ਬਸਪਾ-ਸਪਾ ਦਾ ਫੈਸਲਾ ਵਿਰੋਧੀ ਧਿਰ ਦੀ ਏਕਤਾ ਲਈ ਸ਼ੁੱਭ ਸੰਕੇਤ ਨਹੀਂ

09/23/2018 8:49:16 AM

ਕਹਿੰਦੇ ਹਨ ਕਿ ਹਿੰਦੋਸਤਾਨ ਦਾ ਇਕ ਨਵਾਬ ਬਰਤਾਨਵੀ ਫੌਜ ਨੇ ਇਸ ਲਈ ਬੰਦੀ ਬਣਾ ਲਿਆ ਕਿਉਂਕਿ ਕਿਲੇ ’ਚੋਂ ਸਾਰੇ ਭੱਜ ਗਏ ਸਨ ਪਰ ਉਹ ਇਸ ਲਈ ਨਹੀਂ ਭੱਜ ਸਕਿਆ ਕਿਉਂਕਿ ਉਸ ਨੂੰ ਕੋਈ ਜੁੱਤੀ ਪਹਿਨਾਉਣ ਵਾਲਾ ਨਹੀਂ ਸੀ। ਇਹ ਆਪਣੀ ਹੋਂਦ ਪ੍ਰਤੀ ਗਰੂਰ ਨਾਲ ਪੈਦਾ ਹੋਈ ਬੇਫਿਕਰੀ ਹੀ ਕਹੀ ਜਾ ਸਕਦੀ ਹੈ। 
ਅੱਜ ਜਦੋਂ ਭਾਰਤ ’ਚ ਭਾਜਪਾ ਦੀ ਰਣਨੀਤੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ਵਿਆਪੀ ਸਵੀਕਾਰਤਾ ਅਤੇ ਭਰੋਸੇਮੰਦ ਬਦਲ ਦੀ ਘਾਟ ਕਾਰਨ ਵਿਰੋਧੀ ਧਿਰ, ਖਾਸ ਕਰਕੇ ਖੇਤਰੀ ਪਾਰਟੀਅਾਂ ਆਪਣੀ ਹੋਂਦ ਗੁਆਉਣ ਕੰਢੇ ਖੜ੍ਹੀਅਾਂ ਹਨ, ਬਸਪਾ ਦੀ ਨੇਤਾ ਮਾਇਆਵਤੀ ਅਤੇ ਸਪਾ ਦੇ ਨੌਜਵਾਨ ਆਗੂ ਅਖਿਲੇਸ਼ ਯਾਦਵ ਦੇ ਤਾਜ਼ਾ ਕਦਮ ਇਸ ਨਵਾਬੀ ਹਾਵ-ਭਾਵ ਦੀ ਪੁਸ਼ਟੀ ਕਰਦੇ ਹਨ। ਮਾਇਆਵਤੀ ਨੇ ਪਿਛਲੇ ਦਿਨੀਂ ਕਿਹਾ ਕਿ ਜੇ ਉਸ ਨੂੰ ਸਨਮਾਨਜਨਕ ਸੀਟਾਂ ਨਾ ਮਿਲੀਅਾਂ ਤਾਂ ਬਸਪਾ ਇਕੱਲਿਅਾਂ ਚੋਣਾਂ ਲੜੇਗੀ। 
ਧਿਆਨ ਰਹੇ ਕਿ ਇਕੱਲਿਅਾਂ ਚੋਣਾਂ ਲੜਨ ਦੀ ਜੁਰਅੱਤ ਤਾਂ ਇਸ ਸਮੇਂ ਭਾਜਪਾ ਵੀ ਨਹੀਂ ਕਰ ਰਹੀ। ਦੂਜਾ, ਮਾਇਆਵਤੀ ਨੇ ਕਾਂਗਰਸ ਨੂੰ ਠੇਂਗਾ ਦਿਖਾਉਂਦਿਅਾਂ ਛੱਤੀਸਗੜ੍ਹ ’ਚ ਅਜੀਤ ਜੋਗੀ ਦੀ ਪਾਰਟੀ ਨਾਲ ਸਮਝੌਤਾ ਕਰ ਲਿਆ ਹੈ। ਤਾਜ਼ਾ ਖ਼ਬਰਾਂ ਅਨੁਸਾਰ ਸਪਾ ਨੇ ਮੱਧ ਪ੍ਰਦੇਸ਼ ’ਚ ਕਾਂਗਰਸ ਨੂੰ ਹਮਾਇਤ ਨਾ ਦੇਣ ਦਾ ਫੈਸਲਾ ਕੀਤਾ ਹੈ। ਜਿਸ ਤਰ੍ਹਾਂ ਦੇ ਸੰਕੇਤ ਹਨ, ਉਨ੍ਹਾਂ ਮੁਤਾਬਿਕ ਕਿਹਾ ਜਾ ਸਕਦਾ ਹੈ ਕਿ ਕੌਮੀ ਪੱਧਰ ’ਤੇ 2019 ਦੀਅਾਂ ਲੋਕ ਸਭਾ ਚੋਣਾਂ ਲਈ ਇਹ ਵਿਰੋਧੀ ਧਿਰ ਦੀ ਏਕਤਾ ਲਈ ਸ਼ੁੱਭ ਸੰਕੇਤ ਨਹੀਂ। 
ਜੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਵੀ ਮਾਇਆਵਤੀ ਕਾਂਗਰਸ ਤੋਂ ਪ੍ਰਹੇਜ਼ ਕਰਦੀ ਰਹੀ ਤਾਂ ਲੋਕ ਸਭਾ ਚੋਣਾਂ ਦੌਰਾਨ ਵਿਰੋਧੀ ਧਿਰ ਕਿੱਥੇ ਖੜ੍ਹੀ ਹੋਵੇਗੀ, ਇਹ ਸਮਝਣਾ ਮੁਸ਼ਕਿਲ ਨਹੀਂ। ਇਨ੍ਹਾਂ ਦੋਹਾਂ ਸੂਬਿਅਾਂ ’ਚ ਬਸਪਾ ਔਸਤਨ ਕ੍ਰਮਵਾਰ 7 ਅਤੇ 10 ਫੀਸਦੀ ਵੋਟਾਂ ਹਾਸਿਲ ਕਰਦੀ ਰਹੀ ਹੈ। 
ਇਥੇ ਮਾਇਆਵਤੀ ਦਾ ਜ਼ਿਕਰ ਇਸ ਲਈ ਹੋ ਰਿਹਾ ਹੈ ਕਿਉਂਕਿ ਯੂ. ਪੀ. ਤੋਂ ਲੋਕ ਸਭਾ ਦੀ ਕੁਲ ਗਿਣਤੀ ਦਾ 15 ਫੀਸਦੀ ਆਉਂਦਾ ਹੈ। ਦੇਸ਼ ’ਤੇ ਰਾਜ ਕੌਣ ਕਰੇਗਾ, ਇਹ ਯੂ. ਪੀ., ਬਿਹਾਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੈਅ ਕਰਦੇ ਹਨ, ਜਿਨ੍ਹਾਂ ਦੀ ਲੋਕ ਸਭਾ ’ਚ ਹਿੱਸੇਦਾਰੀ ਲੱਗਭਗ 33 ਫੀਸਦੀ ਹੈ। ਉੱਤਰ ਭਾਰਤ ਦੇ ਇਨ੍ਹਾਂ ਚਾਰਾਂ ਸੂਬਿਅਾਂ ’ਚ ਭਾਜਪਾ ਅੱਜ ਸੱਤਾ ’ਚ ਹੀ ਨਹੀਂ, ਸਗੋਂ ਪ੍ਰਮੁੱਖ ਪਾਰਟੀ ਹੈ। ਇਸ ਦਾ ਮੁੜ ਜਿੱਤਣਾ ਬਸਪਾ ਦੇ ਨਾਲ-ਨਾਲ ਕਈ ਖੇਤਰੀ ਪਾਰਟੀਅਾਂ ਲਈ ਹੋਂਦ ਦਾ ਸੰਕਟ ਖੜ੍ਹਾ ਕਰ ਸਕਦਾ ਹੈ। 
ਦੂਜਾ, ਜਿਸ ਤਰ੍ਹਾਂ ਭਾਜਪਾ ਸਵਰਣਾਂ ਦੀ ਨਾਰਾਜ਼ਗੀ ਦੀ ਕੀਮਤ ’ਤੇ ਵੀ ਅੱਜ ਦਲਿਤਾਂ ਨੂੰ ਲੁਭਾਉਣ ’ਚ ਲੱਗੀ ਹੋਈ ਹੈ, ਸੰਭਵ ਹੈ ਕਿ ਆਉਣ ਵਾਲੇ ਸਮੇਂ ’ਚ ਭਾਜਪਾ ਦੀ ਇਹ ਕੋਸ਼ਿਸ਼ ਬਸਪਾ ਲਈ ਮਹਿੰਗੀ ਸਿੱਧ ਹੋਵੇਗੀ। ‘ਫਸਟ-ਪਾਸਟ-ਦਿ-ਪੋਸਟ’ (ਐੱਫ. ਪੀ. ਟੀ. ਪੀ.) ਚੋਣ ਪ੍ਰਣਾਲੀ ਦੀ ਸਭ ਤੋਂ ਵੱਡੀ ਖਰਾਬੀ ਇਹ ਹੈ ਕਿ ਭਾਰਤ ਵਰਗੇ ਵੰਡੇ ਹੋਏ ਸਮਾਜ ’ਚ ਸਿਰਫ ਇਕ ਸਮਾਜਿਕ ਵਰਗ ਨੂੰ ਲੈ ਕੇ ਕੋਈ ਪਾਰਟੀ ਸਮਰਥਨ ਨੂੰ ਸੀਟਾਂ ’ਚ ਉਦੋਂ ਤਕ ਤਬਦੀਲ ਨਹੀਂ ਕਰ ਸਕਦੀ, ਜਦੋਂ ਤਕ ਉਹ ਉਸ ਸੂਬੇ ਦੇ ਉਸ ਚੋਣ ਹਲਕੇ ’ਚ ਦੂਜੀਅਾਂ ਪਾਰਟੀਅਾਂ ਨਾਲੋਂ ਜ਼ਿਆਦਾ ਵੋਟਾਂ ਹਾਸਿਲ ਨਹੀਂ ਕਰਦੀ, ਭਾਵ ਸਿਰਫ ਦਲਿਤ ਜਾਂ ਮੁਸਲਿਮ ਵੋਟਾਂ ਨਾਲ ਸੀਟਾਂ ਨਹੀਂ ਜਿੱਤੀਅਾਂ ਜਾ ਸਕਦੀਅਾਂ। 
ਮਿਸਾਲ ਵਜੋਂ 2014 ’ਚ ਸਪਾ ਨੂੰ ਮਿਲੀਅਾਂ ਕੁਲ ਵੋਟਾਂ ਦੀ ਗਿਣਤੀ 1,79,88,967 ਸੀ, ਜਦਕਿ ਬਸਪਾ ਨੂੰ 1,49,14,194 ਵੋਟਾਂ ਮਿਲੀਅਾਂ ਸਨ। ਦੂਜੇ ਪਾਸੇ ਇਨ੍ਹਾਂ ਚੋਣਾਂ ’ਚ ਅੰਨਾ ਡੀ. ਐੱਮ. ਕੇ. ਨੂੰ ਤਾਮਿਲਨਾਡੂ ’ਚ 1,79,83,168 ਵੋਟਾਂ ਮਿਲੀਅਾਂ ਸਨ, ਭਾਵ ਸਪਾ ਨਾਲੋਂ ਲੱਗਭਗ ਸਾਢੇ ਪੰਜ ਹਜ਼ਾਰ ਘੱਟ ਅਤੇ ਬਸਪਾ ਨਾਲੋਂ 10 ਲੱਖ ਜ਼ਿਆਦਾ ਪਰ ਅੰਨਾ ਡੀ. ਐੱਮ. ਕੇ. ਨੂੰ 37 ਸੀਟਾਂ ਮਿਲੀਅਾਂ ਸਨ, ਜਦਕਿ ਸਪਾ ਨੂੰ 5, ਬਸਪਾ ਨੂੰ 1 ਵੀ ਸੀਟ ਨਹੀਂ ਮਿਲੀ ਸੀ। 
