ਮੰਦਰ-ਮਸਜਿਦ ਦਾ ਮੱੁਦਾ ਅਹਿਮ ਜਾਂ ਅਾਮ ਅਾਦਮੀ ਦੀ ਰੋਟੀ ਦਾ

Saturday, Sep 29, 2018 - 07:05 AM (IST)

ਸੁਪਰੀਮ ਕੋਰਟ ਨੇ ਬੀਤੀ 27 ਸਤੰਬਰ ਨੂੰ ਅਯੁੱਧਿਆ ਭੂਮੀ ਵਿਵਾਦ ਦੀ ਸੁਣਵਾਈ ਦੌਰਾਨ ਹਾਈਕੋਰਟ ਦੇ 1994 ਵਾਲੇ ਇਕ ਫੈਸਲੇ ’ਚ ਕੀਤੀ ਗਈ ਟਿੱਪਣੀ ਨਾਲ ਜੁੜਿਆ ਸਵਾਲ 5 ਮੈਂਬਰੀ ਸੰਵਿਧਾਨਿਕ ਬੈਂਚ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ। ਹਾਈਕੋਰਟ ਨੇ 1994 ਦੇ ਫੈਸਲੇ ’ਚ ਟਿੱਪਣੀ ਕੀਤੀ ਸੀ ਕਿ ਮਸਜਿਦ ਇਸਲਾਮ ਦਾ ਅੰਗ ਨਹੀਂ ਹੈ। 
ਸੁਪਰੀਮ ਕੋਰਟ ਨੇ ਆਪਣੇ ਫੈਸਲੇ ’ਚ ਕਿਹਾ ਕਿ ਅਯੁੱਧਿਆ ’ਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ’ਚ  ਦੀਵਾਨੀ ਵਾਦ ਦਾ ਫੈਸਲਾ ਸਬੂਤਾਂ ਦੇ ਆਧਾਰ ’ਤੇ ਹੋਵੇਗਾ ਅਤੇ 1994 ਦਾ ਫੈਸਲਾ ਇਸ ਮਾਮਲੇ ’ਚ ਢੁੱਕਵਾਂ ਨਹੀਂ ਹੈ। ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ’ਚ ਇਲਾਹਾਬਾਦ ਹਾਈਕੋਰਟ ਦੇ ਸਤੰਬਰ 2010 ਵਾਲੇ ਫੈਸਲੇ ਵਿਰੁੱਧ ਦਾਇਰ ਅਪੀਲਾਂ ’ਤੇ ਹੁਣ 29 ਅਕਤੂਬਰ ਤੋਂ ਸੁਣਵਾਈ ਹੋਵੇਗੀ। ਸਪੱਸ਼ਟ ਹੈ ਕਿ ਅਯੁੱਧਿਆ ਮਾਮਲੇ ਦਾ ਪ੍ਰੀਖਣ ਹੁਣ ਸਬੂਤਾਂ ਦੇ ਆਧਾਰ ’ਤੇ ਹੋਵੇਗਾ, ਨਾ ਕਿ ਮਸਜਿਦ ਦੀ ਧਾਰਮਿਕ ਮਹੱਤਤਾ ਦੇ ਆਧਾਰ ’ਤੇ। 
