ਸਿਰਫ ਇਕ ਖੇਤਰੀ ਅੰਦੋਲਨ ਦੇ ਨੇਤਾ ਨਹੀਂ ਸਨ ਕਰੁਣਾਨਿਧੀ
Thursday, Aug 09, 2018 - 06:14 AM (IST)

ਸੱਚ ਇਹ ਹੈ ਕਿ ਐੱਮ. ਕਰੁਣਾਨਿਧੀ ਦਾ ਮਰ ਜਾਣਾ ਦੇਸ਼ ਦੇ ਜ਼ਿਆਦਾਤਰ ਇਲਾਕਿਆਂ 'ਚ ਕੋਈ ਵੱਡੀ ਖਬਰ ਨਹੀਂ ਹੈ। ਉਨ੍ਹਾਂ ਦੀ ਮੌਤ ਅਤੇ ਸਸਕਾਰ ਦੀ ਖਬਰ ਜ਼ਰੂਰ ਦੇਸ਼ ਭਰ ਦੇ ਅਖਬਾਰਾਂ ਦੇ ਪਹਿਲੇ ਸਫੇ 'ਤੇ ਛਪੀ ਹੈ ਤੇ ਸਭ ਨੇ ਦੱਸਿਆ ਹੈ ਕਿ ਉਹ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ, 13 ਵਾਰ ਵਿਧਾਇਕ ਰਹੇ ਪਰ ਪਤਾ ਨਹੀਂ ਤਾਮਿਲਨਾਡੂ ਤੋਂ ਬਾਹਰ ਕਿੰਨੇ ਪਾਠਕ ਇਸ ਖਬਰ ਨੂੰ ਪੜ੍ਹਨਗੇ, ਕਿੰਨੇ ਲੋਕ ਇਸ ਦੀ ਮਹੱਤਤਾ ਸਮਝਣਗੇ। ਉਨ੍ਹਾਂ ਲਈ ਜਿਵੇਂ ਜੈਲਲਿਤਾ ਸੀ, ਉਸੇ ਤਰ੍ਹਾਂ ਹੀ ਕਰੁਣਾਨਿਧੀ—ਕਿਸੇ ਦੂਰ ਦੇਸ਼ ਦੇ ਅਣਜਾਣੇ, ਅਣਬੁੱਝੇ ਨਾਇਕ ਤੇ ਨਾਇਕਾ।
ਇਸ ਨੂੰ ਸਾਡੇ ਰਾਸ਼ਟਰਵਾਦ ਦੀ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਅੱਜ ਵੀ ਇਕ ਔਸਤਨ ਪੜ੍ਹਿਆ-ਲਿਖਿਆ ਹਿੰਦੀ ਭਾਸ਼ੀ 'ਦ੍ਰਵਿੜ ਮੁਨੇਤਰ ਕੜਗਮ' (ਡੀ. ਐੱਮ. ਕੇ.) ਦਾ ਸਹੀ ਢੰਗ ਨਾਲ ਨਾਂ ਨਹੀਂ ਲੈ ਸਕਦਾ। ਜੇ ਦ੍ਰਵਿੜ ਅੰਦੋਲਨ ਬਾਰੇ ਪੁੱਛਿਆ ਜਾਵੇ ਤਾਂ ਉਹ ਬਸ ਇੰਨਾ ਹੀ ਦੱਸ ਸਕੇਗਾ ਕਿ ਇਹ ਹਿੰਦੀ ਦੇ ਵਿਰੁੱਧ ਇਕ ਅੰਦੋਲਨ ਸੀ। ਅੱਜ ਵੀ ਜ਼ਿਆਦਾਤਰ ਗੈਰ-ਤਮਿਲ ਲੋਕ ਤਾਮਿਲਨਾਡੂ ਦੀ ਸਿਆਸਤ ਨੂੰ ਇਕ ਅਜੂਬਾ ਸਮਝਦੇ ਹਨ। ਪਤਾ ਨਹੀਂ ਫਿਲਮਾਂ ਵਾਲੇ ਉਥੇ ਕਿਵੇਂ ਸਿਆਸਤ 'ਚ ਚਲੇ ਜਾਂਦੇ ਹਨ? ਪਤਾ ਨਹੀਂ ਕਿਉਂ ਨੇਤਾਵਾਂ ਦੇ ਪਿਆਰ 'ਚ ਉਥੋਂ ਦੇ ਲੋਕ ਇੰਨੇ ਦੀਵਾਨੇ ਹੋਏ ਰਹਿੰਦੇ ਹਨ?
