ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਨਮਦਿਨ ’ਤੇ ਵਿਸ਼ੇਸ਼

10/22/2020 3:41:12 AM

ਪ੍ਰਭਾਤ ਝਾਅ (ਸਾਬਕਾ ਸੰਸਦ ਮੈਂਬਰ ਤੇ ਸਾਬਕਾ ਭਾਜਪਾ ਰਾਸ਼ਟਰੀ ਉਪ ਪ੍ਰਧਾਨ)

ਵਿਸਮਾਰਕ ਵਰਗੀ ਸੰਗਠਨ ਨਿਪੁੰਨਤਾ, ਚਾਣੱਕਿਆ ਵਰਗੀ ਸਿਆਸੀ ਮੁਹਾਰਤ ਅਤੇ ਰਾਸ਼ਟਰੀ ਏਕਤਾ ਪ੍ਰਤੀ ਅਬ੍ਰਾਹਮ ਲਿੰਕਨ ਵਰਗੀ ਅਨੋਖੀ ਲਗਨ ਨਾਲ ਸਰਦਾਰ ਪਟੇਲ ਨੇ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਸਿਆਸੀ ਇਤਿਹਾਸ ਵਿਚ ਮਾਣਮੱਤਾ ਸਥਾਨ ਪ੍ਰਾਪਤ ਕੀਤਾ। 562 ਛੋਟੀਆਂ ਵੱਡੀਆਂ ਰਿਆਸਤਾਂ ਦਾ ਭਾਰਤੀ ਸੰਘ ਵਿਚ ਰਲੇਵਾਂ ਕਰਕੇ ਭਾਰਤੀ ਏਕਤਾ ਦਾ ਨਿਰਮਾਣ ਕਰਨਾ। ਉਹ ਵਿਸ਼ਵ ਦੇ ਇਕਲੌਤੇ ਇਤਿਹਾਸ ਪੁਰਸ਼ ਹਨ ਜਿਨ੍ਹਾਂ ਨੇ ਇੰਨੀ ਵੱਡੀ ਗਿਣਤੀ ਵਿਚ ਸੂਬਿਆਂ ਦਾ ਏਕੀਕਰਨ ਕਰਨ ਦੀ ਅਥਾਹ ਦਲੇਰੀ ਦਿਖਾਈ।

ਅੱਜ ਉਹੀ ਸਥਾਨ ਭਾਰਤੀ ਸਿਆਸਤ ’ਚ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਮੌਜੂਦਾ ਸਮੇਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੈ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੈਸਲਾਕੰੁਨ ਅਗਵਾਈ ’ਚ ਸਦੀਆਂ ਤੋਂ ਅਣਸੁਲਝੇ ਰਾਮ ਜਨਮ ਭੂਮੀ ਵਿਵਾਦ ਅਤੇ ਦਹਾਕਿਆਂ ਤੋਂ ਅਣਸੁਲਝੀ ਧਾਰਾ 370 ਦੀ ਸਮੱਸਿਆ ਤੋਂ ਦੇਸ਼ ਨੂੰ ਵੱਡਾ ਛੁਟਕਾਰਾ ਦਿਵਾਇਆ ਹੈ।

