ਇਕ ਵੱਡੀ ਚੁਣੌਤੀ ਬਣ ਚੁੱਕਿਐ ਪਲਾਸਟਿਕ ਦਾ ਪ੍ਰਦੂਸ਼ਣ

Saturday, Jun 09, 2018 - 12:16 AM (IST)

ਕੁਦਰਤ ਨੇ ਮਨੁੱਖ ਨੂੰ ਪਾਣੀ, ਜੰਗਲ, ਜ਼ਮੀਨ, ਆਕਾਸ਼ ਅਤੇ ਅੱਗ ਦਾ ਤੋਹਫ਼ਾ ਦਿੱਤਾ ਸੀ, ਤਾਂ ਕਿ ਉਹ ਸੁੱਖ-ਸ਼ਾਂਤੀ ਨਾਲ ਦੁਨੀਆ 'ਚ ਰਹੇ ਪਰ ਮਨੁੱਖ ਨੇ ਇਨ੍ਹਾਂ ਨਾਲ ਛੇੜਖਾਨੀ ਕਰ ਕੇ ਕੁਦਰਤ ਦੇ ਨਿਯਮਾਂ ਨਾਲ ਉਲਟ ਵਰਤਾਓ ਕਰ ਕੇ ਇਨ੍ਹਾਂ ਦਾ ਲਾਭ ਉਠਾਉਣ ਤੋਂ ਬਾਅਦ ਜਦੋਂ ਅੰਨ੍ਹੇਵਾਹ ਵਰਤੋਂ ਸ਼ੁਰੂ ਕੀਤੀ ਤਾਂ ਕੁਦਰਤੀ ਪ੍ਰਕੋਪ ਦਾ ਸਾਹਮਣਾ ਕਰਨਾ ਹੀ ਪੈਣਾ ਸੀ। ਇਹੋ ਪ੍ਰਦੂਸ਼ਣ ਹੈ, ਜਿਸ ਦਾ ਸਾਹਮਣਾ ਅੱਜ ਪੂਰੀ ਦੁਨੀਆ ਕਰ ਰਹੀ ਹੈ। 
ਜਦੋਂ ਹਾਲਾਤ ਬੇਕਾਬੂ ਹੋਣ ਲੱਗੇ ਅਤੇ ਮਨੁੱਖ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਾ ਤਾਂ ਉਸ ਨੂੰ ਇਹ ਚਿੰਤਾ ਹੋਈ ਕਿ ਜੇ ਇਸੇ ਰਫਤਾਰ ਨਾਲ ਪ੍ਰਦੂਸ਼ਣ ਵਧਦਾ ਰਿਹਾ ਤਾਂ ਮਨੁੱਖ ਜਾਤੀ ਦੀ ਤਬਾਹੀ ਹੋਣੀ ਤੈਅ ਹੈ। ਵਾਤਾਵਰਣ ਦਿਵਸ ਮਨਾਉਣ ਦਾ ਉਦੇਸ਼ : 44 ਸਾਲ ਪਹਿਲਾਂ 5 ਜੂਨ 1974 ਨੂੰ ਆਪਣੀਆਂ ਗਲਤੀਆਂ ਸੁਧਾਰਨ ਲਈ ਅਸੀਂ ਵਿਸ਼ਵ ਵਾਤਾਵਰਣ ਦਿਵਸ ਮਨਾਉਣਾ ਸ਼ੁਰੂ ਕੀਤਾ ਅਤੇ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣ ਦੇ ਉਪਾਵਾਂ 'ਤੇ ਅਮਲ ਕਰਨ ਦਾ ਸੰਕਲਪ ਕੀਤਾ ਜਾਣ ਲੱਗਾ। 
ਅਸਲ ਵਿਚ ਇਹ ਮਨੁੱਖੀ ਸੁਭਾਅ ਹੈ ਕਿ ਮਨੁੱਖ ਆਪਣੇ ਪੈਰਾਂ 'ਤੇ ਖ਼ੁਦ ਕੁਹਾੜੀ ਮਾਰਨ ਦਾ ਆਦੀ ਹੋ ਜਾਂਦਾ ਹੈ ਤੇ ਆਪਣੇ ਲਈ ਉਪਯੋਗੀ ਵਸਤਾਂ ਨੂੰ ਹੀ ਤਬਾਹ ਕਰਨ ਦਾ ਸਿਲਸਿਲਾ ਅਪਣਾਈ ਰੱਖਦਾ ਹੈ। ਜੰਗਲਾਂ ਦੀ ਅੰਨ੍ਹੇਵਾਹ ਕਟਾਈ ਤੇ ਪਾਣੀ ਦੇ ਸੋਮਿਆਂ ਨੂੰ ਆਪਣੇ ਸੁਆਰਥਾਂ ਦੀ ਪੂਰਤੀ ਲਈ ਜ਼ਹਿਰੀਲਾ ਤਕ ਬਣਾਉਣ ਤੋਂ ਅਸੀਂ ਨਹੀਂ ਖੁੰਝਦੇ। 
ਕੁਦਰਤ ਦਾ ਨਿਯਮ ਹੈ ਕਿ ਉਸ ਤੋਂ ਜੋ ਅਸੀਂ ਲਿਆ ਹੈ, ਉਹ ਉਸ ਨੂੰ ਵਾਪਿਸ ਵੀ ਕਰਨਾ ਹੁੰਦਾ ਹੈ, ਮਿਸਾਲ ਵਜੋਂ ਜੇ ਅਸੀਂ ਆਪਣੀ ਲੋੜ ਲਈ ਜੰਗਲਾਂ 'ਚੋਂ ਰੁੱਖ ਕੱਟ ਲਏ ਤਾਂ ਸਾਨੂੰ ਰੁੱਖ ਉਗਾਉਣੇ ਵੀ ਚਾਹੀਦੇ ਹਨ ਤਾਂ ਕਿ ਜੰਗਲਾਂ ਦੀ ਹੋਂਦ ਬਣੀ ਰਹੇ। 'ਰੁੱਖ ਉਗਾਓ' ਮੁਹਿੰਮ ਦੇ ਤਹਿਤ ਅਸੀਂ ਪੌਦੇ ਲਾਉਣ ਤੋਂ ਬਾਅਦ ਉਨ੍ਹਾਂ ਦੀ ਦੇਖਭਾਲ ਵੱਲ ਧਿਆਨ ਨਹੀਂ ਦਿੰਦੇ, ਇਸ ਲਈ ਉਹ ਕੁਝ ਦਿਨਾਂ ਬਾਅਦ ਸੁੱਕ ਜਾਂਦੇ ਹਨ। 
ਇਹ ਸਿਲਸਿਲਾ ਹਰ ਸਾਲ ਦੁਹਰਾਇਆ ਜਾਂਦਾ ਹੈ। ਵਾਤਾਵਰਣ ਦਿਵਸ 'ਤੇ ਦੇਸ਼ ਭਰ ਵਿਚ ਲੱਖਾਂ ਪੌਦੇ ਬੀਜੇ ਜਾਂਦੇ ਹਨ, ਜਿਸ ਨਾਲ ਦੇਸ਼ ਵਿਚ ਭਰਪੂਰ ਹਰਿਆਵਲ ਹੋਣੀ ਚਾਹੀਦੀ ਹੈ ਪਰ ਅਸਲੀਅਤ ਇਹ ਹੈ ਕਿ ਬੰਜਰ ਜ਼ਮੀਨ ਅਤੇ ਮਾਰੂਥਲ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੋਕਾ ਪੀੜਤ ਇਲਾਕਿਆਂ ਵਿਚ ਵੀ ਭਾਰੀ ਵਾਧਾ ਹੋਇਆ ਹੈ। ਸਿੱਟੇ ਵਜੋਂ ਕਿਸਾਨ ਮੀਂਹ ਦੀ ਘਾਟ ਕਾਰਨ ਆਪਣੀਆਂ ਫਸਲਾਂ ਬਰਬਾਦ ਹੁੰਦੀਆਂ ਦੇਖਦਾ ਰਹਿੰਦਾ ਹੈ। 
