ਸਿੰਗਾਪੁਰ ਤੇ ਭਾਰਤ : ਸਾਫ-ਸੁਥਰੇ ਭਵਿੱਖ ਲਈ ਇਕ ਸਾਂਝੀ ਕਲਪਨਾ

Tuesday, Oct 02, 2018 - 07:13 AM (IST)

ਅੱਜ ਤੋਂ ਚਾਰ ਸਾਲ ਪਹਿਲਾਂ  ਭਾਰਤ  ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਤਕ ਸਾਫ-ਸੁਥਰੇ ਭਾਰਤ ਦੀ ਆਪਣੀ ਕਲਪਨਾ ਨੂੰ ਸਾਕਾਰ ਕਰਨ ਲਈ ‘ਸਵੱਛ ਭਾਰਤ ਅਭਿਆਨ’ ਦੀ ਸ਼ੁਰੂਆਤ ਕੀਤੀ ਸੀ। ਇਹ ਵੀ ਸੰਯੋਗ ਹੈ ਕਿ 2 ਅਕਤੂਬਰ 2019 ਨੂੰ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ (ਜਨਮਦਿਨ) ਹੈ, ਜਿਨ੍ਹਾਂ ਨੇ ਸਾਫ-ਸਫਾਈ ਨੂੰ ਕੌਮੀ ਤਰਜੀਹ ਦੱਸਿਆ ਸੀ। ਪਿਛਲੇ ਚਾਰ ਸਾਲਾਂ ’ਚ ਭਾਰਤ ਨੇ 8 ਕਰੋੜ 60 ਲੱਖ ਘਰਾਂ ’ਚ ਪਖਾਨਿਆਂ ਦਾ ਨਿਰਮਾਣ ਕਰ ਕੇ ਤੇ ਲਗਭਗ 5 ਲੱਖ ਪਿੰਡਾਂ (4 ਲੱਖ 70 ਹਜ਼ਾਰ ਪਿੰਡ) ਨੂੰ ਖੁੱਲ੍ਹੇ ’ਚ ਜੰਗਲ-ਪਾਣੀ ਤੋਂ ਮੁਕਤ ਕਰਾਰ ਦੇ ਕੇ ਇਸ ਦਿਸ਼ਾ ’ਚ ਕਾਫੀ ਤਰੱਕੀ ਕੀਤੀ ਹੈ।
ਸਿੰਗਾਪੁਰ ਵੀ ਇਸੇ ਰਾਹ ’ਤੇ ਚੱਲ ਪਿਆ ਹੈ। ਆਜ਼ਾਦੀ ਤੋਂ ਬਾਅਦ ਹੀ ਅਸੀਂ ਆਪਣੀ ਜਨਤਾ ਲਈ ਇਕ ਸਾਫ-ਸੁਥਰੇ ਤੇ ਹਰੇ-ਭਰੇ ਮਾਹੌਲ ਲਈ ਸਖਤ ਮਿਹਨਤ ਕੀਤੀ ਹੈ। ਸ਼ੁਰੂਆਤੀ ਦਿਨਾਂ ’ਚ ਬਹੁਤ ਸਾਰੇ ਘਰਾਂ ’ਚ ਗੰਦਗੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਸੀ। ਗੰਦਗੀ ਬਾਲਟੀਆਂ ’ਚ ਇਕੱਠੀ ਕੀਤੀ ਜਾਂਦੀ ਤੇ ਉਸ ਨੂੰ ਅਜਿਹੇ ਟਰੱਕਾਂ ਦੇ ਜ਼ਰੀਏ ਗੰਦਗੀ ਸੋਧਕ ਪਲਾਂਟਾਂ ਤਕ ਲਿਜਾਇਆ ਜਾਂਦਾ ਸੀ, ਜੋ ਬਹੁਤ ਜ਼ਿਆਦਾ ਬਦਬੂ ਫੈਲਾਉਂਦੇ ਸਨ। ਮਨੁੱਖੀ ਗੰਦਗੀ ਆਮ ਤੌਰ ’ਤੇ ਨੇੜਲੀਆਂ ਨਹਿਰਾਂ-ਨਦੀਆਂ ’ਚ ਰੋੜ੍ਹ ਦਿੱਤੀ ਜਾਂਦੀ ਸੀ, ਜੋ ਕਿ ਪਾਣੀ ਨੂੰ ਦੂਸ਼ਿਤ ਤੇ ਜ਼ਹਿਰੀਲਾ ਬਣਾਉਂਦੀ ਸੀ।
ਸਾਫ-ਸਫਾਈ ਦੀ ਘਾਟ ਵਾਲੀਆਂ ਸਥਿਤੀਆਂ ਲੋਕਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਦੀ ਵਜ੍ਹਾ ਬਣਦੀਆਂ ਸਨ। ਅਸ਼ੁੱਧ ਪਾਣੀ ਦੀ ਵਜ੍ਹਾ ਕਰਕੇ ਫੈਲਣ ਵਾਲੀਆਂ ਬੀਮਾਰੀਆਂ  ਦਾ  ਪ੍ਰਕੋਪ ਹਮੇਸ਼ਾ ਬਣਿਆ ਰਹਿੰਦਾ ਸੀ। ਸਾਡੇ ਰਾਸ਼ਟਰ ਨਿਰਮਾਤਾਵਾਂ ਨੇ ਫੈਸਲਾਕੁੰਨ ਢੰਗ ਨਾਲ ਕੰਮ ਕਰਨ ਦਾ ਸੰਕਲਪ ਲਿਆ ਸੀ। ਉਨ੍ਹਾਂ ਨੇ ‘ਸਿੰਗਾਪੁਰ ਨੂੰ ਸਾਫ ਰੱਖੋ’ ਨਾਂ ਨਾਲ ਇਕ ਕੌਮੀ ਮੁਹਿੰਮ ਚਲਾਈ। ਅਸੀਂ ਹਰ ਘਰ ’ਚ ਗੰਦਗੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ, ਆਪਣੀਆਂ ਨਦੀਆਂ ਨੂੰ ਸਾਫ ਕੀਤਾ ਤੇ ਸਿੰਗਾਪੁਰ ਨੂੰ ਸਾਫ-ਸੁਥਰਾ ਤੇ ਹਰਿਆ-ਭਰਿਆ ਸ਼ਹਿਰ ਬਣਾ ਦਿੱਤਾ। ਖਾਸ ਤੌਰ ’ਤੇ ਅਸੀਂ ‘ਸਿੰਗਾਪੁਰ ਨਦੀ’ ਨੂੰ ਸਾਫ ਕੀਤਾ। ਇਸ ਪ੍ਰਕਿਰਿਆ ’ਚ ਸਾਨੂੰ ਹਜ਼ਾਰਾਂ ਨਾਜਾਇਜ਼ ਕਬਜ਼ਿਆਂ, ਘਰਾਂ ਅੰਦਰ ਚੱਲਣ ਵਾਲੇ ਉਦਯੋਗਾਂ, ਸੂਰ ਪਾਲਣ ਵਾਲੇ ਕਾਂਜੀਘਰਾਂ ਤੇ ਪ੍ਰਦੂਸ਼ਣ ਦੇ ਕਈ ਸੋਮਿਆਂ ਨੂੰ ਨਦੀ ਦੇ ਤਰਾਈ ਵਾਲੇ ਹਿੱਸਿਆਂ ’ਚੋਂ ਹਟਾਉਣਾ ਪਿਆ।