ਇਹ ਮੰਦਭਾਗਾ ਹੀ ਹੈ ਕਿ ਮਸਜਿਦ ਦਾ ਢਾਂਚਾ ਡੇਗੇ ਜਾਣ ਤੋਂ ਇੰਨੇ ਸਾਲਾਂ ਬਾਅਦ ਵੀ ਇਸ ਮਾਮਲੇ ਦਾ ਹੱਲ ਨਹੀਂ ਕੱਢਿਆ ਜਾ ਸਕਿਆ ਪਰ ਇੰਨੇ ਸਾਲਾਂ ’ਚ ਇਹ ਜ਼ਰੂਰ ਹੋਇਆ ਹੈ ਕਿ ਲੋਕ ਇਸ ਮੁੱਦੇ ’ਤੇ ਸਿਆਸਤ ਕਰਨ ਵਾਲੇ ਧਾਰਮਿਕ ਅਤੇ ਸਿਆਸੀ ਆਗੂਅਾਂ ਦੇ ਚਰਿੱਤਰ ਨੂੰ ਚੰਗੀ ਤਰ੍ਹਾਂ ਸਮਝ ਗਏ ਹਨ। ਇਹੋ ਵਜ੍ਹਾ ਹੈ ਕਿ ਅਯੁੱਧਿਆ ’ਚ ਸਮਾਜਿਕ ਤਾਣਾ-ਬਾਣਾ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋਇਆ ਹੈ। ਹਾਲਾਂਕਿ ਰਾਮ ਜਨਮ ਭੂਮੀ ਵਿਵਾਦ ਨੂੰ ਕਈ ਵਾਰ ਗੱਲਬਾਤ ਦੇ ਜ਼ਰੀਏ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਮੁੱਦੇ ’ਤੇ ਦੋਹਾਂ ਹੀ ਫਰਕਿਅਾਂ ਦੇ ਕੁਝ ਸਿਆਸਤਦਾਨਾਂ ਨੇ ਈਮਾਨਦਾਰੀ ਨਹੀਂ ਦਿਖਾਈ। ਇਸ ਵਿਵਾਦ ’ਤੇ ਕੁਝ ਰਾਜਨੇਤਾ ਤੇ ਧਾਰਮਿਕ ਆਗੂ ਆਪਣੇ ਬਿਆਨ ਬਦਲਦੇ ਰਹੇ ਹਨ। ਅਜਿਹੇ ਮੁੱਦਿਅਾਂ ’ਤੇ ਕੁਝ ਸਿਆਸਤਦਾਨਾਂ ਦੀ ਬਦਲੀ ਹੋਈ ਭਾਸ਼ਾ ਇਸ ਦੇਸ਼ ਦੀ ਸਿਆਸਤ ਦੇ ਉਸ ਚਰਿੱਤਰ ਵੱਲ ਇਸ਼ਾਰਾ ਕਰਦੀ ਹੈ, ਜੋ ਲਗਾਤਾਰ ਆਪਣੀ ਸਹੂਲਤ ਮੁਤਾਬਿਕ ਬਦਲਦਾ ਰਹਿੰਦਾ ਹੈ। 
ਪਿਛਲੇ ਕੁਝ ਸਾਲਾਂ ’ਚ ਹਿੰਦੂ ਅਤੇ ਮੁਸਲਿਮ ਸੁਆਰਥੀ ਅਨਸਰਾਂ ਨੇ ਜਿਸ ਤਰ੍ਹਾਂ ਦੇਸ਼ ਦੀਅਾਂ ਬੁਨਿਆਦੀ ਲੋੜਾਂ ਨੂੰ ਨਕਾਰ ਕੇ ਭਾਰਤੀਅਾਂ ਦਾ ਧਿਆਨ ਮੰਦਰ-ਮਸਜਿਦ ਵਰਗੇ ਮੁੱਦਿਅਾਂ ਵੱਲ ਖਿੱਚਿਆ ਹੈ, ਉਸ ਪਿੱਛੇ ਇਕ ਸੋਚੀ-ਸਮਝੀ ਰਣਨੀਤੀ ਰਹੀ ਹੈ। ਤ੍ਰਾਸਦੀ ਇਹ ਹੈ ਕਿ ਇਸ ਦੌਰਾਨ ਮੰਦਰ-ਮਸਜਿਦ ਵਰਗੇ ਮੁੱਦਿਅਾਂ ਨਾਲ ਸਭ ਤੋਂ ਵੱਧ ਨੁਕਸਾਨ ਆਮ ਆਦਮੀ ਦਾ ਹੀ ਹੋਇਆ ਹੈ। 
