ਨਵੇਂ ਵਰ੍ਹੇ ਦਾ ਉਤਸ਼ਾਹ
Tuesday, Jan 01, 2019 - 07:08 AM (IST)

ਜਿਵੇਂ ਹੀ ਨਵੇਂ ਸਾਲ ਦਾ ਸੂਰਜ ਚੜ੍ਹਿਆ, ਮੈਨੂੰ ਯਕੀਨ ਸੀ ਕਿ ਬਹੁਤ ਸਮੇਂ ਤਕ ਪਾਰਟੀ, ਮੌਜ-ਮਸਤੀ ਅਤੇ ਸ਼ਰਾਬ ਦਾ ਦੌਰ ਚੱਲੇਗਾ। ਅਮੀਰ ਲੋਕਾਂ ਨੇ ਪੰਜ ਸਿਤਾਰਾ ਹੋਟਲਾਂ ’ਚ ਜਾਣ ਲਈ ਜ਼ਿਆਦਾ ਕੀਮਤ ਚੁਕਾਈ ਅਤੇ ਅਸੀਂ ਤੇ ਤੁਹਾਡੇ ਵਰਗੇ ਹੋਰਨਾਂ ਲੋਕਾਂ ਨੇ ਟੈਰੇਸ ਪਾਰਟੀਅਾਂ ਦਾ ਆਯੋਜਨ ਕੀਤਾ ਜਾਂ ਸਿਰਫ ਘਰ ’ਚ ਬੈਠ ਕੇ ‘ਪੀਣ’ ਦਾ ਮਜ਼ਾ ਉਠਾਇਆ।
ਬਾਹਰ ਸੜਕਾਂ ’ਤੇ ਗਰੀਬ ਲੋਕ ਛੇਤੀ ਨਹੀਂ ਸੁੱਤੇ, ਉਨ੍ਹਾਂ ਨੇ ਉਡੀਕ ਕੀਤੀ ਅਤੇ ਜਿਵੇਂ ਹੀ ਅੱਧੀ ਰਾਤ ਹੋਈ, ਪਟਾਕੇ ਚਲਾਏ। ਉਨ੍ਹਾਂ ਨੇ ਪੁਰਾਣੇ ਵਰ੍ਹੇ ਨੂੰ ਅਲਵਿਦਾ ਕਿਹਾ ਤੇ ਇਕ-ਦੂਜੇ ਨੂੰ ਗਲ਼ੇ ਮਿਲੇ, ਜਦਕਿ ਹੋਟਲਾਂ ’ਚ ਹੋਰਨਾਂ ਲੋਕਾਂ ਨੇ ਇਕ-ਦੂਜੇ ਨੂੰ ਚੁੰਮਿਆ ਤੇ ਹਾਂ, ਇਥੋਂ ਤਕ ਕਿ ਹਨੇਰੇ ’ਚ ਇਕ-ਦੂਜੇ ਨੂੰ ਦਬੋਚ ਲਿਆ।
ਅੱਜ ਹਰ ਪਾਸੇ ਉਤਸ਼ਾਹ ਦਾ ਮਾਹੌਲ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਉਤਸ਼ਾਹ ਸਾਰਾ ਸਾਲ ਜਾਰੀ ਰਹੇਗਾ। ਜੋ ਚੀਜ਼ ਦੁਨੀਆ ਅੱਜ ਚਾਹੁੰਦੀ ਹੈ, ਉਹ ਨਵਾਂ ਵਰ੍ਹਾ ਨਹੀਂ, ਸਗੋਂ ਇਕ ਉਤਸ਼ਾਹ ਵਾਲਾ ਨਵਾਂ ਵਰ੍ਹਾ ਹੈ, ਜਿਥੇ ਹਰ ਘੰਟੇ ਕੁਝ ਨਾ ਕੁਝ ਵੱਖਰਾ ਹੋਵੇ। ਪਿਛਲਾ ਸਮਾਂ ਅਸੀਂ ਕਾਫੀ ਅਕਾਊ ਜਿਹਾ ਗੁਜ਼ਾਰਿਆ ਹੈ, ਹੁਣ ਸਾਨੂੰ ਹਰ ਸਮੇਂ ਮਸਤੀ ਤੇ ਹਾਸਾ ਦਿਓ।
ਉਤਸ਼ਾਹ ਸਭ ਤੋਂ ਅਹਿਮ ਹੈ, ਹੈ ਨਾ? ਕੁਝ ਸਾਲ ਪਹਿਲਾਂ ਮੈਂ ਇਕ ਵਿਆਹ ਸਮਾਗਮ ’ਚ ਸ਼ਾਮਿਲ ਸੀ। ਸ਼ਾਮ ਨੂੰ ਭਾਸ਼ਣਾਂ ਤੇ ਲਾੜੇ-ਲਾੜੀ ਦੀਅਾਂ ਤਾਰੀਫਾਂ ਕਰਨ ਤੋਂ ਬਾਅਦ ਥੱਕ ਕੇ ਮੈਂ ਚੁੱਪਚਾਪ ਡਿਨਰ ਕਰਨ ਲਈ ਬੈਠ ਗਿਆ।
ਜਦੋਂ ਮੈਂ ਇਕ ਜੋੜੇ ਨੂੰ ਆਪਣੇ-ਆਪ ’ਚ ਹੀ ਮਸਤ ਦੇਖਿਆ ਤਾਂ ਮੈਂ ਵੀ ਆਪਣੀ ਪਲੇਟ ਚੁੱਕੀ ਤੇ ਉਨ੍ਹਾਂ ਵੱਲ ਜਾਣ ਲੱਗਾ, ਇਹ ਸੋਚਦੇ ਹੋਏ ਕਿ ਉਨ੍ਹਾਂ ਨੂੰ ਇਕੱਲੇ ਛੱਡ ਦਿੱਤਾ ਗਿਆ ਹੋਵੇਗਾ ਕਿਉਂਕਿ ਉਹ ਕਿਸੇ ਨੂੰ ਜਾਣਦੇ ਨਹੀਂ ਸਨ।
ਪਰ ਮੈਂ ਗਲਤ ਸੀ। ਜਦੋਂ ਮੈਂ ਉਨ੍ਹਾਂ ਕੋਲ ਜਾ ਕੇ ਬੈਠਿਆ ਤਾਂ ਉਹ ਹੱਸ ਪਏ। ਇਕ ਨੇ ਕਿਹਾ, ‘‘ਬੌਬ, ਅਸੀਂ ਕੱਲ ਫੈਸਲਾ ਕੀਤਾ ਸੀ ਕਿ ਸਾਨੂੰ ਕੰਮ ਦੇ ਦਬਾਅ ਤੋਂ ਤਬਦੀਲੀ ਦੀ ਲੋੜ ਹੈ ਤੇ ਫਿਰ ਅਸੀਂ ਪਾਰਟੀ ’ਚ ਜਾਣ ਦਾ ਫੈਸਲਾ ਕੀਤਾ। ਅਸੀਂ ਕੁਝ ਦੇਰ ਬੈਠ ਕੇ ਚਹਿਲ-ਪਹਿਲ ਦੇਖੀ ਅਤੇ ਅਚਾਨਕ ਇਕ-ਦੂਜੇ ਨੂੰ ਦੇਖਿਆ ਤੇ ਫਿਰ ਹੱਸ ਪਏ।’’
ਮੈਂ ਉਤਸੁਕਤਾ ਨਾਲ ਪੁੱਛਿਆ, ‘‘ਕਿਉ?’’
