ਕੀ ਹਿੰਸਾ ਦੇ ਰਾਹ ’ਤੇ ਚੱਲਣ ਦੀ ਨੀਂਹ ਬਚਪਨ ’ਚ ਹੀ ਰੱਖ ਦਿੱਤੀ ਜਾਂਦੀ ਹੈ

Saturday, Nov 24, 2018 - 07:16 AM (IST)

ਜਦੋਂ ਆਪਣੇ ਆਸਪਾਸ ਕਿਸੇ ਮਾਮੂਲੀ ਜਿਹੀ ਗੱਲ ਨੂੰ ਵਧਾ-ਚੜ੍ਹਾਅ ਕੇ ਪੇਸ਼ ਕੀਤਾ ਜਾਵੇ, ਛੋਟੀ ਜਿਹੀ ਘਟਨਾ ਸਮੂਹਿਕ ਹਿੰਸਾ ਦਾ ਰੂਪ ਲੈ ਲਵੇ ਜਾਂ ਕਿਸੇ ਵਿਅਕਤੀ ਦਾ ਸਲੂਕ ਅਚਾਨਕ ਅਣਮਨੁੱਖਤਾ ਦੀ ਹੱਦ ਪਾਰ ਕਰ ਜਾਵੇ ਤਾਂ ਸੋਚਣਾ ਜ਼ਰੂਰੀ ਹੋ ਜਾਂਦਾ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਕਿਉਂ ਅਸੀਂ ਇਕਦਮ ਇੰਨੇ ਭੜਕ ਉੱਠਦੇ ਹਾਂ ਕਿ ਗੁੱਸੇ ’ਚ ਆ ਕੇ ਕਿਸੇ ਦੀ ਜਾਨ ਤਕ ਲੈਣ ਲਈ ਤਿਆਰ ਹੋ ਜਾਂਦੇ ਹਾਂ? ਭਾਵਨਾਵਾਂ ਨੂੰ ਠੇਸ ਲੱਗਣ ਦੇ ਨਾਂ ’ਤੇ ਸਾੜ-ਫੂਕ, ਭੰਨ-ਤੋੜ ’ਤੇ ਉਤਰ ਆਉਂਦੇ ਹਾਂ, ਜਿਸ ਨਾਲ ਸਮਾਜ ’ਚ ਹਫੜਾ-ਦਫੜੀ ਤੇ ਅਸੁਰੱਖਿਆ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ। 
ਜਨਮ ਤੋਂ ਤਾਂ ਕੋਈ ਅਪਰਾਧੀ ਹੁੰਦਾ ਨਹੀਂ, ਕੀ ਫਿਰ ਗਾਲ੍ਹੀ-ਗਲੋਚ, ਮਾਰ-ਕੁਟਾਈ, ਚੋਰੀ, ਡਕੈਤੀ ਤੇ ਅਪਰਾਧਿਕ ਮਨੋਬਿਰਤੀ ਦੀ ਨੀਂਹ ਬਚਪਨ ਜਾਂ ਜਵਾਨੀ ’ਚ ਹੀ ਰੱਖ ਹੋ ਜਾਂਦੀ ਹੈ? ਜੇ ਸਹੀ ਮਾਰਗਦਰਸ਼ਨ ਨਾ ਮਿਲੇ ਤਾਂ ਘਿਨਾਉਣੇ ਅਪਰਾਧ ਕਰਨ ਤੋਂ ਵੀ ਝਿਜਕ ਨਹੀਂ ਹੁੰਦੀ। 
