ਉੱਚ-ਜਾਤੀ ਅਤੇ ਦਲਿਤਾਂ ਦਰਮਿਆਨ ਤਣਾਅ ਦਾ ਕਾਰਨ ਗੱਲ ਦਾ ਅਫਸਾਨਾ ਬਣਦਾ ਹੈ
Saturday, Oct 10, 2020 - 03:43 AM (IST)

ਪੂਰਨ ਚੰਦ ਸਰੀਨ
ਭਾਵੇਂ ਕੁਝ ਵੀ ਕਿਹਾ ਜਾਵੇ ਅਤੇ ਕਿੰਨੀ ਵੀ ਆਲੋਚਨਾ ਕੀਤੀ ਜਾਵੇ, ਇਸ ਤੱਥ ਤੋਂ ਕੋਈ ਨਾਂਹ ਨਹੀਂ ਕਰ ਸਕਦਾ ਕਿ ਸਾਡੇ ਦੇਸ਼ ’ਚ ਸਦੀਅਾਂ ਤੋਂ ਚੱਲੀ ਆ ਰਹੀ ਵਰਣ ਵਿਵਸਥਾ ਜਾਤੀ ਸੰਘਰਸ਼ ਦੇ ਸਭ ਤੋਂ ਘਿਨੌਣੇ ਰੂਪ ’ਚ ਕਾਇਮ ਹੈ। ਹਜ਼ਾਰਾਂ ਸਾਲ ਪਹਿਲਾਂ ਜਦੋਂ ਇਹ ਵਿਵਸਥਾ ਬਣੀ ਸੀ ਉਦੋਂ ਇਸ ਦੀ ਤੁਕ ਹੋ ਸਕਦੀ ਹੈ ਪਰ ਅੱਜ ਇਹ ਨਾ ਸਿਰਫ ਗੈਰ-ਜ਼ਰੂਰੀ ਹੈ ਸਗੋਂ ਪੱਛੜੇਪਨ ਦਾ ਪ੍ਰਤੀਕ ਵੀ ਬਣਦੀ ਹੈ।
ਬ੍ਰਿਟਿਸ਼ ਸ਼ਾਸਨ ਨੇ ਇਸ ਨੂੰ ਸਮਝਿਆ ਅਤੇ ਜਾਤੀਅਾਂ ਨੂੰ ਆਪਸ ’ਚ ਲੜਾਉਣ ਦੀ ਖੇਡ ਰਚ ਕੇ ਆਪਣਾ ਮਤਲਬ ਕੱਢਦੇ ਰਹੇ। ਆਜ਼ਾਦੀ ਦੇ ਬਾਅਦ ਜਿੰਨੀਅਾਂ ਵੀ ਪਾਰਟੀਅਾਂ ਦੀਅਾਂ ਸਰਕਾਰਾਂ ਆਈਅਾਂ, ਉਨ੍ਹਾਂ ਨੇ ਵੀ ਜਾਤੀਅਾਂ ਦਰਮਿਆਨ ਵਿਤਕਰੇ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਦਰਮਿਆਨ ਹੋਰ ਵੀ ਡੂੰਘੀ ਖਾਈ ਬਣਾ ਕੇ ਆਪਣਾ ਉੱਲੂ ਸਿੱਧਾ ਕਰਨ ਦਾ ਕੰਮ ਕੀਤਾ।
ਇਹ ਅਜਿਹਾ ਹੀ ਸੀ ਜਿਵੇਂ ਚੋਰ ਨੂੰ ਕਿਹਾ ਜਾਵੇ ਕਿ ਤੂੰ ਚੋਰੀ ਕਰ ਅਤੇ ਸ਼ਾਹ ਨੂੰ ਹੁਸ਼ਿਆਰ ਰਹਿਣ ਲਈ ਕਿਹਾ ਜਾਵੇ, ਜਿਸ ਦਾ ਭਾਵ ਇਹ ਹੈ ਕਿ ਦੋਵਾਂ ਨੂੰ ਆਪਸ ’ਚ ਲੜਾਉਣ ਦਾ ਪੂਰਾ ਪ੍ਰਬੰਧ ਕਰ ਦਿਓ। ਬਿੱਲੀਅਾਂ ਦੀ ਲੜਾਈ ਹੱਲ ਕਰਨ ਲਈ ਬਾਂਦਰ ਬਣ ਕੇ ਨਿਅਾਂ ਕਰਨ ਦਾ ਅਜਿਹਾ ਢੌਂਗ ਰਚਿਆ ਜਾਵੇ ਕਿ ਦੋਵਾਂ ਦੀ ਧੌਣ ਆਪਣੇ ਹੱਥ ’ਚ ਹੋਵੇ ਤਾਂ ਕਿ ਜਦੋਂ ਚਾਹੋ ਉਦੋਂ ਤੋੜ-ਮਰੋੜ ਕੇ ਆਪਣੇ ਸਵਾਰਥ ਦੀ ਪੂਰਤੀ ਕੀਤੀ ਜਾਵੇ।
ਉੱਚ-ਜਾਤੀ ਅਤੇ ਦਲਿਤ
ਸਮਾਜਿਕ ਅਤੇ ਸਿਆਸੀ ਸੰਸਥਾਵਾਂ ਨੇ ਵਰਣ ਵਿਵਸਥਾ ਦੇ ਮੂਲ ਸਰੂਪ ਨੂੰ ਵਿਗਾੜ ਕੇ ਉੱਚ ਅਤੇ ਦਲਿਤ, ਦੋ ਅਜਿਹੇ ਵਰਗ ਪੈਦਾ ਕਰ ਕੇ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਕਿ ਦੋਵੇਂ ਹੀ ਨਾ ਤਾਂ ਇਕ-ਦੂਜੇ ਨੂੰ ਵੇਖ ਸਖਾਉਣ ਅਤੇ ਨਾ ਹੀ ਇਕ ਦਾ ਕੰਮ ਦੂਜੇ ਦੇ ਬਿਨਾਂ ਚੱਲ ਸਕੇ।
ਵਰਣ ਵਿਵਸਥਾ ਦੀਅਾਂ ਚਾਰੇ ਜਾਤੀਅਾਂ ਨੇ ਰਲ ਕੇ ਇਕ ਪੰਜਵੀਂ ਜਾਤੀ ਦੇ ਰੂਪ ’ਚ ਦਲਿਤ ਜਾਤੀ ਦਾ ਨਿਰਮਾਣ ਕਰ ਦਿੱਤਾ। ਉਸ ’ਚ ਗਰੀਬ, ਅਨਪੜ੍ਹ, ਬੇਸਹਾਰਾ ਅਤੇ ਸਦੀਅਾਂ ਤੋਂ ਬੇਇਨਸਾਫੀ ਦਾ ਸ਼ਿਕਾਰ ਰਹੇ ਲੋਕਾਂ ਨੂੰ ਪਾਇਆ ਅਤੇ ਪਹਿਲਾਂ ਤੋਂ ਸਥਾਪਿਤ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਪੱਛੜਾ ਵਰਗ ਸ਼ਾਮਲ ਕਰ ਕੇ ਇਕ ਨਵੀਂ ਵਰਣ ਵਿਵਸਥਾ ਬਣਾ ਦਿੱਤੀ।
ਇਸ ਤਰ੍ਹਾਂ ਇਕ ਨਵੇਂ ਸਮਾਜ ਦਾ ਨਿਰਮਾਣ ਕਰਨ ਦੇ ਬਹਾਨੇ ਨਾਲ ਇਕ ਅਜਿਹੀ ਜ਼ਹਿਰ ਦੀ ਖੇਤੀ ਸ਼ੁਰੂ ਕਰ ਦਿੱਤੀ, ਜਿਸ ਦੀ ਲਪੇਟ ’ਚ ਪੂਰਾ ਸਮਾਜ ਆ ਗਿਆ। ਦਲਿਤ ਵਰਗ ਦੇ ਕੁਝ ਦਬੰਗ ਲੋਕ ਇਨ੍ਹਾਂ ਦੇ ਨੇਤਾ ਬਣ ਕੇ ਸਮਾਜ ’ਚ ਆਪਣਾ ਰੋਅਬ ਬਿਠਾਉਣ ਲੱਗੇ ਅਤੇ ਇਕ ਵੱਡਾ ਵੋਟ ਬੈਂਕ ਬਣਾ ਕੇ ਉੱਚ ਜਾਤੀ ਵਰਗ ਨੂੰ ਧਮਕਾਉਣ ਤੋਂ ਲੈ ਕੇ ਉਨ੍ਹਾਂ ਨੂੰ ਬਲੈਕਮੇਲ ਤੱਕ ਕਰਨ ਲੱਗੇ।
