ਚੀਨੀ ਕਰਜ਼ੇ ਕਾਰਨ ਪਾਕਿਸਤਾਨ ਨੂੰ ਨਹੀਂ ਮਿਲੇਗਾ ਕੰਗਾਲੀ ਤੋਂ ਛੁਟਕਾਰਾ

03/21/2023 1:38:11 PM

ਪਾਕਿਸਤਾਨ ਪਿਛਲੇ ਕਈ ਸਾਲਾਂ ਤੋਂ ਆਰਥਿਕ ਮੰਦਹਾਲੀ ਦੇ ਦਿਨ ਵੇਖ ਰਿਹਾ ਹੈ। ਅਜਿਹੀ ਹਾਲਤ ਵਿਚ ਕੌਮਾਂਤਰੀ ਵਿੱਤੀ ਅਦਾਰਿਆਂ ਦੇ ਨਾਲ ਹੀ ਵਿਕਸਿਤ ਦੇਸ਼ਾਂ ਨੇ ਵੀ ਪਾਕਿਸਤਾਨ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਤੋਂ ਸਾਫ ਨਾਂਹ ਕਰ ਦਿੱਤੀ ਹੈ। ਰਹੀ ਗੱਲ ਪਾਕਿਸਤਾਨ ਦੇ ਹਰ ਮੌਸਮ ਵਿਚ ਦੋਸਤ ਰਹਿਣ ਵਾਲੇ ਚੀਨ ਦੀ ਤਾਂ ਉਸ ਸਮੇਂ ਚੀਨ ਇਕਦਮ ਸ਼ਾਂਤ ਬੈਠਾ ਪਾਕਿਸਤਾਨ ਦੀ ਸਥਿਤੀ ਦੀ ਸਮੀਖਿਆ ਕਰ ਰਿਹਾ ਸੀ। ਹੁਣ ਉਸੇ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਵਪਾਰਕ ਰਿਸ਼ਤਿਆਂ ’ਤੇ ਪਾਬੰਦੀ ਲਗਾ ਦਿੱਤੀ ਕਿਉਂਕਿ ਭਾਰਤ ਨੇ 5 ਅਗਸਤ 2022 ਨੂੰ ਕਸ਼ਮੀਰ ਤੋਂ ਧਾਰਾ 380 ਨੂੰ ਹਟਾ ਦਿੱਤਾ ਸੀ।
ਇਸ ਕਾਰਨ ਪਾਕਿਸਤਾਨ ਨੇ ਆਪਣੀ ਬਦਹਾਲੀ ਵਿਚੋਂ ਉਭਰਨ ਦੀ ਰਹੀ ਸਹੀ ਉਮੀਦ ਵੀ ਖਤਮ ਕਰ ਲਈ। ਜਦੋਂ ਪਾਕਿਸਤਾਨ ਨੂੰ ਕਿਸੇ ਪਾਸਿਓਂ ਵੀ ਕਿਸੇ ਤਰ੍ਹਾਂ ਦੀ ਆਰਥਿਤ ਮਦਦ ਮਿਲਣ ਦੀ ਉਮੀਦ ਖਤਮ ਹੋ ਗਈ ਤਾਂ ਚੀਨ ਨੇ ਮੌਕੇ ’ਤੇ ਚੌਕਾ ਲਾਉਂਦੇ ਹੋਏ ਪਾਕਿਸਤਾਨ ਨੂੰ 70 ਕਰੋੜ ਡਾਲਰ ਦੀ ਮਦਦ ਦੇਣ ਦਾ ਐਲਾਨ ਕਰ ਦਿੱਤਾ। ਜਾਣਕਾਰਾਂ ਦਾ ਮੰਨਣਾ ਹੈ ਕਿ ਚੀਨ ਇਸਦੇ ਬਦਲੇ ਪਾਕਿਸਤਾਨ ਕੋਲੋਂ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਲੰਮੇ ਸਮੇਂ ਲਈ ਪੱਟੇ ’ਤੇ ਲਏਗਾ।
