ਦੇਸ਼ ਤੇ ਸੰਵਿਧਾਨ ਦੀ ਸ਼ਾਨ ਸਥਾਪਤ ਕਰਨਾ ਹੀ ਸਮੇਂ ਦੀ ਮੰਗ

Tuesday, Dec 26, 2023 - 06:19 PM (IST)

ਸਿਆਸਤੀ ਸੱਭਿਆਚਾਰ ਨਾਲ ਸਮੂਹਕ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਸਖਤ ਸੰਵਿਧਾਨਕ ਸਜ਼ਾਵਾਂ ਦੇਣ ਦਾ ਰਾਸ਼ਟਰਪਤੀ ਸਰਕਾਰ ਅਤੇ ਸੁਪਰੀਮ ਕੋਰਟ ਵੱਲੋਂ ਖੁਦ ਨੋਟਿਸ ਲੈਣ ਦਾ ਸਮਾਂ ਆ ਗਿਆ ਹੈ।

ਅੱਜ ਦਾ ਲੇਖ ਇਕ ਮਨੋਸਕੱਲਰ ਅਤੇ ਕਰਤੱਵ ਪਾਲਣ ਵਾਲੇ ਲੇਖਕ ਨਹੀਂ ਸਗੋਂ ਸਿਆਸਤੀ ਸੱਭਿਆਚਾਰ ਤੋਂ ਦੁਖੀ ਇਕ ਆਮ ਨਾਗਰਿਕ ਲਿਖ ਰਿਹਾ ਹੈ। ਪਿਛਲੇ ਦਿਨੀਂ ਲੋਕਤੰਤਰ ਦੇ ਪਵਿੱਤਰ ਸੰਸਦ ਮੰਦਰ ’ਚ ਸੰਵਿਧਾਨਕ ਅਹੁਦੇ ’ਤੇ ਬਿਰਾਜਮਾਨ ਮਹਾਮਹਿਮ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਦੀ ਜਿਸ ਤਰ੍ਹਾਂ ਭੱਦੀ ਨਕਲ ਕਰ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਵੱਲੋਂ ਮਜ਼ਾਕ ਉਡਾਇਆ ਗਿਆ ਅਤੇ ਹੋਰ ਸੰਸਦ ਮੈਂਬਰਾਂ ਨੇ ਮਜਮਾ ਲਾ ਕੇ ਨਾ ਸਿਰਫ ਭਰਪੂਰ ਅਨੰਦ ਲਿਆ ਸਗੋਂ ਇਸ ਘਿਨੌਣੀ ਕਰਤੂਤ ਦੀ ਬਾਕਾਇਦਾ ਵੀਡਿਓ ਵੀ ਬਣਾਈ। ਇਹ ਘਟਨਾ ਦਿਲ ਦਹਿਲਾ ਦੇਣ ਵਾਲੀ ਅਤੇ ਮਨ ਨੂੰ ਅਸਥਿਰ ਕਰ ਦੇਣ ਵਾਲੀ ਬੇਮਿਸਾਲ ਹੇਠਲੇ ਪੱਧਰ ਦੀ ਸਿਆਸੀ ਨੀਚਤਾ ਹੈ, ਜਿਸ ਦਾ ਖੁਦ ਨੋਟਿਸ ਲੈ ਕੇ ਰਾਸ਼ਟਰਪਤੀ , ਸਰਕਾਰੀ ਤੰਤਰ ਅਤੇ ਸੁਪਰੀਮ ਕੋਰਟ ਨੂੰ ਸੰਵਿਧਾਨਿਕ ਵਿਵਸਥਾਵਾਂ ਤਹਿਤ ਸਖਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਤਾਂਕਿ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ।

