ਕਹਿਣੀ-ਕਰਨੀ ਦਾ ਫਰਕ ਲੈ ਬੈਠਾ ''ਆਮ ਆਦਮੀ ਪਾਰਟੀ'' ਨੂੰ

Tuesday, May 16, 2017 - 06:57 AM (IST)

ਕਹਿਣੀ-ਕਰਨੀ ਦਾ ਫਰਕ ਲੈ ਬੈਠਾ ''ਆਮ ਆਦਮੀ ਪਾਰਟੀ'' ਨੂੰ

2009 ਤੋਂ 2014 ਤਕ ਸੱਤਾ ''ਚ ਰਹੀ ਯੂ. ਪੀ. ਏ. ਦੀ ਸਰਕਾਰ ਸਮੇਂ ਬੁਰਜੂਆ ਸਿਆਸਤ ਅੰਦਰ ਇਕ ਨਵਾਂ ਮੋੜ ਆਇਆ, ਜਦੋਂ ਸੋਸ਼ਲ ਵਰਕਰ ਸ਼੍ਰੀ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ। ਉਸ ਅੰਦੋਲਨ ''ਚ ਕਈ ਨਵੇਂ ਆਗੂ ਅੱਗੇ ਆਏ, ਜੋ ਪਹਿਲਾਂ ਵਕੀਲ ਜਾਂ ਬਿਊਰੋਕ੍ਰੇਸੀ ਵਿਚ ਰਹਿ ਚੁੱਕੇ ਸਨ। ਅੰਦੋਲਨ ਵਿਚ ਜਿਥੇ ਸਰਮਾਏਦਾਰ, ਜਾਗੀਰਦਾਰੀ ਵਿਚਾਰਧਾਰਾ ਰੱਖਣ ਵਾਲੇ ਲੋਕ ਸ਼ਾਮਿਲ ਸਨ, ਉਥੇ ਹੀ ਕਈ ਖੱਬੇਪੱਖੀ ਵਿਚਾਰਧਾਰਾ ਨਾਲ ਸੰਬੰਧਿਤ ਰਹਿ ਚੁੱਕੇ ਆਗੂ ਵੀ ਸਨ। 
ਯੂ. ਪੀ. ਏ. ਦੀ ਵਿਰੋਧੀ ਬੀ. ਜੇ. ਪੀ. ਵੀ ਉਸ ਅੰਦੋਲਨ ਨੂੰ ਹੱਲਾਸ਼ੇਰੀ ਦੇ ਕੇ ਹਾਲਾਤ ਆਪਣੇ ਹੱਕ ਵਿਚ ਕਰਨ ਲਈ ਵੀ ਤੱਤਪਰ ਸੀ। ਪ੍ਰਸ਼ਾਂਤ ਭੂਸ਼ਣ, ਯੋਗਿੰਦਰ ਯਾਦਵ ਵਰਗੇ ਲੋਕ ਜਿੱਥੇ ਅੱਗੇ ਆਏ, ਉਨ੍ਹਾਂ ਨਾਲ ਅਰਵਿੰਦ ਕੇਜਰੀਵਾਲ ਸਰਗਰਮੀ ਨਾਲ ਕੰਮ ਕਰਦਾ ਦਿਖਾਈ ਦੇ ਰਿਹਾ ਸੀ। ਭਾਵੇਂ ਮੁਨੀਸ਼ ਸਿਸੋਦੀਆ ਅਤੇ ਮਹਾਰਾਸ਼ਟਰ, ਹਰਿਆਣਾ, ਦਿੱਲੀ ਅਤੇ ਦੂਜੇ ਪ੍ਰਾਂਤਾਂ ਤੋਂ ਬਹੁਤ ਸਾਰੇ ਸਰਗਰਮ ਨੇਤਾ ਪੈਦਾ ਹੋਏ ਪਰ ਸਭ ਅੰਨਾ ਹਜ਼ਾਰੇ ਦੇ ਦਿਸ਼ਾ-ਨਿਰਦੇਸ਼ ''ਤੇ ਕੰਮ ਕਰ ਰਹੇ ਸਨ। 
