ਸ੍ਰੀ ਗੁਰੂ ਨਾਨਕ ਦੇਵ ਜੀ ਦੀਅਾਂ ਸਿੱਖਿਆਵਾਂ ਨੂੰ ਅਪਣਾਉਣ ਦਾ ਸਮਾਂ

Friday, Nov 23, 2018 - 06:33 AM (IST)

ਅੱਜ ਭਾਰਤ ਸਮੇਤ ਸਮੁੱਚੀ ਦੁਨੀਆ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਅਜਿਹੀ ਸਥਿਤੀ ’ਚ ਸੁਭਾਵਿਕ ਹੋ ਜਾਂਦਾ ਹੈ ਕਿ ਸਿੱਖ ਪੰਥ ਦੇ  ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਨਾਤਨ ਸੱਭਿਅਤਾ ਦੀ ਰੱਖਿਆ ਲਈ ਆਵਾਜ਼ ਉਠਾਉਣ ਤੇ ਸ਼ਹੀਦੀਆਂ ਦੇਣ ਵਾਲੇ ਸਿੱਖ ਗੁਰੂ ਸਾਹਿਬਾਨਂ ਦੇ ਦਰਸ਼ਨ (ਫਿਲਾਸਫੀ) ਅਤੇ ਸੰਦੇਸ਼ਾਂ ’ਤੇ ਈਮਾਨਦਾਰੀ ਨਾਲ ਵਿਚਾਰ ਕੀਤਾ ਜਾਵੇ। 
ਇਸ ਸਮੇਂ ਇਹ ਇਸ ਲਈ ਵੀ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਹੁਣੇ-ਹੁਣੇ ਪਵਿੱਤਰ ਨਗਰੀ ਅੰਮ੍ਰਿਤਸਰ ਅੱਤਵਾਦ ਦਾ ਸ਼ਿਕਾਰ ਹੋਈ ਹੈ। ਇਥੋਂ ਦੇ ਰਾਜਾਸਾਂਸੀ ਖੇਤਰ ’ਚ ਅੱਤਵਾਦੀਅਾਂ ਨੇ ਨਿਰੰਕਾਰੀ ਭਵਨ ’ਤੇ ਗ੍ਰਨੇਡ ਨਾਲ ਹਮਲਾ ਕਰ ਦਿੱਤਾ, ਜਿਸ ’ਚ 3 ਸ਼ਰਧਾਲੂਅਾਂ ਦੀ ਮੌਤ ਹੋ ਗਈ ਤੇ 20 ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਪਿਛਲੇ ਡੇਢ ਸਾਲ ’ਚ ਅੱਧਾ ਦਰਜਨ ਤੋਂ ਜ਼ਿਆਦਾ ਹਿੰਦੂਵਾਦੀ ਨੇਤਾਵਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਚੁੱਕਾ ਹੈ। 
ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਕਈ ਅੱਤਵਾਦੀ ਸੰਗਠਨਾਂ ਨਾਲ ਮਿਲ ਕੇ ਪੰਜਾਬ ’ਚ ਮੁੜ ਅਸ਼ਾਂਤੀ ਫੈਲਾਉਣ ਦੀਅਾਂ ਸਾਜ਼ਿਸ਼ਾਂ ਰਚ ਰਹੀ ਹੈ। ਕੀ ਇਹ ਸੱਚ ਨਹੀਂ ਕਿ ਜਿਸ ਜ਼ਹਿਰੀਲੇ ਚਿੰਤਨ ਨੇ ਆਪਣੇ ਗਰਭ ’ਚੋਂ ਅੱਤਵਾਦ ਜਾਂ ਮਜ਼੍ਹਬੀ ਕੱਟੜਤਾ ਨੂੰ ਜਨਮ ਦਿੱਤਾ ਹੈ, ਉਸ ਦਾ ਸ਼ਿਕਾਰ ਪੰਜਾਬ ਪਹਿਲਾਂ ਵਿਦੇਸ਼ੀ ਹਮਲਾਵਰਾਂ ਹੱਥੋਂ ਹੋ ਚੁੱਕਾ ਹੈ ਤੇ ਫਿਰ 1980-90 ਦੇ ਦਹਾਕੇ ’ਚ ਇਹ ਅੱਤਵਾਦ ਦੀ ਲਪੇਟ ’ਚ ਰਿਹਾ। 
ਭਗਤੀ ਅੰਦੋਲਨ 
