸ ਪ੍ਰਕਿਰਿਆ ਨੂੰ ਤਿਉਹਾਰ ਦੇ ਰੂਪ 'ਚ ਮਨਾਉਣ ਨਾਲ ਹਾਸਿਲ ਕੀਤਾ ਜਾ ਸਕਦਾ ਹੈ। ਮਾਨਸੂਨੀ ਰੁੱਤ ਆਉਂਦੀ ਹੈ, ਹੜ੍ਹਾਂ ਨਾਲ ਤਬਾਹੀ ਮਚਾ ਕੇ ਚਲੀ ਜਾਂਦੀ ਹੈ। ਅਸਲ 'ਚ ਵਰਖਾ ਦੇ ਰੂਪ 'ਚ ਆਏ ਇਹ ਸੋਨੇ ਦੇ ਮੋਤੀ ਹਨ, ਜੇਕਰ ਇਨ੍ਹਾਂ ਦੀ ਸਹੀ ਸੰਭਾਲ ਅਤੇ ਵਰਤੋਂ ਕੀਤੀ ਜਾਵੇ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੂੰ ਇਸ ਸ਼ੁੱਭ ਕਾਰਜ ਦੀ ਅਗਵਾਈ ਸਭ ਤੋਂ ਪਹਿਲਾਂ ਭਾਰਤ ਦੀ ਧਰਤੀ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਕਿਉਂਕਿ ਮਾਨਸੂਨ ਪੌਣਾਂ ਕੇਰਲਾ, ਗੋਆ ਅਤੇ ਕਰਨਾਟਕ 'ਚ ਚੜ੍ਹਦੇ ਜੂਨ 'ਚ ਆ ਜਾਂਦੀਆਂ ਹਨ, ਇਸ ਲਈ ਪੌਦੇ ਗਾਉਣ ਦੇ ਕਾਰਜ ਦੀ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਉਪਰ ਇਨ੍ਹਾਂ ਰਾਜਾਂ ਤੋਂ ਆਪਣੇ ਹੱਥਾਂ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ। ਭਾਰਤ ਦੀ ਧਰਤੀ ਉਪਰ ਘੱਟੋ-ਘੱਟ 100 ਕਰੋੜ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਜਾਵੇ, ਫਿਰ ਭਾਰਤ ਸਾਰੇ ਵਿਸ਼ਵ 'ਚ ਵਾਤਾਵਰਣ ਦੀ ਰੱਖਿਆ ਦਾ ਚੈਂਪੀਅਨ ਹੋਵੇਗਾ ਅਤੇ ਵਿਸ਼ਵ ਸ਼ਾਂਤੀ ਨੋਬੇਲ ਪੁਰਸਕਾਰ ਦਾ ਪੂਰੀ ਤਰ੍ਹਾਂ ਹੱਕਦਾਰ ਹੋਵੇਗਾ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਰਾਹੀਂ ਸਾਉਣ ਮਹੀਨੇ ਦੀ ਮਹਿਮਾ ਅਤੇ ਮਹੱਤਤਾ ਨੂੰ ਦਰਸਾਇਆ ਹੈ–
ਸਾਵਣ ਵਣ ਹਰਿਆਵਲੇ, ਸੁੱਕੇ ਵੁੱਠੇ ਅੱਕੁ ਜਵਾਹਾ।

                                                                                                       —ਪ੍ਰਿੰ. ਪ੍ਰੇਮਲਤਾ


KamalJeet Singh

Content Editor

Related News