ਚੋਣ ਪ੍ਰਣਾਲੀ ਦੇ ਇਸ ਦੋਸ਼ ਨੂੰ ‘ਜੋ ਜੀਤਾ ਵਹੀ ਸਿਕੰਦਰ’ ਕਹਿੰਦੇ ਹਨ। ਸੰਨ 2017 ਦੀਅਾਂ ਵਿਧਾਨ ਸਭਾ ਚੋਣਾਂ ’ਚ ਵੀ ਲੱਗਭਗ ਇਸੇ ਤਰ੍ਹਾਂ ਦੇ ਨਤੀਜੇ ਰਹੇ ਪਰ ਬਸਪਾ ਤੇ ਸਪਾ ਨੂੰ ਸੀਟਾਂ ਦੇ ਮਾਮਲੇ ’ਚ ਭਾਰੀ ਨੁਕਸਾਨ ਉਠਾਉਣਾ ਪਿਆ ਸੀ। 
ਭਾਰਤੀ ਸਮਾਜ ਅਣਗਿਣਤ ਪਛਾਣ ਸਮੂਹਾਂ ’ਚ ਵੰਡਿਆ ਹੋਇਆ ਹੈ। ਸਿਆਸੀ ਪਾਰਟੀਅਾਂ ਵੋਟਾਂ ਲਈ ਨਾ ਸਿਰਫ ਇਸ ਨੂੰ ਧਾਰ ਦਿੰਦੀਅਾਂ ਹਨ, ਸਗੋਂ ਨਵੇਂ-ਨਵੇਂ ਮੁਕਾਬਲੇਬਾਜ਼ ਪਛਾਣ ਸਮੂਹ ਤਿਆਰ ਕਰਦੀਅਾਂ ਹਨ। ਜੇ ਪਹਿਲੇ ਅਜਿਹੇ ਕਿਸੇ ਸਮੂਹ ਨੂੰ ਭਾਰਤੀ ਸੰਵਿਧਾਨ ਨਹੀਂ ਪਛਾਣਦਾ, ਤਾਂ ਵੀ ਇਹ ਪਾਰਟੀਅਾਂ ਕਈ ਵਾਰ ਨਵਾਂ ਪਛਾਣ ਸਮੂਹ ਖੜ੍ਹਾ ਕਰ ਦਿੰਦੀਅਾਂ ਹਨ, ਮਿਸਾਲ ਵਜੋਂ ਮਹਾਦਲਿਤ, ਅਤਿ-ਪਛੜਿਆ ਵਗੈਰਾ। 
ਦੂਜੇ ਪਾਸੇ ਚੋਣਾਂ ਤੋਂ  ਪਹਿਲਾਂ ਗੱਠਜੋੜ ’ਚ  ਘੁੰਢੀ ਇਕ ਹੀ ਫਸਦੀ ਹੈ। ਕੀ ਸਮਰਥਨ ਦੇਣ ਵਾਲਾ ਸਮਾਜਿਕ ਵਰਗ ਤਾਲਮੇਲ ਤੋਂ ਬਾਅਦ ਆਪਣੀ ਵੋਟ ਗੱਠਜੋੜ ’ਚ ਸ਼ਾਮਿਲ ਕਿਸੇ ਹੋਰ ਪਾਰਟੀ ਨੂੰ ਦੇਵੇਗਾ? ਮਾਇਆਵਤੀ ਦਾ ਸਭ ਤੋਂ ਵੱਡਾ ਕ੍ਰਿਸ਼ਮਾ ਇਹ ਰਿਹਾ ਹੈ ਕਿ ਪਿਛਲੇ ਲੱਗਭਗ 3 ਦਹਾਕਿਅਾਂ ਤੋਂ ਦਲਿਤ ਵਰਗ ਨੇ ਆਪਣਾ  ਪੂਰਾ ਸਮਰਥਨ ਬਸਪਾ ਨੂੰ ਦਿੱਤਾ ਹੈ। ਇਹੋ ਨਹੀਂ, ਜਿੱਥੇ ਮਾਇਆਵਤੀ ਨੇ ਕਿਹਾ, ਇਸ ਵਰਗ ਨੇ ਅੱਖਾਂ ਮੀਚ ਕੇ ਉਥੇ ਵੋਟ ਪਾਈ ਹੈ। 
