ਚੀਨੀ ਪ੍ਰਾਜੈਕਟਾਂ ਨੂੰ ਲੈ ਕੇ ਬੰਗਲਾਦੇਸ਼ ’ਚ ਬਵਾਲ, ਖਤਮ ਹੋ ਰਹੀ ਡ੍ਰੈਗਨ ਦੀ ਸਾਖ
Wednesday, Jun 22, 2022 - 01:08 AM (IST)
ਬੰਗਲਾਦੇਸ਼ ’ਚ ਚੀਨ ਆਪਣੇ ਕਈ ਪ੍ਰਾਜੈਕਟ ਚਲਾ ਰਿਹਾ ਹੈ ਜਿਨ੍ਹਾਂ ’ਚ ਵੱਡੇ ਬਿਜਲੀਘਰ, ਵੱਡੇ ਪੁਲ, ਸੀਵੇਜ ਟ੍ਰੀਟਮੈਂਟ ਪਲਾਂਟ, ਇਕਨਾਮਿਕ ਜ਼ੋਨ, ਸਿਲਹਟ ’ਚ ਹਵਾਈ ਅੱਡੇ ਦੇ ਇਲਾਵਾ ਕਈ ਹਾਈਵੇ ਅਤੇ ਰੇਲਵੇ ਲਿੰਕ ਬਣਾ ਰਿਹਾ ਹੈ। ਪਦਮਾ ਨਦੀ ’ਤੇ ਬ੍ਰਿਜ ਰੇਲ ਲਿੰਕ ਪ੍ਰਾਜੈਕਟ ਵੀ ਚੀਨ ਦੇ ਹਿੱਸੇ ਆਉਂਦਾ ਹੈ ਜੋ 3.3 ਅਰਬ ਡਾਲਰ ਦਾ ਹੈ ਜਿਸ ’ਚ 85 ਫੀਸਦੀ ਧਨ ਚੀਨ ਵਲੋਂ ਨਿਵੇਸ਼ ਕੀਤਾ ਗਿਆ ਹੈ ਪਰ ਬੰਗਲਾਦੇਸ਼ ’ਚ ਚੀਨ ਅਤੇ ਚੀਨੀ ਪ੍ਰਾਜੈਕਟਾਂ ਨੂੰ ਲੈ ਕੇ ਭਾਰੀ ਗੁੱਸਾ ਹੈ। ਪਿਛਲੇ ਮਹੀਨੇ ਫਿਰੋਜ਼ਪੁਰ ਦੇ ਮਥਬਰਿਆ ਖੇਤਰ ’ਚ ਚੀਨੀ ਪ੍ਰਾਜੈਕਟ ਤਹਿਤ ਇਕ ਡੈਮ ਬਣਾਉਣ ਦੌਰਾਨ ਸਥਾਨਕ ਲੋਕਾਂ ਅਤੇ ਚੀਨੀ ਮਜ਼ਦੂਰਾਂ ਦਰਮਿਆਨ ਝੜਪ ਹੋ ਗਈ, ਜਿਸ ’ਚ ਦੱਸਿਆ ਜਾ ਰਿਹਾ ਹੈ ਕਿ ਇਕ ਹਜ਼ਾਰ ਤੋਂ ਵੱਧ ਲੋਕ ਸ਼ਾਮਲ ਸਨ। ਚੀਨੀ ਲੋਕਾਂ ਨੇ ਸਥਾਨਕ ਲੋਕਾਂ ਵੱਲੋਂ ਉਨ੍ਹਾਂ ’ਤੇ ਹਮਲੇ ਦੇ ਝੂਠੇ ਦੋਸ਼ ਲਾਏ, ਜਿਸ ਦੇ ਵਿਰੋਧ ’ਚ ਸਥਾਨਕ ਲੋਕਾਂ ਨੇ ਮਨੁੱਖੀ ਲੜੀ ਬਣਾਈ ਅਤੇ ਖੁੱਲ੍ਹ ਕੇ ਚੀਨ ਦਾ ਵਿਰੋਧ ਕੀਤਾ। ਚੀਨੀ ਧਿਰ ਵੱਲੋਂ ਇਹ ਦੱਸਿਆ ਗਿਆ ਕਿ ਮਥਬਰਿਆ ਇਲਾਕੇ ’ਚ ਡੈਮ ਦੀ ਉਸਾਰੀ ਦੇ ਕੰਮ ’ਚ ਸਥਾਨਕ ਲੋਕਾਂ ਨੇ ਰੁਕਾਵਟ ਪਾਈ ਜਿਸ ਦੇ ਬਾਅਦ ਉਨ੍ਹਾਂ ਨੇ ਚੀਨੀ ਮਜ਼ਦੂਰਾਂ ’ਤੇ ਹਮਲਾ ਵੀ ਕੀਤਾ ਸੀ।
ਸਥਾਨਕ ਲੋਕਾਂ ਨੇ ਸ਼ਾਂਤੀਪੂਰਨ ਰੈਲੀ ਕੱਢੀ ਤੇ ਚੀਨੀ ਲੋਕਾਂ ਨੂੰ ਹਮਲਾਵਰ ਦਿਮਾਗ ਵਾਲਾ ਚੀਨੀ ਵਪਾਰੀ ਦੱਸਿਆ। ਨਾਲ ਹੀ ਇਹ ਵੀ ਕਿਹਾ ਕਿ ਦੇਸ਼ ਸ਼ੇਖ ਹਸੀਨਾ ਦੀ ਸੁਚੱਜੀ ਅਗਵਾਈ ’ਚ ਅੱਗੇ ਵਧ ਰਿਹਾ ਹੈ ਪਰ ਇਹ ਚੀਨ ਨੂੰ ਪਸੰਦ ਨਹੀਂ, ਇਸ ਲਈ ਚੀਨੀ ਲੋਕ ਸਾਡੇ ਦੇਸ਼ ’ਚ ਕਿੰਨੀਆਂ ਸਾਰੀਆਂ ਔਕੜਾਂ ਪੈਦਾ ਕਰ ਰਹੇ ਹਨ। ਸ਼ਾਂਤੀਪੂਰਨ ਵਿਖਾਵੇ ਕਰਨ ਵਾਲੇ ਸਥਾਨਕ ਬੰਗਲਾਦੇਸ਼ੀ ਲੋਕਾਂ ਨੇ ਕਿਹਾ ਕਿ ਜੇਕਰ ਚੀਨੀ ਲੋਕਾਂ ਨੇ ਉਨ੍ਹਾਂ ’ਤੇ ਲਾਏ ਝੂਠੇ ਦੋਸ਼ਾਂ ਨੂੰ ਵਾਪਸ ਨਾ ਲਿਆ ਤਾਂ ਇਹ ਲੋਕ ਭਵਿੱਖ ’ਚ ਵਿਰੋਧ ਨੂੰ ਤੇਜ਼ ਕਰਨਗੇ। ਨਾਲ ਹੀ ਇਨ੍ਹਾਂ ਨੇ ਚੀਨੀ ਦੂਤਘਰ ਨੂੰ ਬੇਨਤੀ ਕੀਤੀ ਕਿ ਉਹ ਚੀਨੀ ਇੰਜੀਨੀਅਰਾਂ, ਮਜ਼ਦੂਰਾਂ ਅਤੇ ਦੂਜੇ ਕਿਰਤੀਆਂ ਨੂੰ ਇਹ ਗੱਲ ਸਮਝਾਉਣ ਕਿ ਅੱਗੇ ਤੋਂ ਅਜਿਹੀ ਕੋਈ ਵੀ ਹਰਕਤ ਉਨ੍ਹਾਂ ਵੱਲੋਂ ਨਾ ਹੋਵੇ। ਦਰਅਸਲ ਮਈ ਦੇ ਮਹੀਨੇ ’ਚ ਮਥਬਰਿਆ ’ਚ ਇਕ ਪ੍ਰਾਜੈਕਟ ਤਹਿਤ ਜ਼ਮੀਨ ਨੂੰ ਚੀਨ ਵੱਲੋਂ ਹਾਸਲ ਕਰਨ ਨੂੰ ਲੈ ਕੇ ਸਥਾਨਕ ਲੋਕਾਂ ਨੇ ਕੰਮ ਨੂੰ ਰੋਕ ਦਿੱਤਾ ਸੀ। ਇਸ ਦੇ ਬਾਅਦ ਚੀਨੀ ਮਜ਼ਦੂਰਾਂ ਦੀ ਸਥਾਨਕ ਲੋਕਾਂ ਨਾਲ ਝੜਪ ਹੋ ਗਈ ਜਿਸ ਦੇ ਬਾਅਦ ਚੀਨੀ ਕੰਪਨੀ ਨੇ ਪੁਲਸ ’ਤੇ ਦਬਾਅ ਪਾ ਕੇ ਸਥਾਨਕ ਲੋਕਾਂ ਵਿਰੁੱਧ ਹਿੰਸਾ ਦਾ ਮੁਕੱਦਮਾ ਦਰਜ ਕਰ ਦਿੱਤਾ। ਆਪਣੇ ਉਪਰ ਚੀਨੀ ਕੰਪਨੀ ਵੱਲੋਂ ਲਾਏ ਗਏ ਇਨ੍ਹਾਂ ਦੋਸ਼ਾਂ ਨੂੰ ਸਥਾਨਕ ਲੋਕ ਫਰਜ਼ੀ ਦੱਸਦੇ ਹੋਏ ਹੁਣ ਸੜਕਾਂ ’ਤੇ ਰੋਸ ਵਿਖਾਵਾ ਕਰ ਰਹੇ ਹਨ।