ਕਰੁਣਾਨਿਧੀ ਦੀ ਮੌਤ ਇਸ ਕੌਮੀ ਅਗਿਆਨ ਅਤੇ ਅਗਾਊਂ ਧਾਰਨਾ ਤੋਂ ਮੁਕਤ ਹੋਣ ਦਾ ਮੌਕਾ ਹੈ। ਉਨ੍ਹਾਂ ਦਾ ਜੀਵਨ ਸਾਡੇ ਸਭ ਲਈ 20ਵੀਂ ਸਦੀ ਦੇ ਤਮਿਲ ਰਾਸ਼ਟਰਵਾਦ, ਦ੍ਰਵਿੜ ਅੰਦੋਲਨ ਤੇ ਖੇਤਰੀ ਸਿਆਸਤ ਨੂੰ ਸਮਝਣ ਦਾ ਇਕ ਝਰੋਖਾ ਹੋ ਸਕਦਾ ਹੈ ਭਾਵ ਭਾਰਤੀ ਲੋਕਤੰਤਰ ਅਤੇ ਰਾਸ਼ਟਰਵਾਦ ਨੂੰ ਸਮਝਣ ਦਾ ਇਕ ਮੌਕਾ।
ਕਰੁਣਾਨਿਧੀ ਉਂਝ ਹੀ ਫਿਲਮਾਂ ਦੀ ਸਕ੍ਰਿਪਟ ਲਿਖਦੇ-ਲਿਖਦੇ ਸਿਆਸਤ 'ਚ ਨਹੀਂ ਚਲੇ ਆਏ। ਉਹ ਅਤੇ ਉਨ੍ਹਾਂ ਦੇ ਸਹਿਯੋਗੀ ਸਮਾਜਿਕ ਕ੍ਰਾਂਤੀ ਦੇ ਪ੍ਰੇਰਣਾਦਾਇਕ ਰਾਮਾਸਵਾਮੀ 'ਪੇਰੀਆਰ' ਦੇ ਚੇਲੇ ਸਨ। ਬੇਸ਼ੱਕ ਦ੍ਰਵਿੜ ਅੰਦੋਲਨ ਨੇ ਉੱਤਰੀ ਭਾਰਤ ਦੇ ਦਬਦਬੇ ਵਿਰੁੱਧ ਆਵਾਜ਼ ਉਠਾਈ, ਜ਼ਬਰਦਸਤੀ ਹਿੰਦੀ ਠੋਸਣ ਦਾ ਵਿਰੋਧ ਕੀਤਾ, 'ਹਿੰਦੀ ਹਿੰਦੂ ਹਿੰਦੋਸਤਾਨ' ਦੀ ਧਾਰਨਾ ਨੂੰ ਖਾਰਿਜ ਕੀਤਾ ਪਰ ਇਸ ਆਧਾਰ 'ਤੇ ਉਨ੍ਹਾਂ ਨੂੰ ਭਾਰਤੀ ਰਾਸ਼ਟਰਵਾਦ ਦਾ ਵਿਰੋਧੀ ਮੰਨਣਾ ਇਕ ਵੱਡੀ ਭੁੱਲ ਹੋਵੇਗੀ। ਅਸਲ 'ਚ ਦ੍ਰਵਿੜ ਅੰਦੋਲਨ ਤੇ ਇਸ ਵਰਗੇ ਹੋਰ ਖੇਤਰੀ ਅੰਦੋਲਨਾਂ ਨੇ ਰਾਸ਼ਟਰਵਾਦ ਦੀ ਨੀਂਹ ਮਜ਼ਬੂਤ ਕੀਤੀ ਹੈ। ਭਾਰਤੀ ਰਾਸ਼ਟਰਵਾਦ ਖੇਤਰੀਅਤਾ ਦੇ ਫੁੱਲ ਨੂੰ ਮਸਲ ਕੇ ਨਹੀਂ ਸਗੋਂ ਉਸ ਨੂੰ ਕੌਮੀ ਮਾਲਾ 'ਚ ਪਿਰੋ ਕੇ ਬਣਿਆ ਹੈ।
