ਪ੍ਰੀਖਿਆ ਦੇ ਨਤੀਜਿਆਂ ਨੂੰ ਦਿਲ ’ਤੇ ਨਾ ਲੈਣ ਵਿਦਿਆਰਥੀ

Friday, May 19, 2023 - 03:44 PM (IST)

ਪ੍ਰੀਖਿਆ ਦੇ ਨਤੀਜਿਆਂ ਨੂੰ ਦਿਲ ’ਤੇ ਨਾ ਲੈਣ ਵਿਦਿਆਰਥੀ

ਹਾਲ ਹੀ ਵਿਚ ਸੀ. ਬੀ. ਐੱਸ. ਈ. ਦੇ ਨਤੀਜੇ ਐਲਾਨ ਕੀਤੇ ਗਏ। ਕਈ ਵਿਦਿਆਰਥੀ-ਵਿਦਿਆਰਥਣਾਂ ਨੇ ਬਿਹਤਰ ਸਕੋਰ ਹਾਸਲ ਕੀਤਾ ਹੈ ਤਾਂ ਕੁਝ ਸੰਤੁਸ਼ਟ ਨਹੀਂ ਵੀ ਰਹੇ। ਹਰ ਵਾਰ ਵਾਂਗ ਇਸ ਵਾਰ ਵੀ ਨਾਕਾਮ ਵਿਦਿਆਰਥੀਆਂ ਵਲੋਂ ਨਿਰਾਸ਼ ਹੋ ਕੇ ਜੀਵਨ ਲੀਲਾ ਖਤਮ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੀਆਂ ਘਟਨਾਵਾਂ ਦਿੱਲੀ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਤੇਲੰਗਾਨਾ ਆਦਿ ਕਈ ਸੂਬਿਆਂ ਵਿਚ ਸੁਣਨ ਵਿਚ ਆ ਰਹੀਆਂ ਹਨ।

ਕੋਚਿੰਗ ਨਗਰੀ ਦੇ ਨਾਂ ਨਾਲ ਵਿਸ਼ਵ ਪ੍ਰਸਿੱਧ ਦੇਸ਼ ਦੇ ਕਈ ਸ਼ਹਿਰ ਵੀ ਹੌਲੀ-ਹੌਲੀ ਸੁਸਾਈਡ ਨਗਰੀ ਬਣਦੇ ਜਾ ਰਹੇ ਹਨ। ਤਾਜ਼ਾ ਖਬਰਾਂ ਦੱਸ ਰਹੀਆਂ ਹਨ ਕਿ ਕੋਚਿੰਗ ਲੈ ਰਹੇ ਵਿਦਿਆਰਥੀਆਂ ਵਲੋਂ ਖੁਦਕੁਸ਼ੀ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੋਚਿੰਗ ਸੈਂਟਰ ਦੇ ਦਬਾਅ ਵੀ ਇਸ ਦੇ ਲਈ ਜ਼ਿੰਮੇਵਾਰ ਹਨ। ਇਹ ਸਾਰੀਆਂ ਦਰਦਨਾਕ ਘਟਨਾਵਾਂ ਸਿੱਖਿਆ ਨਾਲ ਜੁੜੇ ਹਰ ਵਿਅਕਤੀ, ਸੰਸਥਾ, ਮਾਪੇ, ਸਮਾਜ ਅਤੇ ਵਿਵਸਥਾ ਲਈ ਬੇਹੱਦ ਚਿੰਤਾਜਨਕ ਹਨ। ਇਹ ਸਭ ਸਾਡੀ ਪ੍ਰੀਖਿਆ ਪ੍ਰਣਾਲੀ ’ਤੇ ਇਕ ਵੱਡਾ ਸਵਾਲੀਆ ਨਿਸ਼ਾਨ ਹੈ, ਇਨ੍ਹਾਂ ’ਤੇ ਡੂੰਘੇ ਚਿੰਤਨ ਅਤੇ ਮੰਥਨ ਦੀ ਲੋੜ ਹੈ।