ਅਥਾਹ ਦਲੇਰੀ, ਬੇਹੱਦ ਸ਼ਕਤੀ ਅਤੇ ਮਨੁੱਖੀ ਸਮੱਸਿਆਵਾਂ ਪ੍ਰਤੀ ਵਿਵਹਾਰਕ ਨਜ਼ਰੀਏ ਦੇ ਨਾਲ ਜਿਸ ਤਰ੍ਹਾਂ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ ਨਿਡਰ ਹੋ ਕੇ ਨਵ-ਜਨਮੇ ਆਜ਼ਾਦ ਭਾਰਤ ਦੀਆਂ ਮੁਸ਼ਕਲਾਂ ਦਾ ਹੱਲ ਬੜੀ ਵਧੀਆ ਸਫਲਤਾ ਨਾਲ ਕੀਤਾ ਅਤੇ ਭਾਰਤੀ ਲੋਕਾਂ ਵਿਚ ਅਮਿਟ ਸਥਾਨ ਬਣਾਇਆ, ਉਹੀ ਅਮਿਟ ਸਥਾਨ ਭਾਰਤੀ ਲੋਕਾਂ ਵਿਚ ਅੱਜ ਗ੍ਰਹਿ ਮੰਤਰੀ ਦੇ ਰੂਪ ਵਿਚ ਅਮਿਤ ਸ਼ਾਹ ਨੇ ਬਣਾਇਆ ਹੈ। ਬੜਾ ਵੱਡਾ ਸੰਜੋਗ ਹੈ ਕਿ ਭਾਰਤ ਦੇ ਇਨ੍ਹਾਂ ਦੋਵਾਂ ਮਹਾਪੁਰਸ਼ਾਂ ਦਾ ਜਨਮ ਅਕਤੂਬਰ ਦੇ ਮਹੀਨੇ ਵਿਚ ਹੋਇਆ ਅਤੇ ਦੋਵੇਂ ਗੁਜਰਾਤ ਤੋਂ ਹੀ ਹਨ। ਸਰਦਾਰ ਪਟੇਲ ਦਾ ਜਨਮ 31 ਅਕਤੂਬਰ ਨੂੰ ਅਤੇ ਅਮਿਤ ਸ਼ਾਹ ਦਾ ਜਨਮ 22 ਅਕਤੂਬਰ ਨੂੰ ਹੋਇਆ।

ਭਾਰਤੀ ਜਨਤਾ ਪਾਰਟੀ ਦੇ ਹੁਣ ਤੱਕ ਦੇ ਸਭ ਤੋਂ ਸਫਲ ਪ੍ਰਧਾਨ ਅਤੇ ਸਰਦਾਰ ਪਟੇਲ ਤੋਂ ਬਾਅਦ ਭਾਰਤ ਦੇ ਸਭ ਤੋਂ ਫੈਸਲਾਕੰੁਨ ਗ੍ਰਹਿ ਮੰਤਰੀ 56 ਸਾਲਾ ਅਮਿਤ ਸ਼ਾਹ ਜੁਲਾਈ 2014 ਵਿਚ ਸਿਰਫ 49 ਸਾਲ ਦੀ ਉਮਰ ਵਿਚ ਭਾਜਪਾ ਦੇ ਸਭ ਤੋਂ ਨੌਜਵਾਨ ਰਾਸ਼ਟਰੀ ਪ੍ਰਧਾਨ ਬਣੇ। ਉਨ੍ਹਾਂ ਦੇ ਸੰਗਠਨ ਹੁਨਰ ਅਤੇ ਕੰਮ ਕਰਨ ਦੀ ਸਮਰੱਥਾ ਨੂੰ ਪਛਾਣਦੇ ਹੋਏ ਹੀ ਭਾਜਪਾ ਦੀ ਰਾਸ਼ਟਰੀ ਲੀਡਰਸ਼ਿਪ ਅਤੇ ਤਤਕਾਲੀਨ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਰਾਸ਼ਟਰੀ ਜਨਰਲ ਸਕੱਤਰ ਬਣਾ ਕੇ 80 ਸੰਸਦ ਮੈਂਬਰਾਂ ਵਾਲੇ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ।

ਭਾਜਪਾ ਨੇ ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ਵਿਚੋਂ 73 ਸੀਟਾਂ ਜਿੱਤੀਆਂ। ਪਹਿਲੀ ਵਾਰ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ 282 ਸੀਟਾਂ ਨਾਲ ਮੁਕੰਮਲ ਬਹੁਮਤ ਮਿਲਿਆ। ਉਨ੍ਹਾਂ ਦੀ ਅਗਵਾਈ ਵਿਚ ਲਗਾਤਾਰ ਵਿਸਤਾਰ ਹੋਇਆ। ਭਾਜਪਾ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣੀ। ਉੱਤਰ-ਪੂਰਬੀ ਸੂਬਿਆਂ ਦੇ ਨਾਲ-ਨਾਲ ਜੰਮੂ-ਕਸ਼ਮੀਰ ਵਿਚ ਪਾਰਟੀ ਦੀ ਸਰਕਾਰ ਬਣੀ, ਦੱਖਣ ਵਿਚ ਪਾਰਟੀ ਦਾ ਸ਼ਾਨਦਾਰ ਵਿਸਤਾਰ ਹੋਇਆ।

ਮੌਕਾ ਸਭ ਨੂੰ ਮਿਲਦਾ ਹੈ ਪਰ ਆਪਣੇ-ਆਪਣੇ ਕਾਰਜਕਾਲ ਵਿਚ ਕੀ ਕੀਤਾ, ਉਹੀ ਇਤਿਹਾਸ ਵਿਚ ਦਰਜ ਹੁੰਦਾ ਹੈ। ਸਾਰੇ ਲੋਕ ਮੌਕੇ ਨੂੰ ਮਿਹਨਤ ਅਤੇ ਬਹਾਦਰੀ ’ਚ ਨਹੀਂ ਬਦਲ ਸਕਦੇ। ਅਮਿਤ ਸ਼ਾਹ ਨੇ ਭਾਜਪਾ ਪ੍ਰਧਾਨ ਦੇ ਰੂਪ ਵਿਚ ਮਿਲੇ ਮੌਕੇ ਨੂੰ ਮਿਹਨਤ ਅਤੇ ਬਹਾਦਰੀ ’ਚ ਬਦਲਿਆ। ਭਾਜਪਾ ਪ੍ਰਧਾਨ ਦੇ ਰੂਪ ਵਿਚ ਉਨ੍ਹਾਂ ਦਾ ਕਾਰਜਕਾਲ ਇਤਿਹਾਸ ਦੇ ਪੰਨਿਆਂ ਵਿਚ ਸਭ ਤੋਂ ਸਫਲ ਕਾਰਜਕਾਲ ਦੇ ਰੂਪ ਵਿਚ ਦਰਜ ਹੋ ਗਿਆ।

ਭਾਜਪਾ ਦੇ ਕਈ ਪ੍ਰਧਾਨ ਹੋਏ, ਸਾਰਿਆਂ ਨੇ ਪਾਰਟੀ ਨੂੰ ਅੱਗੇ ਵਧਾਇਆ, ਸਾਰਿਆਂ ਨੇ ਪਾਰਟੀ ਦਾ ਵਿਸਤਾਰ ਕੀਤਾ ਪਰ ਅਮਿਤ ਸ਼ਾਹ ਦੇ ਪ੍ਰਧਾਨਗੀ ਕਾਰਜਕਾਲ ਵਿਚ ਪਾਰਟੀ ਅਤੇ ਵਿਚਾਰਧਾਰਾ ਦਾ ਜੋ ਲਗਾਤਾਰ ਵਿਸਤਾਰ ਹੋਇਆ, ਉਹ ਮਿਸਾਲ ਬਣ ਗਿਆ। ਉਨ੍ਹਾਂ ਨੇ ਪਾਰਟੀ ਲਈ 10 ਕਰੋੜ ਮੈਂਬਰ ਬਣਾਉਣ ਲਈ ਟੀਚਾ ਰੱਖਿਆ। ਮਹਾਸੰਪਰਕ ਮੁਹਿੰਮ ਅਤੇ ਮਿਸਡ ਕਾਲ ਸਰਵਿਸ ਚਲਾਈ। ਪਾਰਟੀ ਦੇ ਮੈਂਬਰਾਂ ਦੀ ਗਿਣਤੀ 11 ਕਰੋੜ ਤੱਕ ਪਹੁੰਚ ਗਈ।

ਉਨ੍ਹਾਂ ਦੇ ਪ੍ਰਧਾਨਗੀ ਕਾਰਜਕਾਲ ਵਿਚ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਦੇਸ਼ ਦੇ 68 ਫੀਸਦੀ ਜ਼ਮੀਨੀ ਹਿੱਸੇ ’ਤੇ ਭਾਜਪਾ ਅਤੇ ਭਾਜਪਾ ਗਠਜੋੜ ਦੀਆਂ ਸਰਕਾਰਾਂ ਸਨ। ਪਹਿਲਾਂ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ ਕਿ ਜੰਮੂ-ਕਸ਼ਮੀਰ ਤੇ ਉੱਤਰ-ਪੂਰਬੀ ਦੇ ਸੂਬਿਆਂ ਵਿਚ ਭਾਜਪਾ ਗਠਜੋੜ ਦੀ ਸਰਕਾਰ ਹੋਵੇ। ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ 403 ਸੀਟਾਂ ’ਚੋਂ 325 ਸੀਟਾਂ ਉੱਤੇ ਜਿੱਤ। ਇਸ ਜਿੱਤ ਨੇ ਸਿਆਸੀ ਪੰਡਿਤਾਂ ਤੱਕ ਨੂੰ ਵੀ ਹੈਰਾਨ ਕਰ ਦਿੱਤਾ ਸੀ।

ਇਕ ਸਮਾਂ ਸੀ ਦੇਸ਼ ਦੇ ਉੱਤਰ-ਪੂਰਬੀ ਸੂਬਿਆਂ ਵਿਚ ਭਾਜਪਾ ਕਦੇ ਸਰਕਾਰ ਵਿਚ ਸ਼ਾਮਲ ਨਹੀਂ ਹੋ ਸਕਦੀ ਸੀ। ਅਮਿਤ ਸ਼ਾਹ ਦੇ ਪ੍ਰਧਾਨ ਹੁੰਦਿਆਂ ਨਾ ਸਿਰਫ ਪਹਿਲੀ ਵਾਰ ਉੱਤਰ-ਪੂਰਬੀ ਸੂਬਿਆਂ ਵਿਚ ਭਾਜਪਾ ਦੀ ਸਰਕਾਰ ਬਣੀ ਸਗੋਂ ‘ਸਪਤ ਭੈਣਾਂ’ ਕਹੇ ਜਾਣ ਵਾਲੇ ਸੱਤਾਂ ਸੂਬਿਆਂ ਵਿਚ ਭਾਜਪਾ ਸਰਕਾਰ ’ਚ ਸ਼ਾਮਲ ਹੋਈ। ਜਿਥੇ ਅਸਾਮ ਅਤੇ ਤ੍ਰਿਪੁਰਾ ਵਿਚ ਕਈ ਦਹਾਕਿਆਂ ਤੋਂ ਸੱਤਾ ਉੱਤੇ ਬਿਰਾਜਮਾਨ ਸਿਆਸੀ ਪਾਰਟੀਆਂ ਨੂੰ ਹਟਾ ਕੇ ਭਾਜਪਾ ਦੇ ਮੁੱਖ ਮੰਤਰੀ ਬਣੇ, ਅਰੁਣਾਚਲ ਪ੍ਰਦੇਸ਼ ਅਤੇ ਮਣੀਪੁਰ ਵਿਚ ਵੀ ਭਾਜਪਾ ਦੇ ਮੁੱਖ ਮੰਤਰੀ ਬਣੇ, ਉਥੇ ਹੀ ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਅਤੇ ਸਿੱਕਮ ਵਿਚ ਵੀ ਭਾਜਪਾ ਸਰਕਾਰ ’ਚ ਸ਼ਾਮਲ ਹੋਈ। ਦੱਖਣ ਵਿਚ ਕਰਨਾਟਕ ’ਚ ਸਰਕਾਰ, ਕੇਰਲ ਵਿਚ ਭਾਜਪਾ ਦਾ ਵਿਧਾਇਕ ਹੋਣਾ।

ਭਾਜਪਾ ਨੇ ਪਹਿਲੀ ਵਾਰ 2016 ਦੀਆਂ ਕੇਰਲ ਵਿਧਾਨ ਸਭਾ ਚੋਣਾਂ ’ਚ ਇਕ ਸੀਟ ਉੱਤੇ ਜਿੱਤ ਹਾਸਲ ਕੀਤੀ। ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੀ ਸਿਆਸੀ ਪਾਰਟੀ ਕਹੀ ਜਾਣ ਵਾਲੀ ਭਾਜਪਾ ਨੂੰ ਸਰਬ ਭਾਰਤੀ ਪਾਰਟੀ ਬਣਾਇਆ। ਉਨ੍ਹਾਂ ਦੇ ਰਾਸ਼ਟਰੀ ਪ੍ਰਧਾਨ ਹੁੰਦਿਆਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਿਚ ਐੱਨ. ਡੀ. ਏ. ਨੂੰ ਮੁਕੰਮਲ ਬਹੁਮਤ ਮਿਲਿਆ। ਭਾਜਪਾ ਦੀਆਂ ਸੀਟਾਂ 2014 ਦੀਆਂ 282 ਤੋਂ ਵਧ ਕੇ 2019 ਵਿਚ 303 ਹੋ ਗਈਆਂ। ਦੱਖਣ ਅਤੇ ਉੱਤਰ-ਪੂਰਬੀ ਸੂਬਿਆਂ ਵਿਚ ਵੀ ਕਈ ਸੀਟਾਂ ਮਿਲੀਆਂ ਜਿਥੇ ਪਾਰਟੀ ਨੂੰ ਪਹਿਲਾਂ ਇਕ ਵੀ ਸੀਟ ਨਹੀਂ ਮਿਲਦੀ ਸੀ।