ਬੰਗਲਾਦੇਸ਼ ’ਚ ਚੀਨ ਦੇ ਵਿਰੁੱਧ ਮਾਹੌਲ ਬਣਦਾ ਜਾ ਰਿਹਾ ਹੈ। ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਚੀਨ ਤੋਂ ਕਰਜ਼ਾ ਲੈਣ ਦੇ ਬਾਅਦ ਸ਼੍ਰੀਲੰਕਾ ’ਚ ਆਰਥਿਕ ਬਦਹਾਲੀ ਵਧੀ ਹੈ, ਉਸ ਨਾਲ ਬੰਗਲਾਦੇਸ਼ ’ਚ ਚੀਨ ਨੂੰ ਲੈ ਕੇ ਖਦਸ਼ਾ ਅਤੇ ਸ਼ੱਕ ਦੋਵਾਂ ’ਚ ਵਾਧਾ ਹੋਇਆ ਹੈ। ਇਨ੍ਹਾਂ ਦੋਵਾਂ ਹੀ ਦੇਸ਼ਾਂ ’ਚ ਜੋ ਗੱਲ ਇਕੋ ਜਿਹੀ ਹੈ ਉਹ ਇਹ ਕਿ ਦੋਵਾਂ ਨੇ ਹੀ ਚੀਨ ਤੋਂ ਕਰਜ਼ਾ ਲਿਆ ਹੈ। ਬੰਗਲਾਦੇਸ਼ੀ ਜਾਣਕਾਰ ਇਹ ਕਹਿ ਰਹੇ ਹਨ ਕਿ ਕਿਤੇ ਆਉਣ ਵਾਲੇ ਸਮੇਂ ’ਚ ਇਸ ਕਾਰਨ ਬੰਗਲਾਦੇਸ਼ ’ਚ ਵੀ ਆਰਥਿਕ ਸੰਕਟ ਨਾ ਖੜ੍ਹਾ ਹੋ ਜਾਵੇ। ਬੰਗਲਾਦੇਸ਼ੀ ਮੀਡੀਆ ’ਚ ਵੀ ਸ਼੍ਰੀਲੰਕਾ ਦੀ ਉਦਾਹਰਣ ਦਿੰਦੇ ਹੋਏ ਆਉਣ ਵਾਲੇ ਦਿਨਾਂ ’ਚ ਬੰਗਲਾਦੇਸ਼ ਦੇ ਵੀ ਉਸੇ ਰਾਹ ’ਤੇ ਚੱਲਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਇਸ ਨੂੰ ਦੇਖਦੇ ਹੋਏ ਚੀਨ ਨੂੰ ਇੱਥੇ ਟਿਕੇ ਰਹਿਣ ’ਚ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਚੀਨ ਨੂੰ ਇਕ ਸਪੱਸ਼ਟੀਕਰਨ ਜਾਰੀ ਕਰਨਾ ਪਿਆ ਹੈ। ਬੰਗਲਾਦੇਸ਼ ’ਚ ਚੀਨੀ ਰਾਜਦੂਤ ਲੀਜਮਿੰਗ ਨੇ ਇਕ ਪ੍ਰੈੱਸ ਕਾਨਫਰੰਸ ਸੱਦ ਕੇ ਕਿਹਾ ਕਿ ਬੰਗਲਾਦੇਸ਼ ਚੀਨ ਦੇ ਕਿਸੇ ਵੀ ਤਰ੍ਹਾਂ ਦੇ ਕਰਜ਼ੇ ਦੇ ਜਾਲ ’ਚ ਨਹੀਂ ਹੈ।