ਮੁਹੱਈਆ ਅੰਕੜਿਆਂ ਮੁਤਾਬਕ ਪਿਛਲੇ 4 ਸਾਲਾਂ ਵਿਚ ਕੁਲ 7,396 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ ਜਦਕਿ ਖੁਦਕੁਸ਼ੀ ਕਰਨ ਵਾਲੀਆਂ ਵਿਦਿਆਰਥਣਾਂ ਦੀ ਗਿਣਤੀ 5,693 ਹੈ ਭਾਵ 4 ਸਾਲਾਂ ਵਿਚ 13,089 ਵਿਦਿਆਰਥੀਆਂ ਨੇ ਆਪਣੀ ਜਾਨ ਦੇ ਦਿੱਤੀ ਹੈ। ਹਾਲ ਹੀ ਵਿਚ ਸਿੱਖਿਆ ਮੰਤਰਾਲਾ ਨੇ ਵਿਦਿਆਰਥੀ-ਵਿਦਿਆਰਥਣਾਂ ਦੀ ਖੁਦਕੁਸ਼ੀ ਦੇ ਅੰਕੜਿਆਂ ’ਤੇ ਇਕ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ ਹੈ। ਸਰਕਾਰ ਮੁਤਾਬਕ ਸਾਲ 2018 ਤੋਂ 23 ਤੱਕ ਆਈ. ਆਈ. ਟੀ. (IIT) ਵਿਚ 36 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਜਦਕਿ ਆਈ. ਆਈ. ਐੱਮ. (IIM) ਵਿਚ ਇਸ ਦੌਰਾਨ ਕੁਲ 4 ਵਿਦਿਆਰਥੀਆਂ ਨੇ ਆਪਣੀ ਜਾਨ ਦੇ ਦਿੱਤੀ। ਇਸੇ ਤਰ੍ਹਾਂ ਐੱਨ. ਆਈ. ਟੀ. (NIT) ਦੇ 24, ਏ. ਆਈ. ਆਈ. ਐੱਮ. ਐੱਸ. (AIIMS) ਦੇ 11, ਕੇਂਦਰੀ ਯੂਨੀਵਰਸਿਟੀਆਂ (Central University) ਦੇ 29 ਵਿਦਿਆਰਥੀਆਂ ਨੇ ਪਿਛਲੇ 6 ਸਾਲਾਂ ਵਿਚ ਖੁਦਕੁਸ਼ੀ ਕੀਤੀ ਹੈ। ਇਹ ਅੰਕੜੇ ਆਮ ਨਹੀਂ ਕਹੇ ਜਾ ਸਕਦੇ ਹਨ।

ਉੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਵਲੋਂ ਖੁਦਕੁਸ਼ੀ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਤਾਂ ਯੂ. ਜੀ. ਸੀ. ਨੇ ਸਾਰੀਆਂ ਉੱਚ ਸੰਸਥਾਵਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਦੀ ਪਾਲਣਾ ਕਰਨਾ ਇਨ੍ਹਾਂ ਸੰਸਥਾਵਾਂ ਦੀ ਨੈਤਿਕ ਜ਼ਿੰਮੇਵਾਰੀ ਹੈ। ਜਿਥੋਂ ਤੱਕ ਸਕੂਲ ਸਿੱਖਿਆ ਦਾ ਸਵਾਲ ਹੈ, ਵਿਦਿਆਰਥੀ-ਵਿਦਿਆਰਥਣਾਂ, ਪੇਰੈਂਟਸ ਤੇ ਟੀਚਰਜ਼ ਨੂੰ ਸਮਝਣਾ ਜ਼ਰੂਰੀ ਹੈ ਕਿ ਪ੍ਰੀਖਿਆ ਦੇ ਨਤੀਜੇ ਹੀ ਸਭ ਕੁਝ ਨਹੀਂ ਹਨ। ਪ੍ਰੀਖਿਆ ਬੋਰਡ ਦੇ ਰਿਜ਼ਲਟ ਕਾਰਡ ਜ਼ਿੰਦਗੀ ਵਿਚ ਜਨਮ ਪ੍ਰਮਾਣ ਪੱਤਰ ਅਤੇ ਆਧਾਰ ਕਾਰਡ ਬਣਵਾਉਣ ਦੇ ਵੀ ਕੰਮ ਆਉਂਦੇ ਹਨ, ਜਦਕਿ ਇਸ ਜੀਵਨ ਵਿਚ ਵਿਦਿਆਰਥੀ ਦੇ ਅਸਲੀ ਸੰਘਰਸ਼ ਦੀ ਤਾਕਤ ਤਾਂ ਖੁਦ ਦੀ ਬੌਧਿਕ ਸਮਰੱਥਾ ਅਤੇ ਸਕਿਲਜ਼ ਤੋਂ ਹੀ ਪੈਦਾ ਹੁੰਦੀ ਹੈ। ਪ੍ਰੀਖਿਆ ਨਤੀਜੇ ਸਿਰਫ ਕੁਝ ਸਵਾਲਾਂ ਦੇ ਜਵਾਬ ਯਾਦ ਕਰਨ ’ਤੇ ਨਿਰਭਰ ਹੁੰਦੇ ਹਨ। ਇਹ ਵਿਦਿਆਰਥੀ ਦੀ ਬੌਧਿਕ ਸਮਰੱਥਾ ਨਹੀਂ ਸਗੋਂ ਯਾਦ ਸਮਰੱਥਾ ’ਤੇ ਨਿਰਭਰ ਹਨ। ਇਹ ਗੱਲਾਂ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਦੱਸੀਆਂ ਜਾਣੀਆਂ ਚਾਹੀਦੀਆਂ ਹਨ।