ਅਯੁੱਧਿਆ ਅਤੇ ਗੋਧਰਾ-ਗੁਜਰਾਤ ਦੀਅਾਂ ਘਟਨਾਵਾਂ ਤੋਂ ਬਾਅਦ ਸ਼ਾਇਦ ਕਿਸੇ ਨੂੰ ਇਹ ਸਮਝਾਉਣ ਦੀ ਲੋੜ ਨਹੀਂ ਕਿ ਅਜਿਹੀਅਾਂ ਘਟਨਾਵਾਂ ’ਚ ਦੰਗੇ ਕਰਵਾਉਣ ਵਾਲਿਅਾਂ ਦਾ ਕੁਝ ਨਹੀਂ ਵਿਗੜਦਾ, ਜਦਕਿ ਆਮ ਆਦਮੀ ਕਾਫੀ ਸਮੇਂ ਤਕ ਅਜਿਹੀਅਾਂ ਘਟਨਾਵਾਂ ਦਾ ਖਮਿਆਜ਼ਾ ਭੁਗਤਦਾ ਰਹਿੰਦਾ ਹੈ। ਇਸ ਸਮੇਂ ਦੇਸ਼ ’ਚ ਕਈ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਅਾਂ ਹਨ ਤੇ ਅਜਿਹੀ ਸਥਿਤੀ ’ਚ ਕੋਈ ਵੀ ਫਿਰਕੂ ਤਣਾਅ ਦੇਸ਼ ਨੂੰ ਨਿਵਾਣ ’ਚ ਪਹੁੰਚਾਉਣ ਲਈ ਕਾਫੀ ਹੈ। 
ਦੇਸ਼ ਦੇ ਕੁਝ ਸੁਆਰਥੀ ਅਨਸਰ ਅਜਿਹੇ ਮੌਕਿਅਾਂ ਦਾ ਲਾਹਾ ਲੈ ਕੇ ਆਪਣਾ ਉੱਲੂ ਸਿੱਧਾ ਕਰਨ ਦੀ ਤਾਕ ’ਚ ਰਹਿੰਦੇ ਹਨ। ਅਜਿਹੇ ਅਨਸਰਾਂ ਨੂੰ ਸਭ ਤੋਂ ਜ਼ਿਆਦਾ ਚਿੰਤਾ ਇਹੋ ਰਹਿੰਦੀ ਹੈ ਕਿ ਉਨ੍ਹਾਂ ਦਾ ਨੱਕ ਕਿਵੇਂ ਉੱਚਾ ਰਹੇ? ਅਜਿਹੇ ਅਨਸਰਾਂ ਦਾ ਚਰਿੱਤਰ ਸਮੇਂ-ਸਮੇਂ ’ਤੇ ਉਜਾਗਰ ਹੁੰਦਾ ਰਹਿੰਦਾ ਹੈ ਤੇ ਕਈ ਵਾਰ ਉਨ੍ਹਾਂ ਦਾ ਇਹ ਚਰਿੱਤਰ ਹੀ ਸਮੱਸਿਆ ਦੇ ਹੱਲ ’ਚ ਰੁਕਾਵਟ ਬਣ ਜਾਂਦਾ ਹੈ। ਇਹ ਸੁਆਰਥੀ ਅਨਸਰ ਮੰਦਰ-ਮਸਜਿਦ ਦੇ ਜਨੂੰਨ ’ਚ ਵੱਖ-ਵੱਖ ਗੰਭੀਰ ਸਮੱਸਿਆਵਾਂ ਨਾਲ ਜਕੜੇ ਇਸ ਦੇਸ਼ ਦੇ ਆਮ ਆਦਮੀ ਦੇ ਦੁੱਖ-ਦਰਦ ਨਾਲ ਕੋਈ ਸਰੋਕਾਰ ਨਹੀਂ ਰੱਖਦੇ। 