ਇਹ ਸਿਰਫ ਵਿਰੋਧ ਦੇ ਤੌਰ ’ਤੇ ਯਤਨ ਨਹੀਂ ਸੀ ਸਗੋਂ ਵਤਨ ਫਰਾਮੋਸ਼ੀ ਦੀ ਹੱਦ ਤੱਕ ਜਾ ਕੇ ਸੰਵਿਧਾਨਕ ਉੱਚ ਅਹੁਦਿਆਂ ’ਤੇ ਬੈਠੇ ਮਹਾਪੁਰਸ਼ਾਂ ਦਾ ਨਿਰਾਦਰ ਸੀ। ਜਿਸ ਦੇ ਤਹਿਤ ਅਜਿਹੀਆਂ ਸਿਆਸੀ ਅਤੇ ਸੰਸਦੀ ਰਵਾਇਤਾਂ ਅਤੇ ਪ੍ਰਚਲਨ ਨਿਰਧਾਰਤ ਕੀਤੇ ਗਏ ਹਨ ਜਿਨ੍ਹਾਂ ਦਾ ਸ਼ਰੇਆਮ ਮਜ਼ਾਕ ਉਡਾਉਣਾ ਵਿਵਸਥਾਵਾਂ ਦਾ ਨਹੀਂ ਖੁਦ ਸੰਵਿਧਾਨ ਦਾ ਹੀ ਅਪਮਾਨ ਹੈ। ਬਾਹਰੀ ਦੇਸ਼ਾਂ ਦੇ ਸਾਹਮਣੇ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀਆਂ ਅਜਿਹੀਆਂ ਕਰਤੂਤਾਂ ਦਿਖਾਉਣਾ ਵਤਨਫਰਾਮੋਸ਼ੀ ਦੀ ਪਰਿਭਾਸ਼ਾ ਦੇ ਤਹਿਤ ਆਉਂਦਾ ਹੈ ਜਿਨ੍ਹਾਂ ਨਾਲ ਦੇਸ਼ ਦੀ ਸੁਰੱਖਿਆ ਖਤਰੇ ’ਚ ਪੈ ਸਕਦੀ ਹੈ।

ਦੁਸ਼ਮਣ ਦੇਸ਼ ਅਜਿਹੀਆਂ ਘਟਨਾਵਾਂ ਤੋਂ ਉਤਸ਼ਾਹਤ ਹੋ ਕੇ ਆਪਣੇ ਏਜੰਟਾਂ ਰਾਹੀਂ ਦੇਸ਼ ’ਚ ਅਰਾਜਕਤਾ ਫੈਲਾਉਣ ਦਾ ਯਤਨ ਵੀ ਕਰ ਸਕਦੇ ਹਨ ਅਤੇ ਦੇਸ਼ ਨੂੰ ਅਸਥਿਰ ਕਰ ਸਕਦੇ ਹਨ। ਜੇ ਮੌਜੂਦਾ ਸੰਵਿਧਾਨਕ ਵਿਵਸਥਾਵਾਂ ’ਚ ਇਸ ਦੀ ਛੋਟ ਹੈ ਤਾਂ ਇਸ ਦਿਸ਼ਾ ’ਚ ਅਜਿਹੀਆਂ ਹਰਕਤਾਂ ਦੇ ਮੁੜ ਵਾਪਰਨ ਨੂੰ ਰੋਕਣ ਲਈ ਤੁਰੰਤ ਸੋਧ ਜ਼ਰੂਰੀ ਹੈ।

ਅਜਿਹੀ ਬੇਗੈਰਤ ਬਿਆਨਬਾਜ਼ੀ ਪਹਿਲਾਂ ਵੀ ਹੁੰਦੀ ਆਈ ਹੈ। ਕਦੀ ਰਾਸ਼ਟਰਪਤੀ ਨੂੰ ਰਾਸ਼ਟਰਪਤਨੀ ਕਹਿਣਾ, ਕਦੀ ਪ੍ਰਧਾਨ ਮੰਤਰੀ ਨੂੰ ਮਾੜੀ ਸ਼ਬਦਾਵਲੀ ਨਾਲ ਸੰਬੋਧਨ ਕਰਨਾ ਸਗੋਂ ਉਨ੍ਹਾਂ ਦੇ ਮਾਪਿਆਂ ਖਿਲਾਫ ਵੀ ਬੁਰੇ ਸ਼ਬਦ ਕਹਿਣਾ ਤਾਂ ਜਿਵੇਂ ਰੋਜ਼ ਦੀ ਭਾਸ਼ਾ ਹੋ ਗਈ ਸੀ ਪਰ ਇਸ ਹਾਲੀਆ ਨਕਲਚੀ, ਗੈਰ-ਮਨੁੱਖੀ ਨੌਟੰਕੀ ਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ। ਸੰਵਿਧਾਨਕ ਹਸਤੀਆਂ ਦੇ ਇਸ ਘੋਰ ਨਿਰਾਦਰ ਨੂੰ ਦੇਖ ਕੇ ਜੇ ਹੋਰ ਖੇਤਰਾਂ ਦੇ ਮੰਨੇ-ਪ੍ਰਮੰਨੇ ਵਿਅਕਤੀ ਦੇਸ਼ ’ਚ ਖੁਦ ਨੂੰ ਸੁਰੱਖਿਅਤ ਨਹੀਂ ਸਮਝਦੇ ਤਾਂ ਕੀ ਗਲਤ ਸੋਚਦੇ ਹਨ।