ਉੱਚ-ਜਾਤੀਅਾਂ ਨੂੰ ਇਹ ਜਲਦੀ ਹੀ ਸਮਝ ’ਚ ਆ ਗਿਆ ਅਤੇ ਉਨ੍ਹਾਂ ਨੇ ਇਨ੍ਹਾਂ ਜਾਤੀਅਾਂ ਦੇ ਸ਼ਕਤੀਸ਼ਾਲੀ ਅਤੇ ਇਨ੍ਹਾਂ ’ਚੋਂ ਜੋ ਲੋਕ ਸਿੱਖਿਆ ਪ੍ਰਾਪਤ ਕਰ ਕੇ ਪ੍ਰਤਿਭਾਸ਼ਾਲੀ ਬਣ ਗਏ ਸਨ, ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ। ਹੁਣ ਮੈਦਾਨ ਤਿਆਰ ਸੀ ਅਤੇ ਜਾਤੀ ਸੰਘਰਸ਼ ਦਾ ਇਕ ਨਵਾਂ ਤਾਣਾ-ਬਾਣਾ ਬਣ ਕੇ ਖੜ੍ਹਾ ਹੋ ਗਿਆ।
ਇਹ ਲੋਕ ਜ਼ਰਾ ਜਿੰਨੀ ਗੱਲ ਦਾ ਰਾਈ ਦਾ ਪਹਾੜ ਬਣਾ ਕੇ, ਕਿਤੇ ਵੀ ਕੋਈ ਅਤੇ ਕਿਸੇ ਵੀ ਘਟਨਾ ਹੋਣ ’ਤੇ ਜਿਸ ਨਾਲ ਸਮਾਜ ’ਚ ਅਵਿਵਸਥਾ ਫੈਲਾਉਣ ਤੋਂ ਲੈ ਕੇ ਦੰਗੇ ਤੱਕ ਕਰਵਾਏ ਜਾ ਸਕਦੇ ਹਨ, ਭੜਕਾਉਣ ਦਾ ਕੰਮ ਕਰਨ ਲੱਗੇ। ਇਸ ’ਚ ਗੈਰ-ਸਮਾਜਿਕ ਤੱਤ ਵੀ ਕੁੱਦ ਗਏ ਜਿਸ ਦਾ ਨਤੀਜਾ ਵੱਡੇ ਪੱਧਰ ’ਤੇ ਹਿੰਸਾ, ਸਾੜ-ਫੂਕ, ਭੰਨ-ਤੋੜ ਦੇ ਰੂਪ ’ਚ ਨਿਕਲਣ ਲੱਗਾ।
ਨਿਸ਼ਾਨੇ ’ਤੇ ਕੌਣ
ਇਕ ਸੋਚੀ-ਸਮਝੀ ਰਣਨੀਤੀ ਦੇ ਤਹਿਤ ਸਭ ਤੋਂ ਵੱਧ ਨਿਸ਼ਾਨਾ ਉਨ੍ਹਾਂ ਲੋਕਾਂ ਨੂੰ ਬਣਾਇਆ ਜਾਂਦਾ ਹੈ ਜਿਨ੍ਹਾਂ ਕੋਲ ਨਾ ਪੈਸਾ ਹੈ, ਨਾ ਕੋਈ ਪੱਕਾ ਰੋਜ਼ਗਾਰ। ਸਿੱਖਿਆ ਦੇ ਨਾਂ ’ਤੇ ਨਾਂਹ ਦੇ ਬਰਾਬਰ ਸਹੂਲਤ ਹੋਣ ਦੇ ਕਾਰਨ ਇਹ ਲੋਕ ਸਮਝ ਹੀ ਨਹੀਂ ਸਕਦੇ ਕਿ ਉਨ੍ਹਾਂ ਦੇ ਨਾਲ ਹਿੰਸਾ ਤੋਂ ਲੈ ਕੇ ਸਰੀਰਕ ਅਤੇ ਮਾਨਸਿਕ ਤਸ਼ੱਦਦ ਜਿਸ ’ਚ ਜਬਰ-ਜ਼ਨਾਹ ਵੀ ਸ਼ਾਮਲ ਹੈ, ਕਿਉਂ ਹੋ ਰਿਹਾ ਹੈ। ਕਾਰਨ ਇਹ ਹੈ ਕਿ ਇਸ ਸਭ ਦੇ ਪਿੱਛੇ ਵਧੇਰੇ ਲੋਕ ਉਹੀ ਹਨ ਜਿਨ੍ਹਾਂ ਨੂੰ ਇਹ ਆਪਣਾ ਸ਼ੁੱਭਚਿੰਤਕ ਅਤੇ ਆਪਣਾ ਮੰਨਦੇ ਹਨ, ਜਿਨ੍ਹਾਂ ਦੇ ਘਰਾਂ, ਖੇਤਾਂ ਅਤੇ ਕਾਰਖਾਨਿਅਾਂ ’ਚ ਆਪਣਾ ਖੂਨ-ਪਸੀਨਾ ਵਹਾਉਂਦੇ ਹਨ ਅਤੇ ਇਹ ਸਭ ਕਰਨ ’ਤੇ ਵੀ ਸਿਰਫ ਉਨ੍ਹਾਂ ਦੇ ਪੈਰਾਂ ਦੀ ਮਿੱਟੀ ਬਣੇ ਰਹਿਣ ’ਚ ਹੀ ਸੰਤੋਖ ਅਨੁਭਵ ਕਰਦੇ ਹਨ।
ਦੁੱਖ ਦੀ ਗੱਲ ਇਹ ਹੈ ਕਿ ਦਲਿਤ ਵਰਗਾਂ ’ਚ, ਜੋ ਪੜ੍ਹੇ ਹਨ ਉਹ ਆਪਣੇ ਹੀ ਲੋਕਾਂ ਨੂੰ ਦੀਨਹੀਣ ਬਣਾ ਕੇ ਰੱਖਣ ’ਚ ਹੀ ਆਪਣਾ ਭਲਾ ਸਮਝਦੇ ਹਨ। ਦਲਿਤਾਂ ਵਿਚੋਂ ਨਿਕਲਿਆ ਉਨ੍ਹਾਂ ਦਾ ਹੀ ਇਕ ਵਰਗ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗਦਾ ਹੈ। ਇਨ੍ਹਾਂ ਦੇ ਨਾਲ ਉੱਚ ਵਰਗ ਦੇ ਲੋਕ ਹਮਦਰਦੀ ਨਾਲੋਂ ਵੱਧ ਦਇਆ ਭਾਵ ਦਿਖਾਉਂਦੇ ਹੋਏ ਉਨ੍ਹਾਂ ਨੂੰ ਉਕਸਾਉਂਦੇ ਰਹਿੰਦੇ ਹਨ ਜਿਸ ਨਾਲ ਜੋ ਪਹਿਲਾਂ ਤੋਂ ਹੀ ਦੱਬਿਆ-ਕੁਚਲਿਆ ਹੈ, ਹੋਰ ਵੀ ਜ਼ਿਆਦਾ ਤਰਸਯੋਗ ਹੋ ਜਾਂਦਾ ਹੈ।
ਸਰਕਾਰਾਂ ਦਾ ਪੱਖਪਾਤ
ਸਮਾਜ ਦੀ ਇਸ ਵਿਵਸਥਾ ਨੂੰ ਕਾਇਮ ਰੱਖਣ ’ਚ ਸਰਕਾਰ ਵੀ ਆਪਣਾ ਯੋਗਦਾਨ ਦਿੰਦੀ ਹੈ। ਇਸ ਦੀ ਉਦਾਹਰਣ ਹੈ ਕਿ ਅੱਜ ਤੱਕ ਕੋਈ ਅਜਿਹਾ ਕਾਨੂੰਨ ਨਹੀਂ ਬਣ ਸਕਿਆ ਜੋ ਦਲਿਤਾਂ ਨੂੰ ਉਨ੍ਹਾਂ ਦੇ ਮੁੱਢਲੇ ਅਧਿਕਾਰ ਹੀ ਦਿਵਾ ਸਕੇ ਅਤੇ ਉਨ੍ਹਾਂ ਨੂੰ ਦਬੰਗ ਦਲਿਤ ਹੋਣ ਜਾਂ ਉੱਚ ਵਰਗ ਦੇ ਮੱਠ ਦੇ ਮੁਖੀ ਅਤੇ ਸੱਤਾਧਾਰੀ, ਉਨ੍ਹਾਂ ਤੋਂ ਉਨ੍ਹਾਂ ਦੀ ਰੱਖਿਆ ਕਰ ਸਕੇ।