ਇਹੋ ਵਜ੍ਹਾ ਸੀ ਕਿ ਬਸਪਾ ਦੇ ਬਾਨੀ ਸਵ. ਕਾਂਸ਼ੀ ਰਾਮ ਨੇ ਇਕ ਵਾਰ ਚੋਣਾਂ ਤੋਂ ਪਹਿਲਾਂ ਸਮਝੌਤਾ ਵਾਰਤਾ ਦੌਰਾਨ ਇਕ ਪਾਰਟੀ ਦੇ ਨੇਤਾ ਨੂੰ ਕਿਹਾ ਸੀ, ‘‘ਭਾਈ, ਮੇਰੀਅਾਂ ਵੋਟਾਂ ਤਾਂ ਤੈਨੂੰ ਟਰਾਂਸਫਰ ਹੋ ਜਾਣਗੀਅਾਂ ਪਰ ਤੇਰੀਅਾਂ ਵੋਟਾਂ ’ਚੋਂ ਮੈਨੂੰ ਕਿੰਨੀਅਾਂ ਮਿਲਣਗੀਅਾਂ?’’
ਇਹੋ ਵਜ੍ਹਾ ਹੈ ਕਿ ਪਿਛਲੇ ਹਫਤੇ ਮਾਇਆਵਤੀ ਨੇ ਸਨਮਾਨਜਨਕ ਸੀਟਾਂ ਲੈਣ ਦੀ ਸ਼ਰਤ  ਰੱਖੀ। ਜ਼ਾਹਿਰ ਹੈ ਕਿ ਜ਼ਿਆਦਾ ਫਾਇਦਾ ਉਸ ਪਾਰਟੀ ਨੂੰ ਹੋਵੇਗਾ, ਜੋ ਬਸਪਾ ਨਾਲ ਸਮਝੌਤਾ ਕਰੇਗੀ। 
ਯੂ. ਪੀ. ਦੇ ਗੋਰਖਪੁਰ ਅਤੇ ਫੂਲਪੁਰ ’ਚ ਸਪਾ ਦੇ ਚੋਣ ਜਿੱਤਣ ਪਿੱਛੇ ਇਹੋ ਵਜ੍ਹਾ ਸੀ। ਲੱਗਭਗ ਇਹੋ ਸਮਰੱਥਾ ਲਾਲੂ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਦੀ ਵੀ ਹੈ, ਨਹੀਂ ਤਾਂ 2015 ਦੀਅਾਂ ਵਿਧਾਨ ਸਭਾ ਚੋੋਣਾਂ ’ਚ ਨਿਤੀਸ਼ ਕੁਮਾਰ ਨੂੰ ਇੰਨੀਅਾਂ ਸੀਟਾਂ ਨਾ ਮਿਲੀਅਾਂ ਹੁੰਦੀਅਾਂ। ਲਾਲੂ ਦਾ ਸਮਰਥਕ ਵੋਟਰ ਇਹ ਗੱਲ ਜਾਣਦਾ ਸੀ ਕਿ ਨਿਤੀਸ਼ ਇਕ ਜ਼ਮਾਨੇ ਤੋਂ ਭਾਜਪਾ ਨਾਲ ਮਿਲ ਕੇ ਸਰਕਾਰ ਚਲਾਉਂਦੇ ਰਹੇ ਹਨ ਪਰ ਫਿਰ ਵੀ ਉਨ੍ਹਾਂ ਦੀ ਪਾਰਟੀ ਨੂੰ ਵੋਟ ਦਿੱਤੀ। ਕੋਈ ਵੀ ਵਿਰੋਧੀ ਗੱਠਜੋੜ ਤੋਂ ਪਹਿਲਾਂ ਕਾਂਗਰਸ ਨੂੰ ਵੀ ਇਹ ਤੱਥ ਸਮਝਣਾ  ਪਵੇਗਾ। 
