ਚਾਂਦਨੀ ਚੌਕ ਤੋਂ ਚੋਣ ਲੜੇਗੀ ਸ਼ੀਲਾ ਦੀਕਸ਼ਿਤ?

04/22/2019 7:37:18 AM

ਰਾਹਿਲ ਨੋਰਾ ਚੋਪੜਾ
ਸੰਭਵ ਤੌਰ ’ਤੇ ਆਪ ਨੇ ਕਾਂਗਰਸ ਨੂੰ ਗੱਠਜੋੜ ’ਤੇ ਵਿਚਾਰ ਕਰਨ ਲਈ ਕੁਝ ਹੋਰ ਸਮਾਂ ਦੇ ਦਿੱਤਾ ਹੈ। ਕਾਂਗਰਸ ਪਾਰਟੀ ਦੀ ਦਿੱਲੀ ਇਕਾਈ ਨੇ ਸਾਰੇ 7 ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਨਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਦਿੱਲੀ ਪ੍ਰਦੇਸ਼ ਇਕਾਈ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਚਾਂਦਨੀ ਚੌਕ ਲੋਕ ਸਭਾ ਹਲਕੇ ਤੋਂ ਚੋਣ ਲੜਨਾ ਚਾਹੁੰਦੀ ਹੈ। ਕਪਿਲ ਸਿੱਬਲ ਨੇ ਇਸ ਸੀਟ ਤੋਂ ਚੋਣ ਲੜਨ ਤੋਂ ਮਨ੍ਹਾ ਕਰ ਦਿੱਤਾ ਹੈ ਕਿਉਂਕਿ ਉਹ ਇਸ ਸਮੇਂ ਰਾਜ ਸਭਾ ਦੇ ਮੈਂਬਰ ਹਨ। ਕਾਂਗਰਸੀ ਸੂਤਰਾਂ ਅਨੁਸਾਰ ਉਮੀਦਵਾਰਾਂ ਦੇ ਨਾਂ ‘ਆਪ’ ਨਾਲ ਗੱਠਜੋੜ ਲਈ ਆਖਰੀ ਦੌਰ ਦੀ ਗੱਲਬਾਤ ਤੋਂ ਬਾਅਦ ਸੋਮਵਾਰ ਨੂੰ ਐਲਾਨੇ ਜਾਣਗੇ। ਇਸ ਦੌਰਾਨ ‘ਆਪ’ ਨੇ ਆਪਣੇ ਵਰਕਰਾਂ ਵਿਚਾਲੇ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ’ਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਾਂਗਰਸ ਨਾਲ ਗੱਠਜੋੜ ਕਰਨ ਲਈ ਕਿਉਂ ਕਾਹਲੀ ਹੈ? ਅਤੇ ਅਜੇ ਤਕ ਇਹ ਕਿਉਂ ਨਹੀਂ ਹੋਇਆ? ਇਸ ਸੰਦੇਸ਼ ’ਚ ਪਿਛਲੇ ਮਹੀਨੇ ‘ਆਪ’ ਨੇਤਾਵਾਂ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਵੀ ਸ਼ਾਮਿਲ ਹਨ।

ਬਿਹਾਰ ’ਚ ਗੱਠਜੋੜ ਵਿਚ ਮੱਤਭੇਦ?

ਬਿਹਾਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਤੇਜਸਵੀ ਯਾਦਵ ਨੇ ਸ਼ਨੀਵਾਰ ਬਿਹਾਰ ਦੇ ਸੁਪੌਲ ’ਚ ਹੋਈ ਰਾਹੁਲ ਗਾਂਧੀ ਦੀ ਰੈਲੀ ’ਚ ਹਿੱਸਾ ਨਹੀਂ ਲਿਆ। ਇਹ ਰਾਹੁਲ ਗਾਂਧੀ ਦੀ ਸੂਬੇ ’ਚ ਤੀਜੀ ਰੈਲੀ ਸੀ ਅਤੇ ਤੇਜਸਵੀ ਯਾਦਵ ਇਨ੍ਹਾਂ ਤਿੰਨਾਂ ਰੈਲੀਆਂ ’ਚੋਂ ਗੈਰ-ਹਾਜ਼ਰ ਰਹੇ। ਪਹਿਲੀ ਰੈਲੀ ਗਯਾ ਅਤੇ ਦੂਜੀ ਕਟਿਹਾਰ ’ਚ ਹੋਈ। ਬਿਹਾਰ ’ਚ ਕਾਂਗਰਸ-ਰਾਜਦ-ਆਰ. ਐੱਲ. ਐੱਸ. ਪੀ.-ਹਮ ਅਤੇ ਵਿਕਾਸਸ਼ੀਲ ਇਨਸਾਨ ਪਾਰਟੀ ਮਹਾਗੱਠਜੋੜ ਦਾ ਹਿੱਸਾ ਹਨ ਤੇ ਸੂਬੇ ’ਚ 40 ਲੋਕ ਸਭਾ ਸੀਟਾਂ ’ਚੋਂ ਕਾਂਗਰਸ 9 ਸੀਟਾਂ ’ਤੇ ਚੋਣ ਲੜ ਰਹੀ ਹੈ। ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗੱਠਜੋੜ ਦੇ ਨੇਤਾਵਾਂ ਨੇ ਇਸ ਗੱਲ ਨੂੰ ਉਛਾਲਿਆ ਹੈ ਕਿ ਤੇਜਸਵੀ ਯਾਦਵ ਰਾਹੁਲ ਗਾਂਧੀ ਦੀਆਂ ਰੈਲੀਆਂ ’ਚ ਹਿੱਸਾ ਨਹੀਂ ਲੈ ਰਹੇ, ਜਦਕਿ ਰਾਜਦ ਅਤੇ ਕਾਂਗਰਸ ਪਾਰਟੀ ਨੇ ਇਸ ਨੂੰ ਜ਼ਿਆਦਾ ਮਹੱਤਤਾ ਨਾ ਦਿੰਦਿਆਂ ਕਿਹਾ ਹੈ ਕਿ ਗੱਠਜੋੜ ’ਚ ਕੋਈ ਮੱਤਭੇਦ ਨਹੀਂ ਹੈ। ਰਾਜਦ ਸੂਤਰਾਂ ਅਨੁਸਾਰ ਤੇਜਸਵੀ ਯਾਦਵ ਖਗੜੀਆ ’ਚ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਉਮੀਦਵਾਰ ਮੁਕੇਸ਼ ਸਾਹਨੀ ਦੇ ਪ੍ਰਚਾਰ ਲਈ ਪਹਿਲਾਂ ਤੋਂ ਨਿਰਧਾਰਿਤ ਚੋਣ ਬੈਠਕਾਂ ’ਚ ਰੁੱਝੇ ਹੋਏ ਸਨ ਅਤੇ ਹੁਣ ਉਹ ਰਾਹੁਲ ਗਾਂਧੀ ਦੀਆਂ ਹੋਰ ਸਾਰੀਆਂ ਰੈਲੀਆਂ ’ਚ ਹਿੱਸਾ ਲੈਣਗੇ। ਰਾਜਦ ਦੀ ਸਥਾਨਕ ਇਕਾਈ ਨੇ ਕਾਂਗਰਸ ਦੀ ਮੌਜੂਦਾ ਸੰਸਦ ਮੈਂਬਰ ਰਣਜੀਤ ਰੰਜਨ ਦਾ ਖੁੱਲ੍ਹੇ ਤੌਰ ’ਤੇ ਵਿਰੋਧ ਕੀਤਾ ਹੈ ਅਤੇ ਇਹ ਤੇਜਸਵੀ ਯਾਦਵ ਦੇ ਰਾਹੁਲ ਗਾਂਧੀ ਦੀ ਸੁਪੌਲ ਬੈਠਕ ਤੋਂ ਗੈਰ-ਹਾਜ਼ਰ ਹੋਣ ਦਾ ਕਾਰਨ ਹੋ ਸਕਦਾ ਹੈ। ਗੈਰ-ਹਾਜ਼ਰ ਹੋਣ ਦਾ ਦੂਜਾ ਕਾਰਨ ਇਹ ਹੋ ਸਕਦਾ ਹੈ ਕਿ ਰਣਜੀਤ ਰੰਜਨ ਪ੍ਰਤੀ ਪੱਪੂ ਯਾਦਵ ਮਧੇਪੁਰਾ ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜ ਰਹੇ ਹਨ, ਜਿਥੋਂ ਸਮਾਜਵਾਦੀ ਨੇਤਾ ਸ਼ਰਦ ਯਾਦਵ ਰਾਜਦ ਦੇ ਉਮੀਦਵਾਰ ਹਨ ਅਤੇ ਰਾਜਦ ਨੂੰ ਇਹ ਸ਼ੱਕ ਹੈ ਕਿ ਪੱਪੂ ਯਾਦਵ ਸ਼ਰਦ ਯਾਦਵ ਦੀ ਜਿੱਤ ਦੀਆਂ ਸੰਭਾਵਨਾਵਾਂ ’ਤੇ ਪਾਣੀ ਫੇਰ ਸਕਦੇ ਹਨ।