ਇਕ ਮਿਸਾਲ ਹੈ, ਕੁਝ ਸਾਲ ਪਹਿਲਾਂ ਇਕ ਦਸਤਾਵੇਜੀ ਫਿਲਮ ਬਣਾਉਣ ਲਈ ਅਸੀਂ ਪੁਰਾਣੀ ਦਿੱਲੀ ’ਚ ਘੁਮ ਰਹੇ ਸੀ ਕਿ ਇਕ ਘਰ ’ਚੋਂ ਜ਼ੋਰ-ਜ਼ੋਰ ਨਾਲ ਆਵਾਜ਼ਾਂ ਆ ਰਹੀਅਾਂ ਸਨ ਅਤੇ ਇਕ ਗੁਅਾਂਢੀ ਦੂਜੇ ਨੂੰ ਕਹਿ ਰਿਹਾ ਸੀ ਕਿ ਜੇ ਉਸ ਨੇ ਆਪਣੇ ਬੱਚਿਅਾਂ, ਖਾਸ ਕਰਕੇ ਕੁੜੀ ਨੂੰ ਪੜ੍ਹਨ ਲਈ ਨਾ ਭੇਜਿਆ ਅਤੇ ਮਜ਼ਦੂਰੀ ਕਰਨ ਜਾਂ ਘਰ ’ਚ ਰਹਿਣ ਲਈ ਮਜਬੂਰ ਕੀਤਾ ਤਾਂ ਉਹ ਉਸ ਦੀ ਜਾਨ ਲੈ ਲਵੇਗਾ।
 ਇਹ ਜਾਣਨ ਦੀ ਜਗਿਆਸਾ ਹੋਈ ਕਿ ਕੋਈ ਦੂਜੇ ਦੇ ਘਰ ’ਚ ਦਖਲਅੰਦਾਜ਼ੀ ਕਿਉਂ ਕਰ ਰਿਹਾ ਹੈ ਤਾਂ ਪਤਾ ਲੱਗਾ ਕਿ ਉਹ ਬਚਪਨ ’ਚ ਸਕੂਲ ਜਾਣ ਦੇ ਨਾਂ ’ਤੇ ਆਵਾਰਾਗਰਦੀ ਕਰਦਾ ਸੀ, ਜੋ ਉਸ ਨੂੰ ਅਪਰਾਧ ਕਰਨ ਵੱਲ ਲੈ ਗਈ ਤੇ ਉਸ ਦੀ ਪੂਰੀ ਜ਼ਿੰਦਗੀ ਜੇਲ ਤੇ ਅਦਾਲਤ ਦੇ ਗੇੜੇ ਲਾਉਣ ’ਚ ਲੰਘ ਗਈ।
ਇਸੇ ਤਰ੍ਹਾਂ ਇਕ ਬਾਲ ਸੰਸਥਾ ’ਚ ਇਕ ਅਜਿਹਾ ਬੱਚਾ ਮਿਲਿਆ, ਜੋ ਕਸ਼ਮੀਰ ’ਚ ਪੱਥਰਬਾਜ਼ੀ ਕਰਦਾ ਸੀ ਤੇ ਇਥੇ ਉਸ ਨੂੰ ਸੁਧਾਰਨ ਲਈ ਲਿਅਾਂਦਾ ਗਿਆ ਸੀ। ਉਹ ਮੰਨਦਾ ਸੀ ਕਿ ਹਿੰਦੂ ਤੇ ਮੁਸਲਮਾਨ ਕਦੇ ਵੀ ਇਕ ਹੋ ਕੇ ਨਹੀਂ ਰਹਿ ਸਕਦੇ, ਹਿੰਦੂ ਤੇ ਫੌਜੀ ਉਸ ਦੇ ਦੁਸ਼ਮਣ ਹਨ ਤੇ ਉਨ੍ਹਾਂ ਤੋਂ ਸਿਰਫ ਨਫਰਤ ਕਰਨੀ ਚਾਹੀਦੀ ਹੈ। ਅਜਿਹਾ ਇਸ ਲਈ ਸੀ ਕਿਉਂਕਿ ਉਸ ਨੂੰ ਬਚਪਨ ਤੋਂ ਹੀ ਇਹ ਸਭ ਪਰਿਵਾਰ ’ਚ ਦੱਸਿਆ-ਸਿਖਾਇਆ ਜਾ ਰਿਹਾ ਸੀ। 
ਦੂਰ ਕਿਉਂ ਜਾਈਏ, ਇਕ ਛੋਟੀ ਜਿਹੀ ਲੜਕੀ ਫੂਲਨ ਦੇਵੀ ਵੱਡੀ ਹੁੰਦੇ-ਹੁੰਦੇ ਕਿਵੇਂ ਇਕ ਖਤਰਨਾਕ ਡਾਕੂ ਬਣ ਗਈ, ਇਹ ਕਿਸੇ ਤੋਂ ਲੁਕਿਆ ਨਹੀਂ। ਉਹ ਆਪਣੇ ਨਾਲ ਹੋਈ ਵਧੀਕੀ ਅਤੇ ਅੱਤਿਆਚਾਰ ਸਹਿਣ ਨਾ ਕਰ ਸਕਣ ਤੇ ਉਸ ਦਾ ਬਦਲਾ ਲੈਣ ਲਈ ਹੀ ਅਜਿਹੇ ਕੰਮ ਕਰਨ ਲੱਗ ਪਈ, ਜੋ ਅਪਰਾਧ ਦੀ ਸ਼੍ਰੇਣੀ ’ਚ ਆਉਂਦੇ ਹਨ। ਤਾਂ ਕੀ ਇਹ ਸਮਝਿਆ ਜਾਵੇ ਕਿ ਅਪਰਾਧ ਜਾਂ ਹਿੰਸਾ ਦੇ ਰਾਹ ’ਤੇ ਚੱਲਣ ਦੀ ਸਿੱਖਿਆ ਬਚਪਨ ਤੇ ਜਵਾਨੀ ’ਚ ਹੀ ਮਿਲ ਜਾਂਦੀ ਹੈ? 
ਦੋਸ਼ੀ ਕੌਣ ਹੈ? 
ਹੁਣ ਅਸੀਂ ਉਸ ਪਰਿਵਾਰਕ ਹਿੰਸਾ ਦੀ ਗੱਲ ਕਰਦੇ ਹਾਂ, ਜਿਸ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਉਹ ਸਮਾਜਿਕ ਹਿੰਸਾ ’ਚ ਬਦਲ ਜਾਂਦੀ ਹੈ ਅਤੇ ਇਕ ਅਜਿਹੀ ਸਮੱਸਿਆ ਬਣ ਜਾਂਦੀ ਹੈ ਕਿ ਕਾਨੂੰਨ ਵੀ ਪਨਾਹ ਮੰਗਣ ਲੱਗਦਾ ਹੈ। ਪਰਿਵਾਰ ’ਚ ਜਦੋਂ ਕੋਈ ਇਕ ਵਿਅਕਤੀ, ਜੋ ਅਕਸਰ ਘਰ ਦਾ ਮੁਖੀਆ ਹੁੰਦਾ ਹੈ, ਸਾਰੇ ਮੈਂਬਰਾਂ ਦਾ ਸਰਪ੍ਰਸਤ ਜਾਂ ਸਹਿਯੋਗੀ ਬਣਨ ਦੀ ਬਜਾਏ ਉਨ੍ਹਾਂ ਨਾਲ ਹਿੰਸਕ ਢੰਗ ਨਾਲ ਪੇਸ਼ ਆਉਂਦਾ ਹੈ ਅਤੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਵਲੋਂ ਕਿਸੇ ਕਾਰਨ ਆਪਣੇ ਹੀ ਘਰਵਾਲਿਅਾਂ ਦਾ ਅਪਮਾਨ ਕੀਤੇ ਜਾਣ ’ਤੇ ਚੁੱਪ ਰਹਿੰਦਾ ਹੈ, ਕਦੇ-ਕਦੇ ਉਨ੍ਹਾਂ ਦਾ ਸਾਥ ਵੀ ਦਿੰਦਾ ਹੈ ਤਾਂ ਸੋਚੋ, ਉਸ ਪਰਿਵਾਰ ਦੇ ਮੈਂਬਰਾਂ ’ਤੇ ਕੀ ਮਾਨਸਿਕ ਅਸਰ ਪੈਂਦਾ ਹੋਵੇਗਾ? 