ਮੁੱਖ ਆਗੂ ਅੰਨਾ ਹਜ਼ਾਰੇ ਹੀ ਸਨ, ਜਿਨ੍ਹਾਂ ਤੋਂ ਬਿਨਾਂ ਅੰਦੋਲਨ ਦਾ ਅਰਥ ਹੀ ਨਹੀਂ ਸੀ। ਅੰਨਾ ਹਜ਼ਾਰੇ ਨੇ ਆਪਣੇ ਸੁਝਾਵਾਂ ਅਨੁਸਾਰ ਲੋਕਪਾਲ ਬਿੱਲ ਪਾਸ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਦੋਂ ਯੂ. ਪੀ. ਏ. ਸਰਕਾਰ ਨੇ ਸਿਧਾਂਤਕ ਤੌਰ ''ਤੇ ਅੰਨਾ ਹਜ਼ਾਰੇ ਦੀ ਮੰਗ ਮੰਨ ਲਈ ਤਾਂ ਅੰਦੋਲਨ ਵੀ ਠੰਡਾ ਪੈਣ ਲੱਗਾ। ਕੇਜਰੀਵਾਲ ਨੇ ਇਹ ਰਟ ਲਾਉਣੀ ਸ਼ੁਰੂ ਕੀਤੀ ਕਿ ਅੰਨਾ ਹਜ਼ਾਰੇ ਦੇ ਉਦੇਸ਼ਾਂ ਨੂੰ ਨਵੀਂ ਪਾਰਟੀ ਬਣਾ ਕੇ ਸਿਰੇ ਚੜ੍ਹਾਇਆ ਜਾ ਸਕਦਾ ਹੈ ਪਰ ਅੰਨਾ ਹਜ਼ਾਰੇ ਇਹ ਤਾੜ ਗਏ ਸਨ ਕਿ ਉਨ੍ਹਾਂ ਦੇ ਇਸ ਅੰਦੋਲਨ ਦਾ ਫਾਇਦਾ ਉਠਾ ਕੇ ਕੁਝ ਮੌਕਾਪ੍ਰਸਤ ਖ਼ੁਦ ਸਿਆਸੀ ਆਗੂ ਬਣ ਕੇ ਅੱਗੇ ਆਏ ਹਨ। ਉਨ੍ਹਾਂ ਨੇ ਵਾਰ-ਵਾਰ ਕਿਹਾ ਹੈ ਕਿ ''''ਮੈਂ ਸਿਆਸੀ ਪਾਰਟੀ ਬਣਾਉਣ ਦੇ ਹੱਕ ਵਿਚ ਨਹੀਂ, ਮੈਂ ਤਾਂ ਭ੍ਰਿਸ਼ਟਾਚਾਰ ਵਰਗੀਆਂ ਬੁਰਾਈਆਂ ਦੇ ਖਿਲਾਫ ਅੰਦੋਲਨ ਕੀਤਾ ਹੈ ਤੇ ਕਰਾਂਗਾ।''''
ਪਰ ਕੇਜਰੀਵਾਲ ਨੇ ਆਪਣਾ ਦਾਅ ਲਾਇਆ ਅਤੇ ਸਿਆਸਤ ਵਿਚ ਮੌਕਾਪ੍ਰਸਤੀ ਨਾਲ ਦਾਖਲ ਹੋਣ ਦਾ ਦਰਵਾਜ਼ਾ ਖੋਲ੍ਹ ਲਿਆ। ਉਨ੍ਹਾਂ ਨਾਲ ਬਹੁਤ ਸਾਰੇ ਸੱਜੀ-ਖੱਬੀ ਵਿਚਾਰਧਾਰਾ ਦੇ ਲੋਕ ਸ਼ਾਮਿਲ ਹੋ ਗਏ।
ਕੇਜਰੀਵਾਲ ਨੇ ਵੀ. ਆਈ. ਪੀ. ਕਲਚਰ ਦੇ ਖਿਲਾਫ ਆਮ ਆਦਮੀ ਦੀ ਗੱਲ ਕਰਨੀ ਸ਼ੁਰੂ ਕੀਤੀ ਤੇ ਲੋਕਾਂ ਦੇ ਮਸਲੇ, ਜਿਵੇਂ ਬਿਜਲੀ ਦੇ ਬਿੱਲ ਨਾ ਦੇਣ ਵਾਲੇ ਲੋਕਾਂ ਦੇ ਕੱਟੇ ਕਨੈਕਸ਼ਨ ਜੋੜਨ, ਸਫਾਈ ਅਭਿਆਨ, ਬਿਜਲੀ, ਪਾਣੀ, ਸਿਹਤ, ਸਫਾਈ, ਸਿੱਖਿਆ ਆਦਿ ਦੇ ਉਭਰਵੇਂ ਮਸਲੇ ਚੁੱਕੇ ਤੇ ਅਖੀਰ ''ਆਮ ਆਦਮੀ ਪਾਰਟੀ'' ਨਾਂ ਦੀ ਸਿਆਸੀ ਪਾਰਟੀ ਬਣਾ ਲਈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਦੇਸ਼ ਦੇ ਲੋਕਾਂ ਨੂੰ ਇਹ ਜਾਪਿਆ ਕਿ ਕੇਜਰੀਵਾਲ ਇਨਕਲਾਬ-ਜ਼ਿੰਦਾਬਾਦ ਦਾ ਨਾਅਰਾ ਲਾਉਂਦਾ ਹੋਇਆ ਆਮ ਆਦਮੀ ਦੇ ਹੱਕਾਂ ਦੀ ਗੱਲ ਕਰਦਾ ਹੈ, ਜੋ ਭੁੱਖ-ਨੰਗ, ਗਰੀਬੀ, ਕੰਗਾਲੀ, ਬੇਰੋਜ਼ਗਾਰੀ ਦੇ ਖਿਲਾਫ ਲੜਦਾ ਹੋਇਆ ਸਰਮਾਏਦਾਰ, ਜਾਗੀਰਦਾਰੀ ਸਿਆਸਤ ਅਤੇ ਇਨ੍ਹਾਂ ਜਮਾਤਾਂ ਦੇ ਖਿਲਾਫ ਖੱਬੇ-ਪੱਖੀਆਂ ਤੋਂ ਅੱਗੇ ਹੋ ਕੇ ਝੰਡਾ ਚੁੱਕੇਗਾ, ਦੇਸ਼ ਵਿਚ ਮਿਹਨਤਕਸ਼ ਲੋਕਾਂ ਦੇ ਹੱਕ ਵਿਚ ਵਧੀਆ ਤਬਦੀਲੀ ਲਿਆਵੇਗਾ। 
ਕੇਜਰੀਵਾਲ ਦੇ ਨਾਅਰਿਆਂ ਨੂੰ ਸਭ ਤੋਂ ਵੱਧ ਪੰਜਾਬ ਅਤੇ ਦਿੱਲੀ ਦੇ ਲੋਕਾਂ ਨੇ ਸਮਰਥਨ ਦਿੱਤਾ। ਦਿੱਲੀ ਵਿਚ ਭਾਜਪਾ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕਰਕੇ ਕਾਂਗਰਸ ਦੀ ਹਮਾਇਤ ਨਾਲ ਸਰਕਾਰ ਬਣਾ ਲੈਣਾ, ਫਿਰ ਇਹ ਨਾਅਰਾ ਦੇਣਾ ਕਿ ''ਕਾਂਗਰਸ ਮੈਨੂੰ ਲੋਕ-ਹਿੱਤਾਂ ਦੇ ਕੰਮ ਨਹੀਂ ਕਰਨ ਦੇ ਰਹੀ'' ਅਤੇ ਸਰਕਾਰ ਤੋੜ ਕੇ ਉਹ ਫਿਰ ਲੋਕਾਂ ''ਚ ਇਉਂ ਆਇਆ, ਜਿਵੇਂ ਕੋਈ ਇਨਕਲਾਬੀ ਆਗੂ ਸਮਾਜਵਾਦ ਸਥਾਪਿਤ ਕਰਨਾ ਚਾਹੁੰਦਾ ਹੋਵੇ। ਲੋਕਾਂ ਨੂੰ ਲੱਗਾ ਕਿ ਕੇਜਰੀਵਾਲ ਵੱਡੀ ਤਬਦੀਲੀ ਕਰਨਾ ਚਾਹੁੰਦਾ ਹੈ। ਲੋਕਾਂ ਨੇ ਦਿੱਲੀ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ 70 ''ਚੋਂ 67 ਸੀਟਾਂ ਦੇ ਕੇ ਦੂਜੀਆਂ ਪਾਰਟੀਆਂ ਨੂੰ ਚੱਲਦਾ ਕਰ ਦਿੱਤਾ। 