ਉਨ੍ਹਾਂ ਕਿਹਾ, ‘‘ਕਿਉਂਕਿ ਸਾਨੂੰ ਅਚਾਨਕ ਅਹਿਸਾਸ ਹੋਇਆ ਕਿ ਅਸੀਂ ਕੀ ਗੁਆ ਰਹੇ ਸੀ। ਅਸੀਂ ਆਪਣੀ ਜ਼ਿੰਦਗੀ ’ਚ ਚੁੱਪ ਅਤੇ ਪ੍ਰਮਾਤਮਾ ਦੀ ਸ਼ਾਂਤੀ ਨੂੰ ਗੁਆਇਆ ਸੀ।’’
ਮੈਂ ਅਜੇ ਵੀ ਉਤਸੁਕ ਸੀ ਅਤੇ ਪੁੱਛਿਆ, ‘‘ਫਿਰ ਤੁਸੀਂ ਕੀ ਕੀਤਾ?’’ ਪਤਨੀ ਨੇ ਮੁਸਕਰਾਉਂਦਿਅਾਂ ਕਿਹਾ, ‘‘ਆਪਣੇ ਬੈਗ ਪੈਕ ਕੀਤੇ ਤੇ ਘਰ ਚਲੇ ਗਏ। ਅਸੀਂ ਜਾਣਦੇ ਸੀ ਕਿ ਅਜਿਹੀ ਸ਼ਾਂਤੀ ਸਾਨੂੰ ਕਿਤੇ ਵੀ ਮਿਲ ਸਕਦੀ ਸੀ....ਇਥੋਂ ਤਕ ਕਿ ਆਪਣੀਅਾਂ ਸਮੱਸਿਆਵਾਂ ’ਚ ਵੀ, ਆਪਣੀਅਾਂ ਕਾਰੋਬਾਰੀ ਚਿੰਤਾਵਾਂ ਦੇ ਜ਼ਰੀਏ ਵੀ....ਕਿਉਂਕਿ ਪ੍ਰਮਾਤਮਾ ਦੀ ਸ਼ਾਂਤੀ ਸਾਡੇ ਨਾਲ ਹੈ....ਉਤਸ਼ਾਹ ਹਾਸਿਲ ਕਰਨ ਲਈ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ। ਪ੍ਰਮਾਤਮਾ ਦੀ ਸ਼ਾਂਤੀ ਹੈਰਾਨੀਜਨਕ ਢੰਗ ਨਾਲ ਉਤਸ਼ਾਹਪੂਰਨ ਅਤੇ ਕਾਫੀ ਹੈ।’’
ਮੈਂ ਕਿਹਾ, ‘‘ਮੈਂ ਦੇਖ ਸਕਦਾ ਹਾਂ ਕਿ ਹੁਣ ਤੁਸੀਂ ਇਹ ਸ਼ਾਂਤੀ ਹਾਸਿਲ ਕਰ ਲਈ ਹੈ’’ ਅਤੇ ਰਿਸੈਪਸ਼ਨ ’ਚ ਹੋਰਨਾਂ ਨੂੰ ਦੇਖਿਆ, ਜਿਨ੍ਹਾਂ ਨੂੰ ਰੌਲੇ, ਕਿਸੇ ਦੇ ਸਾਥ ਅਤੇ ਸੰਗੀਤ ਦੀ ਲੋੜ ਸੀ, ਜਦਕਿ ਇਥੇ ਦੋ ਲੋਕ ਸ਼ਾਂਤੀ ਮਹਿਸੂਸ ਕਰ ਰਹੇ ਸਨ, ਜੋ ਕਾਫੀ ਉਤਸ਼ਾਹ ’ਚ ਸਨ।
ਮੈਂ ਆਪਣੀ ਕਾਰ ਵੱਲ ਗਿਆ ਅਤੇ ਉਸ ਰਾਤ ਉਨ੍ਹਾਂ ਦੋਹਾਂ ਨੂੰ ਮਿਲਣ ਲਈ ਪ੍ਰਮਾਤਮਾ ਦਾ ਧੰਨਵਾਦ ਕੀਤਾ। ਜਦੋਂ ਮੈਂ ਲੋਕਾਂ ਨੂੰ ਸੜਕਾਂ ’ਤੇ ਨੱਚਦੇ ਤੇ ਘਰਾਂ ’ਚ ਉਤਸ਼ਾਹਿਤ ਦੇਖ ਰਿਹਾ ਸੀ ਤਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਅਜਿਹੀ ਹੀ ਉਤਸ਼ਾਹ ਭਰੀ ਖੁਸ਼ੀ ਇਸ ਧਰਤੀ ’ਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਦੇਵੇ, ਜੋ ਉਸ ਪ੍ਰਮਾਤਮਾ ਦੇ ਬੱਚੇ ਹਨ।
ਹਾਂ, ਮੇਰੇ ਪਿਆਰੇ ਪਾਠਕੋ, ਮੈਂ ਇਸ ਨਵੇਂ ਵਰ੍ਹੇ ’ਚ ਤੁਹਾਡੇ ਲਈ ਪ੍ਰਮਾਤਮਾ ਦੇ ਸ਼ਾਨਦਾਰ ਉਤਸ਼ਾਹ ਦੀ ਕਾਮਨਾ ਕਰਦਾ ਹਾਂ!