ਇਹੋ ਵਜ੍ਹਾ ਹੈ ਕਿ ਇਹ ਅਨਸਰ ਗੈਰ-ਧਾਰਮਿਕ ਕੰਮ ਕਰਦਿਅਾਂ ਲੋਕਾਂ ਦੀ ਆਸਥਾ ਅਤੇ ਸ਼ਰਧਾ ਨੂੰ ਢਾਲ ਵਾਂਗ ਇਸਤੇਮਾਲ ਕਰਨਾ ਚਾਹੁੰਦੇ ਹਨ। ਕੀ ਕਿਸੇ ਦੀ ਆਸਥਾ ਤੇ ਸ਼ਰਧਾ ਸਾਹਮਣੇ ਇਕ ਲੋਕਤੰਤਰਿਕ ਦੇਸ਼ ਦੀ ਨਿਅਾਂ ਪਾਲਿਕਾ ਦੀ ਕੋਈ ਮਹੱਤਤਾ ਨਹੀਂ ਹੈ? ਆਸਥਾ ਅਤੇ ਸ਼ਰਧਾ ਲੋਕਾਂ ’ਚ ਭਰੋਸਾ ਪੈਦਾ ਕਰਦੀ ਹੈ। ਠੀਕ ਉਸੇ ਤਰ੍ਹਾਂ ਕਿਸੇ ਵੀ ਲੋਕਤੰਤਰਿਕ ਦੇਸ਼ ਦੀ ਨਿਅਾਂ ਪਾਲਿਕਾ ਦਾ ਕੰਮ ਵੀ ਨਿਅਾਂ ਦੇ ਜ਼ਰੀਏ ਲੋਕਾਂ ’ਚ ਭਰੋਸਾ ਪੈਦਾ ਕਰਨਾ ਹੁੰਦਾ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਹਿੰਸਾ ਅਤੇ ਜੁਆਬੀ-ਹਿੰਸਾ ਦਾ ਤੱਤ ਦੁਨੀਆ ਦੇ ਕਿਸੇ ਵੀ ਧਰਮ ’ਚ ਨਹੀਂ ਹੈ। 
ਮਹਾਤਮਾ ਗਾਂਧੀ ਨੇ ਆਪਣੀ ਪ੍ਰਸਿੱਧ ਕਿਤਾਬ ‘ਹਿੰਦ ਸਵਰਾਜ’ ਵਿਚ ਲਿਖਿਆ ਹੈ ਕਿ ‘‘ਹਿੰਦੋਸਤਾਨ ’ਚ ਚਾਹੇ ਜਿਸ ਧਰਮ ਦੇ ਵੀ  ਲੋਕ ਰਹਿਣ, ਉਸ ਨਾਲ ਇਹ ਰਾਸ਼ਟਰ ਮਿਟਣ ਵਾਲਾ ਨਹੀਂ। ਇਸ ’ਚ ਜੋ ਨਵੇਂ ਲੋਕ ਸ਼ਾਮਿਲ ਹੁੰਦੇ ਹਨ, ਉਹ ਇਸ ਦੀ ਪਰਜਾ ਨੂੰ ਤੋੜ ਨਹੀਂ ਸਕਦੇ। ਉਹ ਇਸ ਦੀ ਪਰਜਾ ’ਚ ਘੁਲ-ਮਿਲ ਜਾਂਦੇ ਹਨ। ਅਜਿਹਾ ਹੋਵੇ, ਤਾਂ ਹੀ ਕੋਈ ਮੁਲਕ ਇਕ ਰਾਸ਼ਟਰ ਮੰਨਿਆ ਜਾਵੇਗਾ। ਅਜਿਹੇ ਮੁਲਕ ’ਚ ਦੂਜੇ ਲੋਕਾਂ ਨੂੰ ਅਪਣਾਉਣ ਦਾ ਗੁਣ ਹੋਣਾ ਚਾਹੀਦਾ ਹੈ। ਹਿੰਦੋਸਤਾਨ ਪਹਿਲਾਂ ਵੀ ਅਜਿਹਾ ਸੀ ਅਤੇ ਅੱਜ ਵੀ ਹੈ। ਉਂਝ ਤਾਂ ਜਿੰਨੇ ਆਦਮੀ, ਓਨੇ ਧਰਮ ਮੰਨ ਸਕਦੇ ਹਾਂ। ਇਕ ਰਾਸ਼ਟਰ ਬਣ ਕੇ ਰਹਿਣ ਵਾਲੇ ਲੋਕ ਇਕ-ਦੂਜੇ ਦੇ ਧਰਮ ’ਚ ਦਖਲ ਨਹੀਂ ਦਿੰਦੇ। 
ਜੇ ਦਿੰਦੇ ਹਨ ਤਾਂ ਸਮਝਣਾ ਚਾਹੀਦਾ ਹੈ ਕਿ ਉਹ ਇਕ ਰਾਸ਼ਟਰ ਹੋਣ ਦੇ ਲਾਇਕ ਨਹੀਂ। ਜੇ ਹਿੰਦੂ ਮੰਨਣ ਕਿ ਸਾਰਾ ਹਿੰਦੋਸਤਾਨ ਸਿਰਫ ਹਿੰਦੂਅਾਂ ਨਾਲ ਭਰਿਆ ਹੋਣਾ ਚਾਹੀਦਾ ਹੈ ਤਾਂ ਇਹ ਇਕ ਨਿਰਾ ਸੁਪਨਾ ਹੈ। ਜੇ ਮੁਸਲਮਾਨ ਅਜਿਹਾ ਮੰਨਣ ਕਿ ਇਸ ਵਿਚ ਸਿਰਫ ਮੁਸਲਮਾਨ ਹੀ ਰਹਿਣ ਤਾਂ ਇਸ ਨੂੰ ਵੀ ਸੁਪਨਾ ਹੀ ਸਮਝੋ। ਜੋ ਹਿੰਦੂ, ਮੁਸਲਮਾਨ, ਪਾਰਸੀ,  ਈਸਾਈ    ਇਸ ਦੇਸ਼ ਨੂੰ ਆਪਣਾ ਮੰਨ ਕੇ ਇਥੇ ਵਸ ਚੁੱਕੇ ਹਨ, ਉਹ ਹਮਵਤਨ, ਭਰਾ-ਭਰਾ ਹਨ ਤੇ ਇਕ-ਦੂਜੇ ਦੇ ਸੁਆਰਥ ਲਈ ਵੀ ਉਨ੍ਹਾਂ ਨੂੰ ਇਕ ਹੋ ਕੇ ਰਹਿਣਾ ਪਵੇਗਾ।’’ 
ਮਹਾਤਮਾ ਗਾਂਧੀ ਦਾ ਲਿਖਿਆ ਇਹ ਵਿਚਾਰ ਨਾਸਿਰਫ  ਸਾਡੇ  ਦੇਸ਼  ਦੀ ਸੱਭਿਆਚਾਰਕ ਪ੍ਰੰਪਰਾ ’ਤੇ ਚਾਨਣਾ ਪਾਉਂਦਾ ਹੈ, ਸਗੋਂ ਹਿੰਦੋਸਤਾਨ ਦੀ ਹਜ਼ਾਰਾਂ ਸਾਲ ਪੁਰਾਣੀ ਸਹਿਣਸ਼ੀਲਤਾ ਦੀ ਭਾਵਨਾ ਨੂੰ ਵੀ ਦਰਸਾਉਂਦਾ ਹੈ। ਇਸ ਦੌਰ ’ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਅੱਜ ਵੀ ਸਾਡੇ ਰਾਜਨੇਤਾਵਾਂ ਦੇ ਮਨ ’ਚ ਹਿੰਦੋਸਤਾਨ ਨੂੰ ਇਕ ਸੂਤਰ ’ਚ ਪਿਰੋਣ ਦੀ ਭਾਵਨਾ ਮਜ਼ਬੂਤ ਹੈ? ਕੁਝ ਰਾਜਨੇਤਾਵਾਂ ਨੂੰ ਫਿਰਕਾਪ੍ਰਸਤੀ ਦੀ ਅੱਗ ’ਚ ਘਿਓ ਪਾਉਂਦੇ ਦੇਖ ਕੇ ਤਾਂ ਉਨ੍ਹਾਂ ਦੀ ਇਸ ਭਾਵਨਾ ’ਤੇ ਸ਼ੱਕ ਹੁੰਦਾ ਹੈ। ਸਵਾਲ ਇਹ ਹੈ ਕਿ ਮਹਾਤਮਾ ਗਾਂਧੀ ਨੇ ਜਿਸ ਰਾਮਰਾਜ ਦੀ ਕਲਪਨਾ ਕੀਤੀ ਸੀ, ਕੀ ਉਹ ਕਲਪਨਾ ਬਣ ਕੇ ਹੀ ਰਹਿ ਜਾਵੇਗਾ? 
