ਸੁਤੰਤਰਤਾ ਅੰਦੋਲਨ ’ਚ ਆਰ. ਐੱਸ. ਐੱਸ. ਦੀ ਭਾਈਵਾਲੀ

08/08/2022 11:13:51 PM

ਅਕਸਰ ਇਹ ਸਵਾਲ ਚੁੱਕਿਆ ਜਾਂਦਾ ਹੈ ਕਿ ਆਜ਼ਾਦੀ ਅੰਦੋਲਨ ’ਚ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੀ ਭਾਈਵਾਲੀ ਕੀ ਸੀ? 1925 ’ਚ ਸੰਘ ਦੀ ਸਥਾਪਨਾ ਤੋਂ ਪਹਿਲਾਂ, ਸੰਘ ਸੰਸਥਾਪਕ ਡਾ. ਕੇਸ਼ਵ ਬਲਿਰਾਮ ਹੇਡਗੇਵਾਰ ਨੇ 1921 ਅਤੇ 1930 ਤੋਂ ਬਾਅਦ ਦੇ ਸੱਤਿਆਗ੍ਰਹਿ ’ਚ ਸਰਗਰਮ ਹਿੱਸਾ ਲਿਆ ਸੀ ਅਤੇ ਉਨ੍ਹਾਂ ਨੂੰ ਕੈਦ ਵੀ ਝੱਲਣੀ ਪਈ ਸੀ। ਦਰਅਸਲ, ਇਕ ਯੋਜਨਾਬੱਧ ਢੰਗ ਨਾਲ ਆਧੁਨਿਕ ਭਾਰਤ ਦਾ ਅੱਧਾ ਇਤਿਹਾਸ ਵਿਦਵਾਨਾਂ ਵੱਲੋਂ ਹੁਣ ਤੱਕ ਦੱਸਣ ਦੀ ਕੋਸ਼ਿਸ਼ ਚੱਲ ਰਹੀ ਹੈ। ਇਕ ਵਿਸ਼ੇਸ਼ ਰਣਨੀਤੀ ਤਹਿਤ ਭਾਰਤ ਦੇ ਲੋਕਾਂ ਨੂੰ ਅਜਿਹਾ ਮੰਨਣ ਲਈ ਮਜਬੂਰ ਕੀਤਾ ਜਾਂਦਾ ਰਿਹਾ ਹੈ ਕਿ ਦੇਸ਼ ਨੂੰ ਆਜ਼ਾਦੀ ਸਿਰਫ ਕਾਂਗਰਸ ਅਤੇ 1942 ਦੇ ਸਤਿਆਗ੍ਰਹਿ ਕਾਰਨ ਮਿਲੀ, ਬਾਕੀ ਹੋਰ ਕਿਸੇ ਨੇ ਕੁਝ ਵੀ ਨਹੀਂ ਕੀਤਾ। ਇਹ ਗੱਲ ਪੂਰੀ ਸੱਚ ਨਹੀਂ ਹੈ। ਗਾਂਧੀ ਜੀ ਨੇ ਸਤਿਆਗ੍ਰਹਿ ਰਾਹੀਂ, ਚਰਖਾ ਅਤੇ ਖਾਦੀ ਰਾਹੀਂ ਸਰਵ ਆਮ ਜਨਤਾ ਨੂੰ ਆਜ਼ਾਦੀ ਅੰਦੋਲਨ ’ਚ ਭਾਈਵਾਲ ਹੋਣ ਦਾ ਇਕ ਸੌਖਾ ਤੇ ਸਹਿਜ ਢੰਗ, ਸਾਧਨ ਮੁਹੱਈਆ ਕਰਵਾਇਆ ਅਤੇ ਲੱਖਾਂ ਦੀ ਗਿਣਤੀ ’ਚ ਲੋਕ ਆਜ਼ਾਦੀ ਅੰਦੋਲਨ ਨਾਲ ਜੁੜੇ ਵੀ, ਇਹ ਗੱਲ ਸੱਚ ਹੈ ਪਰ ਸਾਰਾ ਸਿਹਰਾ ਇਕ ਹੀ ਅੰਦੋਲਨ ਜਾਂ ਪਾਰਟੀ ਨੂੰ ਦੇਣਾ ਇਤਿਹਾਸ ਦੇ ਨਾਲ ਬੇਇਨਸਾਫੀ ਅਤੇ ਹੋਰ ਸਾਰੇ ਆਜ਼ਾਦੀ ਸੈਨਾਨੀਆਂ ਦੇ ਯਤਨਾਂ ਦਾ ਨਿਰਾਦਰ ਹੈ।