ਅੱਜ ਸਾਫ-ਸੁਥਰੀ ‘ਸਿੰਗਾਪੁਰ ਨਦੀ’ ਸ਼ਹਿਰ ਦੇ ਵਿਚੋ-ਵਿਚ ਵਗਦੀ ਹੈ, ਜੋ ਸਾਡੀ ਕੌਮੀ ਜਲ ਸਪਲਾਈ ਪ੍ਰਣਾਲੀ ਨੂੰ ਪਾਣੀ ਮੁਹੱਈਆ ਕਰਵਾਉਂਦੀ ਹੈ। ਆਕਾਰ ਦੇ ਹਿਸਾਬ ਨਾਲ ਭਾਰਤ ਸਿੰਗਾਪੁਰ ਨਾਲੋਂ ਬਹੁਤ ਵੱਡਾ ਹੈ। ਇਥੋਂ ਦੀ ਗੰਗਾ ਨਦੀ ਸਿੰਗਾਪੁਰ ਨਦੀ ਨਾਲੋਂ ਹਜ਼ਾਰ ਗੁਣਾ ਵੱਡੀ ਹੈ, ਇਸ ਦੇ ਬਾਵਜੂਦ ਸਿੰਗਾਪੁਰ ਤੇ ਭਾਰਤ ਲਈ ਸਾਫ-ਸਫਾਈ ਦੀ ਮੁਹਿੰਮ ’ਚ ਕਈ ਸਮਾਨਤਾਵਾਂ ਹਨ।
ਸਭ ਤੋਂ ਪਹਿਲਾਂ ਦੋਹਾਂ ਦੇਸ਼ਾਂ ਦਾ ਤਜਰਬਾ ਕਲਪਨਾ ਤੇ ਲੀਡਰਸ਼ਿਪ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਸਵ. ਪ੍ਰਧਾਨ ਮੰਤਰੀ ਲੀ ਕੁਆਨ ਯੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਹਾਂ ਨੇ ਹੀ ਆਪੋ-ਆਪਣੇ ਦੇਸ਼ ਨੂੰ ਸਾਫ-ਸੁਥਰਾ ਤੇ ਹਰਿਆ-ਭਰਿਆ ਬਣਾਈ ਰੱਖਣ ਨੂੰ ਤਰਜੀਹ ਦਿੱਤੀ। ਦੋਹਾਂ ਨੇ ਹੀ ਇਸ ਨਾਲ ਆਮ ਲੋਕਾਂ ਨੂੰ ਜੋੜਨ ਅਤੇ ਜਾਗਰੂਕਤਾ ਵਧਾਉਣ ਲਈ ਨਿੱਜੀ ਤੌਰ ’ਤੇ ਜਨ-ਅੰਦੋਲਨ ਦੀ ਅਗਵਾਈ ਕੀਤੀ। ਦੋਹਾਂ ਨੇਤਾਵਾਂ ਨੇ ਖੁਦ ਝਾੜੂ ਚੁੱਕਿਆ ਤੇ ਸੜਕਾਂ ਸਾਫ ਕਰਨ ਲਈ ਲੋਕਾਂ ਦੇ ਨਾਲ ਹੀ ਜੁਟ ਗਏ। 
ਮੋਦੀ ਕਹਿ ਚੁੱਕੇ ਹਨ ਕਿ ਸ਼੍ਰੀ ਲੀ ਉਨ੍ਹਾਂ ਲਈ ਇਕ ‘ਨਿੱਜੀ ਪ੍ਰੇਰਣਾ’ ਸਨ ਤੇ ਉਨ੍ਹਾਂ ਨੇ ਸ਼੍ਰੀ ਲੀ ਦੇ ਇਸ ਵਿਚਾਰ ਤੋਂ ਸਿੱਖਿਆ ਹੈ ਕਿ ‘‘ਕਿਸੇ ਵੀ ਰਾਸ਼ਟਰ ਦੀ ਸਮੁੱਚੀ ਤਬਦੀਲੀ ਅਸੀਂ ਕਿਹੋ ਜਿਹੇ ਹਾਂ... ਇਥੋਂ ਸ਼ੁਰੂ ਹੁੰਦੀ ਹੈ। ਅਸਲ ’ਚ ਸਵੱਛ ਭਾਰਤ ਅਭਿਆਨ ਸਿਰਫ ਭਾਰਤ ਦੇ ਵਾਤਾਵਰਣ ਨੂੰ ਸਾਫ-ਸੁਥਰਾ ਬਣਾਉਣ ਦੀ ਮੁਹਿੰਮ ਮਾਤਰ ਨਹੀਂ ਹੈ ਸਗੋਂ ਅਸੀਂ ਕਿਵੇਂ  ਸੋਚਦੇ, ਰਹਿੰਦੇ ਤੇ ਕੰਮ ਕਰਦੇ ਹਾਂ, ਉਸ ’ਚ ਸਮੁੱਚੀ ਤਬਦੀਲੀ ਲਿਆਉਣ ਦਾ ਇਕ ਵਿਆਪਕ ‘ਸੁਧਾਰ’ ਹੈ।