ਕੁਝ ਸਮੇਂ ''ਚ ਹੀ ਬਿਊਰੋਕ੍ਰੇਸੀ ''ਚੋਂ ਆਏ ਇਸ ਸਿਆਸਤਦਾਨ ਨੇ ਆਪਣੇ ਅੰਦਰਲੀ ਅਸਲ ਵਿਚਾਰਧਾਰਾ ਦਿਖਾਉਣੀ ਸ਼ੁਰੂ ਕਰ ਦਿੱਤੀ। ਅਗਾਂਹਵਧੂ ਵਿਚਾਰਾਂ ਵਾਲੇ ਅਤੇ ''ਆਪ'' ਦੇ ਮੋਢੀ ਖੱਬੇ-ਪੱਖੀ ਆਗੂ ਚੁਣ-ਚੁਣ ਕੇ ਪਾਰਟੀ ''ਚੋਂ ਬਾਹਰ ਕੱਢ ਮਾਰੇ ਤੇ ਆਪਣੇ ਝੋਲੀ-ਚੁੱਕ, ਹੁਕਮ ਮੰਨਣ ਵਾਲੇ ਆਗੂ ਅੱਗੇ ਲਿਆਂਦੇ, ਜਿਨ੍ਹਾਂ ਨੂੰ ਨਾ-ਮਾਤਰ ਸਿਆਸੀ ਸੂਝ ਸੀ। ਉਨ੍ਹਾਂ ਨੇ ਲੋਕਾਂ ਲਈ ਕੋਈ ਘਾਲਾਂ ਨਹੀਂ ਘਾਲੀਆਂ ਸਨ। ਲੋਕਾਂ ਤੇ ਮਿਹਨਤਕਸ਼ ਵਰਗ ਵਾਸਤੇ ਲੜਨ ਵਾਲੇ ਵਿਗਿਆਨਕ ਸੋਚ ਦੇ ਧਾਰਨੀ ਸਭ ਖੁੱਡੇ ਲਾ ਦਿੱਤੇ। 
ਲੋਕ ਸਭਾ ਚੋਣਾਂ ''ਚ ਜੋ ਪੰਜਾਬ ਤੋਂ ਚਾਰ ਪਾਰਲੀਮੈਂਟ ਮੈਂਬਰ ਚੁਣੇ ਗਏ, ਉਨ੍ਹਾਂ ''ਚੋਂ ਡਾ. ਧਰਮਵੀਰ ਗਾਂਧੀ, ਹਰਿੰਦਰ ਖਾਲਸਾ ਤਰਕ ਨਾਲ ਗੱਲ ਕਰਦੇ ਸਨ। ਜਿਹੜੀ ਗੱਲ ਉਨ੍ਹਾਂ ਨੂੰ ਠੀਕ ਨਹੀਂ ਜਾਪਦੀ, ਉਸ ਨੂੰ ਮੰਨਦੇ ਨਹੀਂ ਸਨ। ਕੇਜਰੀਵਾਲ ਨੇ ਉਨ੍ਹਾਂ ਨੂੰ ਬਾਹਰਲਾ ਰਸਤਾ ਦਿਖਾ ਦਿੱਤਾ। 
2017 ''ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਢੋਲ ਵੱਜ ਪਏ। ਕੇਜਰੀਵਾਲ ਦੇ ਚਮਚੇ ਟਿਕਟਾਂ ਦੇ ਲਾਰੇ ਲਾ ਕੇ ਪੰਜਾਬ ਵਿਚ ਅਜਿਹੇ ਲੋਕਾਂ ਦੀ ਤਲਾਸ਼ ਵਿਚ ਇੱਧਰ-ਓਧਰ ਘੁੰਮਣ ਲੱਗੇ, ਜੋ ਮਾਇਆ ਦੇ ''ਖੁੱਲ੍ਹੇ ਗੱਫੇ'' ਵਰਤਾ ਸਕਣ। ਸੁੱਚਾ ਸਿੰਘ ਛੋਟੇਪੁਰ ਵੀ ਵੱਡੀਆਂ ਸੁਰਖ਼ੀਆਂ ''ਚ ਹੀਰੋ ਬਣ ਕੇ ਉੱਭਰੇ। ਛੋਟੇਪੁਰ ਨੇ ਜੋ ਪ੍ਰਚਾਰ ਕੀਤਾ, ਉਸ ਦਾ ਪੰਜਾਬ ਦੀਆਂ ਚੋਣਾਂ ''ਤੇ ਬਹੁਤ ਪ੍ਰਭਾਵ ਪਿਆ। ਕੇਜਰੀਵਾਲ ਬਨਾਮ ਛੋਟੇਪੁਰ ਪੰਜਾਬ ਵਿਚ ''ਆਮ ਆਦਮੀ ਪਾਰਟੀ'' ਦੇ ਭਵਿੱਖ ਦਾ ਫੈਸਲਾ ਕਰਨ ਲਈ ਖੜ੍ਹੇ ਹੋ ਗਏ।
ਚੋਣਾਂ ਆ ਗਈਆਂ, ਸਾਰੀਆਂ ਪਾਰਟੀਆਂ ਦੇ ਉਮੀਦਵਾਰ ਮੈਦਾਨ ''ਚ ਉਤਰੇ। ਕਾਂਗਰਸ ਨੇ ''ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ'' ਦੇ ਸਲੋਗਨ ''ਤੇ ਕੈਪਟਨ ਦੀ ਅਗਵਾਈ ''ਚ ਚੋਣ ਲੜੀ। ਅਕਾਲੀ-ਭਾਜਪਾ ਨੇ ਆਪਣੇ 10 ਸਾਲਾਂ ਦੇ ਵਿਕਾਸ ਦੀ ਗੱਲ ਕੀਤੀ ਪਰ ਲੋਕਾਂ ਨੇ ਇਸ ਨੂੰ ਦਸ ਸਾਲਾਂ ਦਾ ਵਿਨਾਸ਼ ਕਿਹਾ! ਕਾਂਗਰਸ ਚੋਣਾਂ ਜਿੱਤ ਗਈ। ਕੇਜਰੀਵਾਲ ਨੇ ਈ. ਵੀ. ਐੱਮ. ਮਸ਼ੀਨਾਂ ''ਤੇ ਹੀ ਨਜ਼ਲਾ ਝਾੜਿਆ। ਯੂ. ਪੀ., ਗੋਆ ''ਚ ਵੀ ਕੇਜਰੀਵਾਲ ਦੇ ਪੱਲੇ ਹਾਰ ਹੀ ਪਈ। ਪੰਜਾਬ ਵਿਚ ਉਹ 20 ਸੀਟਾਂ ਤੋਂ ਅੱਗੇ ਨਹੀਂ ਵਧਿਆ, ਜੋ ਕਹਿੰਦਾ ਸੀ ਇਥੇ 100 ਸੀਟਾਂ ਜਿੱਤ ਕੇ ਸਰਕਾਰ ਬਣਾਵਾਂਗੇ। 
ਫਿਰ ਦਿੱਲੀ ਐੱਮ. ਸੀ. ਡੀ. ਦੀਆਂ ਚੋਣਾਂ ਵਿਚ ਹਾਰ ਪੱਲੇ ਪੈਣ ਨਾਲ ਪਾਰਟੀ ਟੁੱਟਣ ਲੱਗੀ। ਵੱਡੇ-ਵੱਡੇ ਲੀਡਰ ਖਿੱਲਰ ਗਏ, ਅਸਤੀਫੇ ਸ਼ੁਰੂ ਹੋ ਗਏ। ਭਾਵੇਂ ਕੇਜਰੀਵਾਲ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ ਪਰ ਉਸ ਦਾ ਸਿਆਸਤ ਵਿਚ ਵੀ. ਆਈ. ਪੀ. ਕਲਚਰ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਤੇ ਆਮ ਆਦਮੀ ਦੀ ਗੱਲ ਕਰਨਾ ਇਕ ਇਤਿਹਾਸਿਕ ਕੰਮ ਸੀ, ਜਿਸ ਨੇ ਵੱਡੀਆਂ-ਵੱਡੀਆਂ ਸਰਮਾਏਦਾਰ, ਜਾਗੀਰਦਾਰੀ ਪਾਰਟੀਆਂ ਦੀ ਨੀਂਦ ਹਰਾਮ ਕਰ ਦਿੱਤੀ। 