ਸੰਘ ’ਤੇ ਪਹਿਲੀ ਪਾਬੰਦੀ ਮੱਧ ਸੂਬੇ ਦੀ ਬ੍ਰਿਟਿਸ਼ ਸਰਕਾਰ ਨੇ ਇਕ ਨੋਟਿਸ ਜਾਰੀ ਕਰ ਕੇ ਸਰਕਾਰੀ ਮੁਲਾਜ਼ਮਾਂ ਦੇ ਸੰਘ ’ਚ ਦਾਖਲੇ ’ਤੇ ਪਾਬੰਦੀ ਲਾਈ। ਇਸ ਸਰਕੁਲਰ ’ਚ ਸੰਘ ਨੂੰ ਫਿਰਕੂ ਕਿਹਾ ਗਿਆ ਅਤੇ ਸਿਆਸੀ ਅੰਦੋਲਨਾਂ ’ਚ ਹਿੱਸਾ ਲੈਣ ਦੇ ਦੋਸ਼ ਲਾਏ ਗਏ। ਇਕ ਸਰਕੁਲਰ 15 ਦਸੰਬਰ, 1932 ਨੂੰ ਜਾਰੀ ਕੀਤਾ ਗਿਆ। ਸਰਕੁਲਰ ਦੇ ਅਨੁਸਾਰ ‘‘ਸਰਕਾਰ ਨੇ ਇਹ ਫੈਸਲਾ ਿਲਆ ਹੈ ਕਿ ਕਿਸੇ ਵੀ ਸਰਕਾਰੀ ਮੁਲਾਜ਼ਮ ਨੂੰ ਰਾਸ਼ਟਰੀ ਸਵੈਮਸੇਵਕ ਸੰਘ ਦਾ ਮੈਂਬਰ ਬਣਨ ਜਾਂ ਉਸ ਦੇ ਪ੍ਰੋਗਰਾਮਾਂ ’ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਰਹੇਗੀ’’। ਡਾ. ਸਾਹਿਬ ਨੇ ਸਪੱਸ਼ਟ ਕਿਹਾ ਕਿ ਸਰਕਾਰ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਸੰਘ ਜੋ ਕਾਰਜ ਦੇਸ਼ ਦੀ ਆਜ਼ਾਦੀ ਲਈ ਕਰ ਰਿਹਾ ਹੈ ਉਸ ਨੂੰ ਦਬਾਇਆ ਨਹੀਂ ਜਾ ਸਕਦਾ। ਮੱਧ ਸੂਬੇ ਦੀ ਵਿਧਾਨ ਸਭਾ ’ਚ 7 ਮਾਰਚ, 1934 ਨੂੰ ਜਦੋਂ ਇਸ ਸਰਕੁਲਰ ਨਾਲ ਸਬੰਧਤ ਮਤੇ ’ਤੇ ਚਰਚਾ ਹੋਈ ਤਾਂ ਵਧੇਰੇ ਮੈਂਬਰਾਂ ਨੇ ਮਤੇ ਦਾ ਵਿਰੋਧ ਕੀਤਾ। ਆਖਿਰਕਾਰ ਸੰਘ ਤੋਂ ਪਾਬੰਦੀ ਹਟਾ ਲਈ ਗਈ। ਡਾ. ਹੇਡਗੇਵਾਰ ਦਾ ਜੀਵਨ ਬਾਲਕਾਲ ਤੋਂ ਆਖਰੀ ਸਾਹ ਤੱਕ ਸਿਰਫ ਅਤੇ ਸਿਰਫ ਆਪਣੇ ਦੇਸ਼ ਅਤੇ ਉਸ ਦੀ ਆਜ਼ਾਦੀ ਲਈ ਹੀ ਸੀ। ਇਸ ਲਈ ਉਨ੍ਹਾਂ ਨੇ ਸਮਾਜ ਨੂੰ ਦੋਸ਼ਮੁਕਤ, ਗੁਣਵਾਨ ਅਤੇ ਰਾਸ਼ਟਰੀ ਵਿਚਾਰਾਂ ਨਾਲ ਜਾਗ੍ਰਿਤ ਕਰ ਕੇ ਉਸ ਨੂੰ ਸੰਗਠਿਤ ਕਰਨ ਦਾ ਮਾਰਗ ਚੁਣਿਆ ਸੀ। ਸੰਘ ਦੀ ਪ੍ਰਤਿੱਗਿਆ ’ਚ ਵੀ 1947 ਤੱਕ ਸੰਘ ਕਾਰਜ ਦਾ ਮਕਸਦ ‘ਹਿੰਦੂ ਰਾਸ਼ਟਰ ਨੂੰ ਆਜ਼ਾਦ ਕਰਨ ਲਈ’ ਹੀ ਸੀ।