ਪਰਿਵਾਰ ’ਚ ਹੋਣ ਵਾਲੇ ਹਿੰਸਕ ਵਰਤਾਓ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ। ਇਸ ਦੀ ਨਾ ਕੋਈ ਸੁਣਵਾਈ ਹੁੰਦੀ ਹੈ ਤੇ ਨਾ ਹੀ ਕੋਈ ਦਲੀਲ ਕੰਮ ਆਉਂਦੀ ਹੈ। ਹੁੰਦਾ ਇਹ ਹੈ ਕਿ ਉਮਰ ਵਧਣ ਦੇ ਨਾਲ-ਨਾਲ ਸਹਿਣਸ਼ੀਲਤਾ ਗਾਇਬ ਹੁੰਦੀ ਜਾਂਦੀ ਹੈ। ਜੇ ਕਿਤੇ ਗਲਤ ਸੰਗਤ ਮਿਲ ਜਾਵੇ ਤਾਂ ਉਸ ਨੂੰ ਸਮਾਜਿਕ ਸਮੱਸਿਆ ਬਣਨ ’ਚ ਦੇਰ ਨਹੀਂ ਲੱਗਦੀ। ਪਰਿਵਾਰਕ ਹਿੰਸਾ ਕਦੋਂ ਸਮਾਜਿਕ ਜਾਂ ਸਮੂਹਿਕ ਹਿੰਸਾ ’ਚ ਬਦਲ ਜਾਂਦੀ ਹੈ, ਇਸ ਦਾ ਪਤਾ ਹੀ ਨਹੀਂ ਲੱਗਦਾ ਅਤੇ ਜੋ ਫਿਰ ਸਾਹਮਣੇ ਆਉਂਦਾ ਹੈ, ਉਹ ਤਬਾਹੀ ਦਾ ਦ੍ਰਿਸ਼ ਹੁੰਦਾ ਹੈ। 
ਅਕਸਰ ਉਲਟ ਅਵਸਥਾ ’ਚ ਪਲੇ-ਵਧੇ ਦੋ ਵਿਅਕਤੀ ਜਦੋਂ ਨੌਕਰੀ ਜਾਂ ਕਾਰੋਬਾਰੀ ’ਚ ਇਕੱਠੇ ਕੰਮ ਕਰਦੇ ਹਨ, ਤਾਂ ਉਨ੍ਹਾਂ ਦੀ ਸੋਚ, ਪਸੰਦ ’ਚ ਵੀ ਫਰਕ ਦੇਖਣ ਨੂੰ ਮਿਲਦਾ ਹੈ। ਕਦੇ-ਕਦੇ ਤਾਂ ਇਹ ਫਰਕ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਹ ਇਕ-ਦੂਜੇ ਨੂੰ ਨਫਰਤ ਤਕ ਕਰਨ ਲੱਗ ਪੈਂਦੇ ਹਨ ਤੇ ਉਹ ਵੀ ਬੇਵਜ੍ਹਾ, ਜੋ ਵਧਦੇ-ਵਧਦੇ ਬਾਅਦ ’ਚ ਇਕ ਵੱਡੀ ਸਮੱਸਿਆ ਬਣ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਉਨ੍ਹਾਂ ਦੇ ਕਾਰੋਬਾਰ ’ਤੇ ਪੈਂਦਾ ਹੈ। 
ਤਣਾਅ ਨਾਲ ਤਬਾਹੀ