ਕਰੁਣਾਨਿਧੀ ਅਤੇ ਉਨ੍ਹਾਂ ਦੇ ਸਿਆਸੀ ਗੁਰੂ ਅੰਨਾਦੁਰਈ ਨੇ ਇਕ ਵੱਖਰੇ 'ਦ੍ਰਵਿੜਸਤਾਨ' ਜਾਂ ਆਜ਼ਾਦ ਤਮਿਲ ਰਾਸ਼ਟਰ ਦੇ ਵਿਚਾਰ ਨੂੰ ਖਾਰਿਜ ਕਰ ਕੇ ਭਾਰਤੀ ਗਣਤੰਤਰ ਅੰਦਰ ਲੋਕਰਾਜੀ ਢੰਗ ਨਾਲ ਤਮਿਲ ਇੱਛਾਵਾਂ ਪੂਰੀਆਂ ਕਰਨ ਦੀ ਸਿਆਸਤ ਸ਼ੁਰੂ ਕੀਤੀ ਸੀ। ਇਸ ਨਾਲ ਤਾਮਿਲਨਾਡੂ ਦੀ ਖੇਤਰੀ ਸਿਆਸਤ ਅਤੇ ਭਾਰਤੀ ਰਾਸ਼ਟਰਵਾਦ ਦੋਵੇਂ ਮਜ਼ਬੂਤ ਹੋਏ।
ਸੰਨ 1967 ਤੋਂ ਲੈ ਕੇ ਅੱਜ ਤਕ ਤਾਮਿਲਨਾਡੂ ਦੀ ਸੱਤਾ 'ਤੇ ਦ੍ਰਵਿੜ ਅੰਦੋਲਨ 'ਚੋਂ ਨਿਕਲੀ ਕਿਸੇ ਨਾ ਕਿਸੇ ਪਾਰਟੀ ਦਾ ਕਬਜ਼ਾ ਰਿਹਾ ਹੈ। ਦੂਜੇ ਪਾਸੇ ਤਮਿਲ ਵਖਰੇਵੇਂ ਦਾ ਖਤਰਾ ਪੈਦਾ ਹੋਣ ਨਾਲ ਭਾਰਤੀ ਗਣਤੰਤਰ ਵੀ ਮਜ਼ਬੂਤ ਹੋਇਆ। ਜੇ ਸ਼੍ਰੀਲੰਕਾ ਦੀ ਤਮਿਲ ਵੱਖਵਾਦੀ ਸਿਆਸਤ ਅਤੇ ਭਾਰਤ ਦੇ ਦ੍ਰਵਿੜ ਅੰਦੋਲਨ ਦੀ ਤੁਲਨਾ ਕਰੀਏ ਤਾਂ ਸਮਝ ਆਉਂਦਾ ਹੈ ਕਿ ਤਮਿਲ ਇੱਛਾਵਾਂ ਦਾ ਸਨਮਾਨ ਕਰਨ ਨਾਲ ਭਾਰਤੀ ਗਣਤੰਤਰ ਕਿਵੇਂ ਮਜ਼ਬੂਤ ਹੋਇਆ।
ਸੱਤਾ 'ਚ ਆਉਣ ਤੋਂ ਬਾਅਦ ਦੋ ਸਾਲਾਂ ਅੰਦਰ ਹੀ ਅੰਨਾਦੁਰਈ ਚੱਲ ਵਸੇ ਤੇ ਇਸ ਅੰਦੋਲਨ ਦੀ ਵਿਚਾਰਕ, ਸਿਆਸੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਕਰੁਣਾਨਿਧੀ ਦੇ ਮੋਢਿਆਂ 'ਤੇ ਆ ਗਈ। ਪਿਛਲੇ 50 ਸਾਲਾਂ ਤੋਂ ਤਮਿਲ ਸਿਆਸਤ ਦੇ ਸਿਖਰ 'ਤੇ ਰਹਿੰਦਿਆਂ ਕਰੁਣਾਨਿਧੀ ਨੇ ਵੱਖ-ਵੱਖ ਕੌਮੀ ਪਾਰਟੀਆਂ ਨਾਲ ਰਿਸ਼ਤਾ ਬਣਾਇਆ ਪਰ ਦਿੱਲੀ ਦਰਬਾਰ ਸਾਹਮਣੇ ਕਦੇ ਗੋਡੇ ਨਹੀਂ ਟੇਕੇ।