ਦੇਸ਼ ਦੇ 80 ਫੀਸਦੀ ਜ਼ਿਲਿਆਂ ਵਿਚ ਭਾਜਪਾ ਦਾ ਆਪਣਾ ਦਫਤਰ ਨਹੀਂ ਸੀ। ਉਨ੍ਹਾਂ ਦੇ ਪ੍ਰਧਾਨਗੀ ਕਾਰਜਕਾਲ ’ਚ ਹੀ ਵਧੇਰੇ ਜ਼ਿਲਿਆਂ ’ਚ ਜਾਂ ਆਪਣੇ ਦਫਤਰ ਹੋ ਗਏ ਜਾਂ ਜ਼ਮੀਨ ਖਰੀਦ ਕੇ ਉਸਾਰੀ ਦਾ ਕੰਮ ਹੋਣ ਲੱਗਾ। ਕੇਂਦਰੀ ਅਤੇ ਪ੍ਰਦੇਸ਼ ਦਫਤਰਾਂ ਦਾ ਅਾਧੁਨਿਕੀਕਰਨ ਹੋਇਆ। ਜ਼ਿਲਾਵਾਰ ਪਾਰਟੀ ਦਾ ਇਤਿਹਾਸ ਇਕੱਠਾ ਕਰਨਾ ਆਰੰਭ ਹੋਇਆ। ਹਰ ਸੂਬੇ ਅਤੇ ਜ਼ਿਲਾ ਦਫਤਰ ਵਿਚ ਇਕ ਗ੍ਰੰਥ ਬਣਾਉਣਾ ਲਾਜ਼ਮੀ ਕੀਤਾ ਗਿਆ। ਪ੍ਰਧਾਨ ਦੇ ਰੂਪ ਵਿਚ ਅਮਿਤ ਭਾਈ ਸ਼ਾਹ ਨੇ ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਤੇ ਆਮ ਲੋਕਾਂ ਨਾਲ ਸੰਪਰਕ ਕਾਇਮ ਕਰਨ ਲਈ ਉਨ ੍ਹਾਂ ਨਾਲ ਗੱਲਬਾਤ ਦੇ ਪ੍ਰੋਗਰਾਮ ਸ਼ੁਰੂ ਕੀਤੇ।

ਜੁਲਾਈ 2014 ਵਿਚ ਅਮਿਤ ਭਾਈ ਭਾਜਪਾ ਦੇ ਰਾਸ਼ਟ ਰੀ ਪ੍ਰਧਾਨ ਬਣੇ। 24 ਜਨਵਰੀ 2016 ਨੂੰ ਉਹ ਰਾਸ਼ਟਰੀ ਪ੍ਰਧਾਨ ਦੇ ਤੌਰ ’ਤੇ ਮੁੜ ਚੁਣੇ ਗਏ। 30 ਮਈ 2019 ਨੂੰ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਹੋਣ ਅਤੇ ਗ੍ਰਹਿ ਮੰਤਰੀ ਦਾ ਕਾਰਜਭਾਰ ਸੰਭਾਲਣ ਦੇ ਬਾਅਦ ਵੀ ਕੁਝ ਮਹੀਨਿਆਂ ਲਈ ਰਾਸ਼ਟਰੀ ਪ੍ਰਧਾਨ ਦੇ ਅਹੁਦੇ ’ਤੇ ਬਣੇ ਰਹੇ। 20 ਜਨਵਰੀ 2020 ਨੂੰ ਇਸ ਅਹੁਦੇ ਤੋਂ ਮੁਕਤ ਹੋਏ। ਕੁਲ ਮਿਲਾ ਕੇ ਸਾਢੇ 5 ਸਾਲ ਉਨ੍ਹਾਂ ਦਾ ਪ੍ਰਧਾਨਗੀ ਕਾਰਜਕਾਲ ਰਿਹਾ।