ਵਿਚਾਰਨਯੋਗ ਸਵਾਲ ਇਹ ਹੈ ਕਿ ਅੱਜ ਸਾਡੇ ਸਾਹਮਣੇ ਮੰਦਰ-ਮਸਜਿਦ ਦਾ ਮੁੱਦਾ ਜ਼ਿਆਦਾ ਅਹਿਮ ਹੈ ਜਾਂ ਆਮ ਆਦਮੀ ਦੀ ਰੋਜ਼ੀ-ਰੋਟੀ ਦਾ? ਜਿਸ ਦੇਸ਼ ’ਚ ਰੋਜ਼ਾਨਾ ਬੇਕਸੂਰ ਲੋਕ ਅੱਤਵਾਦੀਅਾਂ, ਨਕਸਲੀਅਾਂ ਦੀਅਾਂ ਗੋਲੀਅਾਂ ਦਾ ਸ਼ਿਕਾਰ ਹੋ ਰਹੇ ਹੋਣ, ਜਿਸ ਦੇਸ਼ ’ਚ ਬੇਰੋਜ਼ਗਾਰਾਂ ਦੀ ਫੌਜ ਵਧਦੀ ਜਾ ਰਹੀ ਹੋਵੇ, ਜਿਸ ਦੇਸ਼ ’ਚ ਕਈ ਲੋਕ ਭੁੱਖੇ ਮਰ ਰਹੇ ਹੋਣ, ਜੋ ਦੇਸ਼ ਵੱਖ-ਵੱਖ ਮੋਰਚਿਅਾਂ ’ਤੇ ਆਰਥਿਕ ਔਕੜਾਂ ਦਾ ਸਾਹਮਣਾ ਕਰ ਰਿਹਾ ਹੋਵੇ, ਜਿਸ ਦੇਸ਼ ਦੇ ਲੋਕ ਬਿਜਲੀ, ਸੜਕ, ਪਾਣੀ, ਸਿਹਤ ਅਤੇ ਸਿੱਖਿਆ ਵਰਗੀਅਾਂ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹੋਣ, ਉਥੇ ਮੰਦਰ-ਮਸਜਿਦ ਦਾ ਮੁੱਦਾ ਜ਼ਿਆਦਾ ਅਹਿਮ ਹੋ ਸਕਦਾ ਹੈ ਜਾਂ ਆਮ ਆਦਮੀ ਦੀ ਹੋਂਦ ਦਾ? 
