ਇਹ ਫਿਲਮਾਂ ਦੀ ਸ਼ੂਟਿੰਗ ਨਹੀਂ, ਲੋਕ ਸਭਾ ਚੋਣਾਂ ਹਨ ਜਨਾਬ

Friday, May 03, 2019 - 04:07 AM (IST)

ਦੇਵੀ ਚੇਰੀਅਨ 
ਵੱਖ-ਵੱਖ ਸੂਬਿਆਂ ’ਚ ਵੋਟਿੰਗ ਦੇ ਕੁਝ ਪੜਾਅ ਪੂਰੇ ਹੋਣ ਦੇ ਨਾਲ ਹੀ ਅੱਜਕਲ ਦਿਲਚਸਪ ਸਮਾਂ ਚੱਲ ਰਿਹਾ ਹੈ। ਹਰੇਕ ਟੀ. ਵੀ. ਚੈਨਲ, ਹਰੇਕ ਅਖਬਾਰ ਕੋਲ ਆਪਣੀਆਂ-ਆਪਣੀਆਂ ਖਬਰਾਂ ਹਨ ਪਰ ਸਭ ਤੋਂ ਜ਼ਿਆਦਾ ਹਾਸੋਹੀਣਾ ਚੋਣ ਪ੍ਰਚਾਰ ਉਹ ਹੈ, ਜੋ ਵੱਖ-ਵੱਖ ਸੂਬਿਆਂ ’ਚ ਫਿਲਮ ਸਟਾਰਾਂ ਵਲੋਂ ਕੀਤਾ ਜਾ ਰਿਹਾ ਹੈ। ਮੈਨੂੰ ਬਹੁਤ ਹੈਰਾਨੀ ਹੋਵੇਗੀ, ਜੇ ਸਾਡੀ ਜਨਤਾ ਇਨ੍ਹਾਂ ਲੋਕਾਂ ਨੂੰ ਵੋਟ ਦੇਵੇਗੀ। ਸਭ ਤੋਂ ਦਿਲਚਸਪ ਬਿਆਨ ਤ੍ਰਿਣਮੂਲ ਕਾਂਗਰਸ ਦੀ ਪੱਛਮੀ ਬੰਗਾਲ ਤੋਂ ਉਮੀਦਵਾਰ ਮੁਨਮੁਨ ਸੇਨ ਵਲੋਂ ਵੋਟਾਂ ਵਾਲੇ ਦਿਨ ਆਇਆ। ਉਨ੍ਹਾਂ ਦੇ ਪੋਲਿੰਗ ਬੂਥ ’ਤੇ ਕੁਝ ਹਿੰਸਾ ਹੋ ਰਹੀ ਸੀ ਅਤੇ ਇਸ ਬਾਰੇ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਸਵਾਲ ਪੁੱਛਿਆ, ਜਿਸ ਦਾ ਜਵਾਬ ਮੁਨਮੁਨ ਸੇਨ ਨੇ ਇਹ ਕਹਿ ਕੇ ਦਿੱਤਾ, ‘‘ਮੈਨੂੰ ਅਫਸੋਸ ਹੈ ਕਿ ਮੈਂ ਇਹ ਸਭ ਨਹੀਂ ਦੇਖ ਸਕੀ। ਮੇਰੀ ਬੈੱਡ ਟੀ ਦੇਰ ਨਾਲ ਆਈ, ਇਸ ਲਈ ਮੈਂ ਦੇਰ ਨਾਲ ਉੱਠੀ।’’ ਅੱਗੇ ਉਨ੍ਹਾਂ ਕਿਹਾ, ‘‘ਚੋਣਾਂ ’ਚ ਥੋੜ੍ਹੀ-ਬਹੁਤ ਹਿੰਸਾ ਤਾਂ ਚੱਲਦੀ ਹੈ।’’ ਕਿੱਥੋਂ ਆ ਜਾਂਦੇ ਹਨ ਇਹ ਲੋਕ? ਕਿਉਂ ਤੁਸੀਂ ਫਿਲਮ ਸਟਾਰਾਂ ਨੂੰ ਪੈਰਾਸ਼ੂਟ ਰਾਹੀਂ ਉਤਾਰਦੇ ਹੋ? ਖੇਤਰੀ ਤੇ ਕੌਮੀ ਪਾਰਟੀਆਂ ਨੂੰ ਕੀ ਹੋ ਗਿਆ ਹੈ?