ਇਹੋ ਹਾਲ ਸਾਡੇ ਪਾਣੀ ਦੇ ਸੋਮਿਆਂ ਦਾ ਹੈ। ਨਦੀਆਂ ਦਾ ਪ੍ਰਦੂਸ਼ਣ ਘਟਣ ਦਾ ਨਾਂ ਨਹੀਂ ਲੈ ਰਿਹਾ। ਤਲਾਬ ਆਪਣਾ ਨਾਮੋ-ਨਿਸ਼ਾਨ ਗੁਆ ਰਹੇ ਹਨ ਤੇ ਪੀਣ ਵਾਲਾ ਪਾਣੀ ਸਾਨੂੰ ਬੋਤਲਾਂ ਵਿਚ ਖਰੀਦਣਾ ਪੈ ਰਿਹਾ ਹੈ। ਇਹ ਬੋਤਲਾਂ ਪਲਾਸਟਿਕ ਨਾਲ ਬਣਦੀਆਂ ਹਨ ਤੇ ਇਹੋ ਪਲਾਸਟਿਕ ਪ੍ਰਦੂਸ਼ਣ ਦੇ ਰੂਪ ਵਿਚ ਅੱਜ ਸਾਡੇ ਸਾਹਮਣੇ ਚੁਣੌਤੀ ਬਣ ਕੇ ਖੜ੍ਹਾ ਹੈ। ਪਲਾਸਟਿਕ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣ ਦੀ ਸਮੱਸਿਆ ਦਿਨ-ਬ-ਦਿਨ ਵਧਦੀ ਜਾ ਰਹੀ ਹੈ। 
ਵਾਤਾਵਰਣ ਦਿਵਸ 'ਤੇ ਸੰਕਲਪ : ਇਸ ਸਾਲ ਵਾਤਾਵਰਣ ਦਿਵਸ 'ਤੇ ਇਹੋ ਸੰਕਲਪ ਲਿਆ ਗਿਆ ਹੈ ਕਿ ਨੇੜਲੇ ਭਵਿੱਖ ਵਿਚ ਪਲਾਸਟਿਕ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਅਸੀਂ ਇਸ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਮੁਕਤ ਹੋ ਜਾਵਾਂਗੇ।
ਸਵਾਲ ਉੱਠਦਾ ਹੈ ਕਿ ਕੀ ਇਹ ਸੰਭਵ ਹੈ ਅਤੇ ਕੀ ਇਹ ਸੰਕਲਪ ਵੀ ਉਸੇ ਤਰ੍ਹਾਂ ਧਰਿਆ-ਧਰਾਇਆ ਰਹਿ ਜਾਵੇਗਾ, ਜਿਸ ਤਰ੍ਹਾਂ ਚੌਗਿਰਦੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੋਰਨਾਂ ਤੱਤਾਂ ਨੂੰ ਖਤਮ ਕਰਨ ਦੇ ਯਤਨਾਂ ਨਾਲ ਹੁੰਦਾ ਰਿਹਾ ਹੈ? 
