ਪਾਬੰਦੀ ਦੇ ਬਾਵਜੂਦ ਨਹੀਂ ਰੁਕ ਰਿਹਾ ਖੂਨੀ ‘ਚਾਈਨਾ ਡੋਰ’ ਦਾ ਰੁਝਾਨ

01/22/2019 4:56:26 AM

ਭਾਰਤ ਤਿਉਹਾਰਾਂ ਦਾ ਦੇਸ਼ ਹੈ, ਜਿਥੇ ਸਾਰਾ ਸਾਲ ਕੋਈ ਨਾ ਕੋਈ ਤਿਉਹਾਰ ਆਉਂਦਾ ਹੀ ਰਹਿੰਦਾ ਹੈ ਅਤੇ ਲੋਕ ਆਪਣੇ ਰੀਤੀ-ਰਿਵਾਜਾਂ ਅਨੁਸਾਰ ਤਿਉਹਾਰ ਮਨਾਉਂਦੇ ਹਨ। ਇਸ ਤਰ੍ਹਾਂ ਬਸੰਤ ਪੰਚਮੀ ਅਜਿਹਾ ਤਿਉਹਾਰ ਹੈ, ਜਿਸ ਨੂੰ ਸਾਰੇ ਹੀ ਰਲ-ਮਿਲ ਕੇ ਮਨਾਉਂਦੇ ਹਨ। ਇਸ ਦਿਨ ਲੋਕ ਪੀਲੇ ਕੱਪੜੇ ਪਾਉਣੇ ਪਸੰਦ ਕਰਦੇ ਹਨ, ਚਾਰੇ ਪਾਸੇ ਫੁੱਲਾਂ ਦੀ ਖੁਸ਼ਬੂ ਤੇ ਸੁੰਦਰਤਾ ਮਹਿਕਦੀ ਹੋਈ ਦੇਖਣ ਨੂੰ ਮਿਲਦੀ ਹੈ। ਇਸ ਦਿਨ ਬੱਚੇ ਤੋਂ ਲੈ ਕੇ ਬੁੱਢੇ ਤਕ ਤਕਰੀਬਨ ਹਰੇਕ ਉਮਰ ਦਾ ਵਿਅਕਤੀ ਪਤੰਗਬਾਜ਼ੀ ਦਾ ਲੁਤਫ਼ ਜ਼ਰੂਰ ਲੈਣਾ ਪਸੰਦ ਕਰਦਾ ਹੈ। 
ਪਤੰਗਬਾਜ਼ੀ ਪੁਰਾਤਨ ਸਮੇਂ ਤੋਂ ਹੀ ਚੱਲੀ ਆ ਰਹੀ ਪ੍ਰੰਪਰਾ ਹੈ। ਰਾਜੇ-ਮਹਾਰਾਜਿਅਾਂ ਵਲੋਂ ਖ਼ੁਦ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਜਾਂਦੇ ਸਨ। ਬਸੰਤ ਦੇ ਦਿਨਾਂ ’ਚ ਪਤੰਗਬਾਜ਼ੀ ਦਾ ਸ਼ੌਕ ਵਧ ਜਾਂਦਾ ਹੈ ਤੇ ਕਈ ਬੱਚੇ ਸਾਰਾ ਸਾਲ ਹੀ ਪਤੰਗ ਉਡਾਉਣਾ ਪਸੰਦ ਕਰਦੇ ਹਨ। ਅੱਜਕਲ ਲੋਕ ਬਸੰਤ ਦੇ ਦਿਨ ਆਪਣੇ ਕੋਠਿਅਾਂ ’ਤੇ ਚੜ੍ਹ  ਕੇ ਡੀ. ਜੇ. ਆਦਿ ਲਾ ਕੇ ਖੂਬ ਪਤੰਗ ਉਡਾਉਂਦੇ ਤੇ ਸ਼ਰਤਾਂ ਲਾਉਂਦੇ ਹਨ। ਫਿਰ ਇਕ-ਦੂਜੇ ਦੇ ਪਤੰਗ ਨੂੰ ਕੱਟ ਕੇ ਰੌਲਾ ਤੇ  ਭੰਗੜਾ  ਪਾ ਕੇ ਦਿਲਪ੍ਰਚਾਵਾ ਕਰਦੇ ਹਨ। ਮਨੋਰੰਜਨ ਕਰਨਾ ਮਾੜੀ ਗੱਲ ਨਹੀਂ ਪਰ ਅੱਜਕਲ ਪਤੰਗਬਾਜ਼ੀ ਲਈ ਲੋਕ ਚਾਈਨਾ ਡੋਰ ਵਰਤਣ ਲੱਗ ਪਏ ਹਨ, ਜੋ ਮਨੁੱਖ ਤੇ ਪੰਛੀਅਾਂ ਲਈ ਬਹੁਤ ਹੀ ਖਤਰਨਾਕ ਤੇ ਜਾਨਲੇਵਾ ਹੈ।