ਅਕਸਰ ਦੇਖਣ ’ਚ ਆਉਂਦਾ ਹੈ ਕਿ ਤਣਾਅ ਕਾਰਨ ਸਹੀ ਫੈਸਲੇ ਨਹੀਂ ਲਏ ਜਾਂਦੇ। ਇਹ ਪਰਿਵਾਰ ’ਚ ਹੀ ਨਹੀਂ, ਸਗੋਂ ਪ੍ਰਸ਼ਾਸਨ ਤੋਂ ਲੈ ਕੇ ਸਰਕਾਰ ਤਕ ਦੇ ਫੈਸਲਿਅਾਂ ’ਚ ਦੇਖਣ ਨੂੰ ਮਿਲਦਾ ਹੈ। ਜਦੋਂ ਪ੍ਰਸ਼ਾਸਨ ’ਤੇ ਸਿਆਸੀ ਦਬਾਅ ਹੁੰਦਾ ਹੈ ਤੇ ਉਸ ਦੇ ਸਾਹਮਣੇ ਦਬਾਅ ਨੂੰ ਝੱਲਦਿਅਾਂ ਜਨ-ਹਿਤੈਸ਼ੀ ਨੀਤੀਅਾਂ ਲਾਗੂ ਕਰਨ ਦੀ ਚੁਣੌਤੀ ਹੁੰਦੀ ਹੈ ਅਤੇ ਆਦਮੀ ਦੀ ਜੇਕਰ ਮੱਤ ਮਾਰੀ ਜਾਵੇ ਤਾਂ ਅਜਿਹੇ-ਅਜਿਹੇ ਨਿਯਮ ਬਣਾ ਦਿੱਤੇ ਜਾਂਦੇ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਸੰਭਵ ਹੀ ਨਹੀਂ ਹੁੰਦਾ।
ਇਸੇ ਤਰ੍ਹਾਂ ਜਦੋਂ ਸਰਕਾਰ ਦਾ ਕਰਤਾ-ਧਰਤੀ, ਭਾਵ ਮੰਤਰੀ ਤੇ ਪ੍ਰਧਾਨ ਮੰਤਰੀ ਵੱਖ-ਵੱਖ ਦਬਾਵਾਂ ’ਚ ਹੁੰਦੇ ਹਨ ਤਾਂ ਜਲਦਬਾਜ਼ੀ ’ਚ ਨੋਟਬੰਦੀ ਵਰਗਾ ਫੈਸਲਾ ਲੈ ਲਿਆ ਜਾਂਦਾ ਹੈ ਤੇ ਜੀ. ਐੱਸ. ਟੀ. ਵਰਗੇ ਚੰਗੇ ਕਦਮ ਵੀ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੇ ਹਨ। 
ਇਹ ਛਾਣਬੀਣ ਕਰਨਾ ਬਹੁਤ ਦਿਲਚਸਪ ਹੋਵੇਗਾ ਕਿ ਜੋ ਨੇਤਾ ਅਜਿਹੇ ਫੈਸਲੇ ਲੈਂਦੇ ਹਨ, ਗੈਰ-ਅਮਲੀ ਨੀਤੀਅਾਂ ਅਤੇ ਕਾਨੂੰਨ ਬਣਾਉਣ ਦੀ ਪਹਿਲ ਕਰਦੇ ਹਨ, ਕਿਤੇ ਉਨ੍ਹਾਂ ਦਾ ਬਚਪਨ ਅਤੇ ਜਵਾਨੀ ਤਣਾਅ ਭਰੇ ਪਰਿਵਾਰਕ ਤੇ ਸਮਾਜਿਕ ਮਾਹੌਲ ’ਚ ਤਾਂ ਨਹੀਂ ਬੀਤੀ? ਜੋ ਲੋਕ ਭਾਰਤ ਦੀ ਵੰਡ ਦੇ ਸਮੇਂ ਹੋਏ ਦੰਗਿਅਾਂ ਦੇ ਗਵਾਹ ਰਹੇ ਹਨ ਤੇ ਬਾਅਦ ’ਚ ਜਿਨ੍ਹਾਂ ਨੇ ’84 ਦੇ ਦੰਗੇ ਵੀ ਦੇਖੇ ਹਨ, ਉਨ੍ਹਾਂ ਦੀ ਸੋਚ ਉਨ੍ਹਾਂ ਲੋਕਾਂ ਨਾਲੋਂ ਵੱਖਰੀ ਹੋਵੇਗੀ, ਜਿਨ੍ਹਾਂ ਨੇ ਅਜਿਹੇ ਫਿਰਕੂ ਜਨੂੰਨ ਦੀ ਭਿਆਨਕਤਾ ਨਾ ਝੱਲੀ ਹੋਵੇ। 