ਜਿਨ੍ਹਾਂ ਵਿਦਿਆਰਥੀਆਂ ਵਿਚ ਰਿਜ਼ਲਟ ਨੂੰ ਲੈ ਕੇ ਹਮੇਸ਼ਾ ਡਰ ਬੈਠਾ ਰਹਿੰਦਾ ਹੈ ਖਾਸ ਤੌਰ ’ਤੇ ਐਂਗਜਾਇਟੀ ਜਾਂ ਡਿਪ੍ਰੈਸ਼ਨ ਦੀ ਸਮੱਸਿਆ ਪਹਿਲਾਂ ਤੋਂ ਹੈ, ਉਨ੍ਹਾਂ ਵਿਚ ਡਰ ਰਹਿੰਦਾ ਹੈ ਕਿ ਰਿਜ਼ਲਟ ਚੰਗਾ ਨਹੀਂ ਆਇਆ ਤਾਂ ਕੀ ਹੋਵੇਗਾ, ਜਿਸ ਕਾਰਨ ਉਲਝਣ, ਘਬਰਾਹਟ, ਬੁਖਾਰ, ਚਿੜਾਚਿੜਾਪਣ ਆਦਿ ਲੱਛਣ ਬੱਚਿਆਂ ਵਿਚ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਰਿਜ਼ਲਟ ਖਰਾਬ ਆਇਆ ਤਾਂ ਕਿਤੇ ਘਰ ਵਾਲੇ ਉਨ੍ਹਾਂ ਨੂੰ ਡਾਂਟਣਗੇ ਤਾਂ ਨਹੀਂ। ਇਸ ’ਤੇ ਸਮਾਜਿਕ ਪਹਿਲ ਦੀ ਲੋੜ ਹੈ।

‘‘ਵਿਦਿਆਰਥੀ ਇਕ ਖਰਾਬ ਰਿਪੋਰਟ ਕਾਰਡ ਦੀ ਸ਼ਰਮਿੰਦਗੀ ਤੋਂ ਨਾ ਡਰੇ, ਨਾ ਹੀ ਪੇਰੈਂਟਸ-ਟੀਚਰਜ਼ ਉਨ੍ਹਾਂ ਨੂੰ ਡਰਾਵੇ। ਵਿਦਿਆਰਥੀ ਖੁਦਕੁਸ਼ੀ, ਪ੍ਰੀਖਿਆ ਤੋਂ ਵੱਧ ਇਕ ਰਾਸ਼ਟਰੀ ਆਫਤ ਹੈ।’’ ਮੰਨਿਆ ਕਿ ਮਾਤਾ-ਪਿਤਾ ਅਤੇ ਅਧਿਆਪਕਾਂ ਦੀਆਂ ਬਹੁਤ ਉਮੀਦਾਂ ਹੁੰਦੀਆਂ ਹਨ ਪਰ ਉਹ ਪ੍ਰੀਖਿਆਵਾਂ ਨੂੰ ਅਣਉਚਿਤ ਮਹੱਤਵ ਨਾ ਦੇਵੇ ਠੀਕ ਹੈ, ਬੱਚਿਆਂ ਲਈ ਅੰਕ ਉਨ੍ਹਾਂ ਦੇ ਆਤਮ-ਸਨਮਾਨ ਦੇ ਮਾਪਦੰਡ ਹੁੰਦੇ ਹਨ ਪਰ ਕੀ ਇਹ ਆਤਮ-ਸਨਮਾਨ ਵਿਦਿਆਰਥੀ ਦੀ ਜ਼ਿੰਦਗੀ ਨਾਲੋਂ ਜ਼ਿਆਦਾ ਕੀਮਤੀ ਹੈ, ਬਿਲਕੁਲ ਨਹੀਂ ਹੈ। ਪੇਰੈਂਟਸ ਨੂੰ ਵਿਦਿਆਰਥੀਆਂ ਦੇ ਪ੍ਰੀਖਿਆ ਰਿਜ਼ਲਟ ਦੇ ਸਮੇਂ ਅਲਰਟ ਮੋਡ ’ਤੇ ਰਹਿਣਾ ਚਾਹੀਦਾ ਹੈ।