ਮੁਕੰਮਲ ਆਜ਼ਾਦੀ ਅੰਦੋਲਨ ਦੇ ਦੌਰਾਨ ਭਾਰਤੀ ਸਮਾਜ ਕਾਂਗਰਸ-ਕ੍ਰਾਂਤੀਕਾਰੀ, ਤਿਲਕ-ਗਾਂਧੀ, ਹਿੰਸਾ-ਅਹਿੰਸਾ, ਹਿੰਦੂ ਮਹਾਸਭਾ-ਕਾਂਗਰਸ ਵਰਗੇ ਦਵੰਦਾਂ ’ਚ ਉਲਝਿਆ ਹੋਇਆ ਸੀ। ਇਕ-ਦੂਜੇ ਨੂੰ ਹਰਾਉਣ ਦਾ ਵਾਤਾਵਰਣ ਬਣਿਆ ਹੋਇਆ ਸੀ। ਕਈ ਵਾਰ ਤਾਂ ਆਪਸੀ ਭੇਦ ਦੇ ਕਾਰਨ ਅਜਿਹਾ ਬੇਸਿਰ ਦਾ ਵਿਰੋਧ ਕਰਨ ਲੱਗਦੇ ਸਨ ਕਿ ਸਾਮਰਾਜਵਾਦ ਦੇ ਵਿਰੋਧ ’ਚ ਅੰਗਰੇਜ਼ਾਂ ਨਾਲ ਲੜਨ ਦੇ ਬਦਲੇ ਆਪਸ ’ਚ ਹੀ ਭਿੜਦੇ ਦਿਸਦੇ ਸਨ। 1921 ’ਚ ਜਦੋਂ ਸੂਬਾਈ ਕਾਂਗਰਸ ਦੀ ਬੈਠਕ ’ਚ ਕ੍ਰਾਂਤੀਕਾਰੀਆਂ ਦੀ ਨਿੰਦਾ ਕਰਨ ਵਾਲਾ ਮਤਾ ਰੱਖਿਆ ਗਿਆ ਤਾਂ ਡਾ. ਹੇਡਗੇਵਾਰ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ, ਨਤੀਜੇ ਵਜੋਂ ਮਤਾ ਵਾਪਸ ਲੈਣਾ ਪਿਆ। ਬੈਠਕ ਦੀ ਪ੍ਰਧਾਨਗੀ ਲੋਕਮਾਨਿਆ ਅਣੇ ਨੇ ਕੀਤੀ ਸੀ। ਉਨ੍ਹਾਂ ਨੇ ਲਿਖਿਆ, ‘‘ਡਾ. ਹੇਡਗੇਵਾਰ ਕ੍ਰਾਂਤੀਕਾਰੀਆਂ ਦੀ ਨਿੰਦਾ ਇਕਦਮ ਪਸੰਦ ਨਹੀਂ ਕਰਦੇ ਸਨ। ਉਹ ਉਨ੍ਹਾਂ ਨੂੰ ਈਮਾਨਦਾਰ ਦੇਸ਼ਭਗਤ ਮੰਨਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਕੋਈ ਉਨ੍ਹਾਂ ਦੇ ਤਰੀਕਿਆਂ ਨਾਲ ਮਤਭਿੰਨਤਾ ਰੱਖ ਸਕਦਾ ਹੈ। ਉਨ੍ਹਾਂ ਦੀ ਦੇਸ਼ਭਗਤੀ ’ਤੇ ਉਂਗਲੀ ਚੁੱਕਣੀ ਅਪਰਾਧ ਹੈ।’’