ਜਦੋਂ ਮੱਧਕਾਲੀਨ ਭਾਰਤ ’ਚ ਬਾਹਰਲੇ ਹਮਲਾਵਰਾਂ ਦਾ ਕਹਿਰ ਹਿੰਦੂਅਾਂ ’ਤੇ ਟੁੱਟ ਰਿਹਾ ਸੀ, ਉਦੋਂ ਉਸ ਦੌਰ ’ਚ ਮਨੁੱਖਤਾ ਨੂੰ ਸਵੈਮਾਣ ਦਾ ਪਾਠ ਪੜ੍ਹਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ (1469-1539) ਨੇ ਸਿੱਖ ਧਰਮ ਦੀ ਨੀਂਹ ਰੱਖੀ। ਉੱਤਰ-ਪੱਛਮੀ ਸਰਹੱਦੀ ਸੂਬੇ, ਸਿੰਧ ਸਮੇਤ ਪੰਜਾਬ ਮਜ਼੍ਹਬੀ ਅੱਤਿਆਚਾਰ ਤੋਂ ਸਭ ਤੋਂ ਵੱਧ ਪੀੜਤ ਸੀ। ਉਥੇ ਮੰਦਰਾਂ ਨੂੰ ਤੋੜਨ ਦੇ ਨਾਲ-ਨਾਲ ਮੂਲ ਹਿੰਦੂਅਾਂ ਨੂੰ ਤਲਵਾਰ ਦੇ ਦਮ ’ਤੇ ਜ਼ਬਰਦਸਤੀ ਇਸਲਾਮ ਕਬੂਲਣ ਲਈ ਮਜਬੂਰ ਕੀਤਾ ਜਾ ਰਿਹਾ ਸੀ, ਜਿਸ ਦੇ ਵਿਰੋਧ ’ਚ ਦੇਸ਼ ਅੰਦਰ ਭਗਤੀ ਅੰਦੋਲਨ ਸ਼ੁਰੂ ਹੋਇਆ। 
ਇਸੇ ਅੰਦੋਲਨ ਸਦਕਾ ਕਈ ਸੰਤ ਦੇਸ਼ ’ਚ ਜਨ-ਜਾਗ੍ਰਿਤੀ ਲਿਆਉਣ ’ਚ ਸਹਾਇਕ  ਬਣੇ ਅਤੇ ਉਨ੍ਹਾਂ ਦੇ ਸੰਦੇਸ਼ ਨੂੂੰ ਪੰਜਾਬ ’ਚ ਪ੍ਰਚਾਰਿਤ ਕਰਨ ਦਾ ਜ਼ਿੰਮਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖ਼ੁਦ ਸੰਭਾਲਿਆ। ਵਿਦੇਸ਼ੀ ਹਮਲਾਵਰਾਂ ਵਲੋਂ ਭਾਰਤ ਦੀ ਸਨਾਤਨ ਅਤੇ ਬਹੁਲਤਾਵਾਦੀ ਸੱਭਿਅਤਾ ਨੂੰ ਕਿਸ ਤਰ੍ਹਾਂ ਜ਼ਖ਼ਮੀ ਕੀਤਾ ਜਾ ਰਿਹਾ ਸੀ, ਉਸ ਦਾ ਵਰਣਨ ਖ਼ੁਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸ਼ਬਦਾਂ ’ਚ ਕੁਝ ਇਸ ਤਰ੍ਹਾਂ ਕੀਤਾ ਹੈ :
‘‘ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ।। 
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।।
ਏਤੀ ਮਾਤ ਪਈ ਕੁਰਲਾਣੈ ਤੈ ਕੀ ਦਰਦੁ ਨ ਆਇਆ।।
ਕਰਤਾ ਤੂ ਸਭਨਾ ਕਾ ਸੋਈ।। 
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ  ਹੋਈ।। 
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ।।
ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨਾ ਕਾਈ।।’’ 
ਸ੍ਰੀ ਗੁਰੂ ਨਾਨਕ ਦੇਵ ਜੀ ਦੀਅਾਂ ਲਿਖੀਅਾਂ ਇਨ੍ਹਾਂ ਲਾਈਨਾਂ ’ਚ ਉਦੋਂ ਮੁਗਲਾਂ ਵਲੋਂ ਪੰਜਾਬ ਹੀ ਨਹੀਂ, ਸਗੋਂ ਪੂਰੇ ਹਿੰਦੋਸਤਾਨ ’ਤੇ ਕੀਤੇ ਅੱਤਿਆਚਾਰਾਂ ਦਾ ਵਰਣਨ ਹੈ। 