ਚੀਨ ਉਥੇ ਕਣਕ ਦੀ ਫਸਲ ਉਗਾਏਗਾ ਪਰ ਉਸਦਾ ਅਸਲ ਮਕਸਦ ਭਾਰਤ ਨੂੰ ਪੱਛਮੀ ਪਾਸੇ ਤੋਂ ਘੇਰਨਾ ਹੈ। ਚੀਨ ਨੇ ਅਜਿਹਾ ਭਾਰਤ ਨੂੰ ਘੇਰਨ ਲਈ ਕੀਤਾ ਹੈ। ਇਸਦੇ ਨਾਲ ਹੀ ਚੀਨ ਨੇ ਭਾਰਤ ਦੇ ਲਗਭਗ ਹਰ ਗੁਆਂਢੀ ਦੇਸ਼ ਜਿਸ ਵਿਚ ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਵੀ ਆਉਂਦੇ ਹਨ, ਨੂੰ ਆਪਣੇ ਕਰਜ਼ੇ ਦੇ ਜਾਲ ਵਿਚ ਫਸਾ ਕੇ ਰੱਖਿਆ ਹੈ।
ਚੀਨ ਦਾ ਇਰਾਦਾ ਇਨ੍ਹਾਂ ਦੇਸ਼ਾਂ ਨੂੰ ਆਪਣੇ ਅਹਿਸਾਨ ਹੇਠ ਦਬਾ ਕੇ ਇਨ੍ਹਾਂ ਦੇਸ਼ਾਂ ਅੰਦਰ ਦਾਖਲ ਹੋਣਾ ਅਤੇ ਉਥੋਂ ਭਾਰਤ ਵਿਰੋਧੀ ਪ੍ਰੋਗਰਾਮ ਚਲਾਉਣ ਦਾ ਹੈ। ਅਸਲ ਵਿਚ ਚੀਨ ਨੇ ਬੀ. ਆਰ. ਆਈ. ਯੋਜਨਾ ਅਧੀਨ ਜਿੰਨਾ ਪੈਸਾ ਨਿਵੇਸ਼ ਕੀਤਾ ਸੀ, ਖਾਸ ਕਰ ਕੇ ਅਫਰੀਕੀ ਉਪ ਮਹਾਦੀਪ ਵਿਚ ਕੋਈ ਖਾਸ ਫਾਇਦਾ ਉਸਨੂੰ ਨਹੀਂ ਮਿਲਿਆ। ਇਸ ਕਾਰਨ ਪੂਰੇ ਅਫਰੀਕਾ ਦੇ ਲੋਕ ਅਤੇ ਕਈ ਦੇਸ਼ਾਂ ਦੀਆਂ ਸਰਕਾਰਾਂ ਚੀਨ ਵਿਰੁੱਧ ਹੋ ਗਈਆਂ।
ਇਸ ਦੇ ਨਾਲ ਹੀ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਚੀਨ ਦੀ ਸਰਗਰਮੀ ਕਾਰਨ ਉਥੇ ਮੌਜੂਦ ਬਲੂਚ ਲਿਬਰੇਸ਼ਨ ਆਰਮੀ ਦੇ ਲੋਕਾਂ ਨੇ ਕਈ ਚੀਨੀਆਂ ਨੂੰ ਨਿਸ਼ਾਨਾ ਬਣਾ ਕੇ ਮਾਰ ਦਿੱਤਾ। ਇਸ ਗੱਲ ਨੂੰ ਲੈ ਕੇ ਚੀਨ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਕੁੜੱਤਣ ਆ ਗਈ। ਪਾਕਿਸਤਾਨ ਵਿਚ ਗਵਾਦਰ ਬੰਦਰਗਾਹਾਂ ਨੇੜੇ ਰਹਿਣ ਵਾਲੇ ਮਛੇਰਿਆਂ ’ਤੇ ਚੀਨੀਆਂ ਦੇ ਨਿਰਮਾਣ ਕਾਰਜ ਅਤੇ ਵੱਡੀ ਪੱਧਰ ’ਤੇ ਅਰਬ ਸਾਗਰ ਵਿਚੋਂ ਮੱਛੀਆਂ ਫੜਨ ਕਾਰਨ ਉਨ੍ਹਾਂ ਦੀ ਰੋਜ਼ੀ-ਰੋਟੀ ’ਤੇ ਮਾੜਾ ਅਸਰ ਪੈ ਰਿਹਾ ਸੀ। ਇਸ ਕਾਰਨ ਗਵਾਦਰ ਦੇ ਸਥਾਨਕ ਲੋਕ ਚੀਨੀਆਂ ਵਿਰੁੱਧ ਧਰਨੇ ਦਿੰਦੇ ਰਹਿੰਦੇ ਹਨ। ਇਸਦੇ ਬਾਵਜੂਦ ਚੀਨ ਨੇ ਸੋਚੀ-ਸਮਝੀ ਰਣਨੀਤੀ ਅਧੀਨ ਪਾਕਿਸਤਾਨ ਨੂੰ ਕਰਜ਼ਾ ਦਿੱਤਾ ਹੈ।