ਅੱਜ ਕੋਰੋਨਾ ਮਹਾਮਾਰੀ ਦੇ ਕਾਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਦਾ ਮਾਰਗਦਰਸ਼ਨ ਕਰ ਰਹੇ ਹਨ ਤਾਂ ਇਸ ਦੇ ਪਿੱਛੇ ਦੀ ਇਕ ਵੱਡੀ ਸ਼ਕਤੀ ਅਮਿਤ ਸ਼ਾਹ ਹਨ। ਜਿਥੇ ਇਕ ਪਾਸੇ ਦਫਤਰ ਦੇ ਬੰਦ ਕਮਰੇ ਵਿਚ ਬੈਠ ਕੇ ਦੇਸ਼ ਦੇ ਕੋਨੇ-ਕੋਨੇ ਦੀ ਨਿੱਜੀ ਮਾਨੀਟਰਿੰਗ ਕਰਦੇ ਰਹੇ ਹਨ, ਉਥੇ ਰਾਜਧਾਨੀ ਦਿੱਲੀ ਦੀ ਸਥਿਤੀ ਵਿਗੜਨ ’ਤੇ ਖੁਦ ਹਸਪਤਾਲਾਂ ਦਾ ਦੌਰਾ ਕਰਨ ਦਾ ਦਲੇਰੀ ਭਰਿਆ ਕਦਮ ਚੁੱਕਿਆ। ਇਸ ਦੌਰਾਨ ਉਹ ਖੁਦ ਵੀ ਬੀਮਾਰ ਹੋ ਗਏ। ਭਾਰਤ ਦੀ 130 ਕਰੋੜ ਜਨਤਾ ਦਾ ਆਸ਼ੀਰਵਾਦ ਹੈ ਉਨ੍ਹਾਂ ਉੱਤੇ। ਭਗਵਾਨ ਦੀ ਅਪਾਰ ਕ੍ਰਿਪਾ ਹੈ ਉਨ੍ਹਾਂ ਉੱਤੇ। ਉਹ ਜਲਦੀ ਤੰਦਰੁਸਤ ਹੋਏ।

ਉਨ੍ਹਾਂ ਨੇ ਦੇਸ਼ ਵਿਚ ਇਕ ਵਿਚਾਰਕ ਅੰਦੋਲਨ ਸ਼ੁਰੂ ਕੀਤਾ। ਰਾਸ਼ਟਰੀ ਹਿੱਤ ਅਤੇ ਲੋਕ ਹਿੱਤ ਦੇ ਫੈਸਲੇ ਲੈਣ ਵਿਚ ਉਹ ਨਾ ਟੁੱਟੇ ਅਤੇ ਨਾ ਝੁਕੇ, ਹਮੇਸ਼ਾ ਅੱਗੇ ਵਧਦੇ ਰਹੇ। ਉਨ੍ਹਾਂ ਦਾ ਇਹ ਉਤਸ਼ਾਹ ਅਣਥੱਕ ਜਾਰੀ ਹੈ। ਅੱਜ ਕੁਝ ਗੈਰ-ਰਾਸ਼ਟਰੀ ਤੱਤ, ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਅਤੇ ਰਾਸ਼ਟਰੀ ਝੰਡੇ ਨਾਲ ਪ੍ਰੇਮ ਨਹੀਂ ਹੈ, ਰਾਸ਼ਟਰ ਨੂੰ ਗੰੁਮਰਾਹ ਕਰਦੇ ਹਨ ਕਿ ਅਮਿਤ ਸ਼ਾਹ ਦੀ ਸਿਹਤ ਠੀਕ ਨਹੀਂ ਹੈ। ਉਨ੍ਹਾਂ ਦੇ ਜਨਮਦਿਨ ਉੱਤੇ ਅਸੀਂ ਭਾਰਤ ਦੇ ਨਾਗਰਿਕਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੇ ਸਰੀਰ ਦੇ ਖੂਨ ਦਾ ਇਕ-ਇਕ ਕਤਰਾ ਭਾਰਤ ਮਾਂ ਨੂੰ ਸਮਰਪਿਤ ਹੈ ਅਤੇ ਜਦੋਂ ਤੱਕ ਜ਼ਿੰਦਾ ਹਨ ਸਮਰਪਿਤ ਰਹੇਗਾ।


Bharat Thapa

Content Editor Bharat Thapa