ਨਰਿੰਦਰ ਮੋਦੀ ਵਿਰੁੱਧ ਪ੍ਰਚਾਰ ’ਚ ਉਤਰੇ ਰਾਜ ਠਾਕਰੇ

ਮਹਾਰਾਸ਼ਟਰ ਨਵ-ਨਿਰਮਾਣ ਸੇਨਾ (ਮਨਸੇ) ਪ੍ਰਧਾਨ ਰਾਜ ਠਾਕਰੇ ਨੇ ਪਿਛਲੇ 5 ਸਾਲਾਂ ’ਚ ਆਪਣਾ ਉਦੇਸ਼ ਬਦਲ ਲਿਆ ਹੈ ਅਤੇ 2014 ’ਚ ਨਰਿੰਦਰ ਮੋਦੀ ਦੀ ਜਿੱਤ ਚਾਹੁਣ ਵਾਲੇ ਠਾਕਰੇ ਹੁਣ 2019 ’ਚ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰਨ ਦਾ ਸੱਦਾ ਦੇ ਰਹੇ ਹਨ। ਮਨਸੇ ਲੋਕ ਸਭਾ ਚੋਣ ਨਹੀਂ ਲੜ ਰਹੀ ਪਰ ਰਾਜ ਠਾਕਰੇ ਮਹਾਰਾਸ਼ਟਰ, ਵਿਸ਼ੇਸ਼ ਤੌਰ ’ਤੇ ਮਰਾਠਾ ਬਹੁਗਿਣਤੀ ਖੇਤਰਾਂ ’ਚ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਰੁੱਧ ਧੂੰਆਂਧਾਰ ਪ੍ਰਚਾਰ ਕਰ ਰਹੇ ਹਨ, ਹਾਲਾਂਕਿ ਉਹ ਆਪਣੇ ਭਾਸ਼ਣਾਂ ’ਚ ਕਾਂਗਰਸ ਜਾਂ ਐੱਨ. ਸੀ. ਪੀ. ਦਾ ਨਾਂ ਨਹੀਂ ਲੈ ਰਹੇ ਪਰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵਿਰੁੱਧ ਉਨ੍ਹਾਂ ਦੀਆਂ ਸਖ਼ਤ ਟਿੱਪਣੀਆਂ ਤੋਂ ਸਭ ਕੁਝ ਸਪੱਸ਼ਟ ਹੋ ਰਿਹਾ ਹੈ। ਉਦਾਹਰਣ ਵਜੋਂ ਹਾਲ ਹੀ ’ਚ ਮਨਸੇ ਮੁਖੀ ਨੇ ਕਿਹਾ ਕਿ ਜੇਕਰ ਲੋਕ ਮੋਦੀ ਦੇ ਨਾਲ ਪ੍ਰਯੋਗ ਕਰ ਰਹੇ ਹਨ ਤਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਕਿਉਂ ਨਹੀਂ ਕਰ ਸਕਦੇ? ਸੀਨੀਅਰ ਕਾਂਗਰਸੀ ਨੇਤਾ ਅਨੰਤ ਗਾਡਗਿਲ ਅਨੁਸਾਰ ਰਾਜ ਠਾਕਰੇ ਆਜ਼ਾਦਾਨਾ ਤੌਰ ’ਤੇ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ ਅਤੇ ਵਿਰੋਧੀ ਪਾਰਟੀਆਂ ਨਾ ਤਾਂ ਉਨ੍ਹਾਂ ਨੂੰ ਸਪਾਂਸਰ ਕਰ ਰਹੀਆਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਮੰਚ ਪ੍ਰਦਾਨ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਉਹ ਕਾਫੀ ਭੀੜ ਜੁਟਾ ਰਹੇ ਹਨ ਤੇ ਆਪਣੀ ਤਿੱਖੀ ਭਾਸ਼ਣ ਸ਼ੈਲੀ ਨਾਲ ਕਾਂਗਰਸ-ਐੱਨ. ਸੀ. ਪੀ. ਲਈ ਵੋਟਾਂ ਜੁਟਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਨੂੰ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ ਕਿਉਂਕਿ ਮਹਾਰਾਸ਼ਟਰ ’ਚ ਭਾਸ਼ਣ ਸ਼ੈਲੀ ਦੇ ਮਾਮਲੇ ’ਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ।

