ਪ੍ਰਧਾਨ ਮੰਤਰੀ ਦੀ ਆਲੋਚਨਾ ਹੋ ਸਕਦੀ ਹੈ ਤਾਂ ਫੌਜ ਮੁਖੀ ਦੀ ਕਿਉਂ ਨਹੀਂ

06/18/2017 1:30:23 AM

ਸੰਦੀਪ ਦੀਕਸ਼ਿਤ ਨੇ ਇਕ ਭਿਆਨਕ ਗਲਤੀ ਕੀਤੀ ਹੈ ਪਰ ਜਨਤਕ ਤੌਰ 'ਤੇ ਫਜ਼ੀਹਤ ਕਰਵਾਉਣ ਵਾਲੀ ਮੁਆਫੀ ਦੇ ਰੂਪ 'ਚ ਉਨ੍ਹਾਂ ਨੂੰ ਇਸ ਦੀ ਕੀਮਤ ਵੀ ਅਦਾ ਕਰਨੀ ਪਈ। ਫੌਜ ਮੁਖੀ ਦੀ ਉਨ੍ਹਾਂ ਨੇ ਸੜਕ ਦੇ ਗੁੰਡੇ ਨਾਲ ਜੋ ਤੁਲਨਾ ਕੀਤੀ, ਉਹ ਸਰਾਸਰ ਗਲਤ ਸੀ। ਇਹ ਨਾ ਸਿਰਫ ਜਨਰਲ ਰਾਵਤ ਦਾ ਅਪਮਾਨ ਸੀ, ਸਗੋਂ ਇਸ ਤੋਂ ਵੀ ਵਧ ਕੇ ਉਸ ਅਹੁਦੇ ਦਾ ਅਪਮਾਨ ਸੀ, ਜਿਸ 'ਤੇ ਉਹ ਬਿਰਾਜਮਾਨ ਹਨ। ਫੌਜ ਮੁਖੀ ਦੇ ਅਹੁਦੇ 'ਤੇ ਬਿਰਾਜਮਾਨ ਵਿਅਕਤੀ ਨੂੰ ਹੀ ਨਹੀਂ, ਇਸ ਸੰਸਥਾ ਨੂੰ ਤਾਂ ਆਲੋਚਨਾ ਕਰਦੇ ਹੋਏ ਵੀ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ। ਸੰਦੀਪ ਦੀਕਸ਼ਿਤ ਨੇ ਇਸ ਮਹੱਤਵਪੂਰਨ ਨਿਯਮ ਦੀ ਉਲੰਘਣਾ ਕੀਤੀ ਹੈ। ਇਸ ਗੱਲ ਦਾ ਕੋਈ ਮੁੱਲ ਨਹੀਂ ਕਿ ਉਨ੍ਹਾਂ ਨੇ ਅਜਿਹਾ ਜਾਣਬੁੱਝ ਕੇ ਕੀਤਾ ਸੀ ਜਾਂ ਅਣਜਾਣੇ 'ਚ।
ਫਿਰ ਵੀ ਸੰਦੀਪ ਦੀਕਸ਼ਿਤ ਨੇ ਪੂਰੀ ਤਰ੍ਹਾਂ ਅਤੇ ਬਿਨਾਂ ਸ਼ਰਤ ਮੁਆਫੀ ਮੰਗੀ ਹੈ। ਜਿਥੇ ਉਨ੍ਹਾਂ ਦਾ ਅਪਰਾਧ ਬਹੁਤ ਗੰਭੀਰ ਸੀ, ਉਥੇ ਹੀ ਉਨ੍ਹਾਂ ਨੇ ਮੁਆਫੀ ਵੀ ਦੋ-ਟੁੱਕ ਸ਼ਬਦਾਂ ਵਿਚ ਮੰਗੀ ਅਤੇ ਇਸ ਕਾਰਨ ਇਸ ਮੁੱਦੇ ਨੂੰ ਹੁਣ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ। ਇਸ ਸੱਭਿਅਕ ਸਮਾਜ 'ਚ ਮੁਆਫੀ ਮੰਗਣ ਤੋਂ ਬਾਅਦ ਅਪਰਾਧ ਦੀ ਚਰਚਾ ਹਰ ਹਾਲਤ ਵਿਚ ਰੁਕ ਜਾਣੀ ਚਾਹੀਦੀ ਹੈ। ਆਖਿਰ ਸ਼ਰੀਫ ਲੋਕਾਂ ਦੇ ਵਿਵਹਾਰ ਦਾ ਇਹੀ ਕੁੰਜੀਵਤ ਨਿਯਮ ਹੈ।
ਫਿਰ ਵੀ ਸੰਜੀਵ ਦੀਕਸ਼ਿਤ ਨੇ ਜ਼ਿਆਦਾ ਵਿਆਪਕ ਅਤੇ ਕਿਤੇ ਵੱਧ ਮਹੱਤਵਪੂਰਨ ਮੁੱਦਾ ਉਠਾਇਆ ਹੈ। ਬੇਸ਼ੱਕ ਅਜਿਹਾ ਕਰਨ ਦਾ ਉਨ੍ਹਾਂ ਦਾ ਸਪੱਸ਼ਟ ਇਰਾਦਾ ਨਾ ਵੀ ਰਿਹਾ ਹੋਵੇ। ਇਸ ਲਈ ਅੱਜ ਮੈਂ ਜਾਣਬੁੱਝ ਕੇ ਇਸ ਜ਼ਿਆਦਾ ਮਹੱਤਵਪੂਰਨ ਨੁਕਤੇ 'ਤੇ ਵਿਸਥਾਰ ਨਾਲ ਚਰਚਾ ਕਰਾਂਗਾ। ਫੌਜ (ਇਸ ਵਿਚ ਨਿਸ਼ਚੇ ਹੀ ਫੌਜ ਮੁਖੀ ਦਾ ਅਹੁਦਾ ਵੀ ਸ਼ਾਮਿਲ ਹੈ) ਆਲੋਚਨਾ ਤੋਂ ਉਪਰ ਨਹੀਂ ਅਤੇ ਇਸ ਨੂੰ ਜਾਇਜ਼ ਤੇ ਨੇਕ-ਨੀਅਤ ਆਲੋਚਨਾ ਦੇ ਵਿਰੁੱਧ ਸੁਰੱਖਿਆ ਕਿਸੇ ਵੀ ਕੀਮਤ 'ਤੇ ਨਹੀਂ ਮਿਲਣੀ ਚਾਹੀਦੀ।
ਲੋਕਤੰਤਰ 'ਚ ਸੱਤਾਤੰਤਰ ਦੀ ਹਰੇਕ ਸੰਸਥਾ ਨਿਸ਼ਚੇ ਹੀ ਆਲੋਚਨਾ ਦਾ ਨਿਸ਼ਾਨਾ ਬਣਨੀ ਚਾਹੀਦੀ ਹੈ, ਜਦੋਂ ਅਜਿਹਾ ਕਰਨਾ ਨਿਆਂ-ਉਚਿਤ ਹੋਵੇ ਅਤੇ ਸਮੇਂ ਦੀ ਮੰਗ ਹੋਵੇ। ਜੇਕਰ ਪ੍ਰਧਾਨ ਮੰਤਰੀ ਦਾ ਅਹੁਦਾ ਇਸ ਦਾਇਰੇ 'ਚ ਆ ਸਕਦਾ ਹੈ (ਅਤੇ ਇਹ ਯਕੀਨਨ ਅਜਿਹਾ ਹੀ ਹੈ) ਤਾਂ ਫੌਜ ਤੇ ਫੌਜ ਮੁਖੀ ਦੇ ਅਹੁਦੇ ਨੂੰ ਇਸ ਤੋਂ ਬਾਹਰ ਕਿਵੇਂ ਰੱਖਿਆ ਜਾ ਸਕਦਾ ਹੈ? ਇਹ ਨੁਕਤਾ ਨਾ ਸਿਰਫ ਆਪਣੇ ਆਪ ਵਿਚ ਸਪੱਸ਼ਟ ਹੈ, ਸਗੋਂ ਮੈਂ ਤਾਂ ਇਹ ਚਾਹਾਂਗਾ ਕਿ ਇਸ ਨੂੰ ਕੋਈ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਮੈਂ ਕਿਸੇ ਵੀ ਅਜਿਹੇ ਭਰੋਸੇਯੋਗ ਲੋਕਤੰਤਰ ਬਾਰੇ ਨਹੀਂ ਜਾਣਦਾ, ਜਿਥੇ ਅਜਿਹਾ ਨਾ ਹੁੰਦਾ ਹੋਵੇ।
ਪਹਿਲੀ ਵਿਸ਼ਵ ਜੰਗ ਦੇ ਦੌਰਾਨ ਅਤੇ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਰੂਪ ਵਿਚ ਦੂਜੀ ਜੰਗ ਦੇ ਦੌਰਾਨ ਜਦੋਂ ਬ੍ਰਿਟਿਸ਼ ਫੌਜਾਂ ਇਕ ਤੋਂ ਬਾਅਦ ਇਕ ਮੋਰਚੇ 'ਤੇ ਹਾਰ ਰਹੀਆਂ ਸਨ ਤਾਂ ਇਸ ਦੀ ਫੌਜ ਅਤੇ ਜਨਰਲਾਂ ਨੂੰ ਬਹੁਤ ਤਿੱਖੀ ਆਲੋਚਨਾ ਦਾ ਨਿਸ਼ਾਨਾ ਬਣਾਇਆ ਗਿਆ, ਜੋ ਕਿ ਪੂਰੀ ਤਰ੍ਹਾਂ ਨਿਆਂ-ਉਚਿਤ ਸੀ। ਅਸਲ ਵਿਚ ਇਹੀ ਤਾਂ ਲੋਕਤੰਤਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਬ੍ਰਿਟੇਨ ਦੀ ਪ੍ਰਤੀਬੱਧਤਾ ਦੀ ਅਗਨੀ ਪ੍ਰੀਖਿਆ ਸੀ ਅਤੇ ਹਿਟਲਰ ਦੇ ਤਬਾਹਕੁੰਨ ਹਮਲਿਆਂ ਸਾਹਮਣੇ ਵੀ ਬ੍ਰਿਟੇਨ ਇਸ ਪ੍ਰੀਖਿਆ 'ਚ ਖਰਾ ਉਤਰਿਆ।
ਪਰ ਇੰਨੇ ਪੁਰਾਣੇ ਜ਼ਮਾਨੇ ਦੀ ਗੱਲ ਕਿਉਂ ਕੀਤੀ ਜਾਵੇ? 1962 ਵਿਚ ਭਾਰਤ-ਚੀਨ ਜੰਗ ਦੇ ਦੌਰਾਨ ਸਾਡੀ ਫੌਜ ਦੇ ਬੁਰੀ ਤਰ੍ਹਾਂ ਮਾਰ ਖਾਣ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਦੀ ਮੰਗ ਕੀਤੀ ਸੀ ਤੇ ਨਹਿਰੂ ਇਸ ਦੇ ਲਈ ਤੁਰੰਤ ਸਹਿਮਤ ਹੋ ਗਏ ਸਨ। ਇਸ ਸੈਸ਼ਨ 'ਚ ਭਾਰਤੀ ਫੌਜ ਦੀ ਕਾਰਗੁਜ਼ਾਰੀ 'ਤੇ ਤਿੱਖੀ ਅਤੇ ਬੇਲਿਹਾਜ਼ ਆਲੋਚਨਾ ਹੋਈ ਸੀ। ਇਹ ਆਲੋਚਨਾ ਸਿਰਫ ਦੁਖਦਾਈ ਹੀ ਨਹੀਂ, ਸਗੋਂ ਖ਼ੁਦ ਬੁਲਾਈ ਹੋਈ ਆਫਤ ਸੀ, ਫਿਰ ਵੀ ਇਸ 'ਤੇ ਜੋ ਵਿਵਾਦ ਹੋਇਆ, ਉਹ ਨਿਆਂ-ਉਚਿਤ ਸੀ। ਬੇਸ਼ੱਕ ਇਸ ਆਲੋਚਨਾ ਵਿਚ ਕਿਤੇ ਕੋਈ ਗਲਤੀ ਵੀ ਨਹੀਂ ਹੋਈ ਹੋਵੇਗੀ ਪਰ ਕਿਸੇ ਨੇ ਵੀ ਆਲੋਚਕਾਂ ਦੇ ਅਧਿਕਾਰ ਨੂੰ ਚੁਣੌਤੀ ਨਹੀਂ ਦਿੱਤੀ ਸੀ।
ਮੰਦਭਾਗੀ ਗੱਲ ਹੈ ਕਿ ਹੁਣ ਅਜਿਹਾ ਲੱਗਦਾ ਹੈ ਕਿ ਅਜਿਹੀਆਂ ਗੱਲਾਂ ਕਿਸੇ ਹੋਰ ਦੇਸ਼ 'ਚ ਹੋਈਆਂ ਹੋਣ। ਅੱਜ ਭਾਰਤੀ ਫੌਜ ਦੇ ਉੱਤਰੀ ਖੇਤਰ ਦੇ ਕਮਾਂਡਰ ਰਹਿ ਚੁੱਕੇ ਲੈਫਟੀਨੈਂਟ ਜਨਰਲ ਐੱਚ. ਐੱਸ. ਪਨਾਗ ਲਿਖਦੇ ਹਨ, ''ਇਕ ਸੰਸਥਾ ਦੇ ਰੂਪ ਵਿਚ ਫੌਜ ਨੂੰ ਬਹੁਤ ਹੀ ਸਨਮਾਨਜਨਕ ਦਰਜਾ ਹਾਸਿਲ ਸੀ। ਲੋਕ ਅਜਿਹਾ ਮੰਨਦੇ ਸਨ ਕਿ ਫੌਜ ਕੋਈ ਗਲਤ ਕੰਮ ਕਰ ਹੀ ਨਹੀਂ ਸਕਦੀ ਅਤੇ ਕਿਸੇ ਨੂੰ ਇਸ ਦੀ ਆਲੋਚਨਾ ਵੀ ਨਹੀਂ ਕਰਨੀ ਚਾਹੀਦੀ। ਅਜਿਹੀ ਆਲੋਚਨਾ ਜਾਂ ਦੋਸ਼ਾਂ ਨਾਲ ਕਿਸੇ ਜ਼ਿਆਦਾ ਬੁਰੀ ਗੱਲ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਅਜਿਹੀਆਂ ਗੱਲਾਂ ਫੌਜ ਦੇ ਸੁਧਾਰਾਂ ਦੀ ਪ੍ਰਕਿਰਿਆ ਵਿਚ ਅੜਿੱਕਾ ਬਣ ਜਾਂਦੀਆਂ ਹਨ, ਜਦਕਿ ਕਿਸੇ ਵੀ ਸੰਗਠਨ ਲਈ ਸੁਧਾਰ ਪ੍ਰਕਿਰਿਆ ਹਮੇਸ਼ਾ ਜ਼ਰੂਰੀ ਹੁੰਦੀ ਹੈ।''