ਕਰੁਣਾਨਿਧੀ ਨੇ ਇੰਦਰਾ ਗਾਂਧੀ ਵਲੋਂ ਲਾਈ ਐਮਰਜੈਂਸੀ ਦਾ ਵਿਰੋਧ ਕਰਨ ਦੀ ਹਿੰਮਤ ਦਿਖਾਈ ਸੀ, ਜਿਸ ਕਾਰਨ ਉਨ੍ਹਾਂ ਦੀ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਗਿਆ। ਕਰੁਣਾਨਿਧੀ ਨੇ ਰਾਜਮੰਨਾਰ ਕਮੇਟੀ ਬਣਾ ਕੇ ਸੂਬਿਆਂ ਦੇ ਅਧਿਕਾਰ ਮਜ਼ਬੂਤ ਕਰਨ ਦੀ ਸ਼ੁਰੂਆਤ ਕੀਤੀ। ਭਾਰਤੀ ਲੋਕਤੰਤਰ ਅਤੇ ਸੰਘੀ ਢਾਂਚੇ ਨੂੰ ਇਹ ਕਰੁਣਾਨਿਧੀ ਦਾ ਇਤਿਹਾਸਕ ਯੋਗਦਾਨ ਸੀ।
ਪਰ ਕਰੁਣਾਨਿਧੀ ਸਿਰਫ ਇਕ ਖੇਤਰੀ ਅੰਦੋਲਨ ਦੇ ਨੇਤਾ ਨਹੀਂ ਸਨ। ਦ੍ਰਾਵਿੜ ਅੰਦੋਲਨ ਇਕ ਨਾਸਤਿਕ, ਤਰਕਸ਼ੀਲ ਤੇ ਸਮਾਜਿਕ ਨਿਆਂ ਦਾ ਵਿਚਾਰਕ ਅੰਦੋਲਨ ਸੀ। ਇਸ ਅੰਦੋਲਨ 'ਚ ਸਮਾਜ ਅੰਦਰ ਫੈਲੀਆਂ ਵੱਖ-ਵੱਖ ਧਾਰਮਿਕ ਬੁਰਾਈਆਂ/ਪਖੰਡਾਂ ਦਾ ਖੰਡਨ ਕੀਤਾ ਗਿਆ ਅਤੇ ਧਰਮ ਸੱਤਾ ਦਾ ਵਿਰੋਧ ਕਰਦਿਆਂ ਸਿਆਸੀ ਸੱਤਾ ਨੂੰ ਹਾਸਲ ਕੀਤਾ ਗਿਆ। ਇਸ ਰਵਾਇਤ ਨੂੰ ਨਿਭਾਉਂਦਿਆਂ ਕਰੁਣਾਨਿਧੀ ਨੇ ਸ਼੍ਰੀਲੰਕਾ ਤੇ ਭਾਰਤ ਵਿਚਾਲੇ ਪੁਲ ਬਣਾਉਣ ਦੀ ਤਜਵੀਜ਼ ਨੂੰ 'ਰਾਮਸੇਤੁ' ਦੇ ਨਾਂ 'ਤੇ ਧਾਰਮਿਕ ਰੰਗ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਜੇ ਕਰੁਣਾਨਿਧੀ ਦ੍ਰਵਿੜ ਅੰਦੋਲਨ ਦੇ ਕਿਸੇ ਇਕ ਵਿਚਾਰ ਦੇ ਸੱਚੇ ਵਾਰਿਸ ਸਨ ਤਾਂ ਉਹ ਸੀ, ਇਸ ਦੀ ਸਮਾਜਿਕ ਨਿਆਂ ਦੀ ਰਵਾਇਤ। ਖੁਦ ਕਰੁਣਾਨਿਧੀ ਇਕ ਬਹੁਤ ਪੱਛੜੀ ਜਾਤ ਨਾਲ ਸਬੰਧ ਰੱਖਦੇ ਸਨ, ਜਿਸ ਦਾ ਜੱਦੀ ਪੇਸ਼ਾ ਸੀ ਮੰਦਰਾਂ ਦੇ ਬਾਹਰ ਸਾਜ਼ ਵਜਾਉਣਾ।