ਦਲ ਬਦਲਦੇ ਨੇਤਾ

ਚੋਣਾਂ ਸਮੇਂ ਕੋਈ ਵੀ ਨੇਤਾਵਾਂ ’ਤੇ ਭਰੋਸਾ ਨਹੀਂ ਕਰ ਸਕਦਾ, ਜੋ ਇਸ ਦੌਰਾਨ ਪਾਰਟੀਆਂ ਦੇ ਨਾਲ-ਨਾਲ ਆਪਣੀ ਭਾਸ਼ਾ ਵੀ ਬਦਲ ਲੈਂਦੇ ਹਨ। ਉਦਾਹਰਣ ਦੇ ਤੌਰ ’ਤੇ ਹਾਲ ਹੀ ’ਚ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਮੁਰਾਦਾਬਾਦ ’ਚ ਮੁਸਲਿਮ ਉਮੀਦਵਾਰ ਨੂੰ ਸਮਰਥਨ ਦੇਣ ਦਾ ਸੱਦਾ ਦਿੱਤਾ ਤਾਂ ਕਿ ਉਨ੍ਹਾਂ ਦੀਆਂ ਵੋਟਾਂ ਦੀ ਵੰਡ ਨਾ ਹੋਵੇ ਅਤੇ ਐਲਾਨ ਕੀਤਾ ਕਿ ਅਸੀਂ ਕਾਂਗਰਸ ਨੂੰ ਗੱਠਜੋੜ ’ਚ ਇਸ ਲਈ ਸ਼ਾਮਿਲ ਨਹੀਂ ਕੀਤਾ ਕਿਉਂਕਿ ਉਨ੍ਹਾਂ ਦਾ ਉੱਤਰ ਪ੍ਰਦੇਸ਼ ’ਚ ਕੋਈ ਜਨ-ਆਧਾਰ ਨਹੀਂ ਹੈ ਅਤੇ ਇਥੋਂ ਉਨ੍ਹਾਂ ਕੋਲ ਸਿਰਫ 2 ਲੋਕ ਸਭਾ ਸੀਟਾਂ ਹਨ। ਅਸਲ ’ਚ ਕਾਂਗਰਸ ਨੇ ਵੀ ਮੁਰਾਦਾਬਾਦ ’ਚ ਮੁਸਲਿਮ ਉਮੀਦਵਾਰ ਨੂੰ ਹੀ ਟਿਕਟ ਦਿੱਤੀ ਹੈ ਪਰ ਅਖਿਲੇਸ਼ ਯਾਦਵ ਇਹ ਭੁੱਲ ਗਏ ਹਨ ਕਿ 2014 ’ਚ ਬਸਪਾ ਇਕ ਵੀ ਸੀਟ ਜਿੱਤ ਨਹੀਂ ਸਕੀ ਸੀ ਅਤੇ 2009 ’ਚ ਬਸਪਾ ਨੇ 20, ਜਦਕਿ ਕਾਂਗਰਸ ਨੇ 21 ਸੀਟਾਂ ਜਿੱਤੀਆਂ ਸਨ। ਕਈ ਹੋਰ ਨੇਤਾ ਵੀ ਪਾਲਾ ਬਦਲ ਕੇ ਨਵੀਆਂ ਪਾਰਟੀਆਂ ਵਲੋਂ ਚੋਣ ਮੈਦਾਨ ’ਚ ਹਨ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਜ਼ਦੀਕੀ ਰਹੇ ਸ਼ਤਰੂਘਨ ਸਿਨ੍ਹਾ ਭਾਜਪਾ ਛੱਡ ਕੇ ਕਾਂਗਰਸ ਦੀ ਟਿਕਟ ’ਤੇ ਪਟਨਾ ਸਾਹਿਬ ਤੋਂ ਚੋਣ ਲੜ ਰਹੇ ਹਨ। ਹੋਰਨਾਂ ’ਚ ਭੋਜਪੁਰੀ ਗਾਇਕ ਮਨੋਜ ਤਿਵਾੜੀ ਇਸ ਸਮੇਂ ਦਿੱਲੀ ਭਾਜਪਾ ਪ੍ਰਧਾਨ ਅਤੇ ਸੰਸਦ ਮੈਂਬਰ ਹਨ, ਜਦਕਿ 2009 ’ਚ ਉਹ ਸਪਾ ’ਚ ਸਨ ਅਤੇ ਉਨ੍ਹਾਂ ਨੇ ਗੋਰਖਪੁਰ ਤੋਂ ਯੋਗੀ ਆਦਿੱਤਿਆਨਾਥ ਵਿਰੁੱਧ ਚੋਣ ਲੜੀ ਸੀ, ਜਿਸ ’ਚ ਉਹ ਹਾਰ ਗਏ ਸਨ। ਭੋਜਪੁਰੀ ਅਭਿਨੇਤਾ ਰਵੀ ਕਿਸ਼ਨ ਨੇ ਪਿਛਲੀ ਲੋਕ ਸਭਾ ਚੋਣ ਜੌਨਪੁਰ ਤੋਂ ਕਾਂਗਰਸ ਦੀ ਟਿਕਟ ’ਤੇ ਲੜੀ ਸੀ ਤੇ ਹੁਣ ਗੋਰਖਪੁਰ ਤੋਂ ਭਾਜਪਾ ਦੀ ਟਿਕਟ ’ਤੇ ਲੜ ਰਹੇ ਹਨ। ਜਯਾ ਪ੍ਰਦਾ ਰਾਮਪੁਰ ਤੋਂ ਸਪਾ ਨੇਤਾ ਦੇ ਤੌਰ ’ਤੇ ਲੋਕ ਸਭਾ ਖੇਤਰ ਦੀ ਪ੍ਰਤੀਨਿਧਤਾ ਕਰ ਰਹੀ ਸੀ ਅਤੇ ਹੁਣ ਇਸੇ ਖੇਤਰ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੀ ਹੈ। ਇਸ ਦੌਰਾਨ ਕਾਂਗਰਸ ਦੇ ਬੁਲਾਰੇ ਟੌਮ ਵਡੱਕਨ ਅਤੇ ਪ੍ਰਿਯੰਕਾ ਚਤੁਰਵੇਦੀ ਨੇ ਕਾਂਗਰਸ ਛੱਡ ਕੇ ਭਾਜਪਾ ਤੇ ਸ਼ਿਵ ਸੈਨਾ ਜੁਆਇਨ ਕਰ ਲਈ ਹੈ ਤਾਂ ਕਿ ਇਨ੍ਹਾਂ ਪਾਰਟੀਆਂ ਰਾਹੀਂ ਉਹ ਰਾਜ ਸਭਾ ’ਚ ਪਹੁੰਚ ਸਕਣ। ਇਸੇ ਤਰ੍ਹਾਂ ਭਾਜਪਾ ਦੇ ਰਾਸ਼ਟਰੀ ਬੁਲਾਰੇ ਗੌਰਵ ਭਾਟੀਆ 2017 ’ਚ ਸਪਾ ਛੱਡ ਕੇ ਭਾਜਪਾ ’ਚ ਚਲੇ ਗਏ ਸਨ।

nora_chopra@yahoo.com


Bharat Thapa

Content Editor

Related News