ਸਿਸਟਮ ਨੂੰ ਚੱਕਰਾਂ ’ਚ ਪਾਈ ਰੱਖਦੇ ਨੇ ਸੱਤਾ ’ਤੇ ਕਾਬਜ਼ ‘ਅਪਰਾਧੀ’
Saturday, Dec 08, 2018 - 07:36 AM (IST)

ਇਹ ਲੋਕ ਰਸੂਖ ਵਾਲੇ ਹਨ, ਪੈਸਾ ਬਥੇਰਾ ਇਨ੍ਹਾਂ ਕੋਲ। ਮਾਮਲੇ ਭਾਵੇਂ ਅਪਰਾਧਿਕ ਵੀ ਹਨ, ਤਾਂ ਵੀ ਵਕੀਲ ਵੱਡੇ ਕਰ ਲੈਂਦੇ ਹਨ, ਦਹਾਕਿਆਂ ਤੱਕ ਕੇਸ ਲਮਕਦੇ ਰਹਿਣ ਤੇ ਇਹ ਸੱਤਾ ਦਾ ਸੁੱਖ ਭੋਗਦੇ ਰਹਿਣ। ਸਿਸਟਮ ’ਚ ਚੋਰ ਮੋਰੀਆਂ ਏਨੀਆਂ ਹਨ ਕਿ ਤੁਸੀਂ ਇਨ੍ਹਾਂ ਰਸੂਖਵਾਨਾਂ ਨੂੰ ਕਿਸੇ ਵੀ ਤਰ੍ਹਾਂ ਹਰਾ ਨਹੀਂ ਸਕਦੇ, ਲਿਹਾਜ਼ਾ ਅੱਜ ਦੇਸ਼ ਦੀ ਜੋ ਹਾਲਤ ਹੈ, ਜਿਸ ਤਰ੍ਹਾਂ ਅਪਰਾਧ ਵਧੇ ਹਨ, ਬੁਲੰਦਸ਼ਿਹਰ ਵਾਲੀ ਘਟਨਾ ਤੋਂ ਹੀ ਅੰਦਾਜ਼ਾ ਲਾ ਲਓ?
ਪੁਲਸ ਵੀ ਜੇਕਰ ਸੁਰੱਖਿਅਤ ਨਹੀਂ ਤਾਂ ਆਮ ਆਦਮੀ ਦਾ ਕੀ ਬਣੇਗਾ? ਫਿਰ ਜੇ ਇਹ ਸੱਤਾ ਦੇ ਸਿਰ ਉੱਤੇ ਬੈਠੇ ਲੋਕ ਅਪਰਾਧਿਕ ਹਨ ਤਾਂ ਇਨ੍ਹਾਂ ਦੇ ਹੇਠਲਿਆਂ ਦੇ ਹੌਸਲੇ ਵੀ ਵਧਣੇ ਈ ਹੋਏ। ਉਹ ਵੀ ਉਹੀ ਕਰਨਗੇ, ਜੋ ਆਕਾ ਕਰਦੇ ਹਨ। ਜਦੋਂ ਇਹ ਇਕ ਕਿਸਮ ਦਾ ਰੁਝਾਨ ਹੀ ਬਣ ਜਾਵੇਗਾ ਤਾਂ ਮੁਲਕ ਅੰਦਰ ਨੈਤਿਕ ਨਿਘਾਰ ਤਾਂ ਆਉਣਾ ਹੀ ਆਉਣਾ ਹੈ।
ਇਸ ਨਿਘਾਰ ਨਾਲ ਮਨੁੱਖਤਾ ਦੇ ਮੁੱਦੇ ਕਿਤੇ ਲਾਂਭੇ ਰਹਿ ਜਾਂਦੇ ਹਨ ਤੇ ਸਿਆਸਤ ਰਹਿ ਜਾਂਦੀ ਹੈ ਇਕ-ਦੂਸਰੇ ਉੱਪਰ ਕੋਝੇ ਦੋਸ਼ਾਂ ਦੀ। ਫਿਰ ਕੋਈ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸ਼ਾਨ, ਵੱਕਾਰ ਨਹੀਂ ਦੇਖਦਾ। ਕੋਈ ਮੰਤਰੀ ਆਪਣੇ ਹੀ ਮੁੱਖ ਮੰਤਰੀ ਨੂੰ ਇਥੋਂ ਤੱਕ ਕਹਿਣ ਤੁਰ ਪਊ ਕਿ ‘ਕਿਹੜਾ ਕੈਪਟਨ?’ ਬਾਅਦ ’ਚ ਭਾਵੇਂ ਉਸੇ ਕੈਪਟਨ ਨੂੰ ਪਿਓ ਕਹਿਣਾ ਪੈ ਜਾਵੇ।