ਫਿਲਮ ਸਟਾਰ ਸੰਨੀ ਦਿਓਲ ਕਹਿੰਦੇ ਹਨ, ‘‘ਢਾਈ ਕਿਲੋ ਦਾ ਹੱਥ....।’’ ਸਿਆਸਤ ’ਚ ਇਸ ਦੀ ਲੋੜ ਨਹੀਂ ਹੈ। ਸਾਨੂੰ ਇਕ ਚੰਗੇ ਦਿਲ ਵਾਲੇ ਵਿਅਕਤੀ ਦੀ ਲੋੜ ਹੈ, ਇਕ ਅਜਿਹਾ ਦਿਲ, ਜੋ ਉਸ ਦੇ ਹਲਕੇ ਦੇ ਲੋਕਾਂ ਲਈ ਧੜਕਦਾ ਹੋਵੇ। ਸਾਨੂੰ ਅਜਿਹੀ ਸਮਰਪਣ ਭਾਵਨਾ ਤੇ ਸਖਤ ਮਿਹਨਤ ਦੀ ਲੋੜ ਹੈ, ਜਿਸ ’ਚ ਤੁਸੀਂ ਆਪਣੇ ਵੋਟਰ ਦੇ ਹਲਕੇ ਨੂੰ ਇਕ ਬਿਹਤਰ ਸਥਾਨ ਬਣਾ ਸਕਦੇ ਹੋ। ਪਹਿਲਾਂ ਵੀ ਦੇਸ਼ ਭਰ ’ਚ ਕਈ ਅਜਿਹੇ ਫਿਲਮ ਸਟਾਰ ਆਏ ਹਨ, ਜਿਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਆਪਣੇ ਲੋਕ ਸਭਾ ਹਲਕਿਆਂ ਨੂੰ ਪੈਰਿਸ ਵਰਗਾ ਬਣਾ ਦੇਣਗੇ। ਸਿਆਸਤ ’ਚ ਪੈਰ ਰੱਖਣ ’ਤੇ ਆਪਣੀਆਂ ਪਹਿਲੀਆਂ ਚੋਣਾਂ ’ਚ ਗੁਰਦਾਸਪੁਰ ’ਚ ਅਜਿਹਾ ਵਾਅਦਾ ਕਰਨ ਵਾਲਾ ਪਹਿਲਾ ਫਿਲਮ ਸਟਾਰ ਵਿਨੋਦ ਖੰਨਾ ਸੀ ਪਰ ਮੈਨੂੰ ਗੁਰਦਾਸਪੁਰ ’ਚ ਕੋਈ ‘ਪੈਰਿਸ’ ਨਜ਼ਰ ਨਹੀਂ ਆਉਂਦਾ। ਮੈਨੂੰ ਉਦੋਂ ਵੀ ਪੈਰਿਸ ਨਜ਼ਰ ਨਹੀਂ ਆਇਆ, ਜਦੋਂ ਧਰਮਿੰਦਰ ਨੇ ਚੋਣ ਲੜੀ ਸੀ। ਮੈਨੂੰ ਉਥੇ ਵੀ ਅਜਿਹੀ ਕੋਈ ਚੀਜ਼ ਨਹੀਂ ਦਿਸੀ, ਜਿੱਥੋਂ ਸ਼ਤਰੂਘਨ ਸਿਨ੍ਹਾ ਜਾਂ ਹੇਮਾ ਮਾਲਿਨੀ ਜਾਂ ਕਿਸੇ ਹੋਰ ਫਿਲਮ ਸਟਾਰ ਨੇ ਚੋਣ ਲੜੀ।

‘ਸੰਨੀ ਫਿਲਮੀ ਫੌਜੀ, ਮੈਂ ਅਸਲੀ ਫੌਜੀ’

