ਪਾਕਿ ਕਬਜ਼ੇ ਵਾਲੇ ਕਸ਼ਮੀਰ ਦਾ ਖ਼ੌਫ਼ਨਾਕ ਸੱਚ
Monday, Apr 11, 2022 - 12:18 PM (IST)
‘ਦਿ ਕਸ਼ਮੀਰ ਫਾਈਲਜ਼’ ’ਚ ਜੋ ਦਿਖਾਇਆ ਗਿਆ ਹੈ, ਉਹ ਉਸ ਖੌਫਨਾਕ ਸੱਚ ਦੇ ਸਾਹਮਣੇ ਕੁਝ ਵੀ ਨਹੀਂ ਹੈ, ਜੋ ਹੁਣ ਅਮਜਦ ਅਯੂਬ ਮਿਰਜ਼ਾ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਹੋਏ ਹਿੰਦੂਆਂ ਦੇ ਜ਼ਾਲਮਾਨਾ ਕਤਲੇਆਮ ਦੇ ਬਾਰੇ ’ਚ ਕੈਲੀਫੋਰਨੀਆ ਦੀ ਅਖ਼ਬਾਰ ’ਚ ਪ੍ਰਕਾਸ਼ਿਤ ਕੀਤਾ ਹੈ। ਪਿਛਲੇ ਮਹੀਨੇ 21 ਮਾਰਚ ਨੂੰ ਪ੍ਰਕਾਸ਼ਿਤ ਆਪਣੇ ਲੇਖ ’ਚ ਮਿਰਜ਼ਾ ਲਿਖਦੇ ਹਨ ਕਿ ਇਹ ਤਾਂ ਪਿਆਜ਼ ਦੀ ਪਹਿਲੀ ਪਰਤ ਉਖਾੜਨ ਵਰਗਾ ਹੈ। ਉਨ੍ਹਾਂ ਅਨੁਸਾਰ ਜੰਮੂ-ਕਸ਼ਮੀਰ ’ਚੋਂ ਘੱਟਗਿਣਤੀ ਹਿੰਦੂਆਂ ਤੇ ਸਿੱਖਾਂ ਨੂੰ ਮਾਰਨ ਅਤੇ ਭਜਾਉਣ ਦਾ ਸਿਲਸਿਲਾ 1990 ਤੋਂ ਹੀ ਨਹੀਂ ਸ਼ੁਰੂ ਹੋਇਆ। ਇਸ ਦੀਆਂ ਜੜ੍ਹਾਂ ਤਾਂ 1947 ਦੀ ਭਾਰਤ-ਪਾਕਿ ਵੰਡ ਦੇ ਅਣਪ੍ਰਕਾਸ਼ਿਤ ਇਤਿਹਾਸ ’ਚ ਦੱਬੀਆਂ ਪਈਆਂ ਹਨ।
ਅਮਜਦ ਅਯੂਬ ਮਿਰਜ਼ਾ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੀਰਪੁਰ ਜ਼ਿਲੇ ਦੇ ਨਿਵਾਸੀ ਹਨ, ਜੋ ਆਪਣੇ ਆਜ਼ਾਦ ਵਿਚਾਰਾਂ ਤੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਕਾਰਨ ਅੱਜਕਲ ਇੰਗਲੈਂਡ ’ਚ ਜਲਾਵਤਨ ਜ਼ਿੰਦਗੀ ਜਿਊ ਰਹੇ ਹਨ। ਇਸ ਲਈ ਇਨ੍ਹਾਂ ਦੀਆਂ ਸੂਚਨਾਵਾਂ ਨੂੰ ਹੌਲੇਪਨ ’ਚ ਨਹੀਂ ਲਿਆ ਜਾ ਸਕਦਾ।ਮਿਰਜ਼ਾ ਦੱਸਦੇ ਹਨ ਕਿ ਜੰਮੂ-ਕਸ਼ਮੀਰ ਦੇ ਹਿੰਦੂਆਂ ’ਤੇ ਮੌਤ ਦਾ ਤਾਂਡਵ 22 ਅਕਤੂਬਰ 1947 ਤੋਂ ਸ਼ੁਰੂ ਹੋਇਆ, ਜਿਸ ਦਿਨ ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ’ਤੇ ਹਮਲਾ ਕੀਤਾ। ਉਸ ਸਮੇਂ ਅੱਜ ਦੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਹਿੰਦੂਆਂ ਤੇ ਸਿੱਖਾਂ ਦੀ ਵੱਡੀ ਆਬਾਦੀ ਰਹਿੰਦੀ ਸੀ ਅਤੇ ਉਹ ਸਾਰੇ ਸੁਖੀ ਤੇ ਰੱਜੇ-ਪੁੱਜੇ ਸਨ ਜਦਕਿ ਸਵੀਡਨ ਵੱਲੋਂ 2012 ’ਚ ਪ੍ਰਕਾਸ਼ਿਤ ਆਬਾਦੀ ਸਰਵੇਖਣ ’ਚ ਕਿਹਾ ਗਿਆ ਹੈ ‘ਇਸ ਇਲਾਕੇ ’ਚ ਹੁਣ ਹਿੰਦੂਆਂ ਅਤੇ ਸਿੱਖਾਂ ਦੀ ਆਬਾਦੀ ਦਾ ਕੋਈ ਅੰਕੜਾ ਨਹੀਂ ਮਿਲਿਆ ਹੈ। ਜਾਂ ਤਾਂ ਉਨ੍ਹਾਂ ਸਾਰਿਆਂ ਨੂੰ ਭਜਾ ਦਿੱਤਾ ਗਿਆ ਜਾਂ ਮਾਰ ਦਿੱਤਾ ਗਿਆ।’ ਇਸ ਤੋਂ ਇਹ ਅੰਦਾਜ਼ਾ ਲਾਇਆ ਹੈ ਕਿ 1947 ਦੇ ਪਾਕਿਸਤਾਨੀ ਹਮਲੇ ਦੇ ਬਾਅਦ ਉੱਥੇ ਰਹਿ ਰਹੇ 1,22,500 ਹਿੰਦੂ ਅਤੇ ਸਿੱਖ ਉਸ ਇਲਾਕੇ ਤੋਂ ਗਾਇਬ ਹੋ ਗਏ।
ਮਿਰਜ਼ਾ ਲਿਖਦੇ ਹਨ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਵੰਡ ਸਮੇਂ ਦੋਵਾਂ ਦੇਸ਼ਾਂ ਦੇ ਪੰਜਾਬ ਸੂਬਿਆਂ ’ਚ ਹੋ ਰਹੇ ਭਾਰੀ ਫਿਰਕੂ ਦੰਗਿਆਂ ਤੋਂ ਬਚਣ ਲਈ ਵੱਡੀ ਗਿਣਤੀ ’ਚ ਸਿੱਖਾਂ ਅਤੇ ਹਿੰਦੂਆਂ ਨੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਪਨਾਹ ਲਈ ਸੀ। ਇੱਥੋਂ ਦੇ ਭਿੰਬਰ ਸ਼ਹਿਰ ’ਚ ਘੱਟ ਤੋਂ ਘੱਟ 2000, ਮੀਰਪੁਰ ’ਚ 15,000, ਰਾਜੌਰੀ ’ਚ 5,000 ਅਤੇ ਕੋਟਲੀ ’ਚ ਅਣਗਿਣਤ ਹਿੰਦੂ ਅਤੇ ਸਿੱਖਾਂ ਨੇ ਪਨਾਹ ਲਈ ਸੀ।