ਦ੍ਰਵਿੜ ਅੰਦੋਲਨ ਨੇ ਤਾਮਿਲਨਾਡੂ 'ਚ ਬ੍ਰਾਹਮਣਾਂ ਦੇ ਗ਼ਲਬੇ ਨੂੰ ਚੁਣੌਤੀ ਦਿੱਤੀ ਤੇ ਕਰੁਣਾਨਿਧੀ ਦੀ ਸਰਕਾਰ ਨੇ ਤਾਮਿਲਨਾਡੂ 'ਚ ਪੱਛੜੀਆਂ ਜਾਤਾਂ ਦੇ ਰਾਖਵੇਂਕਰਨ ਦੀ ਵਿਵਸਥਾ ਨੂੰ ਲਾਗੂ ਕੀਤਾ। ਸਿਰਫ ਸਰਕਾਰੀ ਨੌਕਰੀਆਂ 'ਚ ਹੀ ਨਹੀਂ, ਸਿਆਸਤ, ਸਮਾਜਿਕ ਤੇ ਆਰਥਿਕ ਵਿਵਸਥਾ ਭਾਵ ਹਰ ਜਗ੍ਹਾ ਪੱਛੜੀਆਂ ਜਾਤਾਂ ਨੂੰ ਨਿਆਂਸੰਗਤ ਜਗ੍ਹਾ ਦਿਵਾਈ। ਇਸ ਲਿਹਾਜ਼ ਨਾਲ ਦ੍ਰਵਿੜ ਅੰਦੋਲਨ ਉੱਤਰ ਭਾਰਤ ਦੀਆਂ ਪੱਛੜੀਆਂ ਜਾਤਾਂ ਦੀ ਸਿਆਸਤ ਤੋਂ ਕਿਤੇ ਪਹਿਲਾਂ ਸ਼ੁਰੂ ਹੋਇਆ ਅਤੇ ਕਿਤੇ ਜ਼ਿਆਦਾ ਦੂਰਰਸ ਸਿੱਧ ਹੋਇਆ।
ਕਰੁਣਾਨਿਧੀ ਦੀ ਅਗਵਾਈ ਹੇਠ ਸਮਾਜਿਕ ਨਿਆਂ ਦੀ ਸਿਆਸਤ ਸਿਰਫ ਰਾਖਵੇਂਕਰਨ ਤਕ ਸੀਮਤ ਨਹੀਂ ਰਹੀ। ਇਸ ਮਾਇਨੇ 'ਚ ਦ੍ਰਵਿੜ ਸਿਆਸਤ ਹਿੰਦੀ ਪੱਟੀ (ਹਿੰਦੀ ਭਾਸ਼ੀ ਖੇਤਰ) ਦੀ ਸਮਾਜਿਕ ਨਿਆਂ ਵਾਲੀ ਸਿਆਸਤ ਤੋਂ ਕਈ ਕਦਮ ਅੱਗੇ ਸੀ। ਕਰੁਣਾਨਿਧੀ ਦੀ ਅਗਵਾਈ ਹੇਠ ਡੀ. ਐੱਮ. ਕੇ. ਦੀ ਸਰਕਾਰ ਨੇ ਸਮਾਜ ਭਲਾਈ ਦੇ ਕਈ ਪ੍ਰੋਗਰਾਮਾਂ ਦੀ ਨੀਂਹ ਰੱਖੀ।
ਗਰੀਬੀ ਦਾ ਸੰਤਾਪ ਭੋਗ ਚੁੱਕੇ ਕਰੁਣਾਨਿਧੀ ਨੇ ਤਾਮਿਲਨਾਡੂ 'ਚ ਰਿਕਸ਼ਾ ਹੱਥ ਨਾਲ ਖਿੱਚੇ ਜਾਣ ਦੀ ਅਣਮਨੁੱਖੀ ਪ੍ਰਥਾ ਨੂੰ ਖਤਮ ਕੀਤਾ ਤੇ ਨਾਲ ਹੀ ਉਨ੍ਹਾਂ ਰਿਕਸ਼ੇ ਵਾਲਿਆਂ ਨੂੰ ਬਦਲਵਾਂ ਰੋਜ਼ਗਾਰ ਵੀ ਦਿੱਤਾ। ਗਰੀਬ ਤੇ ਪੱਛੜੇ ਵਰਗ ਦੇ ਬੱਚਿਆਂ ਨੂੰ ਸਿੱਖਿਆ ਦੇ ਮੌਕੇ ਮੁਹੱਈਆ ਕਰਵਾਉਣਾ, ਪਰਿਵਾਰ ਦੇ ਪਹਿਲੇ ਗ੍ਰੈਜੂਏਟ ਨੂੰ ਕਾਲਜ 'ਚ ਮੁਫਤ ਸਿੱਖਿਆ ਦਿਵਾਉਣਾ, ਗਰੀਬਾਂ ਲਈ ਹਸਪਤਾਲ 'ਚ ਬੀਮੇ ਅਤੇ ਔਰਤਾਂ ਨੂੰ ਦੇਸ਼ 'ਚ ਪਹਿਲੀ ਵਾਰ ਜਾਇਦਾਦ ਦਾ ਅਧਿਕਾਰ ਦਿਵਾਉਣਾ ਕੁਝ ਅਜਿਹੀਆਂ ਯੋਜਨਾਵਾਂ ਹਨ, ਜਿਨ੍ਹਾਂ ਸਦਕਾ ਤਾਮਿਲਨਾਡੂ ਦੇ ਲੋਕ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਨਗੇ।