ਇਸਲਾਮੀ ਸ਼ਾਸਕਾਂ ਦੇ ਅੱਤਿਆਚਾਰਾਂ ਤੋਂ ਡਰ ਕੇ ਬਹੁਤੇ ਲੋਕ ਆਪਣੀ ਪੂਜਾ ਪ੍ਰਣਾਲੀ ਨੂੰ ਭੁਲਾ ਚੁੱਕੇ ਸਨ। ਇਥੋਂ ਤਕ ਕਿ ਉਨ੍ਹਾਂ ਦੇ ਗੁੱਸੇ ਤੋਂ ਬਚਣ ਲਈ ਉਹ ਆਪਣੀ ਮੂਲ ਜੀਵਨ ਸ਼ੈਲੀ ਤੇ ਖਾਣ-ਪੀਣ ’ਚ ਵੀ ਸਾਵਧਾਨੀ ਵਰਤ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ’ਤੇ ਪਹਿਲੀ ਚੋਟ ਕੀਤੀ ਤੇ ਬਿਨਾਂ ਕਿਸੇ ਡਰ ਦੇ ‘ਏਕਮ ਸੱਚ’ ਦੀ ਵੈਦਿਕ ਰਵਾਇਤ ਦਾ ਸੰਦੇਸ਼ ਦਿੱਤਾ।
 ਭਾਰਤ ਦੀਅਾਂ ਮੂਲ ਅਧਿਆਤਮਕ ਕਦਰਾਂ-ਕੀਮਤਾਂ ਦੀ ਮੁੜ ਸਥਾਪਨਾ ਤੇ ਸਿੱਖ ਪੰਥ ਦੀ ਸਰਪ੍ਰਸਤੀ ਹੇਠ ਧਰਮ ਦੀ ਰੱਖਿਆ ਹੁੰਦੀ ਦੇਖ ਕੇ ਤੱਤਕਾਲੀ ਸਾਮਰਾਜਵਾਦੀ ਤਾਕਤਾਂ ਦੀ ਬੌਖਲਾਹਟ ਵਧ ਗਈ। 
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਯੋਗਦਾਨ 
ਸਿੱਖ ਗੁਰੂਅਾਂ ਦੀ ਰਵਾਇਤ ’ਚ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਪਹਿਲੇ ਸ਼ਹੀਦ ਹੋਏ, ਜਿਨ੍ਹਾਂ ਨੂੰ ਜਹਾਂਗੀਰ ਦੇ ਹੁਕਮ ’ਤੇ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਮਾਨਵਤਾਵਾਦ ’ਚ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹੈ, ਜਿਸ  ਦਾ ਸਭ ਤੋਂ ਪਹਿਲਾ ਸੰਪਾਦਨ ਉਨ੍ਹਾਂ ਨੇ ਹੀ ਕੀਤਾ ਸੀ, ਜੋ ਪਹਿਲੀ ਵਾਰ ਸਤੰਬਰ 1604  ਨੂੰ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ’ਚ ਸਥਾਪਿਤ ਕੀਤਾ ਗਿਆ ਸੀ। 
1705 ’ਚ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 116 ਸ਼ਬਦਾਂ ਤੇ 15 ਰਾਗਾਂ ਨੂੰ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ। 
ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖਤਾ ਲਈ ਇਕ ਅਨਮੋਲ ਅਧਿਆਤਮਕ ਖਜ਼ਾਨਾ ਹੈ, ਜਿਸ ’ਚ ਸਮਾਜਿਕ ਸੁਹਿਰਦਤਾ ਦੀ ਅਦਭੁੱਤ ਝਲਕ ਹੈ। ਇਸ ’ਚ ਨਾ ਸਿਰਫ ਸਿੱਖ ਗੁਰੂਅਾਂ ਦੀ ਬਾਣੀ ਦਰਜ ਹੈ, ਸਗੋਂ ਦੇਸ਼ ਦੇ ਵੱਖ-ਵੱਖ ਹਿੱਸਿਅਾਂ, ਜਾਤਾਂ ’ਚ ਜਨਮੇ ਸੰਤਾਂ ਦੀ ਬਾਣੀ ਵੀ ਸ਼ਾਮਿਲ ਹੈ। 
ਇਨ੍ਹਾਂ ਸੰਤਾਂ ’ਚ ਬੇਨੀ, ਪਰਮਾਨੰਦ, ਜੈਦੇਵ, ਰਾਮਾਨੰਦ, ਭਗਤ ਰਵਿਦਾਸ ਤੇ ਸੂਰਦਾਸ ਤੋਂ ਇਲਾਵਾ ਭਗਤ ਕਬੀਰ, ਨਾਮਦੇਵ, ਤ੍ਰਿਲੋਚਨ, ਸਦਨਾ, ਭਗਤ ਧੰਨਾ, ਸਾਈਂ, ਭਗਤ ਪੀਪਾ ਜੀ, ਬਾਬਾ ਫ਼ਰੀਦ ਤੇ ਭੀਖਨ ਸ਼ਾਮਿਲ ਹਨ। ਮਰਾਠੀ, ਪੁਰਾਣੀ ਪੰਜਾਬੀ, ਬ੍ਰਜ, ਅਵਧੀ ਆਦਿ ਕਈ ਭਾਸ਼ਾਵਾਂ ਨਾਲ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ‘ਸਰਵਜਨ ਹਿਤਾਯ, ਸਰਵਜਨ ਸੁਖਾਯ’ (ਸਰਬੱਤ ਦਾ ਭਲਾ ਮੰਗਣ) ਦੀ ਭਾਵਨਾ ਨਾਲ ਭਰਪੂਰ ਹੈ।
 ਇਸ ਲਈ ਇਸ ਨੂੰ ਸਮੁੱਚੀ ਮਨੁੱਖਤਾ ਦਾ ਪ੍ਰਤੱਖ ਅਤੇ ਸਨਾਤਨ ਅਧਿਆਤਮਕ ਖਜ਼ਾਨਾ ਕਿਹਾ ਜਾ ਸਕਦਾ ਹੈ। 
6ਵੇਂ ਸਿੱਖ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ (1606-1644) ਨੇ ਮੁਗਲਾਂ ਦੇ ਅੱਤਿਆਚਾਰ ਵਿਰੁੱਧ ਹਥਿਆਰ ਚੁੱਕੇ ਅਤੇ ਸਿੱਖ ਯੋਧਿਅਾਂ ਦੀ ਇਕ ਛੋਟੀ ਜਿਹੀ ਟੁਕੜੀ ਨੂੰ ਜੰਗ ਦੀ ਸਿਖਲਾਈ ਦਿੱਤੀ। ਮੁਗਲਾਂ ਤੋਂ ਡਰੇ ਕਸ਼ਮੀਰ ਵਾਦੀ ਦੇ ਜ਼ਿਆਦਾਤਰ ਹਿੰਦੂ ਅਤੇ ਸਿੱਖ ਇਸਲਾਮ ਕਬੂਲ ਕਰ ਚੁੱਕੇ ਸਨ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸੱਦੇ ’ਤੇ ਬਹੁਤੇ ਹਿੰਦੂ ਤੇ ਸਿੱਖ ਆਪਣੇ ਧਰਮ ’ਚ ਵਾਪਸ ਆ ਗਏ। 
ਤਿਲਕ ਤੇ ਜਨੇਊ ਦੀ ਰਾਖੀ ਲਈ ਸ਼ਹੀਦੀ
ਔਰੰਗਜ਼ੇਬ ਦੇ ਗੱਦੀ ’ਤੇ ਬੈਠਣ ਤੋਂ ਬਾਅਦ ਸਿੱਖਾਂ ’ਤੇ ਮੁੜ ਅੱਤਿਆਚਾਰ ਹੋਣੇ ਸ਼ੁਰੂ ਹੋ ਗਏ। ਕਸ਼ਮੀਰੀ ਹਿੰਦੂਅਾਂ ਨੂੰ ਮੁਸਲਮਾਨ ਬਣਾਉਣ ਲਈ ਔਰੰਗਜ਼ੇਬ ਨੇ ਮੁਹਿੰਮ ਛੇੜੀ ਹੋਈ ਸੀ। ਇਸੇ ਤਹਿਤ ਔਰੰਗਜ਼ੇਬ ਨੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵੀ ਇਸਲਾਮ ਕਬੂਲਣ ਲਈ ਕਿਹਾ ਪਰ ਉਨ੍ਹਾਂ ਨੇ ਆਪਣਾ ਧਰਮ ਛੱਡਣ ਦੀ ਬਜਾਏ ਤਿਲਕ ਤੇ ਜਨੇਊ ਦੀ ਰਾਖੀ ਲਈ ਆਪਣੇ 3 ਚੇਲਿਅਾਂ ਭਾਈ ਮਤੀਦਾਸ, ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਨਾਲ ਆਪਣਾ ਸੀਸ ਕਟਾਉਣਾ ਪਸੰਦ ਕੀਤਾ। 
ਫਿਰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਿਡਰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਰਾਸਤ ਸੰਭਾਲੀ ਅਤੇ ਧਰਮ ਦੀ ਰੱਖਿਆ ਲਈ ਮੁਗਲਾਂ ਨਾਲ ਲੋਹਾ ਲਿਆ। 1699 ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਖਾਲਸਾ ਪੰਥ’ ਦੀ ਸਥਾਪਨਾ ਕੀਤੀ, ਜਿਸ ਦਾ ਮੁੱਖ ਉਦੇਸ਼ ਕੱਟੜ ਇਸਲਾਮੀ ਮਾਨਸਿਕਤਾ ਤੋਂ ਧਰਮ ਦੀ ਰੱਖਿਆ ਕਰਨਾ ਸੀ। 
ਉਨ੍ਹਾਂ ਦੇ ਚਾਰ ਪੁੱਤਰਾਂ ਨੇ ਵੀ ਧਰਮ ਦੀ ਖਾਤਿਰ ਸ਼ਹੀਦੀ ਦਿੱਤੀ। ਦੋ ਛੋਟੇ ਸਾਹਿਬਜ਼ਾਦਿਅਾਂ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਮੁਗਲਾਂ ਨੇ ਕੰਧ ’ਚ ਜ਼ਿੰਦਾ ਚਿਣਵਾ ਦਿੱਤਾ ਅਤੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਮੁਗਲਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ।
ਬੰਦਾ ਬਹਾਦਰ
ਸਿੱਖ ਗੁਰੂਅਾਂ ਨੇ ਧਰਮ ਰੱਖਿਅਕ ਦੇ ਰੂਪ ’ਚ ਜੋ ਜੋਤ ਜਗਾਈ ਸੀ, ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੇਲੇ ਅਤੇ ਸਿੱਖ ਸੈਨਾ-ਨਾਇਕ ਬੰਦਾ ਬਹਾਦਰ (ਜੋ ਪਹਿਲਾਂ ਮਾਧੋਦਾਸ ਅਤੇ ਫਿਰ ਲਛਮਣ ਦਾਸ ਬੈਰਾਗੀ ਵਜੋਂ ਪ੍ਰਸਿੱਧ ਸਨ) ਨੇ ਮਸ਼ਾਲ ਦਾ ਰੂਪ ਦਿੱਤਾ। ਉਨ੍ਹਾਂ ਨੇ 10 ਲੜਾਈਅਾਂ ਲੜੀਅਾਂ ਤੇ 12 ਮਈ 1710 ਨੂੰ ਚੱਪੜਚਿੜੀ ਦੇ ਯੁੱਧ ’ਚ ਸਾਹਿਬਜ਼ਾਦਿਅਾਂ ਦੀ ਸ਼ਹਾਦਤ ਦਾ ਬਦਲਾ ਵੀ ਲਿਆ। 
ਬਾਅਦ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਨੇ ਯਮੁਨਾ ਅਤੇ ਸਤਲੁਜ ਦੇ ਨੇੜੇ ਲੋਹਗੜ੍ਹ ’ਚ ਖਾਲਸਾ ਰਾਜ ਦੀ ਨੀਂਹ ਰੱਖੀ ਪਰ ਵਿਸ਼ਾਲ ਮੁਗਲ ਫੌਜ ਸਾਹਮਣੇ ਉਨ੍ਹਾਂ ਦੀ ਤਾਕਤ ਹੌਲੀ-ਹੌਲੀ ਕਮਜ਼ੋਰ ਹੁੰਦੀ ਗਈ। 9 ਜੂਨ 1716 ਨੂੰ ਇਸਲਾਮ ਕਬੂਲਣ  ਤੋਂ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਮੁਗਲਾਂ ਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। 