ਓਧਰ ਦੂਜੇ ਪਾਸੇ ਬੰਗਲਾਦੇਸ਼ੀ ਬੁੱਧੀਜੀਵੀ ਵਰਗ ਨੂੰ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਸ਼੍ਰੀਲੰਕਾ ਚੀਨ ਦੇ ਕਰਜ਼ੇ ’ਚ ਫਸਿਆ ਹੋਇਆ ਹੈ, ਠੀਕ ਉਸੇ ਤਰਜ਼ ’ਤੇ ਆਉਣ ਵਾਲੇ ਦਿਨਾਂ ’ਚ ਚੀਨ ਬੰਗਲਾਦੇਸ਼ ਨੂੰ ਵੀ ਆਪਣੇ ਕਰਜ਼ੇ ਦੇ ਜਾਲ ’ਚ ਫਸਾਵੇਗਾ। ਬੰਗਲਾਦੇਸ਼ ਦੇ ਕੁਲੀਨ ਵਰਗ ’ਚ ਚੀਨ ਦਾ ਖੁੱਲ੍ਹਾ ਵਿਰੋਧ ਹੋ ਰਿਹਾ ਹੈ। ਤਾਂ ਓਧਰ ਕਿਸਾਨ ਅਤੇ ਮਜ਼ਦੂਰ ਚੀਨੀ ਪ੍ਰਾਜੈਕਟਾਂ ਦਾ ਵੀ ਵਿਰੋਧ ਕਰ ਰਹੇ ਹਨ। ਖਾਸ ਕਰ ਕੇ ਦਿਹਾਤੀ ਲੋਕ ਚੀਨੀ ਪ੍ਰਾਜੈਕਟਾਂ ਲਈ ਆਪਣੀ ਜ਼ਮੀਨ ਚੀਨ ਨੂੰ ਨਹੀਂ ਦੇਣਾ ਚਾਹੁੰਦੇ। ਬੰਗਲਾਦੇਸ਼ੀ ਲੋਕ ਇਕ ਪਾਸੇ ਚੀਨ ’ਤੇ ਪ੍ਰਾਜੈਕਟਾਂ ’ਚ ਮਨਮਾਨੀ ਕਰਨ ਅਤੇ ਬੰਗਲਾਦੇਸ਼ ਦੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਦਾ ਵੀ ਦੋਸ਼ ਲਾ ਰਹੇ ਹਨ ਤੇ ਓਧਰ ਉਨ੍ਹਾਂ ਨੂੰ ਇਸ ਗੱਲ ਦਾ ਵੀ ਡਰ ਸਤਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਜਦੋਂ ਬੰਗਲਾਦੇਸ਼ ਚੀਨ ਦੇ ਕਰਜ਼ੇ ਦੇ ਜਾਲ ’ਚ ਫਸ ਜਾਵੇਗਾ ਤਾਂ ਉਹ ਉਸ ਦੇ ਲਈ ਸਭ ਤੋਂ ਬੁਰਾ ਦਿਨ ਹੋਵੇਗਾ। ਚੀਨ ਦਾ ਵਿਰੋਧ ਬੰਗਲਾਦੇਸ਼ ’ਚ ਸਿਰਫ ਇਕ ਥਾਂ ’ਤੇ ਨਹੀਂ ਹੋ ਰਿਹਾ ਸਗੋਂ ਹੌਲੀ-ਹੌਲੀ ਇਹ ਅੱਗ ਭੜਕਦੀ ਹੋਈ ਕਈ ਥਾਵਾਂ ’ਤੇ ਪਹੁੰਚ ਗਈ ਹੈ ਜਿਸ ਨੂੰ ਦੇਖਦੇ ਹੋਏ ਜਾਪ ਰਿਹਾ ਹੈ ਕਿ ਚੀਨ ਜਿੰਨਾ ਜ਼ਿਆਦਾ ਸਮਾਂ ਬੰਗਲਾਦੇਸ਼ ’ਚ ਬਿਤਾਏਗਾ, ਓਨੇ ਹੀ ਬੁਰੇ ਦਿਨ ਦੇਖੇਗਾ।
