ਸਟੀਰਾਇਡ ਯੁਕਤ ਆਈਡ੍ਰਾਪ ਖੋਹ ਸਕਦੇ ਹਨ ਅੱਖਾਂ ਦੀ ਰੋਸ਼ਨੀ

08/24/2023 1:29:53 PM

ਭਾਰਤ ਦੇ ਲਗਭਗ ਸਾਰੇ ਸੂਬਿਆਂ ’ਚ ਆਈ ਫਲੂ ਤੇਜ਼ੀ ਨਾਲ ਫੈਲ ਰਿਹਾ ਹੈ। ਸਿਹਤ ਕਲੀਨਿਕਾਂ ਦਾ ਡੇਟਾ ਦੱਸਦਾ ਹੈ ਕਿ ਇਨ੍ਹੀਂ ਦਿਨੀਂ ਹਰ 5ਵੇਂ ਵਿਅਕਤੀ ’ਚੋਂ 4 ਅੱਖਾਂ ਦੀ ਇਨਫੈਕਸ਼ਨ ਤੋਂ ਪੀੜਤ ਹਨ। ਮਾਹਿਰਾਂ ਦੀ ਮੰਨੀਏ ਤਾਂ ਅੱਖਾਂ ਦੀ ਇਨਫੈਕਸ਼ਨ ਇਕ ਵਾਇਰਸ ਨਾਲ ਪੈਦਾ ਹੋਣ ਵਾਲਾ ਰੋਗ ਹੈ ਜੋ ਤੇਜ਼ ਗਰਮੀ, ਮੀਂਹ, ਹੜ੍ਹ ਅਤੇ ਰੁਕੇ ਹੋਏ ਪਾਣੀ ਦੀ ਸਥਿਤੀ ’ਚ ਤੇਜ਼ੀ ਨਾਲ ਫੈਲਦਾ ਹੈ। ਇਸ ਨੂੰ ਪਿੰਕ ਆਈ ਜਾਂ ਮੈਡ੍ਰਸ ਆਈ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਕੰਜ਼ਕਟਿਵਾਇਟਿਸ ਅੱਖਾਂ ਦਾ ਸਫੈਦ ਵਾਲਾ ਹਿੱਸਾ ਜਿਸ ਨੂੰ ਕੰਜ਼ਕਟਿਵਾ ਕਹਿੰਦੇ ਹਨ, ਉਸ ’ਚ ਹੋਣ ਵਾਲਾ ਇਨਫੈਕਸ਼ਨ ਹੈ। ਤੇਜ਼ ਇਨਫੈਕਸ਼ਨ ਹੋਣ ਨਾਲ ਅੱਖਾਂ ਲਾਲ ਹੋਣ ਦੇ ਨਾਲ ਸੁਜ ਜਾਂਦੀਆਂ ਹਨ ਅਤੇ ਦਰਦ ਹੁੰਦਾ ਹੈ। ਡਾਕਟਰਾਂ ਅਨੁਸਾਰ ਬਾਲਗਾਂ ਦੀ ਤੁਲਨਾ ’ਚ ਬੱਚਿਆਂ ’ਚ ਇਸ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲਦਾ ਹੈ। ਉਹ ਲੋਕ ਜੋ ਯਾਤਰਾ ਲਈ ਪਬਲਿਕ ਸਿਸਟਮ ਮੈਟ੍ਰੋ, ਬੱਸ, ਟ੍ਰੇਨ ਦੀ ਵਰਤੋਂ ਕਰਦੇ ਹਨ, ਉਹ ਵੱਧ ਸੰਵੇਦਨਸ਼ੀਲ ਹੁੰਦੇ ਹਨ।

ਅਜਿਹੇ ’ਚ ਯਾਤਰਾ ਦੌਰਾਨ ਇਨਫੈਕਟਿਡ ਥਾਵਾਂ ਨੂੰ ਛੂਹਣ ਪਿੱਛੋਂ ਹੱਥਾਂ ਨੂੰ ਸਹੀ ਢੰਗ ਨਾਲ ਸੈਨੇਟਾਈਜ਼ ਕਰ ਕੇ ਹੀ ਅੱਖਾਂ ਨੂੰ ਛੂਹਣਾ ਚਾਹੀਦਾ ਹੈ। ਆਮ ਤੌਰ ’ਤੇ ਕੰਜ਼ਕਟਿਵਾਇਟਿਸ 3-4 ਦਿਨਾਂ ’ਚ ਸਹੀ ਹੋ ਜਾਂਦਾ ਹੈ ਅਤੇ ਵਿਅਕਤੀ ਦੀ ਅੱਖਾਂ ਦੀ ਰੋਸ਼ਨੀ ’ਤੇ ਕੋਈ ਅਸਰ ਨਹੀਂ ਪੈਂਦਾ ਪਰ ਏਮਸ ਦੇ ਮਾਹਿਰਾਂ ਦੀ ਮੰਨੀਏ ਤਾਂ ਆਈ ਫਲੂ ਸਮੇਂ ਵਰਤੀ ਗਈ ਲਾਪ੍ਰਵਾਹੀ ਅਤੇ ਬਿਨਾਂ ਡਾਕਟਰੀ ਸਲਾਹ ਦੇ ਇਲਾਜ ਹਮੇਸ਼ਾ ਲਈ ਅੱਖਾਂ ਦੀ ਰੋਸ਼ਨੀ ਖੋਹ ਸਕਦਾ ਹੈ।