ਜੋ ਦਲਿਤ ਹਨ, ਅਸੀਂ ਉਨ੍ਹਾਂ ਤੋਂ ਕੰਮ ਲੈਂਦੇ ਸਮੇਂ ਉਨ੍ਹਾਂ ਨਾਲ ਅਜਿਹਾ ਸਲੂਕ ਕਰਦੇ ਹਾਂ ਜਿਵੇਂ ਉਹ ਅਛੂਤ ਹੋਣ। ਉਦਾਹਰਣ ਲਈ ਸ਼ਹਿਰਾਂ ’ਚ ਘਰੇਲੂ ਕੰਮ ਕਰਨ ਲਈ ਰੱਖੇ ਲੋਕਾਂ ਦੇ ਕੱਪੜੇ, ਬਰਤਨ ਅਤੇ ਟਾਇਲਟ ਤੱਕ ਬਿਲਕੁਲ ਅਲੱਗ ਤੈਅ ਕਰ ਦਿੱਤੇ ਜਾਂਦੇ ਹਨ। ਜੇਕਰ ਉਹ ਜਿਗਿਆਸਾ ਦੇ ਕਾਰਨ ਘਰ ਦੀ ਕਿਸੇ ਚੀਜ਼ ਨੂੰ ਹੱਥ ਵੀ ਲਗਾ ਦੇਣ ਤਾਂ ਤੂਫਾਨ ਆ ਜਾਂਦਾ ਹੈ ਜਦਕਿ ਅਜਿਹੀਅਾਂ ਵਸਤੂਅਾਂ ਦੀ ਸਾਫ-ਸਫਾਈ ਦੀ ਜ਼ਿੰਮੇਵਾਰੀ ਇਨ੍ਹਾਂ ਦੀ ਹੀ ਹੁੰਦੀ ਹੈ। ਮਤਲਬ ਇਹ ਕਿ ਤਾਲਾ-ਕੁੰਜੀ ਸਭ ਕੁਝ ਤੇਰਾ ਪਰ ਕਿਸੇ ਚੀਜ਼ ਨੂੰ ਵਰਤਣਾ ਤਾਂ ਦੂਰ ਹੱਥ ਤੱਕ ਲਗਾਇਆ ਤਾਂ ਖੈਰ ਨਹੀਂ।
ਇਹ ਕਿਹੋ-ਜਿਹੀ ਤ੍ਰਾਸਦੀ ਹੈ ਕਿ ਇਕ ਪਾਸੇ ਅਸੀਂ ਵਿਸ਼ਵ ਗੁਰੂ ਬਣਨ ਦਾ ਸੁਪਨਾ ਦੇਖਦੇ ਹਾਂ ਅਤੇ ਦੂਜੇ ਪਾਸੇ ਆਪਣੇ ਹੀ ਦੇਸ਼ ਦੀ ਇਕ ਚੌਥਾਈ ਆਬਾਦੀ ਨੂੰ ਨਰਕ ਵਰਗੀ ਜ਼ਿੰਦਗੀ ਦੇਣ ’ਚ ਵੀ ਕੋਈ ਬੁਰਾਈ ਨਹੀਂ ਸਮਝਦੇ।
ਦੇਸ਼ ’ਚ ਜੋ ਦਲਿਤ ਤਸ਼ੱਦਦ ਅਤੇ ਉਨ੍ਹਾਂ ਦੀਅਾਂ ਔਰਤਾਂ ਨਾਲ ਦਰਿੰਦਗੀ ਤੱਕ ਦੀਅਾਂ ਵਾਰਦਾਤਾਂ ਹੁੰਦੀਅਾਂ ਹਨ, ਉਸ ਦੇ ਪਿੱਛੇ ਕਿਹੜੇ ਲੋਕ ਹਨ, ਉਨ੍ਹਾਂ ਦੀ ਸੋਚ ਕੀ ਹੈ, ਇਸ ਦੀਅਾਂ ਉਦਾਹਰਣਾਂ ਰੋਜ਼ਾਨਾ ਮਿਲਦੀਅਾਂ ਰਹਿੰਦੀਅਾਂ ਹਨ। ਦਲਿਤਾਂ ਨੂੰ ਆਪਣੀ ਮਲਕੀਅਤ ਸਮਝਣ ਵਾਲਿਅਾਂ ਦਾ ਵੱਸ ਚੱਲੇ ਤਾਂ ਉਨ੍ਹਾਂ ਨੂੰ ਇਨਸਾਨ ਦਾ ਦਰਜਾ ਵੀ ਨਾ ਦੇਣ। ਜੇਕਰ ਕਿਸੇ ਉੱਚ ਅਤੇ ਦਲਿਤ ਜਾਤੀ ਦੇ ਨੌਜਵਾਨ ਵਰਗ ਦਰਮਿਆਨ ਮੈਤਰੀ, ਪ੍ਰੇਮ ਸੰਬੰਧ ਅਤੇ ਭਾਈਚਾਰਾ ਸਥਾਪਿਤ ਹੋ ਗਿਆ ਤਾਂ ਸਮਝੋ ਕਿ ਅੱਜ ਦੇ ਆਧੁਨਿਕ ਅਤੇ ਵਿਗਿਆਨਿਕ ਯੁੱਗ ’ਚ ਵੀ ਇਹ ਜਿਵੇਂ ਕੋਈ ਅਜਿਹਾ ਅਪਰਾਧ ਹੋ ਗਿਆ ਜਿਸ ਦੀ ਕੋਈ ਮੁਆਫੀ ਨਹੀਂ, ਕੇਵਲ ਸਜ਼ਾ ਹੈ ਜੋ ਅਕਸਰ ਦਲਿਤ ਪੱਖ ਨੂੰ ਦਿੱਤੀ ਜਾਂਦੀ ਹੈ।
ਆਨਰ ਕਿਲਿੰਗ ਦੇ ਪਿੱਛੇ ਇਹੀ ਰਹੱਸ ਹੈ ਕਿ ਉੱਚ-ਜਾਤੀ ਵਾਲੇ ਹੋਣ ਜਾਂ ਦਲਿਤ ਪਰਿਵਾਰ, ਉਨ੍ਹਾਂ ਨੂੰ ਇਹ ਤਾਂ ਮਨਜ਼ੂਰ ਹੈ ਕਿ ਦੋਵਾਂ ਧਿਰਾਂ ’ਚ ਸਾਰੀ ਉਮਰ ਹੀ ਦੁਸ਼ਮਣੀ ਬਣੀ ਰਹੇ ਪਰ ਇਹ ਪ੍ਰਵਾਨ ਨਹੀਂ ਕਿ ਜੇਕਰ ਦੋਹਾਂ ’ਚੋਂ ਕਿਸੇ ਵੀ ਧਿਰ ਦਾ ਲੜਕਾ ਜਾਂ ਲੜਕੀ ਇਕ-ਦੂਸਰੇ ਨਾਲ ਪ੍ਰੇਮ ਸੰਬੰਧ ਰੱਖਦਾ ਹੈ ਤਾਂ ਦੋਵੇਂ ਉਮਰ ਭਰ ਇਕੱਠਿਅਾਂ ਰਹਿ ਸਕਣ।
ਸਮਾਜ ਅਤੇ ਸਰਕਾਰ ਲਈ ਇਹ ਚੁਣੌਤੀ ਹੈ ਕਿ ਉਹ ਅਜਿਹੇ ਪ੍ਰਸੰਗ ਜਿਨ੍ਹਾਂ ਨਾਲ ਜਾਤੀਅਾਂ ਦਾ ਏਕੀਕਰਨ ਹੁੰਦਾ ਹੈ, ਉਨ੍ਹਾਂ ’ਚ ਦੁਸ਼ਮਣੀ ਦੀ ਥਾਂ ’ਤੇ ਮਿੱਤਰਤਾ ਦਾ ਵਾਤਾਵਰਣ ਬਣਦਾ ਹੈ, ਉਨ੍ਹਾਂ ਨੂੰ ਉਤਸ਼ਾਹਿਤ ਅਤੇ ਫੁੱਟਪਾਊ ਤਾਕਤਾਂ ਦਾ ਘਾਣ ਕਰਕੇ ਅਸਲੀਅਤ ਪ੍ਰਵਾਨ ਕਰਨ ਦੀ ਦਲੇਰੀ ਦਿਖਾਉਂਦੇ ਹੋਏ ਇਕ ਨਵੀਂ ਸ਼ੁਰੂਆਤ ਕਰ ਕੇ ਸਾਰਥਕ ਯਤਨ ਕਰਨ।