ਬੰਗਲਾਦੇਸ਼ ਅਤੇ ਚੀਨ ਦੀ ਇਸ ਖੇਡ ’ਚ ਸਭ ਤੋਂ ਵੱਧ ਨੁਕਸਾਨ ਬੰਗਲਾਦੇਸ਼ ਦੇ ਕਿਸਾਨਾਂ ਦਾ ਹੋ ਰਿਹਾ ਹੈ ਕਿਉਂਕਿ ਕਿਸੇ ਵੀ ਚੀਨੀ ਪ੍ਰਾਜੈਕਟ ਲਈ ਜ਼ਮੀਨ ਕਿਸਾਨਾਂ ਦੀ ਜਾ ਰਹੀ ਹੈ। ਜ਼ਮੀਨ ਵੇਚਣ ਦੇ ਬਾਅਦ ਕਿਸਾਨ ਸਿਰਫ ਮਜ਼ਦੂਰ ਬਣ ਕੇ ਰਹਿ ਜਾਂਦਾ ਹੈ। ਇਹ ਮਜ਼ਦੂਰੀ ਵੀ ਚੀਨ ਉਸ ਕੋਲੋਂ ਖੋਹ ਰਿਹਾ ਹੈ ਕਿਉਂਕਿ ਆਪਣੇ ਪ੍ਰਾਜੈਕਟਾਂ ਲਈ ਚੀਨ ਮਜ਼ਦੂਰ ਆਪਣੇ ਦੇਸ਼ ਤੋਂ ਹੀ ਲਿਆਉਂਦਾ ਹੈ। ਬਹੁਤ ਘੱਟ ਥਾਵਾਂ ’ਤੇ ਚੀਨ ਬੰਗਲਾਦੇਸ਼ੀ ਮਜ਼ਦੂਰਾਂ ਦੀ ਵਰਤੋਂ ਕਰ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਇਸ ਹਾਲਤ ’ਚ ਚੀਨ ਆਪਣੇ ਕਿੰਨੇ ਪ੍ਰਾਜੈਕਟ ਪੂਰੇ ਕਰ ਸਕਦਾ ਹੈ ਕਿਉਂਕਿ ਪਾਕਿਸਤਾਨ ਦੀ ਉਦਾਹਰਣ ਸਾਡੇ ਸਾਹਮਣੇ ਹੈ, ਜਿੱਥੇ 5 ਸਾਲਾਂ ’ਚ ਪੂਰੇ ਹੋਣ ਵਾਲੇ 27 ਪ੍ਰਾਜੈਕਟਾਂ ’ਚੋਂ 10 ਸਾਲਾਂ ’ਚ ਸਿਰਫ 9 ਪ੍ਰਾਜੈਕਟ ਹੀ ਪੂਰੇ ਹੋ ਸਕੇ ਹਨ ਅਤੇ ਉਹ ਸਾਰੇ ਵੀ ਸਿਰਫ ਬਿਜਲੀ ਪ੍ਰਾਜੈਕਟ ਹਨ। ਇਸ ਦੇ ਬਾਅਦ ਚੀਨ ਨੇ ਪਾਕਿਸਤਾਨ ’ਚ ਦਿਲਚਸਪੀ ਲੈਣੀ ਛੱਡ ਦਿੱਤੀ ਹੈ। ਇਸ ਗੱਲ ਦਾ ਡਰ ਹੈ ਕਿ ਕਿਤੇ ਆਉਣ ਵਾਲੇ ਦਿਨਾਂ ’ਚ ਇਹ ਹਾਲ ਬੰਗਲਾਦੇਸ਼ ਦਾ ਨਾ ਹੋ ਜਾਵੇ।