ਕੇਜਰੀਵਾਲ ਦੇ ਨਾਅਰੇ ਪ੍ਰਭਾਵਸ਼ਾਲੀ ਸਨ ਪਰ ਕਹਿਣੀ ਅਤੇ ਕਰਨੀ ਵਿਚ ਜ਼ਮੀਨ-ਆਸਮਾਨ ਦਾ ਫਰਕ ਨਿਕਲਿਆ, ਜੋ ਅੱਜ ਕੇਜਰੀਵਾਲ ਦੀ ਪਾਰਟੀ ਨੂੰ ਨਿਘਾਰ ਵੱਲ ਲੈ ਕੇ ਜਾ ਰਿਹਾ ਹੈ। 
ਅਰਵਿੰਦ ਕੇਜਰੀਵਾਲ ਦੀ ਕੈਬਨਿਟ ਵਿਚ ਅਪਰਾਧਕ ਕਿਸਮ ਦੇ ਅਤੇ ਧੋਖੇਬਾਜ਼ ਨੇਤਾ ਸ਼ਾਮਿਲ ਹੋਏ, ਜਿਨ੍ਹਾਂ ''ਤੇ ਕਈ ਕੇਸ ਦਰਜ ਸਨ। ਕੇਜਰੀਵਾਲ ਨੇ ਲੋਕਰਾਜੀ ਢੰਗ ਨਾਲ ਕੰਮ ਨਹੀਂ ਕੀਤਾ, ਸਗੋਂ ਇਕ-ਪੁਰਖੀ ਡਿਕਟੇਟਰਸ਼ਿਪ ਵਾਲਾ ਰਵੱਈਆ ਅਖਤਿਆਰ ਕੀਤਾ। ਆਮ ਆਦਮੀ ਦੀ ਪਾਰਟੀ ਆਮ ਆਦਮੀ ਦੀ ਰਾਇ ਤੋਂ ਹੀ ਵਾਂਝੀ ਹੋ ਗਈ। 
ਪਾਰਟੀ ਦੇ ਉੱਚ ਆਗੂਆਂ ਦੀ ਵੀ ਕੋਈ ਪੁੱਛ-ਦੱਸ ਨਹੀਂ ਹੋ ਰਹੀ। ਜੋ ਕੇਜਰੀਵਾਲ ਦਾ ਹੁਕਮ ਹੁੰਦਾ, ਉਹੀ ਪਾਰਟੀ ਦਾ ਉਦੇਸ਼ ਤੇ ਸਿਧਾਂਤ ਬਣ ਗਿਆ। ਕਹਿਣੀ ਤੇ ਕਰਨੀ ਦਾ ਫਰਕ ਸ਼ੁਰੂ ਕੀਤੇ ਇਕ ਚੰਗੇ ਕਾਰਜ ਨੂੰ ਅੱਗੇ ਨਾ ਵਧਾ ਸਕਿਆ। ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਧਰਮਵੀਰ ਗਾਂਧੀ, ਜੋ ਮਿਹਨਤਕਸ਼ ਲੋਕਾਂ ਲਈ ਵਿਚਾਰਧਾਰਾ ਰੱਖਣ ਵਾਲੇ ਵਧੀਆ ਆਗੂ ਸਨ, ਕੇਜਰੀਵਾਲ ਦੀ ਤਾਨਾਸ਼ਾਹੀ ਨੇ ਉਨ੍ਹਾਂ ਨੂੰ ਵੀ ਨਹੀਂ ਬਖਸ਼ਿਆ। ਕੁਲ ਮਿਲਾ ਕੇ ਇਹੋ ਕਿਹਾ ਜਾ ਸਕਦਾ ਹੈ ਕਿ ਡੁੱਬਣ ਕਿਨਾਰੇ ਹੈ ਇਹ ਜਹਾਜ਼? ਕੀ ਕੇਜਰੀਵਾਲ ਇਸ ਨੂੰ ਬਚਾ ਸਕੇਗਾ? 


Related News