ਘਰ ਦੇ ਕਿਸੇ ਮੈਂਬਰ ਜਾਂ ਜਾਣ-ਪਛਾਣ ਵਾਲੇ ਨਾਲ ਮਾਰਕੁਟਾਈ ਜਾਂ ਉਸ ਦੀ ਹੱਤਿਆ ਤਕ ਦਾ ਚਸ਼ਮਦੀਦ ਹੋਣਾ ਉਸ ਵਿਅਕਤੀ ਦੀ ਮਨੋਦਸ਼ਾ ਬਦਲ ਸਕਦਾ ਹੈ। ਜਾਂ ਤਾਂ ਉਹ ਇੰਨਾ ਸਹਿਮ ਜਾਵੇਗਾ ਅਤੇ ਡਰ ਜਾਵੇਗਾ ਕਿ ਉਮਰ ਭਰ ਉਸ ਘਟਨਾ ਦੀ ਕਲਪਨਾ ਕਰਦਿਅਾਂ ਭੜਕ ਉੱਠੇਗਾ ਅਤੇ ਹਮੇਸ਼ਾ ਮਰਨ-ਮਾਰਨ ਦੀਅਾਂ ਗੱਲਾਂ ਕਰੇਗਾ। 
ਹਮਲਾਵਰਤਾ ਵਿਰੋਧੀ ਕਾਨੂੰਨ
ਇਸੇ ਕਾਰਨ ਕਈ ਦੇਸ਼ਾਂ ’ਚ ਹਮਲਾਵਰਤਾ ਵਿਰੋਧੀ ਕਾਨੂੰਨ ਵੀ ਬਣਾ ਦਿੱਤੇ ਗਏ ਹਨ ਤੇ ਜੇ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਸਜ਼ਾ ਵੀ ਮਿਲਦੀ ਹੈ। ਜਿਸ ਤਰ੍ਹਾਂ ਦੇ ਹਾਲਾਤ ਸਾਡੇ ਇਥੇ ਹਨ ਅਤੇ ਕੋਈ ਵੀ ਜ਼ਰਾ ਜਿੰਨੀ ਗੱਲ ’ਤੇ ਭੜਕ ਉੱਠਦਾ ਹੈ, ਉਸ ਨਾਲ ਨਜਿੱਠਣ ਲਈ ਵੀ ਕਾਨੂੰਨ ਬਣਾਉਣ ਦੀ ਲੋੜ ਹੈ, ਤਾਂ ਕਿ ਸਜ਼ਾ ਦੇ ਡਰੋਂ ਕੋਈ ਵੀ ਸਮਾਜ ਵਿਰੋਧੀ ਕੰਮ ਨਾ ਕਰੇ। 
ਅਕਸਰ ਦੇਖਿਆ ਗਿਆ ਹੈ ਕਿ ਸ਼ਾਂਤ ਰਹਿਣ ਵਾਲਾ ਸਮਾਜ ਆਮ ਤੌਰ ’ਤੇ ਉਦੋਂ ਹੀ ਝਗੜਾਲੂ ਬਣਦਾ ਹੈ ਅਤੇ ਹਿੰਸਾ ਦਾ ਰਾਹ ਅਪਣਾਉਂਦਾ ਹੈ, ਜਦੋਂ ਉਸ ਨਾਲ ਕਿਸੇ  ਵੀ ਪੱਧਰ ’ਤੇ ਵਿਤਕਰਾ ਕੀਤਾ ਜਾਂਦਾ ਹੈ। 
ਜਿਸ ਤਰ੍ਹਾਂ ਪਰਿਵਾਰ ’ਚ ਪਾਲਣ-ਪੋਸ਼ਣ ਤੋਂ ਲੈ ਕੇ ਵਿਆਹ ਤਕ ’ਚ ਜ਼ੋਰ-ਜ਼ਬਰਦਸਤੀ ਅਤੇ ਵਿਤਕਰਾ ਹੋਣ ਦਾ ਨਤੀਜਾ ਨਾਂਹਪੱਖੀ ਹੁੰਦਾ ਹੈ, ਉਸੇ ਤਰ੍ਹਾਂ ਸਰਕਾਰ ਦਾ ਨਾਗਿਰਕਾਂ ਨਾਲ ਨਾਜਾਇਜ਼ ਰਵੱਈਆ ਤੇ ਵਿਤਕਰਾ ਕਰਨ ਦਾ ਨਤੀਜਾ ਹਮੇਸ਼ਾ ਬਗਾਵਤ ਅਤੇ ਅਰਾਜਕਤਾ ਦੇ ਰੂਪ ’ਚ ਸਾਹਮਣੇ ਆਉਂਦਾ ਹੈ। 