ਭਾਰਤੀ ਸਿਆਸਤ ਦੇ ਮਾਮਲੇ ’ਚ ਇਹ ਮਸਲਾ, ਜੋ ਇਨ੍ਹੀਂ ਦਿਨੀਂ ਸਿਆਸੀ ਅਪਰਾਧੀਆਂ ਦੇ ਕੇਸਾਂ ਵਾਲਾ ਉੱਠਿਆ ਹੈ, ਜਿਸ ਨੂੰ ਮਾਣਯੋਗ ਸੁਪਰੀਮ ਕੋਰਟ ਨੇ ਪਹਿਲ ਦੇਣ ਲਈ ਕਿਹਾ ਹੈ, ਬਹੁਤ ਹੀ ਭਖਵਾਂ ਹੈ ਤੇ ਸਾਡੇ ਸਮਾਜਿਕ, ਸਿਆਸੀ ਢਾਂਚੇ, ਨਿਆਇਕ ਢਾਂਚੇ ’ਤੇ ਬਹੁਤ ਵੱਡੇ ਸਵਾਲ ਖੜ੍ਹੇ ਕਰਨ ਵਾਲਾ ਹੈ ਕਿਉਂਕਿ ਇਸ ਮਸਲੇ ਦੀਆਂ ਪਰਤਾਂ ਬਹੁਤ ਹਨ।
ਇਹਦੀਆਂ ਜੜ੍ਹਾਂ ਇਥੋਂ ਤੱਕ ਫੈਲਦੀਆਂ ਹਨ ਕਿ ਅਸੀਂ ਸੱਭਿਆਚਾਰਕ ਤੌਰ ’ਤੇ ਵੀ ਨਿਵਾਣ ਵੱਲ ਹੋ ਤੁਰਦੇ ਹਾਂ। ਏਨੇ ਨੀਵੇਂ ਸੱਭਿਆਚਾਰਕ ਢਾਂਚੇ ਦੀਆਂ ਜੋ ਆਉਣ ਵਾਲੀਆਂ ਪੀੜ੍ਹੀਆਂ ਹੋਣਗੀਆਂ, ਉਹ ਨਾ ਸਿਰਫ ਨੈਤਿਕ ਕਦਰਾਂ ਤੋਂ ਕੋਰੀਆਂ ਹੋਣਗੀਆਂ, ਬਲਕਿ ਕਈ ਕਿਸਮ ਦੀਆਂ ਮਾਨਸਿਕ ਬੁਰਾਈਆਂ ਨਾਲ ਲੈ ਕੇ ਹੀ ਪੈਦਾ ਹੋਣਗੀਆਂ। ਇਹ ਕਿਸੇ ਵੀ ਮੁਲਕ ਦੇ ਭਵਿੱਖ ਲਈ ਵੱਡੇ ਖਤਰੇ ਦੀ ਘੰਟੀ ਹੋ ਸਕਦੀ ਹੈ।
ਸੱਤਾਧਾਰੀਆਂ ਵਿਰੁੱਧ 4122 ਅਪਰਾਧਿਕ ਮਾਮਲੇ ਪੈਂਡਿੰਗ
ਮਾਣਯੋਗ ਸੁਪਰੀਮ ਕੋਰਟ ਨੇ ਇਹ ਧਿਆਨ ਵਿਚ ਲਿਆਂਦਾ ਹੈ ਕਿ ਕਿਵੇਂ ਮੁਲਕ ਅੰਦਰ ਪਿਛਲੇ ਤਿੰਨ ਦਹਾਕਿਆਂ ਤੋਂ ਮੌਜੂਦਾ ਤੇ ਸਾਬਕਾ ਵਿਧਾਇਕਾਂ, ਸੰਸਦ ਮੈਂਬਰਾਂ ਖਿਲਾਫ 4122 ਦੇ ਕਰੀਬ ਅਪਰਾਧਿਕ ਮਾਮਲੇ ਪੈਂਡਿੰਗ ਪਏ ਹਨ। ਜਿਹੜੀ ਰਿਪੋਰਟ ਅਦਾਲਤ ਨੇ ਤਿਆਰ ਕਰਵਾਈ ਹੈ, ਉਹਦੇ ਮੁਤਾਬਕ 264 ਮਾਮਲੇ ਤਾਂ ਉਹੀ ਬਣਦੇ ਹਨ, ਜਿਨ੍ਹਾਂ ਉੱਪਰ ਵੱਖ-ਵੱਖ ਹਾਈਕੋਰਟਾਂ ਨੇ ਰੋਕ ਹੀ ਲਾ ਦਿੱਤੀ ਹੈ।