ਭਿੰਬਰ ਤਹਿਸੀਲ ’ਚ 35 ਫੀਸਦੀ ਆਬਾਦੀ ਹਿੰਦੂਆਂ ਦੀ ਸੀ ਪਰ 1947 ਦੇ ਪਾਕਿਸਤਾਨੀ ਹਮਲੇ ’ਚ ਇਕ ਵੀ ਨਹੀਂ ਬਚਿਆ। ਮਿਰਜ਼ਾ ਲਿਖਦੇ ਹਨ ਕਿ ਸਭ ਤੋਂ ਵੱਡਾ ਕਤਲੇਆਮ ਤਾਂ ਮੇਰੇ ਗ੍ਰਹਿਨਗਰ ਮੀਰਪੁਰ ’ਚ ਹੋਇਆ ਜਿੱਥੇ 25 ਹਜ਼ਾਰ ਹਿੰਦੂਆਂ ਅਤੇ ਸਿੱਖਾਂ ਨੂੰ ਇਕ ਥਾਂ ਇਕੱਠੇ ਕਰ ਕੇ ਮਾਰਿਆ-ਵੱਢਿਆ ਗਿਆ। ਉਨ੍ਹਾਂ ਦੀਆਂ ਨੂੰਹਾਂ-ਧੀਆਂ ਨੂੰ ਪਾਕਿਸਤਾਨੀ ਫੌਜ ਅਤੇ ਫਿਰਕੂ ਲਕਸ਼ਰੀਆਂ ਨੇ ‘ਅੱਲ੍ਹਾ ਹੂ ਅਕਬਰ’ ਦਾ ਨਾਅਰਾ ਲਾ ਕੇ ਆਪਣੀ ਵਹਿਸ਼ੀਆਨਾ ਹਵਸ ਦਾ ਸ਼ਿਕਾਰ ਬਣਾਇਆ। ਉਸ ਕਤਲੇਆਮ ਤੋਂ ਬਚ ਕੇ ਉਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰ ਜੋ ਕਿਸੇ ਤਰ੍ਹਾਂ ਜੰਮੂ ਪਹੁੰਚ ਗਏ, ਉਹ ਅੱਜ ਤੱਕ 25 ਨਵੰਬਰ ਨੂੰ ‘ਮੀਰਪੁਰ ਕਤਲੇਆਮ ਦਿਵਸ’ ਦੇ ਰੂਪ ’ਚ ਮਨਾਉਂਦੇ ਹਨ। ਇਸ ਮਨਹੂਸ ਦਿਨ 1947 ’ਚ ਪਾਕਿਸਤਾਨੀ ਫੌਜ ਅਤੇ ਲਸ਼ਕਰ ਨੇ ਮੀਰਪੁਰ ’ਚ ਥਾਂ-ਥਾਂ ਸਾੜਫੂਕ, ਲੁੱਟ ਅਤੇ ਕਤਲੇਆਮ ਕੀਤਾ ਸੀ ਅਤੇ ‘ਕਾਫਿਰਾਂ’ ਦੇ ਘਰਾਂ ਅਤੇ ਦੁਕਾਨਾਂ ਨੂੰ ਸਾੜ ਦਿੱਤਾ ਸੀ।
ਮਿਰਜ਼ਾ ਦੱਸਦੇ ਹਨ ਕਿ ਚੰਗੀ ਕਿਸਮਤ ਨਾਲ ਇਸ ਮਨਹੂਸ ਦਿਨ ਤੋਂ ਸਿਰਫ 2 ਦਿਨ ਪਹਿਲਾਂ ਹੀ 2500 ਹਿੰਦੂ ਤੇ ਸਿੱਖ ਜੰਮੂ-ਕਸ਼ਮੀਰ ਦੀ ਫੌਜ ਦੀ ਰਖਵਾਲੀ ’ਚ ਜੰਮੂ ਤੱਕ ਸੁਰੱਖਿਅਤ ਪਹੁੰਚਣ ’ਚ ਕਾਮਯਾਬ ਹੋ ਗਏ ਸਨ। ਜੋ ਪਿੱਛੇ ਰਹੇ ਗਏ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਅਲੀ ਬੇਗ ਇਲਾਕੇ ’ਚ ਇਹ ਕਹਿ ਕੇ ਲੈ ਗਈ ਕਿ ਉੱਥੇ ਇਕ ਗੁਰਦੁਆਰੇ ’ਚ ਪਨਾਹਗੀਰਾਂ ਲਈ ਕੈਂਪ ਲਾਇਆ ਗਿਆ ਹੈ ਪਰ ਜਿਸ ਪੈਦਲ ਮਾਰਚ ਨੂੰ ਹਿੰਦੂਆਂ ਅਤੇ ਸਿੱਖਾਂ ਨੇ ਇਸ ਆਸ ਨਾਲ ਸ਼ੁਰੂ ਕੀਤਾ ਕਿ ਹੁਣ ਉਨ੍ਹਾਂ ਦੀ ਜਾਨ ਬਚ ਜਾਵੇਗੀ ਉਹ ਮੌਤ ਦਾ ਖੂਹ ਸਿੱਧ ਹੋਇਆ। ਇਸ ਪੈਦਲ ਮਾਰਚ ਦੇ ਰਸਤੇ ’ਚ ਹੀ 10 ,000 ਹਿੰਦੂਆਂ ਅਤੇ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ। ਇਨ੍ਹਾਂ ਦੀਆਂ 5,000 ਨੂੰਹਾਂ-ਧੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਰਾਵਲਪਿੰਡੀ, ਜੇਹਲਮ ਅਤੇ ਪੇਸ਼ਾਵਰ ਦੇ ਬਾਜ਼ਾਰਾਂ ’ਚ ਵੇਚ ਦਿੱਤਾ ਗਿਆ। ਇਸ ਤਰ੍ਹਾਂ ਕੁਲ 5 ਹਜ਼ਾਰ ਹਿੰਦੂ ਅਤੇ ਸਿੱਖ ਹੀ ਅਲੀ ਬੇਗ ਤੱਕ ਪਹੁੰਚ ਸਕੇ ਜਿੱਥੇ ਪਹੁੰਚ ਕੇ ਉਹ ਵੀ ਸੁਰੱਖਿਅਤ ਨਹੀਂ ਰਹੇ ਅਤੇ ਉਨ੍ਹਾਂ ਦੇ ਪਹਿਰੇਦਾਰਾਂ ਨੇ ਹੀ ਉਨ੍ਹਾਂ ਦਾ ਕਤਲ ਕਰਨਾ ਜਾਰੀ ਰੱਖਿਆ। ਇਸ ਤਰ੍ਹਾਂ ਮੀਰਪੁਰ ਦੇ 25,000 ਹਿੰਦੂਆਂ ਅਤੇ ਸਿੱਖਾਂ ’ਚ ਸਿਰਫ 1600 ਬਚੇ ਜਿਨ੍ਹਾਂ ਨੂੰ ‘ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕ੍ਰਾਸ’ ਵਾਲੇ ਸੁਰੱਖਿਅਤ ਰਾਵਲਪਿੰਡੀ ਲੈ ਗਏ ਜਿੱਥੋਂ ਫਿਰ ਉਨ੍ਹਾਂ ਨੂੰ ਜੰਮੂ ਭੇਜ ਦਿੱਤਾ ਗਿਆ।
ਮਿਰਜ਼ਾ ਦੱਸਦੇ ਹਨ ਕਿ 1951 ’ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਸਿਰਫ 790 ਗੈਰ-ਮੁਸਲਮਾਨ ਬਚੇ ਸਨ ਪਰ ਅੱਜ ਇਕ ਵੀ ਨਹੀਂ ਹੈ। ਮੀਰਪੁਰ ਦੇ ਇਸ ਕਤਲੇਆਮ ਤੋਂ ਡਰੀਆਂ ਬਹੁਤ ਸਾਰੀਆਂ ਔਰਤਾਂ ਅਤੇ ਆਦਮੀਆਂ ਨੇ ਤਾਂ ਪਹਾੜ ਤੋਂ ਛਾਲ ਮਾਰ ਕੇ ਜਾਂ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਸੀ। ਹਿੰਦੂਆਂ ਅਤੇ ਸਿੱਖਾਂ ਦਾ ਅਜਿਹਾ ਹੀ ਕਤਲੇਆਮ ਰਾਜੌਰੀ, ਬਾਰਾਮੂਲਾ ਤੇ ਮੁਜ਼ੱਫਰਾਬਾਦ ’ਚ ਵੀ ਹੋਇਆ।