ਸਾਡੇ ਨੇਤਾ ਚਾਹੇ ਕਿਸੇ ਵੀ ਪਾਰਟੀ ਦੇ ਹੋਣ, ਇਹ ਜ਼ਰਾ ਜਿੰਨੀ ਗੱਲ ਸਮਝ ਲੈਣ ਤਾਂ ਕਈ ਵਿਵਾਦਾਂ ਦਾ ਹੱਲ ਬਿਨਾਂ ਕਿਸੇ ਨੁਕਸਾਨ ਦੇ ਨਿਕਲ ਸਕਦਾ ਹੈ–ਇਹ ਚਾਹੇ ਰਾਮ ਜਨਮ ਭੂਮੀ ਵਿਵਾਦ ਹੀ ਕਿਉਂ ਨਾ ਹੋਵੇ। 
ਜੇ ਥੋੜ੍ਹੀ ਜਿਹੀ ਸਮਝਦਾਰੀ ਤੋਂ ਕੰਮ ਲਿਆ ਜਾਂਦਾ ਤਾਂ ਬਾਬਰੀ ਮਸਜਿਦ ਨੂੰ ਡੇਗਣ ਤੋਂ ਬਚਿਆ ਜਾ ਸਕਦਾ ਸੀ ਤੇ ਹੁਣ ਤਕ ਸ਼ਾਂਤਮਈ ਢੰਗ ਨਾਲ ਅਯੁੱਧਿਆ ’ਚ ਮੰਦਰ ਬਣਾਉਣ ਦਾ ਰਾਹ ਵੀ ਪੱਧਰਾ ਹੋ ਗਿਆ ਹੁੰਦਾ। ਸਿੱਟੇ ਦੇ ਤੌਰ ’ਤੇ ਕਹਿ ਸਕਦੇ ਹਾਂ ਕਿ ਜਦੋਂ ਮਨ ’ਚ ਖਦਸ਼ਾ ਹੋਵੇ ਅਤੇ ਕੋਈ ਰਾਹ ਤੁਰੰਤ ਨਾ ਸੁੱਝੇ ਤਾਂ ਅਜਿਹੀ ਸਥਿਤੀ ’ਚ ਉਸ ਮਾਮਲੇ ’ਤੇ ਤੁਰੰਤ ਪ੍ਰਤੀਕਿਰਿਆ ਕਰਨ ਅਤੇ ਕਾਰਵਾਈ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਜਾਵੇ। 
ਇਸ ਨਾਲ ਸਦਭਾਵਨਾ ਬਣੀ ਰਹੇਗੀ ਅਤੇ ਕੁੜੱਤਣ ਤੋਂ ਬਚਿਆ ਜਾ ਸਕੇਗਾ। ਇਸੇ ਤਰ੍ਹਾਂ ਪਰਿਵਾਰ ’ਚ ਮੁਖੀ ਆਪਣੇ ਹਊਮੈ ਅਤੇ ਰੁੱਖੇ ਰਵੱਈਏ ਨੂੰ ਛੱਡ ਦੇਵੇ ਤਾਂ ਇਸ ਦਾ ਪੂਰੇ ਪਰਿਵਾਰ ਦੇ ਮੈਂਬਰਾਂ’ਤੇ ਹਾਂਪੱਖੀ ਅਸਰ ਪਵੇਗਾ ਤੇ ਉਹ ਜ਼ਿੰਦਗੀ ’ਚ ਕਦੇ ਵੀ ਹੀਣ ਭਾਵਨਾ ਤੇ ਹਮਲਾਵਰਤਾ ਦਾ ਸ਼ਿਕਾਰ ਨਹੀਂ ਬਣਨਗੇ। 
  


Related News