ਪਲਾਸਟਿਕ ਦੀ ਵਰਤੋਂ : ਅੱਜ ਪਲਾਸਟਿਕ ਦੀ ਵਰਤੋਂ ਲੱਗਭਗ ਹਰ ਖੇਤਰ ਵਿਚ ਕਿਸੇ ਨਾ ਕਿਸੇ ਰੂਪ ਵਿਚ ਹੋ ਰਹੀ ਹੈ। ਇਹ ਸਾਡੇ ਜੀਵਨ ਦੀ ਅਜਿਹੀ ਹਕੀਕਤ ਬਣ ਚੁੱਕਿਆ ਹੈ ਕਿ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਇਸ ਦੀ ਵਰਤੋਂ ਬੰਦ ਨਹੀਂ ਕਰ ਸਕਦੇ। ਜਦ ਅਜਿਹਾ ਹੈ ਤਾਂ ਅਜਿਹੀ ਕਾਰਜ ਪ੍ਰਣਾਲੀ ਕਿਉਂ ਨਾ ਅਪਣਾਈ ਜਾਵੇ, ਜਿਸ ਨਾਲ ਸੱਪ ਵੀ ਮਰ ਜਾਵੇ ਅਤੇ ਲਾਠੀ ਵੀ ਨਾ ਟੁੱਟੇ। 
ਪਲਾਸਟਿਕ ਕਚਰੇ ਦੀ ਵਰਤੋਂ ਸੜਕਾਂ ਬਣਾਉਣ ਲਈ ਕੀਤੀ ਜਾ ਸਕਦੀ ਹੈ, ਜੋ ਸਸਤੀ ਲਾਗਤ ਵਾਲੀ ਸਿੱਧ ਹੋ ਸਕਦੀ ਹੈ। ਇਸ ਦੇ ਲਈ ਕੀਤੇ ਗਏ ਪ੍ਰਯੋਗ ਨਾ ਸਿਰਫ ਸਫਲ ਹੋਏ ਹਨ, ਸਗੋਂ ਪੈਸੇ ਅਤੇ ਕਿਰਤ ਸ਼ਕਤੀ ਦੀ ਵੀ ਬੱਚਤ ਹੋਈ ਹੈ। ਪੈਕੇਜਿੰਗ ਉਦਯੋਗ ਵਿਚ ਪਲਾਸਟਿਕ ਕਚਰੇ ਦੀ ਵਰਤੋਂ ਸਫਲਤਾਪੂਰਵਕ ਕੀਤੀ ਜਾ ਰਹੀ ਹੈ। ਇਲੈਕਟ੍ਰਾਨਿਕ ਉਦਯੋਗ 'ਚੋਂ ਨਿਕਲਣ ਵਾਲਾ ਪਲਾਸਟਿਕ ਕਚਰਾ ਉਸੇ ਨਾਲ ਜੁੜੇ ਲਘੂ ਉਦਯੋਗਾਂ ਵਿਚ ਇਸਤੇਮਾਲ ਕੀਤਾ ਜਾ ਰਿਹਾ ਹੈ। 
ਪਲਾਸਟਿਕ ਦੀ ਖੋਜ : ਇਹ ਮਨੁੱਖ ਵਲੋਂ ਬਣਾਈ ਗਈ ਹੈ। ਕਹਿੰਦੇ ਹਨ ਕਿ 'ਆਇਵਰੀ', ਭਾਵ ਹਾਥੀ ਦੰਦ ਦੇ ਬਦਲ ਵਜੋਂ ਇਸ ਦੀ ਖੋਜ ਹੋਈ ਅਤੇ ਠੋਸ, ਤਰਲ ਦੇ ਮਿਸ਼ਰਿਤ ਆਕਾਰ ਵਿਚ ਇਹ ਸਾਹਮਣੇ ਆਈ। 