ਕੀ ਹੈ ਚਾਈਨਾ ਡੋਰ ਅਤੇ ਇਸ ਦੇ ਨੁਕਸਾਨ 
ਚਾਈਨਾ ਡੋਰ ਪਲਾਸਟਿਕ ਧਾਗੇ ਤੇ ਲੋਹੇ ਦੇ ਪਾਊਡਰ ਨਾਲ ਸੂਤੀ ਹੁੰਦੀ ਹੈ। ਇਹ ਖਤਰਨਾਕ ਤੇ ਜਾਨਲੇਵਾ ਸੁਮੇਲ ਹੈ, ਇਸ ਲਈ ਇਸ ਨੂੰ ‘ਕਿੱਲਰ ਡੋਰ’ ਵੀ ਕਿਹਾ ਜਾਂਦਾ ਹੈ। 
ਨਾ-ਟੁੱਟਣਯੋਗ ਤੇ ਨਾ ਗਲ਼ਣਯੋਗ ਪਲਾਸਟਿਕ ਦਾ ਧਾਗਾ ਜਿਥੇ ਕੁਦਰਤ ਦੇ ਅਨਮੋਲ ਵਾਤਾਵਰਣ ਨੂੰ ਵਿਗਾੜਦਾ ਹੈ, ਉਥੇ ਹੀ ਇਹ ਇਨਸਾਨਾਂ ਤੇ ਪੰਛੀਅਾਂ ਲਈ ਮੌਤ ਦਾ ਫੰਦਾ ਬਣ ਜਾਂਦਾ ਹੈ। ਇਸ ’ਤੇ ਲੱਗਾ ਲੋਹੇ ਦਾ ਪਾਊਡਰ ਬਿਜਲੀ ਦੀਅਾਂ ਤਾਰਾਂ ਨੂੰ ਛੂਹਣ ਨਾਲ ਬਿਜਲੀ ਦਾ ਕਰੰਟ ਪਾਸ ਕਰਦਾ ਹੈ ਤੇ ਸਾਡੇ ਬੱਚਿਅਾਂ ਨੂੰ ਜਾਨੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੀ ਵਰਤੋਂ ਨਾਲ ਵੱਡੀ ਗਿਣਤੀ ਵਿਚ ਵਿਦੇਸ਼ੀ ਪੂੰਜੀ ਬਰਬਾਦ ਹੁੰਦੀ ਹੈ। ਚਾਈਨਾ ਡੋਰ ਨਾਲ ਸਾਡੇ ਲੱਖਾਂ ਦੇਸ਼ਵਾਸੀਅਾਂ ਦੀ ਰੋਜ਼ੀ-ਰੋਟੀ ਖਤਮ ਹੋ ਰਹੀ ਹੈ। ਇਸ ਡੋਰ ਦੀ ਵਰਤੋਂ ਨਾਲ ਸਿਰਫ ਅਹਿਮਦਾਬਾਦ ਸ਼ਹਿਰ ’ਚ ਸਾਲ 2015 ’ਚ 76 ਐਕਸੀਡੈਂਟ, 21 ਗਲ਼ਿਆਂ ’ਚ ਫੰਦਾ ਸਮੇਤ 2789 ਘਟਨਾਵਾਂ ਦਰਜ ਕੀਤੀਅਾਂ ਗਈਅਾਂ ਹਨ। ਇਕ ਪ੍ਰਸਿੱਧ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਿਕ 20 ਦੁਰਲੱਭ ਜਾਤੀ ਵਾਲੇ ਪੰਛੀ ਇਸ ਦੇ ਸਭ ਤੋਂ ਵੱਧ ਸ਼ਿਕਾਰ ਹੋਏ ਅਤੇ ਉਨ੍ਹਾਂ ਦੀ ਹੋਂਦ ਨੂੰ ਅੱਜ ਖਤਮ ਹੋਣ ਦਾ ਖਤਰਾ ਬਣਿਆ ਹੋਇਆ ਹੈ। 
ਪਤੰਗ ਜ਼ਰੂਰ ਉਡਾਓ ਪਰ ਸਾਵਧਾਨੀ ਨਾਲ
ਦੇਰ ਰਾਤ ਤਕ ਪਤੰਗ ਨਾ ਉਡਾਓ ਕਿਉਂਕਿ ਆਪਣੇ ਘਰਾਂ ਨੂੰ ਪਰਤ ਰਹੇ ਪੰਛੀ ਹਨੇਰੇ ਕਾਰਨ  ਡੋਰ ’ਚ ਫਸ ਕੇ ਜ਼ਖ਼ਮੀ ਹੋ ਜਾਂਦੇ ਹਨ। ਪਤੰਗ ਦਰੱਖਤ ਜਾਂ ਬਿਜਲੀ  ਦੀਅਾਂ ਤਾਰਾਂ ਕੋਲ ਨਾ ਉਡਾਓ ਕਿਉਂਕਿ ਦਰੱਖਤ ਜਾਂ ਤਾਰਾਂ ਵਿਚ ਫਸੀ ਡੋਰ ਪੰਛੀਆਂ ਤੇ ਰਾਹਗੀਰਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। 