ਵਿਅਕਤੀ ਜਾਂ ਪ੍ਰਮੁੱਖ ਮਾਰਗ ਤੋਂ ਕਿਤੇ ਵੱਧ ਮਹੱਤਵਪੂਰਨ ਆਜ਼ਾਦੀ ਪ੍ਰਾਪਤੀ ਦਾ ਮੂਲ ਮਕਸਦ ਸੀ। ਭਾਰਤ ਨੂੰ ਸਿਰਫ ਸਿਆਸੀ ਇਕਾਈ ਮੰਨਣ ਵਾਲਾ ਇਕ ਵਰਗ ਹਰ ਕਿਸਮ ਦੇ ਸਿਹਰੇ ਨੂੰ ਆਪਣੇ ਹੀ ਪੱਲੇ ’ਚ ਪਾਉਣ ’ਤੇ ਉਤਾਰੂ ਦਿਸਦਾ ਹੈ। ਆਜ਼ਾਦੀ ਪ੍ਰਾਪਤੀ ਲਈ ਦੂਜਿਆਂ ਨੇ ਕੁਝ ਨਹੀਂ ਕੀਤਾ, ਸਾਰਾ ਦਾ ਸਾਰਾ ਸਿਹਰਾ ਸਾਡਾ ਹੀ ਹੈ, ਅਜਿਹਾ ਪ੍ਰੋਪੇਗੰਡਾ ਕਰਨ ’ਤੇ ਉਹ ਉਤਾਰੂ ਦਿਸਦਾ ਹੈ, ਜੋ ਉਚਿਤ ਨਹੀਂ। 7 ਅਕਤੂਬਰ, 1949 ਨੂੰ ਕਾਂਗਰਸ ਵਰਕਿੰਗ ਕਮੇਟੀ ’ਚ ਇਕ ਮਤਾ ਪਾਸ ਕੀਤਾ ਗਿਆ ਜਿਸ ਦੇ ਤਹਿਤ ਆਰ. ਐੱਸ. ਐੱਸ. ਮੈਂਬਰਾਂ ਨੂੰ ਕਾਂਗਰਸ ’ਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ। ਸਰਦਾਰ ਪਟੇਲ ਦੇ ਸਮਰਥਕਾਂ ਨੇ ਜਿੱਥੇ ਇਸ ਮਤੇ ਦਾ ਸਮਰਥਨ ਕੀਤਾ ਉੱਥੇ ਪੰ. ਨਹਿਰੂ ਦੇ ਪੈਰੋਕਾਰਾਂ ਨੇ ਇਸ ਦਾ ਵਿਰੋਧ ਕੀਤਾ। ਕਾਂਗਰਸ ਦੇ ਸੰਗਠਨਾਤਮਕ ਵਿੰਗ ਨੇ ਇਸ ਕਦਮ ਦਾ ਸਮਰਥਨ ਕੀਤਾ ਤਾਂ ਇਸ ਦੇ ਸੰਸਦੀ ਵਿੰਗ ਨੇ ਇਸ ਦਾ ਵਿਰੋਧ ਕੀਤਾ। ਡਾ. ਭੀਮਰਾਓ ਅੰਬੇਡਕਰ ਨੇ 1939 ’ਚ ਪੁਣੇ ’ਚ ਆਰ. ਐੱਸ. ਐੱਸ. ਦੇ ਕੈਂਪ ਦਾ ਦੌਰਾ ਕਰਦੇ ਹੋਏ ਦੇਖਿਆ ਕਿ ਸਵੈਮਸੇਵਕ ਦੂਜੇ ਦੀ ਜਾਤੀ ਨੂੰ ਜਾਣੇ ਬਿਨਾਂ ਵੀ ਮੁਕੰਮਲ ਬਰਾਬਰੀ ਅਤੇ ਭਾਈਚਾਰੇ ਦੇ ਨਾਲ ਇਕੱਠੇ ਰਹਿ ਰਹੇ ਸਨ।