ਇਸ ਦੌਰਾਨ ਸਾਧਾਰਨ ਵਤੀਰੇ ਵਿਚ ਕੋਈ ਬਦਲਾਅ ਨਜ਼ਰ ਆਵੇ ਤਾਂ ਫੌਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਰਿਜ਼ਲਟ ਦੇ ਸਮੇਂ ਪੇਰੈਂਟਸ ਨੂੰ ਬੱਚਿਆਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ। ਬੱਚਿਆਂ ਨਾਲ ਬੋਲਣਾ ਚਾਹੀਦਾ ਹੈ ਕਿ ਰਿਜ਼ਲਟ ਕਿਵੇਂ ਦਾ ਵੀ ਹੋਵੇ, ਸਾਨੂੰ ਤੁਹਾਡੇ ’ਤੇ ਮਾਣ ਹੈ। ਇਗਜ਼ਾਮ ਵਿਚ ਜੋ ਤੁਸੀਂ ਕੀਤਾ, ਉਹ ਤੁਸੀਂ ਕਰ ਦਿੱਤਾ। ਅਸੀਂ ਤੁਹਾਡੀ ਪੂਰੀ ਸਪੋਰਟ ਕਰਦੇ ਹਾਂ।

ਕੀ ਪ੍ਰੀਖਿਆ ਦੇ ਨੰਬਰ ਦੀ ਦੌੜ ਇਸ ਗੱਲ ਦੀ ਗਾਰੰਟੀ ਹੈ ਕਿ ਜੋ ਵਿਦਿਆਰਥੀ ਪੜ੍ਹਾਈ ਵਿਚ ਬਿਹਤਰ ਪ੍ਰਦਰਸ਼ਨ ਕਰਦਾ ਹੈ, ਉਹ ਜੀਵਨ ਵਿਚ ਵੀ ਓਨਾ ਹੀ ਸਫਲ ਹੋਵੇਗਾ? ਮਾਪਿਆਂ ਨੂੰ ਪਿੱਛੇ ਮੁੜ ਕੇ ਆਪਣੇ ਸਹਿਪਾਠੀਆਂ ਨੂੰ ਦੇਖਣਾ ਚਾਹੀਦਾ ਹੈ ਕਿਉਂਕਿ ਸੰਭਵ ਹੈ ਕਿ ਉਨ੍ਹਾਂ ਦੀ ਕਲਾਸ ਦਾ ਸਭ ਤੋਂ ਤੇਜ਼ ਵਿਦਿਆਰਥੀ, ਅੱਜ ਅਧਿਆਤਮ ਜਾਂ ਲੇਖਨ ਨਾਲ ਜੁੜ ਗਿਆ ਹੈ ਜਿਥੇ ਨੰਬਰਾਂ ਦੀ ਕੋਈ ਅਹਿਮੀਅਤ ਨਹੀਂ ਹੈ।

ਉਂਝ ਵੀ ਦੁਨੀਆ ਵਿਚ ਨਾਂ ਕਰਨ ਵਾਲੇ ਲੋਕਾਂ ਕੋਲੋਂ ਕੋਈ ਉਨ੍ਹਾਂ ਦੀ ਮਾਰਕਸ਼ੀਟ ਨਹੀਂ ਮੰਗਦਾ। ਹਾਲ ਹੀ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਵੀ ‘ਮਨ ਕੀ ਬਾਤ’ ਵਿਚ ਵਿਦਿਆਰਥੀਆਂ ਨੂੰ ਪ੍ਰੀਖਿਆ ਨਾਲ ਜੁੜੇ ਤਣਾਅ ’ਤੇ ਮਹੱਤਵਪੂਰਨ ਗੱਲਾਂ ਕਹੀਆਂ ਸਨ, ਇਨ੍ਹਾਂ ਗੱਲਾਂ ’ਤੇ ਗੌਰ ਕੀਤਾ ਜਾਣਾ ਚਾਹੀਦਾ ਹੈ।