ਇਹ ਸਿਰਫ ਗਲੈਮਰ ਦੀ ਖਿੱਚ ਹੁੰਦੀ ਹੈ ਅਤੇ ਉਹ ਮੰਨੇ-ਪ੍ਰਮੰਨੇ ਚਿਹਰੇ ਹੁੰਦੇ ਹਨ, ਇਸ ਲਈ ਲੋਕ ਉਨ੍ਹਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਅਸੀਂ ਰਾਜ ਸਭਾ ਤੇ ਲੋਕ ਸਭਾ ’ਚ ਇਨ੍ਹਾਂ ਫਿਲਮ ਸਟਾਰਾਂ ਨੂੰ ਦੇਖਿਆ ਹੈ ਪਰ ਉਹ ਉਨ੍ਹਾਂ ਮਿਹਨਤੀ ਰਾਜਨੇਤਾਵਾਂ ਦੇ ਮੁਕਾਬਲੇ ਕਿਤੇ ਨਹੀਂ ਠਹਿਰਦੇ, ਜੋ ਆਪਣੇ ਹਲਕੇ ਲਈ ਕੀਤੇ ਗਏ ਵਾਅਦੇ ਪੂਰੇ ਕਰਦੇ ਹਨ। ਗੋਵਿੰਦਾ ਸਿਆਸਤ ’ਚ ਪੂਰੀ ਤਰ੍ਹਾਂ ਫਲਾਪ ਰਹੇ, ਧਰਮਿੰਦਰ, ਰੇਖਾ ਤੇ ਸਚਿਨ ਤੇਂਦੁਲਕਰ ਉੱਚ ਸਦਨ ’ਚ ਰਹੇ। ਮੇਰਾ ਖਿਆਲ ਹੈ ਕਿ ਇਹ ਲੋਕ 6 ਸਾਲਾਂ ’ਚ 2-3 ਵਾਰ ਹੀ ਸੰਸਦ ’ਚ ਆਏ ਹੋਣਗੇ। ਜੇ ਅਸੀਂ ਬੁੱਧੀਜੀਵੀਆਂ ਨੂੰ ਸੰਸਦ ’ਚ ਭੇਜਿਆ ਹੁੰਦਾ ਤਾਂ ਉਹ ਇਸ ਦੇਸ਼ ਦੇ ਲੋਕਾਂ ਨੂੰ ਸ਼ਾਇਦ ਬਹੁਤ ਕੁਝ ਦੇ ਸਕਦੇ ਸਨ। ਅਸੀਂ ਸੰਸਦ ’ਚ ਫਿਲਮ ਸਟਾਰਾਂ ਤੇ ਖਿਡਾਰੀਆਂ ਨੂੰ ਭੇਜਿਆ ਹੈ ਪਰ ਉਹ ਬਿਨਾਂ ਕੁਝ ਦਿੱਤਿਆਂ ਵਾਪਿਸ ਚਲੇ ਗਏ। ਮੈਨੂੰ ਕੈਪਟਨ ਅਮਰਿੰਦਰ ਸਿੰਘ ਦਾ ਉਹ ਬਿਆਨ ਚੰਗਾ ਲੱਗਾ, ਜਦੋਂ ਉਨ੍ਹਾਂ ਨੇ ਕਿਹਾ, ‘‘ਸੰਨੀ ਫਿਲਮੀ ਫੌਜੀ ਹੈ, ਮੈਂ ਅਸਲੀ ਫੌਜੀ ਹਾਂ।’’ ਮੈਂ ਨਿੱਜੀ ਤੌਰ ’ਤੇ ਇਨ੍ਹਾਂ ਫਿਲਮ ਸਟਾਰਾਂ ਦੇ ਵਿਰੁੱਧ ਨਹੀਂ ਹਾਂ। ਮੈਂ ਸਿਰਫ ਇਹ ਚਾਹੁੰਦੀ ਹਾਂ ਕਿ ਉਹ ਉਨ੍ਹਾਂ ਲੋਕਾਂ ਲਈ ਕੁਝ ਕੰਮ ਕਰਨ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਦਿੱਤੀਆਂ ਹਨ। ਇਹ ਕੋਈ ਫਿਲਮ ਦੀ ਸ਼ੂਟਿੰਗ ਨਹੀਂ ਹੈ, ਜਿੱਥੇ ਤੁਸੀਂ ਚੋਣ ਪ੍ਰਚਾਰ ਦੌਰਾਨ 30 ਦਿਨਾਂ ਤਕ ‘ਸ਼ੂਟਿੰਗ’ ਕਰੋ ਅਤੇ ਫਿਰ 5 ਸਾਲ ਆਰਾਮ ਕਰੋ। ਇਨ੍ਹਾਂ 30 ਦਿਨਾਂ ’ਚ ਲੋਕ ਤੁਹਾਡੇ ’ਚ ਆਪਣਾ ਭਰੋਸਾ ਜਗਾਉਂਦੇ ਹਨ ਅਤੇ ਆਪਣੀ ਕਿਸਮਤ ਤੁਹਾਡੇ ਹੱਥਾਂ ’ਚ ਸੌਂਪਦੇ ਹਨ। ਲੱਖਾਂ ਲੋਕ ਤੁਹਾਡੇ ’ਤੇ ਭਰੋਸਾ ਕਰ ਕੇ ਅਾਪਣੇ ਬੱਚਿਆਂ ਦਾ ਭਵਿੱਖ, ਉਨ੍ਹਾਂ ਦੀ ਪੜ੍ਹਾਈ-ਲਿਖਾਈ, ਸਿਹਤ ਤੇ ਰੋਜ਼ਗਾਰ ਤੁਹਾਡੇ ਹੱਥਾਂ ’ਚ ਸੌਂਪਦੇ ਹਨ ਪਰ ਤੁਸੀਂ ਉਨ੍ਹਾਂ ਦਾ ਭਰੋਸਾ ਤੋੜਦੇ ਹੋ। ਕੀ ਤੁਹਾਡੀ ਅੰਤਰ-ਆਤਮਾ ਨਹੀਂ ਹੈ? ਮੈਨੂੰ ਨਹੀਂ ਲੱਗਦਾ ਕਿ ਇਕ ਵੀ ਫਿਲਮ ਸਟਾਰ ਖੜ੍ਹਾ ਹੋ ਕੇ ਇਹ ਦੱਸ ਸਕੇ ਕਿ ਉਸ ਨੇ ਆਪਣੇ ਲੋਕ ਸਭਾ ਹਲਕੇ ਦੇ ਲੋਕਾਂ ਲਈ ਫਲਾਣਾ ਕੰਮ ਕੀਤਾ ਹੈ। ਇਹ ਗੱਲ ਸਾਰੀਆਂ ਸਿਆਸੀ ਪਾਰਟੀਆਂ ’ਤੇ ਲਾਗੂ ਹੁੰਦੀ ਹੈ। ਮੇਰਾ ਖਿਆਲ ਹੈ ਕਿ ਜੋ ਆਦਮੀ ਜਿਸ ਕੰਮ ਨੂੰ ਬਿਹਤਰ ਢੰਗ ਨਾਲ ਕਰ ਸਕਦਾ ਹੈ, ਉਸ ਨੂੰ ਉਹੀ ਕਰਨਾ ਚਾਹੀਦਾ ਹੈ। ਫਿਲਮ ਸਟਾਰਾਂ ’ਚ ਇਕੋ-ਇਕ ਅਪਵਾਦ ਸੁਨੀਲ ਦੱਤ ਸਨ, ਜਿਨ੍ਹਾਂ ਨੇ ਮੁੰਬਈ ਵਿਚ ਲੋਕਾਂ ਲਈ ਕੰਮ ਕੀਤਾ।

ਵੋਟਰਾਂ ਨੂੰ ਭੁੱਲ ਜਾਂਦੇ ਨੇ ਸਟਾਰ ਐੱਮ. ਪੀ.

ਮੈਂ ਨਿਰਾਸ਼ ਹਾਂ। ਇਕ ਸਮਾਂ ਸੀ, ਜਦੋਂ ਲੋਕ ਸੰਸਦ ’ਚ ਵੈਜੰਤੀ ਮਾਲਾ ਨੂੰ ਦੇਖਣ ਲਈ ਉਤਾਵਲੇ ਰਹਿੰਦੇ ਸਨ ਪਰ ਉਨ੍ਹਾਂ ਨੇ ਆਪਣੇ ਭਾਈਚਾਰੇ ਲਈ ਵੀ ਕੁਝ ਨਹੀਂ ਕੀਤਾ। ਸੰਸਦ ’ਚ ਆਉਣ ਵਾਲੇ ਬਾਲੀਵੁੱਡ ਸਟਾਰ ਫਿਲਮ ਜਗਤ ਲਈ ਵੀ ਕੁਝ ਨਹੀਂ ਕਰਦੇ। ਬਾਲੀਵੁੱਡ ’ਚ ਵਰ੍ਹਿਆਂ ਤੋਂ ਕੰਮ ਕਰਦੇ ਲੋਕ ਇਸ ਗੱਲ ਨੂੰ ਲੈ ਕੇ ਨਾਰਾਜ਼ ਹਨ ਕਿ ਸੰਸਦ ਤਕ ਪਹੁੰਚੇ ਉਨ੍ਹਾਂ ਦੇ ਲੋਕਾਂ ਨੇ ਉਨ੍ਹਾਂ ਲਈ ਕੁਝ ਨਹੀਂ ਕੀਤਾ। ਸੰਸਦ ਮੈਂਬਰ ਦਾ ਪਾਸਪੋਰਟ ਹਾਸਿਲ ਕਰਨਾ ਚੰਗਾ ਲੱਗਦਾ ਹੈ, ਦਿੱਲੀ ’ਚ ਮਕਾਨ ਲੈਣਾ ਚੰਗਾ ਲੱਗਦਾ ਹੈ, ਦਿੱਲੀ ’ਚ ਤਾਕਤਵਰ ਸਿਆਸੀ ਸਰਕਲ ਦੇ ਲੋਕਾਂ ਨੂੰ ਮਿਲਣਾ-ਜੁਲਣਾ ਤੇ ਲੁਟੀਅਨਜ਼ ਦਿੱਲੀ ਦਾ ਹਿੱਸਾ ਬਣਨਾ ਵੀ ਸਭ ਨੂੰ ਚੰਗਾ ਲੱਗਦਾ ਹੈ ਪਰ ਤੁਸੀਂ ਆਪਣੇ ਲੋਕ ਸਭਾ ਹਲਕਿਆਂ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਕਿਉਂ ਭੁੱਲ ਜਾਂਦੇ ਹੋ? ਤੁਸੀਂ ਕਦੇ ਵੀ ਉਨ੍ਹਾਂ ਪਿੰਡਾਂ ’ਚ ਵਾਪਿਸ ਨਹੀਂ ਜਾਂਦੇ, ਤੁਸੀਂ ਕਿਸਾਨਾਂ ਕੋਲ ਨਹੀਂ ਜਾਂਦੇ, ਤੁਸੀਂ ਇਨ੍ਹਾਂ ਲੋਕਾਂ ਨੂੰ ਬਿਜਲੀ, ਪਾਣੀ, ਸਿਹਤ ਸਹੂਲਤਾਂ ਕੁਝ ਵੀ ਨਹੀਂ ਦਿੰਦੇ। ਇਹ ਬਹੁਤ ਮਾੜੀ ਸਥਿਤੀ ਹੈ। ਕਿਸੇ ਸਿਆਸੀ ਪਾਰਟੀ ਦੀ ਲਹਿਰ ’ਤੇ ਸਵਾਰ ਹੋ ਕੇ ਸੰਸਦ ਮੈਂਬਰ ਬਣਨਾ ਇਕ ਪ੍ਰਾਪਤੀ ਹੁੰਦੀ ਹੈ ਪਰ ਇਹ ਬਹੁਤ ਸ਼ਰਮਨਾਕ ਹੈ ਕਿ ਇਹ ਲੋਕ ਵੋਟਰਾਂ ਲਈ ਕੁਝ ਨਹੀਂ ਕਰਦੇ। ਇਥੋਂ ਤਕ ਕਿ ਅਮਿਤਾਭ ਬੱਚਨ ਨੇ ਵੀ ਸ਼੍ਰੀ ਬਹੁਗੁਣਾ ਵਿਰੁੱਧ ਚੋਣ ਲੜੀ ਤੇ ਜਿੱਤ ਹਾਸਿਲ ਕੀਤੀ ਪਰ 5 ਸਾਲਾਂ ’ਚ ਕੀਤਾ ਕੁਝ ਨਹੀਂ। ਰਾਜੇਸ਼ ਖੰਨਾ ਨੇ ਵੀ ਕੁਝ ਨਹੀਂ ਕੀਤਾ ਸੀ ਤੇ ਅਕਸ਼ੈ ਕੁਮਾਰ ਤਾਂ ਚੋਣਾਂ ਵਾਲੇ ਦਿਨ ਮੁੰਬਈ ’ਚ ਕਿਤੇ ਨਜ਼ਰ ਹੀ ਨਹੀਂ ਆਏ।