ਗਾਂਧੀਵਾਦੀ ਨੇਤਾ ਅਤੇ ਸਰਵੋਦਿਆ ਅੰਦੋਲਨ ਦੇ ਨੇਤਾ, ਜੈਪ੍ਰਕਾਸ਼ ਨਾਰਾਇਣ ਜੋ ਪਹਿਲਾਂ ਆਰ. ਐੱਸ. ਐੱਸ. ਦੇ ਕੱਟੜ ਵਿਰੋਧੀ ਸਨ, ਨੇ 1977 ’ਚ ਕਿਹਾ ਸੀ, ‘‘ਆਰ. ਐੱਸ. ਐੱਸ. ਇਕ ਕ੍ਰਾਂਤੀਕਾਰੀ ਸੰਗਠਨ ਹੈ। ਦੇਸ਼ ’ਚ ਕੋਈ ਹੋਰ ਸੰਗਠਨ ਇਸ ਦੀ ਬਰਾਬਰੀ ਨਹੀਂ ਕਰ ਸਕਦਾ। ਇਹ ਇਕੱਲੇ ਹੀ ਸਮਾਜ ਨੂੰ ਬਦਲਣ, ਜਾਤੀਵਾਦ ਨੂੰ ਖਤਮ ਕਰਨ ਅਤੇ ਗਰੀਬਾਂ ਦੀਆਂ ਅੱਖਾਂ ’ਚੋਂ ਹੰਝੂ ਪੁੰਝਣ ਦੀ ਸਮਰੱਥਾ ਰੱਖਦਾ ਹੈ। ਆਰ. ਐੱਸ. ਐੱਸ. ਨੂੰ 1963 ਦੇ ਗਣਤੰਤਰ ਦਿਵਸ ਪਰੇਡ ’ਚ ਹਿੱਸਾ ਲੈਣ ਲਈ ਤਤਕਾਲੀਨ ਪ੍ਰਧਾਨ ਮੰਤਰੀ ਨਹਿਰੂ ਵੱਲੋਂ ਸੱਦਾ ਦਿੱਤਾ ਿਗਆ ਸੀ। ਇਸ ਘਟਨਾ ਨੇ ਆਰ. ਐੱਸ. ਐੱਸ. ਨੂੰ ਆਪਣੀ ਪ੍ਰਸਿੱਧੀ ਅਤੇ ਦੇਸ਼ਭਗਤੀ ਦੇ ਅਕਸ ਨੂੰ ਵਧਾਉਣ ’ਚ ਮਦਦ ਕੀਤੀ। ਬਾਅਦ ’ਚ 1965 ਅਤੇ 1971 ਦੀਆਂ ਭਾਰਤ-ਪਾਕਿ ਜੰਗਾਂ ’ਚ ਵੀ ਆਰ. ਐੱਸ. ਐੱਸ. ਦੇ ਸਵੈਮਸੇਵਕਾਂ ਨੇ ਦੇਸ਼ ਦੀ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਜ਼ਖਮੀ ਫੌਜੀਆਂ ਨੂੰ ਖੂਨ ਦਾਨ ਦੇਣ ’ਚ ਵੱਧ-ਚੜ੍ਹ ਕੇ ਹਿੱਸਾ ਲਿਆ। ਆਰ. ਐੱਸ. ਐੱਸ. ਦੇ ਸਵੈਮਸੇਵਕਾਂ ਨੇ ਗਾਂਧੀਵਾਦੀ ਨੇਤਾ ਿਵਨੋਬਾ ਭਾਵੇ ਵੱਲੋਂ ਆਯੋਜਿਤ ਭੂਦਾਨ ਅੰਦੋਲਨ ’ਚ ਵੱਧ-ਚੜ੍ਹ ਕੇ ਿਹੱਸਾ ਲਿਆ ਸੀ। ਭਾਵੇ ਨੇ ਨਵੰਬਰ 1951 ’ਚ ਮੇਰਠ ’ਚ ਆਰ. ਐੱਸ. ਐੱਸ. ਨੇਤਾ ਗੋਲਵਲਕਰ ਨਾਲ ਮੁਲਾਕਾਤ ਕੀਤੀ ਸੀ। ਮੈਂ ਖੁਦ ਬੀਤੇ 45 ਸਾਲਾਂ ਤੋਂ ਸੰਘ ਦੀ ਸ਼ਾਖਾ ’ਚ ਜਾ ਰਿਹਾ ਹਾਂ ਜਿੱਥੇ ਹਰ ਸਾਲ 26 ਜਨਵਰੀ ਅਤੇ 15 ਅਗਸਤ ਨੂੰ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ।

ਆਰ. ਪੀ. ਸਿੰਘ ਰਾਸ਼ਟਰੀ ਬੁਲਾਰਾ ਭਾਜਪਾ
 


Anuradha

Content Editor

Related News