ਇਸ ਖਤਰਨਾਕ ਡੋਰ ਦੇ ਵੇਚਣ ਤੇ ਖਰੀਦਣ ਵਾਲੇ  ਨੂੰ ਵਾਤਾਵਰਣ (ਪ੍ਰੋਟੈਕਸ਼ਨ) ਐਕਟ ਦੀ ਧਾਰਾ 5 ਅਨੁਸਾਰ 5 ਸਾਲ ਦੀ ਕੈਦ ਅਤੇ 1 ਲੱਖ ਰੁਪਏ ਤਕ ਜੁਰਮਾਨਾ ਵੀ ਹੋ ਸਕਦਾ ਹੈ।  ਜੇ ਕਿਤੇ ਵੀ ਡੋਰ ਫਸੀ ਹੋਈ ਮਿਲੇ ਤਾਂ ਉਸ ਨੂੰ ਇਕੱਠਾ ਕਰ ਕੇ ਸਾੜ ਦਿਓ ਤਾਂ ਕਿ ਜਾਨੀ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ। ਭਾਵੇਂ ਅਸੀਂ ਪਤੰਗ ਨਾ ਵੀ ਉਡਾਈਏ ਪਰ ਦੂਜਿਅਾਂ ਨੂੰ ਇਸ ਡੋਰ ਦੇ ਨੁਕਸਾਨ ਬਾਰੇ ਜ਼ਰੂਰ ਸੁਚੇਤ ਕਰੀਏ।
ਦੋਸ਼ੀ ਕੌਣ?
ਕੁਝ ਸਮਝਦਾਰ ਮਾਤਾ-ਪਿਤਾ ਆਪਣੇ ਬੱਚੇ ਨੂੰ ਸਮਝਾਉਣਾ ਤਾਂ ਕੀ, ਸਗੋਂ ਬੱਚੇ ਦੀ ਜ਼ਿੱਦ ਅੱਗੇ ਝੁਕ ਕੇ ਉਸ ਲਈ ਦੁਕਾਨਦਾਰ ਤੋਂ ਚਾਈਨਾ ਡੋਰ ਦੀ ਮੰਗ ਕਰਦੇ ਹਨ, ਜੋ ਬਹੁਤ ਸ਼ਰਮਨਾਕ ਤੇ ਅਫਸੋਸਨਾਕ ਗੱਲ ਹੈ। 
ਅਾਖਿਰ ਇਹੀ ਕਿਹਾ ਜਾ ਸਕਦਾ ਹੈ ਕਿ ਅਸੀਂ ਖ਼ੁਦ ਆਪਣੀ ਨੀਂਦ ’ਚੋਂ ਜਾਗੀਏ, ਕਿਉਂ ਕਿਸੇ ’ਤੇ ਆਸ ਲਾ ਕੇ ਬੈਠੇ ਹਾਂ, ਖ਼ੁਦ ਹੰਭਲਾ ਮਾਰੀਏ ਤੇ ਇਸ ਖੂਨੀ ਡੋਰ ਦੀ ਵਰਤੋਂ ਤੋਂ ਤੌਬਾ ਕਰੀਏ ਅਤੇ ਮਿਲ-ਜੁਲ ਕੇ ਇਸ ਛੋਟੇ ਜਿਹੇ ਬੇਸ਼ਕੀਮਤੀ ਸੰਦੇਸ਼ ਨੂੰ ਘਰ-ਘਰ ਪਹੁੰਚਾਈਏ ਤਾਂ ਕਿ ਕੋਈ ਵੀ ਸਾਡਾ ਨਜ਼ਦੀਕੀ ਇਸ ਘਟਨਾ ਦਾ ਸ਼ਿਕਾਰ ਨਾ ਹੋਵੇ। ਤਿਉਹਾਰ ਜਾਂ ਸ਼ੌਕ ਵੀ ਉਹੀ ਵਧੀਆ ਲੱਗਦੇ ਹਨ, ਜਿਨ੍ਹਾਂ ਨੂੰ ਮਾਣ ਕੇ ਸਾਨੂੰ ਕੋਈ ਨੁਕਸਾਨ ਨਾ ਹੋਵੇ, ਸਗੋਂ ਦਿਲੋਂ ਖੁਸ਼ੀ ਮਿਲੇ।
pkjaitu@gmail.com


Related News