ਦੂਜਾ, ਸਫਲਤਾ ਲਈ ਚਿਰਸਥਾਈ ਕੌਮੀ ਵਚਨਬੱਧਤਾ ਦੀ ਲੋੜ ਹੁੰਦੀ ਹੈ। ਅਸੀਂ ਸਿੰਗਾਪੁਰ ’ਚ ਗੰਦੇ ਪਾਣੀ, ਗੰਦਗੀ ਦੀ ਨਿਕਾਸੀ ਦੀਆਂ ਪ੍ਰਣਾਲੀਆਂ ਨੂੰ ਅੱਡ-ਅੱਡ ਕਰਨ ਲਈ ਇਕ ਮਾਸਟਰ ਪਲਾਨ ਲਾਗੂ ਕੀਤਾ। ਇਸ ਦਾ ਉਦੇਸ਼ ਮੀਂਹ ਦੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਸੀ ਤਾਂ ਕਿ ਇਸ ਨੂੰ ਇਕੱਠਾ ਕਰ ਕੇ ਵਰਤੋਂ ’ਚ ਲਿਆਂਦਾ ਜਾ ਸਕੇ। ਨਾਲ ਹੀ ਸਿੰਗਾਪੁਰ ਗੰਦਗੀ ਸੋਧਕ ਪਲਾਂਟਾਂ ’ਚੋਂ ਨਿਕਲੇ ਪਾਣੀ ਨੂੰ ਦੁਬਾਰਾ  ਵਰਤੋਂ ’ਚ ਲਿਆਉਂਦਾ ਹੈ ਅਤੇ ਇਸ ਨੂੰ ‘ਰਿਵਰਸ ਆਸਮੋਸਿਸ’ ਦੇ ਜ਼ਰੀਏ ਸ਼ੁੱਧ ਕੀਤਾ ਜਾਂਦਾ ਹੈ ਤਾਂ ਕਿ ਇਸ ਨਾਲ ਬਹੁਤ ਜ਼ਿਆਦਾ ਸ਼ੁੱਧ ਤੇ ਉੱਚ ਗੁਣਵੱਤਾ ਵਾਲਾ ਪਾਣੀ ਨਵੇਂ ਸਿਰਿਓਂ ਤਿਆਰ ਕੀਤਾ ਜਾ ਸਕੇ, ਜੋ ਪੀਣ ਦੇ ਯੋਗ ਹੋਵੇ। ਇਸਤੇਮਾਲ ਕੀਤੇ ਜਾ ਚੁੱਕੇ ਪਾਣੀ ਦਾ ਕੀ ਕੀਤਾ ਜਾਵੇ, ਅਸੀਂ ਇਸ ਸਮੱਸਿਆ ਦੀ ਪਛਾਣ ਕੀਤੀ ਅਤੇ ਇਸ ਨੂੰ ਪਾਣੀ ਦੀ ਘਾਟ ਦੀ ਸਮੱਸਿਆ ਸੁਲਝਾਉਣ ਲਈ ਇਸਤੇਮਾਲ ਕੀਤਾ।
ਭਾਰਤ ਵਿਚ ‘ਸਵੱਛ ਭਾਰਤ ਅਭਿਆਨ’ ਨੂੰ ਲਾਗੂ ਕਰਨ ਦੇ ਕੌਮੀ ਯਤਨਾਂ ਦੇ ਬਹੁਤ ਚੰਗੇ ਨਤੀਜੇ ਮਿਲੇ ਹਨ।  ‘2018 ਦੀ ਯੂਨੀਸੈੱਫ ਦੀ ਸਕੂਲਾਂ ’ਚ ਪੀਣ ਵਾਲੇ ਪਾਣੀ, ਸਾਫ-ਸਫਾਈ ਦੀ ਸੰਸਾਰਕ ਆਧਾਰ-ਰੇਖਾ ਰਿਪੋਰਟ’ ਨੇ  ਇਸ ਗੱਲ ’ਤੇ ਚਾਨਣਾ ਪਾਇਆ ਹੈ ਕਿ 2006 ਦੇ ਮੁਕਾਬਲੇ ਇਸ ਸਮੇਂ ਭਾਰਤ ਦੇ ਲਗਭਗ ਸਾਰੇ ਸਕੂਲਾਂ ’ਚ ਸਾਫ-ਸਫਾਈ ਦੀਆਂ ਸਹੂਲਤਾਂ ਦਾ ਵਿਕਾਸ ਹੋ ਚੁੱਕਾ ਹੈ, ਜੋ ਕਿ ਉਦੋਂ 50 ਫੀਸਦੀ ਸਕੂਲਾਂ ’ਚ ਹੀ ਸੀ। 
ਤੀਜਾ, ਸਿੰਗਾਪੁਰ ਤੇ ਭਾਰਤ ਦੋਵੇਂ ਹੀ ਕੌਮਾਂਤਰੀ ਸਹਿਯੋਗ ਨੂੰ ਮਹੱਤਤਾ ਦਿੰਦੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਵੱਖ-ਵੱਖ ਦੇਸ਼ਾਂ ’ਚ ਇਕੋ ਜਿਹੇ ਹੱਲ ਸਫਲ ਹੋਣ ਪਰ ਇਕ-ਦੂਜੇ ਤੋਂ ਸਿੱਖ ਕੇ ਅਤੇ ਤਜਰਬੇ ਸਾਂਝੇ ਕਰ ਕੇ ਅਸੀਂ ਇਨ੍ਹਾਂ ਦਾ ਲਾਭ ਉਠਾ ਸਕਦੇ ਹਾਂ। ਮੈਂ ‘ਮਹਾਤਮਾ ਗਾਂਧੀ ਕੌਮਾਂਤਰੀ ਸਵੱਛਤਾ ਸੰਮੇਲਨ’ ਦੇ ਸਫਲ ਆਯੋਜਨ ਲਈ ਭਾਰਤ ਨੂੰ ਵਧਾਈ ਦਿੰਦਾ ਹਾਂ, ਜਿਸ ’ਚ ਦੁਨੀਆ ਭਰ ਦੇ ਨੇਤਾ, ਇਸ ਖੇਤਰ ’ਚ ਕੰਮ ਕਰਨ ਵਾਲੇ ਤੇ ਮਾਹਿਰ ਸਾਫ-ਸਫਾਈ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕਰਨ ਲਈ ਇਕੱਠੇ ਹੋਏ।
ਸਿੰਗਾਪੁਰ ਵੀ ਅਜਿਹੇ ਕੌਮਾਂਤਰੀ ਸੰਮੇਲਨਾਂ ਦਾ ਆਯੋਜਨ ਕਰਦਾ ਹੈ, ਜਿਵੇਂ ਹਰ  ਦੋ ਸਾਲਾਂ ਬਾਅਦ ਕੀਤਾ ਜਾਣ ਵਾਲਾ ‘ਵਿਸ਼ਵ ਨਗਰ ਸਿਖਰ ਸੰਮੇਲਨ’ ਅਤੇ ‘ਸਿੰਗਾਪੁਰ ਕੌਮਾਂਤਰੀ ਜਲ ਹਫਤਾ’। ਸਾਫ-ਸਫਾਈ ਦੀ ਸੰਸਾਰਿਕ ਚੁਣੌਤੀ ਦੇ ਵਿਸ਼ੇ ’ਚ ਜਾਗਰੂਕਤਾ ਵਧਾਉਣ ਲਈ 19 ਨਵੰਬਰ ਨੂੰ ‘ਵਿਸ਼ਵ ਸਵੱਛਤਾ ਦਿਵਸ’ ਵਜੋਂ ਮਨਾਉਣ ਲਈ ਸਿੰਗਾਪੁਰ ਦੇ ‘ਸਾਰਿਆਂ ਲਈ ਸਵੱਛਤਾ’ ਦੇ ਸੰਕਲਪ ਨੂੰ ਸੰਯੁਕਤ ਰਾਸ਼ਟਰ ਸੰਘ 2013 ’ਚ ਅਪਣਾ ਚੁੱਕਾ ਹੈ।