ਇਵੇਂ ਹੀ 2324 ਸੰਸਦ ਮੈਂਬਰਾਂ, ਵਿਧਾਇਕਾਂ ਅਤੇ 1675 ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ ਉੱਪਰ ਇਸ ਵਕਤ ਅਪਰਾਧਿਕ ਮਾਮਲੇ ਚੱਲ ਰਹੇ ਹਨ। ਤੁਸੀਂ ਹੈਰਾਨ ਹੋਵੋਗੇ ਕਿ ਹੇਠਲੀਆਂ ਅਦਾਲਤਾਂ ’ਚ ਇਨ੍ਹਾਂ ਮਾਮਲਿਆਂ ਉੱਪਰ ਸੁਣਵਾਈ ਦੀ ਤੋਰ ਏਨੀ ਮੱਠੀ ਹੈ ਕਿ ਦਹਾਕਿਆਂ ਤੋਂ ਪਏ ਹਨ ਇਹ ਕੇਸ।
ਮਸਲਾ ਕੀ ਹੈ ਵਿਚੋਂ? ਮਸਲਾ ਇਹ ਹੈ ਕਿ ਇਹ ਲੋਕ ਸੱਤਾ ’ਚ ਹਨ, ਪੈਸੇ ਵਾਲੇ ਹਨ, ਸਿਸਟਮ ਦੀਆਂ ਸਾਰੀਆਂ ਬਾਰੀਕੀਆਂ ਇਹ ਜਾਣਦੇ ਹਨ, ਸਿਸਟਮ ਦੇ ਸਾਰੇ ਕਲਪੁਰਜ਼ੇ ਇਨ੍ਹਾਂ ਕੋਲੋਂ ਊਰਜਾ ਲੈ ਕੇ ਚੱਲਦੇ ਹਨ। ਸਾਰੇ ਪਾਸੇ ਤਾਂ ਇਨ੍ਹਾਂ ਦੇ ਪ੍ਰਭਾਵ ਵਾਲੇ ਲੋਕ ਬੈਠੇ ਹਨ, ਉਹ ਚੁੱਪ ਹੋ ਜਾਂਦੇ ਹਨ, ਗਵਾਹ ਮੁੱਕਰ ਜਾਂਦੇ ਹਨ, ਮਰ ਜਾਂਦੇ ਹਨ? ਕੇਸ ਠੰਡੇ ਬਸਤੇ ’ਚ ਅਤੇ ਆਪ ਸੱਤਾ ਦੇ ਗਲਿਆਰਿਆਂ ’ਚ।
ਇਸੇ ਸਿਲਸਿਲੇ ’ਚ ਦੂਰ ਕੀ ਜਾਣਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਖਿਲਾਫ 2007 ਤੋਂ ਭ੍ਰਿਸ਼ਟਾਚਾਰ ਦਾ ਕੇਸ ਪੈਂਡਿੰਗ ਪਿਆ ਹੈ। ਇਸ ਮਾਮਲੇ ਵਿਚ ਅਜੇ ਵੀ ਚਾਰਜਸ਼ੀਟ ਦਾਖਲ ਨਹੀਂ ਕੀਤੀ ਗਈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਵਿਰੁੱਧ 18 ਕੇਸ ਦਰਜ ਹਨ। ਇਨ੍ਹਾਂ ਵਿਚੋਂ ਵੀ 10 ਕੇਸ ਉਹ ਹਨ, ਜਿਨ੍ਹਾਂ ਵਿਚ ਉਨ੍ਹਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਇਹਦੇ ਬਾਵਜੂਦ ਉਨ੍ਹਾਂ ਖਿਲਾਫ ਚਾਰਜਸ਼ੀਟ ਦਾਖਲ ਨਹੀਂ ਕੀਤੀ ਗਈ।