18ਵੀਂ ਸਦੀ ਦੇ ਖਤਮ ਹੋਣ ਤਕ ਪੰਜਾਬ ’ਚੋਂ ਇਸਲਾਮੀ ਰਾਜ ਦਾ ਅੰਤ ਹੋ ਗਿਆ ਅਤੇ ਕਈ ਸਿੱਖ ਰਾਜ ਘਰਾਣੇ ਕਾਇਮ ਹੋਏ, ਜਿਨ੍ਹਾਂ ’ਚ ਮਹਾਰਾਜਾ ਰਣਜੀਤ ਸਿੰਘ ਸਭ ਤੋਂ ਵੱਧ ਤਾਕਤਵਰ ਸਨ। ਉਨ੍ਹਾਂ ਨੇ ਕਸ਼ਮੀਰ ਅਤੇ ਉੱਤਰ-ਪੱਛਮੀ ਪ੍ਰਾਂਤਾਂ ’ਚੋਂ ਇਸਲਾਮੀ ਰਾਜ ਨੂੰ ਖਤਮ ਕੀਤਾ। 
ਸਿੱਖ ਗੁਰੂਅਾਂ ਦੀਅਾਂ ਸਿੱਖਿਆਵਾਂ ਤੇ ਰਵਾਇਤਾਂ ’ਤੇ ਚੱਲਦਿਅਾਂ ਉਨ੍ਹਾਂ ਨੇ ਆਪਣੇ ਰਾਜ ’ਚ ਬ੍ਰਾਹਮਣਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਤੇ ਗਊ ਹੱਤਿਆ ਲਈ ਮੌਤ ਦੀ ਸਜ਼ਾ ਤੈਅ ਕੀਤੀ। ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਨੂੰ ਸੋਨੇ ਅਤੇ ਸੰਗਮਰਮਰ ਨਾਲ ਸਜਾਇਆ। ਆਪਣੀ ਵਸੀਅਤ ’ਚ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਕੋਹਿਨੂਰ ਹੀਰਾ ਪੁਰੀ ਦੇ ਜਗਨਨਾਥ ਮੰਦਰ ’ਚ ਭੇਟ ਕਰ ਦਿੱਤਾ। 
ਬਸਤੀਵਾਦੀ ਸਾਜ਼ਿਸ਼ ਤੋਂ ਬਾਅਦ ਖੱਬੇਪੱਖੀ ਇਤਿਹਾਸਕਾਰਾਂ ਨੇ ਆਪਣੀ ਵਿਚਾਰਧਾਰਾ ਮੁਤਾਬਿਕ ਇਤਿਹਾਸ ਨੂੰ ਇੰਨਾ ਵਿਗਾੜ ਦਿੱਤਾ ਕਿ ਅੱਜ ਪੰਜਾਬ ਸਮੇਤ ਦੇਸ਼ ਦੀ ਨਵੀਂ ਪੀੜ੍ਹੀ ਦਾ ਇਕ ਵੱਡਾ ਹਿੱਸਾ ਆਪਣੇ ਮਾਣਮੱਤੇ ਅਤੀਤ, ਰਵਾਇਤ ਅਤੇ ਅਮਰ ਸੱਭਿਅਤਾ ਤੋਂ ਅਣਜਾਣ ਹੈ। 
ਅੱਜ ਲੋੜ ਇਸ ਗੱਲ ਦੀ ਹੈ ਕਿ ਹਰੇਕ ਭਾਰਤਵਾਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਨਾ ਸਿਰਫ ਪ੍ਰੇਰਨਾ ਲਵੇ, ਸਗੋਂ ਸਿੱਖ ਗੁਰੂਅਾਂ ਨੇ ਜਿਨ੍ਹਾਂ ਮਾਨਤਾਵਾਂ, ਮਰਿਆਦਾਵਾਂ ਤੇ ਜੀਵਨਸ਼ੈਲੀ ਨੂੰ ਅਪਣਾਇਆ, ਉਨ੍ਹਾਂ ਨੂੰ ਆਪਣੇ ਜੀਵਨ ’ਚ ਅਪਣਾਉਣ ਦੀ ਵੀ ਕੋਸ਼ਿਸ਼ ਕਰੇ। ਇਸੇ ’ਚ ਭਾਰਤ ਦਾ ਭਲਾ ਹੈ। 

 


Related News