ਇਸ ਤੋਂ ਪਹਿਲਾਂ ਲੱਕੜੀ, ਧਾਤੂ, ਮਿੱਟੀ, ਇਥੋਂ ਤਕ ਕਿ ਰੁੱਖਾਂ 'ਚੋਂ ਨਿਕਲਣ ਵਾਲੇ ਗੂੰਦ ਤੇ ਰਬੜ ਨਾਲ ਚੀਜ਼ਾਂ ਬਣਾਈਆਂ ਜਾਂਦੀਆਂ ਸਨ, ਜਿਨ੍ਹਾਂ ਦੀ ਇਕ ਹੱਦ ਹੁੰਦੀ ਸੀ। ਪਲਾਸਟਿਕ ਦੀ ਖੋਜ ਨੇ ਜਿਵੇਂ ਦੁਨੀਆ ਸਾਹਮਣੇ ਕੁਝ ਵੀ ਬਣਾ ਸਕਣ ਦੀਆਂ ਸੰਭਾਵਨਾਵਾਂ ਨੂੰ ਅਮਲੀ ਰੂਪ ਦੇਣ ਅਤੇ ਕੋਈ ਵੀ ਸੁਪਨਾ ਸਾਕਾਰ ਕਰ ਸਕਣ ਦੀ ਸਹੂਲਤ ਦੇ ਦਿੱਤੀ। ਅੱਜ ਲੱਗਦਾ ਹੈ ਕਿ ਪਲਾਸਟਿਕ ਦੀ ਵਰਤੋਂ ਕੀਤੇ ਬਿਨਾਂ ਕੋਈ ਚੀਜ਼ ਬਣ ਹੀ ਨਹੀਂ ਸਕਦੀ। 
ਇਸ ਅਸਲੀਅਤ ਨੂੰ ਧਿਆਨ ਵਿਚ ਰੱਖਦਿਆਂ ਇਹ ਕਹਿਣਾ ਤਾਂ ਦੂਰ, ਸੋਚਣਾ ਵੀ ਮੂਰਖਤਾ ਹੋਵੇਗੀ ਕਿ ਅਸੀਂ ਪਲਾਸਟਿਕ ਤੋਂ ਬਿਨਾਂ ਸੁਖੀ ਜ਼ਿੰਦਗੀ ਜਿਊਣ ਦੀ ਕਲਪਨਾ ਵੀ ਕਰ ਸਕਦੇ ਹਾਂ। ਪਲਾਸਟਿਕ ਕੋਈ ਸਮੱਸਿਆ ਨਹੀਂ ਹੈ, ਸਗੋਂ ਸਮੱਸਿਆ ਇਹ ਹੈ ਕਿ ਪਲਾਸਟਿਕ ਨਾਲ ਅਸੀਂ ਕੀ ਕਰਦੇ ਹਾਂ ਅਤੇ ਉਸ ਨਾਲ ਬਣਾਈਆਂ ਜਾਣ ਵਾਲੀਆਂ ਚੀਜ਼ਾਂ ਨੂੰ ਇਸਤੇਮਾਲ ਕਰਨ ਤੋਂ ਬਾਅਦ ਜੋ ਕਚਰਾ ਨਿਕਲਦਾ ਹੈ, ਉਸ ਦਾ ਕੀ ਕਰਦੇ ਹਾਂ? 
ਉਪਾਅ ਕੀ ਹੈ : ਪਲਾਸਟਿਕ ਤੋਂ ਪੈਦਾ ਹੋਏ ਕਚਰੇ ਨੂੰ ਨਸ਼ਟ ਹੋਣ 'ਚ 500 ਤੋਂ 1000 ਸਾਲ ਤਕ ਲੱਗ ਸਕਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਪਲਾਸਟਿਕ ਅਤੇ ਇਸ ਦਾ ਕਚਰਾ ਪੀੜ੍ਹੀ-ਦਰ-ਪੀੜ੍ਹੀ ਸਾਡੇ ਨਾਲ ਰਹਿਣਾ ਹੈ। 
ਜਦ ਅਜਿਹਾ ਹੈ ਤਾਂ ਅਸੀਂ ਇਸ ਨੂੰ ਖਤਮ ਕਰਨ ਦੇ ਉਪਾਅ ਸੋਚਣ ਵਿਚ ਆਪਣੀ ਊਰਜਾ ਤੇ ਸੀਮਤ ਸੋਮਿਆਂ ਨੂੰ ਖਰਚ ਕਰਨ ਦੀ ਬਜਾਏ ਕਿਸੇ ਦੂਜੀ ਜਗ੍ਹਾ ਇਸਤੇਮਾਲ ਕਰਨ ਦੀ ਤਕਨਾਲੋਜੀ ਦਾ ਵਿਕਾਸ ਕਰਨ ਦੀ ਦਿਸ਼ਾ ਵਿਚ ਕੰਮ ਕਰੀਏ ਤਾਂ ਇਹ ਦੇਸ਼ ਦੀ ਆਰਥਿਕ ਤਰੱਕੀ ਦਾ ਆਧਾਰ ਬਣ ਸਕਦਾ ਹੈ ਅਤੇ ਰੋਜ਼ਗਾਰ ਦੇ ਖੇਤਰ ਵਿਚ ਵੀ ਉਪਯੋਗੀ ਹੋਵੇਗਾ। 