ਸਿੰਗਾਪੁਰ  ਨੂੰ ਅਜਿਹੇ ਸਮੇਂ ’ਤੇ ਭਾਰਤ ਨਾਲ ਆਪਣੇ ਤਜਰਬੇ ਸਾਂਝੇ ਕਰਨ ’ਚ ਖੁਸ਼ੀ ਹੋ ਰਹੀ ਹੈ, ਜਦੋਂ ਭਾਰਤ ਦੇਸ਼ ਭਰ ’ਚ ਹੋਰ ਜ਼ਿਆਦਾ ਰਹਿਣਯੋਗ ਅਤੇ ਸਥਾਈ ਸਮਾਰਟ ਸ਼ਹਿਰਾਂ ਦਾ  ਲਗਾਤਾਰ ਵਿਕਾਸ ਕਰ ਰਿਹਾ ਹੈ। 100 ਅਧਿਕਾਰੀਆਂ ਨੂੰ ਨਗਰ ਨਿਯੋਜਨ, ਜਲ ਤੇ  ਕੂੜੇ ਦੀ  ਮੈਨੇਜਮੈਂਟ ’ਚ ਸਿਖਲਾਈ ਦੇਣ ਲਈ ਸਿੰਗਾਪੁਰ ਭਾਰਤ ਦੇ ਨਗਰ ਤੇ ਰਾਸ਼ਟਰ ਨਿਯੋਜਨ ਸੰਗਠਨ ਨਾਲ ਸਹਿਯੋਗ ਕਰ ਰਿਹਾ ਹੈ। ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਵਰਗੇ ਸੂਬੇ ਜਦੋਂ ਆਪਣੇ ਸ਼ਹਿਰਾਂ ਦਾ ਵਿਕਾਸ ਕਰ ਰਹੇ ਹਨ ਤਾਂ ਸ਼ਹਿਰੀ  ਹੱਲ ਮੁਹੱਈਆ ਕਰਵਾਉਣ ਲਈ ਸਿੰਗਾਪੁਰ ਉਨ੍ਹਾਂ ਨਾਲ ਸਹਿਯੋਗ ਕਰਨ ਲਈ ਤਿਆਰ ਹੈ।
ਮੈਂ ਭਾਰਤ ਨੂੰ ‘ਸਵੱਛ’ ਬਣਾਉਣ  ਸਬੰਧੀ ‘ਸਵੱਛ ਭਾਰਤ ਅਭਿਆਨ’  ਦੀ ਸਫਲਤਾ ਲਈ ਪ੍ਰਧਾਨ ਮੰਤਰੀ ਮੋਦੀ ਤੇ ਭਾਰਤ ਦੇ  ਲੋਕਾਂ ਨੂੰ ਦਿਲੀ ਸ਼ੁੱਭਕਾਮਾਨਾਵਾਂ ਦਿੰਦਾ ਹਾਂ। ਸਾਡੇ ਲੋਕਾਂ ਨੂੰ ਪੀਡ਼੍ਹੀਆਂ ਤਕ ਸਾਫ-ਸੁਥਰਾ ਪਾਣੀ ਤੇ ਸਾਫ-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਅਤੇ ਸੰਯੁਕਤ ਰਾਸ਼ਟਰ ਦੇ  ਲਗਾਤਾਰ ਵਿਕਾਸ ਦੇ ਟੀਚੇ ਨੂੰ  ਹਾਸਲ ਕਰਨ ਲਈ ਦੋਹਾਂ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਹੋਰ ਵਧਾਉਣ ਲਈ ਤਿਆਰ ਹਾਂ।


Related News