ਇਵੇਂ ਹੀ ਕੇਰਲ ਦੇ ਵਿਧਾਇਕ ਐੱਮ. ਐੱਮ. ਮਣੀ ਵਿਰੁੱਧ 1982 ਵਿਚ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਸੀ। ਤੁਸੀਂ ਹੈਰਾਨ ਰਹਿ ਜਾਵੋਗੇ ਕਿ ਇਸ ਮਾਮਲੇ ਦਾ ਟਰਾਇਲ ਵੀ ਨਹੀਂ ਸ਼ੁਰੂ ਹੋਇਆ। ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਖਿਲਾਫ 22 ਮਾਮਲੇ ਚੱਲ ਰਹੇ ਹਨ। ਇਨ੍ਹਾਂ ਵਿਚੋਂ 10 ਹੱਤਿਆ ਦੇ ਮਾਮਲੇ ਹਨ। ਲਗਭਗ 16 ਸਾਲ ਹੋ ਚੱਲੇ ਹਨ ਇਨ੍ਹਾਂ ਕੇਸਾਂ ਨੂੰ ਲਟਕਦਿਆਂ। ਓਡਿਸ਼ਾ ਦੇ ਚਾਰ ਵਿਧਾਇਕਾਂ ’ਤੇ 100 ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ ਹਨ।
ਇਸ ਸੂਰਤੇ-ਹਾਲ ਨੂੰ ਅਸੀਂ ਕਿਵੇਂ ਦੇਖ ਸਕਦੇ ਹਾਂ? ਇਨ੍ਹਾਂ ਤੱਥਾਂ ਦਾ ਇਕ ਪਹਿਲੂ ਇਹ ਵੀ ਹੈ ਕਿ ਸੁਪਰੀਮ ਕੋਰਟ ਨੇ ਇਨ੍ਹਾਂ ਮਾਮਲਿਆਂ ਵਿਚ ਬਿਹਾਰ ਤੇ ਕੇਰਲ ਨੂੰ ਜਲਦ ਨਿਪਟਾਰੇ ਲਈ ਕਿਹਾ ਹੈ, ਖਾਸ ਤੌਰ ’ਤੇ ਉਮਰ ਕੈਦ ਤੱਕ ਦੀ ਸਜ਼ਾ ਵਾਲੇ ਮਾਮਲਿਆਂ ਵਿਚ ਕਿਉਂਕਿ ਇਕੱਲੇ ਕੇਰਲ ਵਿਚ ਹੀ ਇਨ੍ਹਾਂ ਮਾਮਲਿਆਂ ਦੀ ਗਿਣਤੀ 312 ਹੈ ਤੇ ਬਿਹਾਰ ਵਿਚ 304 ਪਰ ਇਹ ਮਾਮਲੇ ਸਾਰੇ ਮੁਲਕ ’ਚ ਹੀ ਅਹਿਮੀਅਤ ਰੱਖਦੇ ਹਨ, ਇਸ ਵਾਸਤੇ ਸਾਰੇ ਸੂਬਿਆਂ ’ਚ ਇਹ ਟਰਾਇਲ ਤੇਜ਼ ਹੋਣੇ ਚਾਹੀਦੇ ਹਨ।
ਅਪਰਾਧ ਸਾਡਾ ਸੱਭਿਆਚਾਰ ਹੀ ਬਣ ਗਿਐ!
