ਟਰੰਪ ਦੀ ਬੀਮਾਰੀ ਦੇ ਅਰਥ
Tuesday, Oct 06, 2020 - 03:50 AM (IST)

ਡਾ. ਵੇਦਪ੍ਰਤਾਪ ਵੈਦਿਕ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੋਰੋਨਾ ਗ੍ਰਸਤ ਹੋਇਆ ਹੋਣਾ ਕਿਸ ਗੱਲ ਦਾ ਸੂਚਕ ਹੈ? ਕਈ ਗੱਲਾਂ ਦਾ ਹੈ। ਪਹਿਲੀ, ਦੁਨੀਆ ਦਾ ਕੋਈ ਆਦਮੀ ਕਿੰਨਾ ਵੀ ਸ਼ਕਤੀਸ਼ਾਲੀ ਹੋਵੇ ਬੀਮਾਰੀ ਅਤੇ ਮੌਤ ਦੇ ਅੱਗੇ ਉਹ ਨਿਢਾਲ ਹੈ। ਟਰੰਪ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਆਦਮੀ ਹਨ ਕਿਉਂਕਿ ਉਹ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਦੇ ਪਤੀ ਹਨ। ਅਮਰੀਕੀ ਰਾਸ਼ਟਰਪਤੀ ਦੇ ਕੋਲ ਜਿੰਨੀਆਂ ਸਭ ਤੋਂ ਵੱਧ ਸ਼ਕਤੀਆਂ ਹੁੰਦੀਆਂ ਹਨ ਓਨੀਆਂ ਕਿਸੇ ਵੀ ਰਾਸ਼ਟਰ ਦੇ ਪ੍ਰਧਾਨ ਮੰਤਰੀ ਕੋਲ ਨਹੀਂ ਹੁੰਦੀਆਂ।
ਕੋਰੋਨਾ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਕਿਸੇ ਰਾਸ਼ਟਰਪਤੀ ਅਤੇ ਸਫਾਈ ਕਰਮਚਾਰੀ ’ਚ ਕੋਈ ਵਿਤਕਰਾ ਨਹੀਂ ਕਰਦਾ। ਦੂਸਰਾ, ਟਰੰਪ ਦੇ ਕੋਰੋਨਾ ਨੇ ਉਨ੍ਹਾਂ ਦੇ ਬੜਬੋਲੇਪਨ ਨੂੰ ਪੈਂਚਰ ਕਰ ਦਿੱਤਾ ਹੈ। ਕੋਰੋਨਾ ਕੁਝ ਨਹੀਂ ਹੈ ਉਸ ਤੋਂ ਕਿਉਂ ਡਰੀਏ। ਅਮਰੀਕੀ ਸਿਹਤ ਸੇਵਾਵਾਂ ਸਾਰੀ ਦੁਨੀਆ ’ਚ ਸਭ ਤੋਂ ਵਧੀਆ ਹਨ-ਇਸ ਤਰ੍ਹਾਂ ਦੀਆਂ ਠਿੱਬੀਆਂ ਲਗਾਉਣ ਦੀ ਕੋਸ਼ਿਸ਼ ਕਰਨ ਵਾਲੇ ਖੁਦ ਟਰੰਪ ਨੂੰ ਕੋਰੋਨਾ ਨੇ ਪਟਕਣੀ ਮਾਰ ਦਿੱਤੀ ਹੈ।
ਟਰੰਪ ਦੇ ਹੰਕਾਰ ਨੂੰ ਇਹ ਪ੍ਰਵਾਨ ਨਹੀਂ ਸੀ ਕਿ ਉਹ ਮਾਸਕ ਲਗਾਉਣ। ਉਨ੍ਹਾਂ ਨੇ ਆਪਣੇ ਵਿਰੋਧੀਆਂ ਜੋਅ ਬਾਈਡੇਨ ਦਾ ਮਜ਼ਾਕ ਉਡਾਇਆ ਸੀ ਕਿ ਜਨਤਕ ਟੀ.ਵੀ.ਬਹਿਸ ’ਚ ਬਾਈਡੇਨ ਨੇ ਮੂੰਹ ’ਤੇ ਪੱਟੀ ਲਗਾ ਕੇ ਗੱਲ ਕੀਤੀ ਸੀ। ਕੋਰੋਨਾ ਨੇ ਸਿੱਧ ਕੀਤਾ ਹੈ ਕਿ ਨੇਤਾਵਾਂ ਨੂੰ ਉਹ ਭਾਵੇਂ ਕਿੰਨੇ ਵੀ ਵੱਡੇ ਹੋਣ, ਆਪਣਾ ਆਚਰਣ ਅਜਿਹਾ ਰੱਖਣਾ ਚਾਹੀਦਾ ਹੈ ਕਿ ਆਮ ਜਨਤਾ ਉਸਦਾ ਮੁਲਾਂਕਣ ਕਰ ਸਕੇ। ਭਾਰਤ ਨਾਲੋਂ 4-5 ਗੁਣਾ ਛੋਟੇ ਅਮਰੀਕਾ ’ਚ 2 ,10,000 ਲੋਕਾਂ ਦੀ ਮੌਤ ਦਾ ਇਕ ਵੱਡਾ ਕਾਰਨ ਇਹੀ ਇਕ ਲਾਪ੍ਰਵਾਹੀ ਹੈ। ਤੀਸਰੀ, ਅਮਰੀਕਾ ਵਰਗੇ ਖੁਸ਼ਹਾਲ ਅਤੇ ਉੱਨਤ ਦੇਸ਼ ’ਚ ਆਤਮ-ਵਿਸ਼ਵਾਸ ਦਾ ਪੱਧਰ ਲੋੜ ਨਾਲੋਂ ਜ਼ਿਆਦਾ ਉੱਚਾ ਹੈ। ਇਸ ਲਈ ਅਸੀਂ ਦੇਖਦੇ ਹਾਂ ਕਿ ਸਮੁੰਦਰ-ਕੰਢਿਆਂ, ਹਵਾਈ ਜਹਾਜ਼ਾਂ, ਮੈਟਰੋ ਰੇਲਾਂ ਅਤੇ ਸੜਕਾਂ ’ਤੇ ਵੀ ਲੋਕ ਮਾਸਕ ਦੇ ਬਿਨਾਂ ਘੁੰਮਦੇ ਹਨ, ਇਕ ਦੂਸਰੇ ਤੋਂ ਸਰੀਰਕ ਦੂਰੀ ਬਣਾ ਕੇ ਨਹੀਂ ਰੱਖਦੇ ਹਨ ਅਤੇ ਹੋਟਲਾਂ ’ਚ ਖਾਣਾ ਖਾਂਦੇ ਹਨ। ਉਹ ਆਪਣੇ ਨੇਤਾਵਾਂ ਦਾ ਅਨੁਕਰਣ ਕਰਦੇ ਹਨ।
ਚੌਥੀ ਗੱਲ, ਜੋ ਟਰੰਪ ਦੇ ਬਾਰੇ ’ਚ ਹੀ ਹੈ, ਉਨ੍ਹਾਂ ਨੂੰ ਬੁੱਧਵਾਰ ਨੂੰ ਹਲਕਾ ਜਿਹਾ ਬੁਖਾਰ ਸੀ ਅਤੇ ਸਾਹ ਲੈਣ ’ਚ ਔਖ ਆ ਰਹੀ ਸੀ। ਇਸਦੇ ਬਾਵਜੂਦ ਉਹ ਬੁੱਧਵਾਰ ਅਤੇ ਵੀਰਵਾਰ ਨੂੰ ਚੋਣ ਪ੍ਰਚਾਰ ਕਰ ਦੇ ਰਹੇ। 2 ਦਿਨ ਬਾਅਦ ਸ਼ੁੱਕਰਵਾਰ ਨੂੰ ਉਹ ਹਸਪਤਾਲ ’ਚ ਦਾਖਲ ਹੋਏ। ਉਨ੍ਹਾਂ ਦੇ ਬਾਰੇ ’ਚ ਡਾਕਟਰਾਂ ਅਤੇ ਉਨ੍ਹਾਂ ਦੇ ਸੇਵਕਾਂ ਦੀ ਰਿਪੋਰਟ ਆਪਸ ’ਚ ਮੇਲ ਨਹੀਂ ਖਾਂਦੀ। ਫਿਰ ਵੀ ਡਾਕਟਰਾਂ ਦੀ ਸਲਾਹ ਦੇ ਵਿਰੁੱਧ ਉਹ ਚੋਣ ਦੇ ਮੈਦਾਨ ’ਚ ਅੱਜ ਤੋਂ ਹੀ ਡਟ ਜਾਣ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਪੰਜਵੀਂ ਗੱਲ ਤਾਂ ਬਿਲਕੁਲ ਪੱਕੀ ਦਿਖਾਈ ਦੇ ਰਹੀ ਹੈ। ਉਹ ਹੈ -ਰਾਸ਼ਟਰਪਤੀ ਦੀ ਚੋਣ ’ਚ ਉਨ੍ਹਾਂ ਦੀ ਹਾਰ। ਇਸ ਹਾਰ ’ਤੇ ਉਨ੍ਹਾਂ ਦੇ ਕੋਰੋਨਾ ਨੇ ਪੱਕੀ ਮੋਹਰ ਲਗਾ ਦਿੱਤੀ ਹੈ। ਇਸ ਸਮੇਂ ਜੋਅ ਬਾਈਡੇਨ ਉਨ੍ਹਾਂ ਨਾਲੋਂ 13 ਅੰਕ ਅੱਗੇ ਹਨ। ਜੇਕਰ ਟਰੰਪ ਕੁਝ ਦਿਨ ਹਸਪਤਾਲ ’ਚ ਜ਼ਿਆਦਾ ਰਹਿ ਗਏ ਤਾਂ ਉਹ ਜ਼ਿਆਦਾ ਪਛੜ ਸਕਦੇ ਹਨ। ਅਮਰੀਕਾ ’ਚ ਇਹ ਜੋੜ-ਤਕਸੀਮ ਵੀ ਸ਼ੁਰੂ ਹੋ ਗਈ ਹੈ ਕਿ ਕੋਰੋਨਾ ਦੇ ਕਾਰਨ ਟਰੰਪ ਇਸ ਰਾਸ਼ਟਰਪਤੀ ਚੋਣ ਤੋਂ ਬਾਹਰ ਨਾ ਹੋ ਜਾਣ। ਦੇਖੋ ਕੀ ਹੁੰਦਾ ਹੈ।