ਜਿੱਥੇ ਇਹ ਰਿਪੋਰਟ ਹਰ ਹਿੰਦੂ ਦਾ ਹੀ ਨਹੀਂ ਸਗੋਂ ਹਰ ਇਨਸਾਨ ਦਾ ਦਿਲ ਕੰਬਾ ਦਿੰਦੀ ਹੈ ਓਧਰ ਇਹ ਗੱਲ ਵੀ ਮਹੱਤਵਪੂਰਨ ਹੈ ਕਿ ਅਮਜਦ ਅਯੂਬ ਮਿਰਜ਼ਾ ਵਰਗੇ ਮੁਸਲਮਾਨ ਵੀ ਹਨ ਜੋ ਆਪਣੇ ਧਰਮ ਦੇ ਕੱਟੜਵਾਦੀਆਂ ਦੀਆਂ ਧਮਕੀਆਂ ਦੇ ਬਾਵਜੂਦ ਇਕ ਚੰਗੇ ਇਨਸਾਨ ਵਾਂਗ ਸੱਚ ਨੂੰ ਸੱਚ ਕਹਿਣ ਤੋਂ ਨਹੀਂ ਡਰਦੇ। ਅਜਿਹੇ ਮੁਸਲਮਾਨ ਭਾਰਤ ’ਚ ਬੜੀ ਵੱਡੀ ਗਿਣਤੀ ’ਚ ਹਨ ਅਤੇ ਪਾਕਿਸਤਾਨ ’ਚ ਵੀ ਇਨ੍ਹਾਂ ਦੀ ਗਿਣਤੀ ਘੱਟ ਨਹੀਂ। ਦਿੱਕਤ ਇਸ ਗੱਲ ਦੀ ਹੈ ਕਿ ਇਸਲਾਮ ਧਰਮ ਅਤੇ ਉਸ ਨੂੰ ਦੱਸਣ ਵਾਲੇ ਕੱਟੜਪੰਥੀ ਮੁੱਲਾ ਇਨ੍ਹਾਂ ਗੱਲਾਂ ਨੂੰ ਕਦੀ ਅਹਿਮੀਅਤ ਨਹੀਂ ਦਿੰਦੇ ਸਗੋਂ ਲਗਾਤਾਰ ਜ਼ਹਿਰ ਘੋਲਦੇ ਰਹਿੰਦੇ ਹਨ ਜਿਸ ਨਾਲ ਕਦੀ ਭਾਈਚਾਰਕ ਸਾਂਝ ਸਥਾਪਿਤ ਹੋ ਹੀ ਨਹੀਂ ਸਕਦੀ।
ਲੋੜ ਇਸ ਗੱਲ ਦੀ ਸੀ ਕਿ ਜਜ਼ਬਾਤੀ ਅਤੇ ਸਮਝਦਾਰ ਮੁਸਲਮਾਨ ਇਨ੍ਹਾਂ ਮੁੱਲਿਆਂ ਦੀ ਵਿਰੋਧਤਾ ਕਰਨ ਦੀ ਹਿੰਮਤ ਦਿਖਾਉਂਦੇ ਹਨ। ਇਸ ਲਈ ਇਹ ਜ਼ਿੰਮੇਵਾਰੀ ਮੁਸਲਿਮ ਸਮਾਜ ਦੇ ਪੜ੍ਹੇ-ਲਿਖੇ ਅਤੇ ਪ੍ਰਗਤੀਸ਼ੀਲ ਵਰਗ ਦੀ ਹੈ ਕਿ ਉਹ ਆਪਣੇ ਸੁਰੱਖਿਅਤ ਘਰਾਂ ’ਚੋਂ ਬਾਹਰ ਨਿਕਲਣ ਅਤੇ ਭਾਰਤ ’ਚ ਇੰਡੋਨੇਸ਼ੀਆ, ਮਲੇਸ਼ੀਆ ਅਤੇ ਤੁਰਕੀ ਵਰਗੇ ਪ੍ਰਗਤੀਸ਼ੀਲ ਮੁਸਲਿਮ ਸਮਾਜ ਦੀ ਸਥਾਪਨਾ ਕਰਨ ਜਿਸ ਨਾਲ ਹਰ ਹਿੰਦੁਸਤਾਨੀ ਅਮਨ ਅਤੇ ਚੈਨ ਨਾਲ ਜੀਅ ਸਕੇ। ਤਦ ਹੀ ਭਾਰਤ ’ਚ ਸ਼ਾਂਤੀ ਸਥਾਪਿਤ ਹੋ ਸਕੇਗੀ। ਇਸੇ ’ਚ ਸਾਰਿਆਂ ਦਾ ਹਿੱਤ ਹੈ।
ਵਿਨੀਤ ਨਾਰਾਇਣ