ਵਾਤਾਵਰਣ ਦੀ ਸੰਭਾਲ ਦੀ ਦਿਸ਼ਾ ਵਿਚ ਸਾਨੂੰ ਤੇਜ਼ੀ ਨਾਲ ਕੰਮ ਕਰਨਾ ਪਵੇਗਾ, ਤਾਂ ਹੀ ਵਾਤਾਵਰਣ ਦੇ ਵਿਗੜੇ ਸੰਤੁਲਨ ਨੂੰ ਅਸੀਂ ਠੀਕ ਕਰ ਸਕਾਂਗੇ। ਜੇ ਅਸੀਂ ਇਸਤੇਮਾਲ ਕੀਤੇ ਹੋਏ ਪਲਾਸਟਿਕ ਉਤਪਾਦਾਂ ਨੂੰ ਮੁੜ ਵਰਤੋਂ ਵਿਚ ਲਿਆਈਏ ਤਾਂ ਸ਼ਾਇਦ ਕਿਤੇ ਨਾ ਕਿਤੇ ਪਲਾਸਟਿਕ ਦਾ ਉਤਪਾਦਨ ਕੰਟਰੋਲ ਹੋਣਾ ਸ਼ੁਰੂ ਹੋ ਜਾਵੇ। 
ਹਰ ਖੇਤਰ ਵਿਚ ਇਕ ਰੀਸਾਈਕਲ ਪਲਾਂਟ ਲਾਉਣਾ ਚਾਹੀਦਾ ਹੈ, ਜਿਥੇ ਪਲਾਸਟਿਕ ਦੀ ਵੇਸਟ ਇਕੱਠੀ ਕਰ ਕੇ ਉਸ ਨੂੰ ਦੁਬਾਰਾ ਵਰਤੋਂ ਵਿਚ ਲਿਆਉਣ ਦੇ ਕਾਬਿਲ ਬਣਾਇਆ ਜਾ ਸਕੇ।
ਇਸ ਤਰ੍ਹਾਂ ਭਵਿੱਖ ਵਿਚ ਪਲਾਸਟਿਕ ਦੇ ਪ੍ਰਦੂਸ਼ਣ ਦੀ ਸਮੱਸਿਆ ਕੁਝ ਹੱਦ ਤਕ ਹੱਲ ਹੋ ਸਕਦੀ ਹੈ ਅਤੇ ਪਲਾਸਟਿਕ ਦੇ ਪ੍ਰਦੂਸ਼ਣ ਕਾਰਨ ਸਮੁੰਦਰ ਵਿਚ ਰਹਿਣ ਵਾਲੇ ਲੱਗਭਗ 10 ਲੱਖ ਜੀਵਾਂ, ਜਿਵੇਂ ਡਾਲਫਿਨਜ਼, ਕੱਛੂਕੁੰਮੇ, ਵ੍ਹੇਲ ਮੱਛੀਆਂ, ਪੈਂਗੁਇਨਸ ਆਦਿ ਦੇ ਹਰ ਸਾਲ ਮਰਨ ਦੀ ਗਿਣਤੀ ਘਟ ਜਾਵੇਗੀ।
ਸਾਡਾ ਵਾਤਾਵਰਣ ਸਾਡੇ ਰਵੱਈਏ ਅਤੇ ਉਮੀਦਾਂ ਦਾ ਦਰਪਣ ਹੁੰਦਾ ਹੈ, ਜਿਸ ਦੀ ਦੇਖਭਾਲ ਕਰਨਾ ਸਾਡੇ ਲਈ ਬਹੁਤ ਅਹਿਮ ਹੈ ਅਤੇ ਇਹੋ ਵਾਤਾਵਰਣ ਦਿਵਸ ਮਨਾਉਣ ਦਾ ਉਦੇਸ਼ ਹੋਣਾ ਚਾਹੀਦਾ ਹੈ। 


Related News