ਜੇ ਇਸ ਨਵੀਂ ਬਿਮਾਰੀ ਦਾ ਠੀਕ ਇਲਾਜ ਨਾ ਕੀਤਾ ਗਿਆ ਤਾਂ ਇਹ ਲਾ-ਇਲਾਜ ਹੋ ਸਕਦੀ ਹੈ। ਸਰਕਾਰ ਅਤੇ ਸੱਤਾ ਧਿਰ ਵੀ ਇਸ ਘਟਨਾ ਦੇ ਸਿਆਸੀ ਲਾਭ ਦੇ ਚੱਕਰ ’ਚ ਨਾ ਪੈ ਕੇ ਸਖਤ ਹੱਲ ਲੱਭੇ ਨਹੀਂ ਤਾਂ ਗੁੱਸੇ ’ਚ ਆਈ ਜਨਤਾ ਉਸ ਨੂੰ ਇਸ ਸਿਆਸੀ ਨਾਮਰਦਗੀ ਦਾ ਮੂੰਹ ਤੋੜ ਜਵਾਬ ਜ਼ਰੂਰ ਦੇਵੇਗੀ।

ਸੱਤਾ ਧਿਰ ਇਹ ਕਹਿ ਕੇ ਪੱਲਾ ਨਹੀਂ ਝਾੜ ਸਕਦੀ ਕਿ ਇਹ ਵਿਰੋਧੀ ਧਿਰ ਦੀ ਗੰਦੀ ਸਿਆਸਤ ਹੈ। ਅਜਿਹਾ ਨਾ ਹੋਵੇ ਕਿ ਸੰਸਦੀ ਚੋਣਾਂ ’ਚ ਘਰ-ਘਰ ਜਾ ਕੇ ਉਮੀਦਵਾਰ ਲੱਭਣੇ ਪੈਣ ਪਰ ਕੋਈ ਚੋਣਾਂ ’ਚ ਖੜ੍ਹਾ ਹੋਣ ਨੂੰ ਤਿਆਰ ਨਾ ਹੋਵੇ। ਸੁਪਰੀਮ ਕੋਰਟ ਵੀ ਇਸ ਦਿਸ਼ਾ ’ਚ ਖੁਦ ਨੋਟਿਸ ਲੈ ਕੇ ਅੱਗੇ ਆਏ ਅਤੇ ਢੁਕਵੇਂ ਉਪਰਾਲੇ ਕਰਨ ਦਾ ਯਤਨ ਕਰੇ। ਅਜਿਹੀ ਸਿਆਸੀ ਗਿਰਾਵਟ ਦੀ ਦੇਸ਼ ਦੇ ਸਾਰੇ ਮੰਨੇ-ਪ੍ਰਮੰਨੇ ਵਿਅਕਤੀਆਂ, ਲੇਖਕਾਂ, ਸਾਹਿਤਕਾਰਾਂ, ਪੱਤਰਕਾਰਾਂ, ਬੁੱਧੀਜੀਵੀਆਂ, ਮਨੋ ਤੇ ਸਮਾਜ ਸ਼ਾਸਤਰੀਆਂ , ਵਤਨਪ੍ਰਸਤ ਸੰਗਠਨਾਂ ਅਤੇ ਸਮਾਜ ਦੇ ਸਾਰੇ ਖੇਤਰਾਂ ਦੇ ਮੋਹਰੀ ਵਿਅਕਤੀਆਂ ਨੂੰ ਵਿਰੋਧ ਵਜੋਂ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਪ੍ਰਸਪਰ ਵਿਰੋਧ, ਸਿਆਸੀ ਵਿਰੋਧ ਭੁਲਾ ਕੇ ਇਸ ਸਮੇਂ ਸਿਰਫ ਵਤਨਪ੍ਰਸਤੀ ਦਾ ਸਬੂਤ ਦੇਣਾ ਹੀ ਸਭ ਤੋਂ ਉੱਪਰ ਕਰਤੱਵ ਪਾਲਣ ਅਤੇ ਦੇਸ਼ ਭਾਵਨਾ ਹੈ।