ਦਰਅਸਲ ਸਾਡੀ ਪ੍ਰੀਖਿਆ ਪ੍ਰਣਾਲੀ ਨੂੰ ਬਦਲਣ ਦੀ ਲੋੜ ਹੈ ਕਿਉਂਕਿ ਇਹ ਵਿਦਿਆਰਥੀਆਂ ਨੂੰ ਸਿਰਫ ਪਾਸ ਅਤੇ ਫੇਲ ਨਹੀਂ ਕਰਦੀ ਹੈ ਸਗੋਂ ਉਨ੍ਹਾਂ ਦੀ ਚੰਗੇ ਅਤੇ ਖਰਾਬ ਵਿਦਿਆਰਥੀ ਦੇ ਰੂਪ ਵਿਚ ਬ੍ਰਾਂਡਿੰਗ ਕਰਦੀ ਹੈ। ਫਿਰ ਸਕੂਲ ਵਲੋਂ ਕੀਤੀ ਗਈ ਬ੍ਰਾਂਡਿੰਗ ਨੂੰ ਸਮਾਜ ਤੁਲਨਾ ਕਰ ਕੇ ਉਸ ਨੂੰ ਇਕ ਸਮਾਜਿਕ ਮਨਜ਼ੂਰੀ ਵਿਚ ਬਦਲ ਦਿੰਦਾ ਹੈ।

ਇਸ ਕੰਮ ਵਿਚ ਵਧੇਰੇ ਸਕੂਲਾਂ ਦੀ ਵੀ ਭੂਮਿਕਾ ਸਾਕਾਰਾਤਮਕ ਨਹੀਂ ਰਹਿੰਦੀ ਹੈ। ਸ਼ੁਰੂਆਤੀ ਕਲਾਸਾਂ ਤੋਂ ਹੀ ਸਕੂਲ ਆਪਣੇ ਵਿਦਿਆਰਥੀਆਂ ਬਾਰੇ ਤੇਜ਼, ਔਸਤ ਅਤੇ ਕਮਜ਼ੋਰ ਬੱਚੇ ਦੀ ਧਾਰਨਾ ਬਣਾ ਲੈਂਦਾ ਹੈ। ਆਪਣੀਆਂ ਇਨ੍ਹਾਂ ਧਾਰਨਾਵਾਂ ਨੂੰ ਅਧਿਆਪਕ ਲਗਾਤਾਰ ਦੁਹਰਾਉਂਦੇ ਰਹਿੰਦੇ ਹਨ ਅਤੇ ਜਾਣੇ-ਅਣਜਾਣੇ ਆਪਣੀ ਇਸ ਧਾਰਨਾ ਨੂੰ ਸਹੀ ਸਾਬਿਤ ਕਰਨ ਦਾ ਯਤਨ ਵੀ ਕਰਦੇ ਹਨ।

ਪਰ ਸਕੂਲ ਵਿਚੋਂ ਨਿਕਲਣ ਤੋਂ ਬਾਅਦ ਵਧੇਰੇ ਵਿਦਿਆਰਥੀ ਆਪਣੇ ਜੀਵਨ ਵਿਚ ਅਤੇ ਕਰੀਅਰ ਵਿਚ ਆਪਣੀ ਥਾਂ ਬਣਾ ਲੈਂਦੇ ਹਨ। ਕੁਲ ਮਿਲਾ ਕੇ ਸਾਨੂੰ ਪ੍ਰੀਖਿਆਵਾਂ ਨੂੰ ਇਸ ਤਰ੍ਹਾਂ ਬਣਾਉਣਾ ਹੋਵੇਗਾ ਕਿ ਇਹ ਯਾਦ ’ਤੇ ਨਿਰਭਰ ਨਾ ਹੋਵੇ ਸਗੋਂ ਸੋਚਣ ਦੀ ਸਮਰੱਥਾ ’ਤੇ ਜ਼ੋਰ ਦੇਵੇ।

ਡਾ. ਵਰਿੰਦਰ ਭਾਟੀਆ


author

Rakesh

Content Editor

Related News