ਡੀ. ਐੱਮ. ਕੇ. ਜਾਂ ਅੰਨਾ ਡੀ. ਐੱਮ. ਕੇ. 'ਚੋਂ ਜਿਹੜੀ ਵੀ ਪਾਰਟੀ ਸੱਤਾ 'ਚ ਆਈ, ਉਸ ਨੇ ਇਨ੍ਹਾਂ ਸਮਾਜ ਭਲਾਈ ਯੋਜਨਾਵਾਂ ਨੂੰ ਪਹਿਲਾਂ ਨਾਲੋਂ ਹੋਰ ਅੱਗੇ ਵਧਾਇਆ, ਇਸ ਲਈ ਅੱਜ ਵੀ ਦੇਸ਼ 'ਚ ਰਾਸ਼ਨ ਦੀ ਵਿਵਸਥਾ ਅਤੇ ਸਮਾਜ ਭਲਾਈ ਦੀਆਂ ਸਾਰੀਆਂ ਯੋਜਨਾਵਾਂ ਸ਼ਾਇਦ ਸਭ ਤੋਂ ਬਿਹਤਰ ਢੰਗ ਨਾਲ ਤਾਮਿਲਨਾਡੂ 'ਚ ਹੀ ਕੰਮ ਕਰਦੀਆਂ ਹਨ।
ਕਰੁਣਾਨਿਧੀ ਦੇ ਜੀਵਨ ਦਾ ਆਖਰੀ ਪੜਾਅ ਆਉਂਦੇ-ਆਉਂਦੇ ਦ੍ਰਵਿੜ ਅੰਦੋਲਨ ਦਾ ਸੂਰਜ ਵੀ ਡੁੱਬਣ ਲੱਗ ਪਿਆ ਸੀ। ਡੀ. ਐੱਮ. ਕੇ. ਪਾਰਟੀ 'ਤੇ ਉਨ੍ਹਾਂ ਦੇ ਪਰਿਵਾਰ ਦਾ ਕਬਜ਼ਾ ਹੋ ਗਿਆ, ਖੁਦ ਕਰੁਣਾਨਿਧੀ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਤੇ ਦ੍ਰਵਿੜ ਅੰਦੋਲਨ ਆਪਣੇ ਮੂਲ ਵਿਚਾਰ ਤੋਂ ਪੂਰੀ ਤਰ੍ਹਾਂ ਭਟਕ ਗਿਆ।
ਅੱਜ ਤਾਮਿਲਨਾਡੂ ਦੀ ਸਿਆਸਤ ਦ੍ਰਵਿੜ ਅੰਦੋਲਨ ਤੋਂ ਬਾਅਦ ਇਕ ਨਵੇਂ ਦੌਰ ਲਈ ਤਿਆਰ ਖੜ੍ਹੀ ਹੈ। ਇਸ ਦੌਰ 'ਚ ਸਵ. ਕਰੁਣਾਨਿਧੀ ਨੂੰ ਯਾਦ ਕਰਨਾ ਇਕ ਡੁੱਬਦੇ ਸੂਰਜ ਨੂੰ ਸਲਾਮ ਕਰਨਾ ਨਹੀਂ ਹੈ ਸਗੋਂ ਇਕ ਲੋਕਤੰਤਰਿਕ ਸੰਘੀ ਦੇ ਨਿਆਂਸੰਗਤ ਭਾਰਤ ਦੇ ਸੁਪਨੇ ਨੂੰ ਯਾਦ ਕਰਨਾ ਹੈ। ਇਹ ਸੁਪਨਾ ਸਿਰਫ ਤਾਮਿਲਨਾਡੂ ਦਾ ਨਹੀਂ, ਪੂਰੇ ਦੇਸ਼ ਦਾ ਹੈ।