ਹੁਣ ਸੰਕਟ ਦੀ ਗਹਿਰਾਈ ਸਿਰਫ ਏਨੀ ਨਹੀਂ, ਇਸ ਤੋਂ ਕਿਤੇ ਜ਼ਿਆਦਾ ਹੈ ਕਿਉਂਕਿ ਲਗਾਤਾਰ ਇਨ੍ਹਾਂ ਮਾਮਲਿਆਂ ’ਚ ਵਾਧਾ ਸਾਡੀ ਸਿਆਸੀ ਪਛਾਣ ਬਣ ਰਿਹਾ ਹੈ। ਇਹ ਇਕ ਕਿਸਮ ਦਾ ਰੁਝਾਨ ਹੀ ਬਣ ਗਿਆ ਹੈ। ਪਾਰਟੀਆਂ ਵੀ ਅਜਿਹੇ ਲੋਕਾਂ ਨੂੰ ਤਰਜੀਹ ਦੇ ਰਹੀਆਂ ਹਨ। ਸਾਡਾ ਸੱਭਿਆਚਾਰਕ ਪਿਛੋਕੜ ਅਜਿਹੇ ਵਰਤਾਰੇ ਨੂੰ ਰੱਦ ਕਰਨ ਵਾਲਾ ਹੈ ਪਰ ਜੇਕਰ ਇਹ ਸਾਡਾ ਸੱਭਿਆਚਾਰ ਹੀ ਬਣਨ ਜਾ ਰਿਹਾ ਹੈ ਤਾਂ ਲੋਕਾਂ ਦੇ ਮਨਾਂ ’ਚ ਪੈਦਾ ਹੋਈ ਅਸੁਰੱਖਿਆ ਦੀ ਭਾਵਨਾ ਕਿਸੇ ਵੀ ਤਰੀਕੇ ਘਟਣ ਨਹੀਂ ਲੱਗੀ। ਅਸੀਂ 24 ਘੰਟੇ ਤਣਾਅ ’ਚ ਰਹਿਣ ਲੱਗੇ ਹਾਂ। ਸਾਡੀਆਂ ਬੱਚੀਆਂ ਸਹਿਮੀਆਂ ਹੋਈਆਂ ਹਨ। ਅਸੀਂ ਇਕ ਬੀਮਾਰ ਪੀੜ੍ਹੀ ਪੈਦਾ ਕਰ ਲਈ ਹੈ, ਮਾਨਸਿਕ ਤੌਰ ’ਤੇ ਬੀਮਾਰ ਤੇ ਸਹਿਮੀ ਹੋਈ। ਇਹ ਸਹਿਮ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ।
ਇਸ ਸੰਕਟ ਦਾ ਇਕ ਹੋਰ ਅਹਿਮ ਪਹਿਲੂ ਜੋ ਸਿਆਸੀ ਤੌਰ ’ਤੇ ਵੀ ਵਿਚਾਰਨ ਵਾਲਾ ਹੈ, ਉਹ ਇਹ ਹੈ ਕਿ ਅਜਿਹੇ ਮਾਹੌਲ ਵਿਚ ਲੋਕ ਮੁੱਦਿਆਂ ਉੱਤੇ ਨਾ ਕੋਈ ਨਜ਼ਰਸਾਨੀ ਕਰਦਾ ਹੈ ਤੇ ਨਾ ਕੋਈ ਉਨ੍ਹਾਂ ਨੂੰ ਉਭਾਰਨਾ ਚਾਹੁੰਦਾ ਹੈ। ਅੱਜ ਪੰਜਾਬ ਵਿਚ ਬੇਰੋਜ਼ਗਾਰੀ ਸਭ ਤੋਂ ਵੱਡਾ ਮਸਲਾ ਹੈ। ਕੈਂਸਰ ਉਸ ਤੋਂ ਵੀ ਵੱਡਾ ਮਸਲਾ ਹੈ। ਸਿੱਖਿਆ ਦੇ ਖੇਤਰ ’ਚ ਜੋ ਨਿਘਾਰ ਆਇਆ ਹੈ, ਉਹ ਸਭ ਦੇ ਸਾਹਮਣੇ ਹੈ। ਆਰਥਿਕ ਤੌਰ ’ਤੇ ਪੰਜਾਬ ਦੇ ਲੋਕਾਂ ਦਾ ਲੱਕ ਟੁੱਟ ਗਿਆ ਹੈ। ਸਨਅਤਾਂ ਹਜ਼ਾਰਾਂ ਦੀ ਗਿਣਤੀ ’ਚ ਹਿਜਰਤ ਕਰ ਗਈਆਂ ਹਨ।