ਪਰ ਧਰਮ ਦੇ ਠੇਕੇਦਾਰਾਂ ਨੇ ਧਰਮ ਨੂੰ ਹੀ ਸਭ ਤੋਂ ਵੱਡਾ ਮੁੱਦਾ ਸਮਝਿਆ ਹੈ। ਸ਼ਾਇਦ ਇਸੇ ਲਈ ਦੇਸ਼ ਦੇ ਹੋਰਨਾਂ ਮੁੱਦਿਅਾਂ ਨੂੰ ਨਕਾਰਦੇ ਹੋਏ ਧਰਮ ਦੇ ਨਾਂ ’ਤੇ ਗੈਰ-ਧਾਰਮਿਕ ਕੰਮ ਕਰਨ ਦਾ ਅਧਿਕਾਰ ਵੀ ਉਨ੍ਹਾਂ ਨੂੰ ਹੀ ਪ੍ਰਾਪਤ ਹੈ। ਜੇ ਅਸੀਂ ਨਰ ’ਚ ਨਾਰਾਇਣ ਦੇ ਦਰਸ਼ਨ ਕਰਦਿਅਾਂ ਇਕ ਆਮ ਆਦਮੀ ਦੀ ਜ਼ਿੰਦਗੀ ਨੂੰ ਬੇਹਤਰ ਬਣਾਉਣ ਬਾਰੇ ਸੋਚਦੇ ਹਾਂ ਤਾਂ ਸ਼ਾਇਦ ਧਰਮ ਦੇ ਠੇਕੇਦਾਰਾਂ ਅਨੁਸਾਰ ਇਹ ਧਰਮ ਨਹੀਂ ਹੈ।  
ਧਰਮ ਦੇ ਠੇਕੇਦਾਰਾਂ ਨੂੰ ਇਹ ਕੌਣ ਸਮਝਾਏਗਾ ਕਿ ਦੇਸ਼ ਦਾ ਆਮ ਆਦਮੀ ਆਪਣੇ ਕੰਮ ਨੂੰ ਹੀ ਪੂਜਾ ਜਾਂ ਇਬਾਦਤ ਮੰਨਦਾ ਹੈ। ਜਿਸ ਦਿਨ ਉਹ ਕੰਮ ਨਹੀਂ ਕਰੇਗਾ, ਉਸ ਦਾ ਮੰਦਰ ਜਾਂ ਮਸਜਿਦ ਉਸੇ ਦਿਨ ਡਗਮਗਾਉਣ ਲੱਗ ਪਵੇਗਾ। ਦੇਸ਼ ਦੇ ਆਮ ਆਦਮੀ ਨੂੰ ਅੱਜ ਅਯੁੱਧਿਆ ਵਿਚ ਰਾਮ ਮੰਦਰ ਜਾਂ ਮਸਜਿਦ ਬਣਨ ਦੀ ਚਿੰਤਾ ਨਹੀਂ ਹੈ, ਸਗੋਂ ਉਸ ਦੀ ਪਹਿਲੀ ਚਿੰਤਾ ਤਾਂ ਇਹ ਹੈ ਕਿ ਉਸ ਦੇ ਘਰ ਰੂਪੀ ਮੰਦਰ ’ਚ ਨਰ ਰੂਪੀ ਨਾਰਾਇਣ ਕਿਵੇਂ ਸੁਖੀ ਰਹਿਣਗੇ ਪਰ ਧਰਮ ਦੇ ਠੇਕੇਦਾਰ ਆਪਣਾ ਹੀ ਰਾਗ ਅਲਾਪਦੇ ਰਹਿੰਦੇ ਹਨ। 
ਹੁਣ ਸਮਾਂ ਆ ਗਿਆ ਹੈ ਕਿ ਇਸ ਸਬੰਧ ’ਚ ਸਾਰੀਅਾਂ ਧਿਰਾਂ ਗੰਭੀਰਤਾ ਤੇ ਸੰਜਮ ਤੋਂ ਕੰਮ ਲੈਣ। ਇਸ ਸਮੇਂ ਦੇਸ਼ ਨੂੰ ਫਿਰਕਾਪ੍ਰਸਤੀ ਦੀ ਅੱਗ ਤੋਂ ਬਚਾਉਣ ਲਈ ਇਕ ਸਾਰਥਕ ਪਹਿਲ ਦੀ ਲੋੜ ਹੈ। 
 


Related News