ਆਮ ਆਦਮੀ ਦੀਆਂ ਮੁਸ਼ਕਿਲਾਂ ਨਹੀਂ ਸਮਝਦੇ ਨੇਤਾ

ਇਹ ਲੋਕ ਤਾਂ ਆਮ ਆਦਮੀ ਦੀਆਂ ਮੁਸ਼ਕਿਲਾਂ ਨੂੰ ਵੀ ਨਹੀਂ ਸਮਝਦੇ ਅਤੇ ਨਾ ਹੀ ਇਹ ਸਮਝਦੇ ਹਨ ਕਿ ਉਨ੍ਹਾਂ ਨੂੰ ਕਿਉਂ ਚੁਣਿਆ ਗਿਆ? ਉਹ ਇਸੇ ਗੱਲ ’ਚ ਖੁਸ਼ ਰਹਿੰਦੇ ਹਨ ਕਿ ਉਨ੍ਹਾਂ ਨੂੰ ਪਾਰਟੀ ਵਲੋਂ ਇਸ ਲਈ ਚੁਣਿਆ ਗਿਆ ਕਿਉਂਕਿ ਉਹ ਇਕ ਭਾਈਚਾਰੇ ਵਿਸ਼ੇਸ਼ ਦੀ ਨੁਮਾਇੰਦਗੀ ਕਰਦੇ ਹਨ, ਜਿਸ ਦਾ ਕਾਫੀ ਵੱਡਾ ਹਿੱਸਾ ਉਸ ਹਲਕੇ ਦਾ ਹੈ, ਇਸ ਲਈ ਅਜਿਹੇ ਵਿਅਕਤੀ ਨੂੰ ਵੋਟ ਦਿਓ, ਜੋ ਤੁਹਾਡੇ ਲਈ ਕੰਮ ਕਰੇ, ਜੋ ਆਪਣੇ ਲੋਕਾਂ ਦੇ ਨਾਲ ਰਹੇ ਤੇ ਜਦੋਂ ਵੀ ਲੋੜ ਹੋਵੇ, ਉਹ ਆਸਾਨੀ ਨਾਲ ਮਿਲ ਸਕੇ। ਉਹ ਅਜਿਹਾ ਵਿਅਕਤੀ ਨਾ ਹੋਵੇ, ਜਿਹੜਾ ਮੁੰਬਈ ਜਾਂ ਦਿੱਲੀ ਵਾਪਿਸ ਚਲਾ ਜਾਵੇ ਤੇ ਫਿਰ ਉਥੇ ਹੀ ਰਹੇ। ਜੇ ਇਹ ਸੈਲੀਬ੍ਰਿਟੀਜ਼ ਕੰਮ ਕਰਨਾ ਚਾਹੁਣ ਤਾਂ ਉਨ੍ਹਾਂ ਲਈ ਇਹ ਸੌਖਾ ਹੋਵੇਗਾ ਕਿਉਂਕਿ ਉਹ ਕਿਸੇ ਵੀ ਦਫਤਰ, ਸੰਸਥਾ ਜਾਂ ਐੱਨ. ਡੀ. ਓ. ’ਚ ਆਸਾਨੀ ਨਾਲ ਜਾ ਸਕਦੇ ਹਨ। ਜੇ ਇਹ ਲੋਕ ਆਪਣੇ ਲੋਕ ਸਭਾ ਹਲਕੇ ਦੀ ਭਲਾਈ ਲਈ 5 ਸਾਲਾਂ ਦਾ ਸਮਾਂ ਵੀ ਦੇ ਦੇਣ ਤਾਂ ਇਹ ਉਨ੍ਹਾਂ ਲਈ ਕਾਫੀ ਸੌਖਾ ਕੰਮ ਹੋਵੇਗਾ–ਸਥਾਨਕ ਐੱਮ. ਪੀ. ਜਾਂ ਵਿਧਾਇਕ ਤੋਂ ਵੀ ਜ਼ਿਆਦਾ ਸੌਖਾ। ਮੈਂ ਉਮੀਦ ਕਰਦੀ ਹਾਂ ਕਿ ਇਕ ਨੇਤਾ ਵਜੋਂ ਉਹ ਆਪਣੀ ਜ਼ਿੰਮੇਵਾਰੀ ਸਮਝਣਗੇ। ਮੈਂ ਫਿਰ ਦੁਹਰਾਅ ਰਹੀ ਹਾਂ ਕਿ ਇਹ ਫਿਲਮਾਂ ਦੀ ਸ਼ੂਟਿੰਗ ਨਹੀਂ ਹੈ, ਇਹ ਲੋਕਾਂ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਭਵਿੱਖ ਨਾਲ ਖੇਡਣ ਵਾਂਗ ਹੈ ਕਿਉਂਕਿ ਤੁਹਾਡੀ ਬੈੱਡ-ਟੀ ਸਮੇਂ ਸਿਰ ਨਹੀਂ ਆਈ, ਇਸ ਲਈ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਪੋਲਿੰਗ ਖੇਤਰ ’ਚ ਕੀ ਹੋਇਆ? ਇਹ ਦੁਖੀ ਕਰਨ ਵਾਲਾ, ਸ਼ਰਮਨਾਕ ਤੇ ਨਿਰਾਸ਼ਾਜਨਕ ਹੈ।


Bharat Thapa

Content Editor

Related News