ਹਾਲ ਹੀ ’ਚ ਏ.ਆਈ.ਆਰ ’ਤੇ ਛਪੀ ਰਿਪੋਰਟ ’ਚ ਏਮਸ ਦੇ ਡਾਕਟਰ ਜੇ. ਐੱਸ. ਟਿਟਿਆਲ ਨੇ ਯਾਦ ਕਰਵਾਇਆ ਕਿ ਕੰਜ਼ਕਟਿਵਾਇਟਿਸ ਹੋਣ ’ਤੇ ਜੇ ਮਰੀਜ਼ ਬਿਨਾਂ ਡਾਕਟਰੀ ਸਲਾਹ ਦੇ ਸਟੀਰਾਇਡ ਯੁਕਤ ਆਈਡ੍ਰਾਪ ਦੀ ਵਰਤੋਂ ਕਰਦਾ ਹੈ ਤਾਂ ਉਹ ਅੰਨ੍ਹਾ ਹੋ ਸਕਦਾ ਹੈ। ਡਾ. ਟਿਟਿਆਲ ਦੱਸਦੇ ਹਨ ਕਿ ਅੱਜ ਬਾਜ਼ਾਰ ’ਚ ਕਈ ਸਟੀਰਾਇਡ ਯੁਕਤ ਆਈ ਡ੍ਰਾਪ ਮਿਲਦੇ ਹਨ ਜਿਨ੍ਹਾਂ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਕਾਰਨੀਆ ’ਤੇ ਧੱਬੇ ਆਉਣ ਲੱਗਦੇ ਹਨ ਅਤੇ ਨਾਲ ਹੀ ਅੱਖਾਂ ’ਤੇ ਦਬਾਅ ਵਧਣ ਦਾ ਖਤਰਾ ਰਹਿੰਦਾ ਹੈ ਜਿਸ ਨਾਲ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਏਮਸ ਨੇ ਆਪਣੇ ਇਲਾਜ ਪ੍ਰੋਟੋਕਾਲ ’ਚ ਸਟੀਰਾਇਡ ਨੂੰ ਸ਼ਾਮਲ ਨਹੀਂ ਕੀਤਾ ਅਤੇ ਇਸ ਨੂੰ ਬਹੁਤ ਜ਼ਿਆਦਾ ਲੋੜ ਹੋਣ ’ਤੇ ਡਾਕਟਰ ਦੀ ਸਲਾਹ ’ਤੇ ਹੀ ਦਿੱਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਹੈਵੀ ਸਟੀਰਾਇਡ ਵਾਲੇ ਆਈ ਡ੍ਰਾਪ ਜਲਦੀ ਲਾਭ ਤਾਂ ਦਿੰਦੇ ਹਨ ਪਰ ਬਾਅਦ ’ਚ ਅੱਖਾਂ ਖਰਾਬ ਹੋਣ ਦੀ ਸੰਭਾਵਨਾ ਨੂੰ ਵਧਾਉਂਦੇ ਹਨ। ਇਸ ਲਈ ਚੰਗਾ ਹੈ ਕਿ ਕੰਜ਼ਕਟਿਵਾਇਟਿਸ ਤੋਂ ਬਚਣ ਲਈ ਸਟੀਰਾਇਡ ਦੀ ਥਾਂ ਬਚਾਅ ਦੇ ਹੋਰ ਢੰਗਾਂ ਨੂੰ ਅਪਣਾਇਆ ਜਾਵੇ, ਨਾਲ ਹੀ ਲੋਕ ਸੰਪਰਕ ’ਚ ਕਮੀ, ਜਨਤਕ ਆਵਾਜਾਈ ਦੀ ਵਰਤੋਂ ’ਚ ਕਮੀ ਕੀਤੀ ਜਾਵੇ। ਤਦ ਅੱਖਾਂ ਦੀ ਇਨਫੈਕਸ਼ਨ ਨਾਲ ਹੋਣ ਵਾਲੇ ਨਾਂਹ-ਪੱਖੀ ਅਸਰਾਂ ਤੋਂ ਬਚਿਆ ਜਾ ਸਕਦਾ ਹੈ।

ਸੀਮਾ ਅਗਰਵਾਲ


Rakesh

Content Editor

Related News