ਦੇਸ਼ ਰਹੇਗਾ ਤਾਂ ਅਸੀਂ ਰਹਾਂਗੇ, ਦੇਸ਼ ਦੀ ਸ਼ਾਨ ਵਧੇਗੀ ਤਾਂ ਦੁਨੀਆ ਸਾਡਾ ਵੀ ਸਨਮਾਨ ਕਰੇਗੀ ਨਹੀਂ ਤਾਂ ਸਾਡੇ ਗੁਆਂਢੀ ਮੁਲਕ ਦੀ ਹਾਲਤ ਦੇਖ ਕੇ ਜਿਵੇਂ ਦੁਨੀਆ ਭਰ ’ਚ ਉਨ੍ਹਾਂ ਦੇ ਨਾਗਰਿਕਾਂ ਨਾਲ ਦੁਰਵਿਹਾਰ ਹੁੰਦਾ ਹੈ ਉਂਝ ਹੀ ਸਾਡਾ ਹਸ਼ਰ ਹੋ ਜਾਵੇਗਾ। ਆਪਣੇ ਸੁਆਰਥ, ਹਿੱਤਾਂ ਆਪਣੇ ਧਰਮ, ਜਾਤੀ , ਫਿਰਕੇ ਲਈ ਤਾਂ ਸਾਰੇ ਬਾਗੀ ਤੇਵਰ ਅਪਣਾ ਕੇ ਵਿਰੋਧ ਦਾ ਝੰਡਾ ਉਠਾਉਂਦੇ ਹਨ, ਕਦੀ ਦੇਸ਼ ਹਿੱਤ, ਦੇਸ਼ ਸੁਰੱਖਿਆ, ਸਮਾਜਿਕ ਭਰੱਪਨ, ਸਾਫ-ਸੁਥਰੇ ਲੋਕਤੰਤਰ ਨੂੰ ਬਿਮਾਰ ਬਣਾਉਂਦੀਆਂ ਬੁਰੀਆਂ ਭਾਵਨਾਵਾਂ ਤੋਂ ਗ੍ਰਸਤ ਮਾਨਸਿਕਤਾਵਾਂ ਦਾ ਮਨੋਬਲ ਤੋੜਨ ਲਈ ਸਮੂਹਕ ਹੌਸਲਾ ਕਰ ਕੇ ਆਵਾਜ਼ ਉਠਾਈਏ ਤਾਂ ਆਪਣੀ ਅੰਤਰ-ਆਤਮਾ ਸਾਹਮਣੇ ਦੋਸ਼ੀ ਮਹਿਸੂਸ ਨਹੀਂ ਕਰਾਂਗੇ ਅਤੇ ਸਕੂਨ ਮਹਿਸੂਸ ਕਰਾਂਗੇ ਕਿ ਤੁਸੀਂ ਵੀ ਜਾਗਰੂਕ ਦੇਸ਼ ਭਗਤ ਨਾਗਰਿਕ ਦੇ ਕਰਤੱਵ ਨੂੰ ਅੰਜਾਮ ਦਿੱਤਾ ਹੈ। ਖੁਦ ਦੇ ਹਿੱਤਾਂ ਨੂੰ ਸਭ ਲਈ ਸੁੱਖ, ਸਭ ਦੇ ਹਿੱਤ ਦੀ ਦਿਸ਼ਾ ’ਚ ਕੁਰਬਾਨ ਕਰ ਕੇ ਸਮਾਜ, ਦੇਸ਼ ਅਤੇ ਸੰਵਿਧਾਨ ਦੀ ਸ਼ਾਨ ਸਥਾਪਿਤ ਕਰਨ ਨੂੰ ਪਹਿਲ ਦੇਣੀ ਹੀ ਸਮੇਂ ਦੀ ਮੰਗ ਹੈ।

ਜੇ.ਪੀ. ਸ਼ਰਮਾ


Rakesh

Content Editor

Related News