ਦੂਜੇ ਪਾਸੇ ਖੇਤਰੀ ਪਾਰਟੀਅਾਂ ਨੂੰ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਅੱਜ ਵੀ ਕਾਂਗਰਸ ਹੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਹੈ ਤੇ 2014 ਦੀ ਮੋਦੀ ਲਹਿਰ ’ਚ ਵੀ ਇਸ ਪਾਰਟੀ ਨੂੰ ਦੇਸ਼ ’ਚੋਂ ਲੱਗਭਗ 11 ਕਰੋੜ ਵੋਟਾਂ ਮਿਲੀਅਾਂ ਸਨ (ਭਾਜਪਾ ਦੀਅਾਂ 17 ਕਰੋੜ ਵੋਟਾਂ ਦੇ ਮੁਕਾਬਲੇ)। 
ਸਿਆਸੀ ਸਮਝ ਤਾਂ ਇਹੋ ਕਹਿੰਦੀ ਹੈ ਕਿ ਕਾਂਗਰਸ ਨੂੰ ਢੁੱਕਵਾਂ ਸਨਮਾਨ ਦਿੱਤਾ ਜਾਵੇ ਤੇ ਵਿਧਾਨ ਸਭਾ ਚੋਣਾਂ ’ਚ ‘ਸਨਮਾਨ’ ਦੀ ਇਸ ਸਥਿਤੀ ਨੂੰ ਉਲਟ ਦਿੱਤਾ ਜਾਵੇ, ਭਾਵ ਮਾਇਆਵਤੀ, ਅਖਿਲੇਸ਼-ਲਾਲੂ ਨਾਲ ਗੱਠਜੋੜ ’ਚ ਕਾਂਗਰਸ ਜ਼ਿਆਦਾ ਸੀਟਾਂ ਛੱਡੇ। ਕਾਂਗਰਸ ਵਰਗੀ ਵੱਡੀ ਪਾਰਟੀ ਦੇ ਕਿਸੇ ਗੱਠਜੋੜ ’ਚ ਸ਼ਾਮਿਲ ਹੋਣ ਨਾਲ ਵੋਟਰਾਂ ਦਾ ਗੱਠਜੋੜ ਪ੍ਰਤੀ ਭਰੋਸਾ ਵੀ ਵਧਦਾ ਹੈ ਅਤੇ ਗੱਠਜੋੜ ਦਾ ਧਰਮ ਨਿਰਪੱਖ ਅਕਸ ਵੀ।
ਫਿਲਹਾਲ ਮਾਇਆਵਤੀ ਦੇ ਕਦਮਾਂ ਨੇ ਵਿਰੋਧੀ ਧਿਰ ਦੀ ਏਕਤਾ ਦੀਅਾਂ ਸੰਭਾਵਨਾਵਾਂ ਨੂੰ ਵੱਡਾ ਝਟਕਾ ਦਿੱਤਾ ਹੈ ਤੇ ਭਾਜਪਾ ਲਈ ਇਹ ਆਪਣੀ ਆਜ਼ਾਦ ਜਨ-ਸਵੀਕਾਰਤਾ ਦਾ ਬਿਹਤਰ ਮੌਕਾ ਹੈ।    (singh.nk1994@yahoo.com)


Related News