ਮੈਂ ਇਕ ਪਲ ਲਈ ਵੀ ਮੰਨਣ ਲਈ ਤਿਆਰ ਨਹੀਂ ਕਿ ਕੋਈ ਫੌਜ ਅਧਿਕਾਰੀ (ਜਨਰਲ ਰਾਵਤ ਸਮੇਤ) ਵੱਖਰੀ ਤਰ੍ਹਾਂ ਸੋਚੇਗਾ। ਸਾਡੀ ਫੌਜ ਕੋਲ ਲੁਕਾਉਣ ਲਈ ਕੁਝ ਨਹੀਂ ਅਤੇ ਇਕ-ਇਕ ਗੱਲ 'ਤੇ ਇਹ ਮਾਣ ਕਰ ਸਕਦੀ ਹੈ। ਇਹੀ ਕਾਰਨ ਹੈ ਕਿ ਮੈਂ ਇਸ 'ਤੇ ਆਲੋਚਨਾ ਕਰਨ ਜਾਂ ਸਵਾਲ ਉਠਾਉਣ ਦਾ ਸਵਾਗਤ ਕਰਾਂਗਾ, ਬੇਸ਼ੱਕ ਇਹ ਸਵਾਲ ਕਿੰਨੇ ਵੀ ਤਿੱਖੇ ਅਤੇ ਠੇਸ ਪਹੁੰਚਾਉਣ ਵਾਲੇ ਕਿਉਂ ਨਾ ਹੋਣ। ਮੈਂ ਇਹ ਗੱਲਾਂ ਇਕ ਫੌਜੀ ਦੇ ਬੇਟੇ ਦੇ ਰੂਪ ਵਿਚ ਕਰ ਰਿਹਾ ਹਾਂ, ਜੋ ਇਹ ਜਾਣਦਾ ਹੈ ਕਿ ਅਜਿਹੀਆਂ ਗੱਲਾਂ ਦਾ ਕੀ ਅਰਥ ਹੁੰਦਾ ਹੈ?
ਅਖੀਰ ਵਿਚ ਮੈਂ ਸੋਸ਼ਲ ਮੀਡੀਆ ਦੇ ਉਨ੍ਹਾਂ ਅਣਥੱਕ ਜੁਝਾਰੂਆਂ ਨੂੰ ਇਕ ਨਸੀਹਤ ਦੇਣਾ ਚਾਹਾਂਗਾ, ਜੋ ਆਲੋਚਨਾ ਦਾ ਪਹਿਲਾ ਸੰਕੇਤ ਮਿਲਦੇ ਹੀ ਬੜੀ ਸੂਰਬੀਰਤਾ ਨਾਲ ਫੌਜ ਦੇ ਬਚਾਅ ਵਿਚ ਉਤਰ ਆਉਂਦੇ ਹਨ : ਸ਼ਾਂਤ ਹੋ ਜਾਓ ਅਤੇ ਜੇਕਰ ਸੰਭਵ ਹੋਵੇ ਤਾਂ ਆਪਣਾ ਮੂੰਹ ਬੰਦ ਰੱਖੋ ਕਿਉਂਕਿ ਨਾ ਤਾਂ ਤੁਸੀਂ ਲੋਕ ਇਹ ਜਾਣਦੇ ਹੋ ਕਿ ਤੁਸੀਂ ਕਿਹੋ ਜਿਹੀਆਂ ਫਜ਼ੂਲ ਗੱਲਾਂ ਕਰੀ ਜਾ ਰਹੇ ਹੋ ਅਤੇ ਨਾ ਹੀ ਤੁਹਾਨੂੰ ਇਹ ਪਤਾ ਹੈ ਕਿ ਤੁਸੀਂ ਆਪਣੇ ਵਿਵਹਾਰ ਨਾਲ ਫੌਜ ਦਾ ਕੱਦ ਕਿੰਨਾ ਘਟਾ ਰਹੇ ਹੋ? ਅਸਲ ਵਿਚ ਤਾਂ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਫੌਜ ਨੂੰ ਤੁਹਾਡੀ ਓਨੀ ਹੀ ਲੋੜ ਹੈ, ਜਿੰਨੀ ਕਿਸੇ ਫੌਜੀ ਨੂੰ ਆਪਣੇ ਸਿਰ ਵਿਚ ਗੋਲੀ ਦੇ ਛੇਕ ਦੀ ਹੁੰਦੀ ਹੈ।
(karanthapar@itvindia.net)


Related News