ਅੱਜ ਸਾਡੀਆਂ ਸਿਆਸੀ ਪਾਰਟੀਆਂ ਦੇ ਮੁੱਦੇ ਕੀ ਹਨ? ਕਾਂਗਰਸ ਦਾ ਅੱਜ ਮੁੱਦਾ ਹੈ ‘ਪੰਜਾਬ ਦਾ ਕੈਪਟਨ, ਸਾਡਾ ਕੈਪਟਨ’, ਭਾਵ ਸਿਰਫ ਤੇ ਸਿਰਫ ਅੰਦਰੂਨੀ ਲੜਾਈ। ਅਕਾਲੀ ਦਲ ਦਾ ਮੁੱਦਾ ਕੀ ਹੈ? ‘ਅਕਾਲੀ ਬਨਾਮ ਟਕਸਾਲੀ’, ਸਿਰਫ ਤੇ ਸਿਰਫ ਅੰਦਰੂਨੀ ਲੜਾਈ। ਭਾਜਪਾ ਕਿਤੇ ਨਜ਼ਰ ਹੀ ਨਹੀਂ ਆ ਰਹੀ। ਉਹਦਾ ਜਿਵੇਂ ਪੰਜਾਬ ਨਾਲ ਕੋਈ ਨਾਤਾ ਹੀ ਨਹੀਂ ਹੈ। ਸੁਖਪਾਲ ਖਹਿਰਾ ਦੇ ਧੜੇ ਦਾ ਮੁੱਦਾ ਕੀ ਹੈ? ‘ਇਨਸਾਫ ਮਾਰਚ’। ਕਿਹਦੇ ਕੋਲੋਂ, ਕਾਹਦਾ ਇਨਸਾਫ? ਕੋਈ ਪਤਾ ਨਹੀਂ।
ਕਮਿਊਨਿਸਟ ਧਿਰਾਂ ਕਿਤੇ ਨਹੀਂ ਲੱਭਦੀਆਂ, ਬਹੁਜਨ ਸਮਾਜ ਪਾਰਟੀ ਕੋਲ ਕੋਈ ਲੀਡਰ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਦੀ ਦਲਿਤਾਂ ਦੇ ਮੁੱਦਿਆਂ ਬਾਰੇ ਸਮਝ ਵੀ ਜਾਂਦੀ ਰਹੀ। ‘ਆਮ ਆਦਮੀ ਪਾਰਟੀ’ ਦੇ ਭਗਵੰਤ ਮਾਨ ਸਿਵਾਏ ਲਤੀਫਿਆਂ ਦੇ ਕੁਝ ਬੋਲਦੇ ਹੀ ਨਹੀਂ। ਉਂਝ ਵੀ ਆਮ ਆਦਮੀ ਪਾਰਟੀ ਦਾ ਪੰਜਾਬ ’ਚੋਂ ਲਗਭਗ ਸਫਾਇਆ ਹੋ ਗਿਆ ਹੈ। ਬੈਂਸ ਭਰਾਵਾਂ ਦੀ ਸਿਆਸਤ ‘ਸਟਿੰਗ’ ਵਾਲੀ ਹੈ। ਉਹ ਕੀ ਸਿੱਧ ਕਰਨਾ ਚਾਹੁੰਦੇ ਹਨ, ਇਹ ਕਦੇ ਵੀ ਸਾਫ ਨਹੀਂ ਹੋਇਆ। ਫਿਰ ਅਜਿਹੇ ਹਨੇਰੇ ਸਮੇਂ ਵਿਚ ਪੰਜਾਬੀ ਬੰਦਾ ਕਿਸ ਤੋਂ ਉਮੀਦ ਰੱਖੇ? ਉਹ ਤਾਂ ਸਾਹ-ਸਤਹੀਣ ਸਹਿਮਿਆ ਬੈਠਾ ਹੈ ਪਰ ਇਹ ਗੱਲ ਹਰਗਿਜ਼ ਨਹੀਂ ਹੈ ਕਿ ਪੰਜਾਬ ਨੇ ਪਹਿਲਾਂ ਅਜਿਹੇ ਸਹਿਮ ਨਹੀਂ ਦੇਖੇ। ਦੇਖੇ ਹਨ ਤੇ ਉਨ੍ਹਾਂ ਵਿਚੋਂ ਉੱਭਰਿਆ ਵੀ ਹੈ। ਹੁਣ ਵੀ ਉਸ ਦੇ ਉਭਾਰ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਹਨੇਰੇ ਤੋਂ ਬਾਅਦ ਸਵੇਰਾ ਹੋਣਾ ਹੀ ਹੁੰਦਾ ਹੈ। ਇਹ ਕੁਦਰਤ ਦਾ ਨਿਯਮ ਹੈ ਤੇ ਪੰਜਾਬੀਆਂ ਦੀ ਹੋਣੀ।
kali.desraj@gmail.com