ਚੀਨ ਕੋਲੋਂ ਪਾਕਿਸਤਾਨ ਨੂੰ ਮਿਲਣ ਵਾਲੇ 70 ਕਰੋੜ ਡਾਲਰ ਦੇ ਕਰਜ਼ੇ ਪਿੱਛੋਂ ਪਾਕਿਸਤਾਨ ਚੀਨ ਦੇ ਉਧਾਰ ਦੀ ਦਲਦਲ ਵਿਚ ਹੋਰ ਡੂੰਘਾ ਧਸਦਾ ਜਾਏਗਾ। ਇਹੀ ਗੱਲ ਚੀਨ ਵੀ ਚਾਹੁੰਦਾ ਹੈ। ਇਸ ਤੋਂ ਪਹਿਲਾਂ ਆਈ. ਐੱਮ. ਐੱਫ. ਕੋਲੋਂ ਸਾਢੇ 6 ਅਰਬ ਡਾਲਰ ਦਾ ਕਰਜ਼ਾ ਹਾਸਲ ਕਰਨ ਦਾ ਉਹ ਨਾਕਾਮ ਯਤਨ ਕਰ ਚੁੱਕਾ ਹੈ ਕਿਉਂਕਿ ਪਾਕਿਸਤਾਨ ਨੇ ਆਈ. ਐੱਮ. ਐੱਫ. ਦੇ ਪਹਿਲਾਂ ਤੋਂ ਲਏ ਕਰਜ਼ੇ ਦੀ ਇਕ ਵੀ ਕਿਸ਼ਤ ਅਜੇ ਤੱਕ ਅਦਾ ਨਹੀਂ ਕੀਤੀ ਹੈ।
ਪਾਕਿਸਤਾਨ ਉੱਪਰ ਜੇ ਚੀਨ ਦੇ ਕਰਜ਼ੇ ਦੀ ਗੱਲ ਕਰੀਏ ਤਾਂ ਸਾਲ 2017 ਵਿਚ ਪਾਕਿਸਤਾਨ ’ਤੇ ਚੀਨ ਦਾ ਕਰਜ਼ਾ 7 ਅਰਬ 20 ਕਰੋੜ ਡਾਲਰ ਸੀ, ਜੋ ਸਾਲ 2022 ਵਿਚ ਵਧ ਕੇ 30 ਅਰਬ ਡਾਲਰ ਹੋ ਗਿਆ। ਆਈ. ਐੱਮ. ਐੱਫ. ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਾਕਿਸਤਾਨ ਦੇ ਕੁੱਲ ਵਿਦੇਸ਼ੀ ਕਰਜ਼ੇ ਦਾ 30 ਫੀਸਦੀ ਹਿੱਸਾ ਚੀਨ ਦਾ ਹੈ। ਪਾਕਿਸਤਾਨ ’ਤੇ ਚੀਨ ਦਾ ਕਰਜ਼ਾ ਆਈ. ਐੱਮ. ਐੱਫ. ਦੇ ਕਰਜ਼ੇ ਤੋਂ 3 ਗੁਣਾ ਵੱਧ ਹੈ। ਇਹ ਕਰਜ਼ਾ ਏਸ਼ੀਅਨ ਡਿਵੈਲਪਮੈਂਟ ਬੈਂਕ ਅਤੇ ਵਿਸ਼ਵ ਬੈਂਕ ਦੇ ਮਿਲੇ-ਜੁਲੇ ਕਰਜ਼ੇ ਤੋਂ ਵੀ ਕਿਤੇ ਵੱਧ ਹੈ।
ਚੀਨ ਦੇ ਕਰਜ਼ੇ ਕਾਰਨ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਵੀ ਹਨ। ਇਸਦਾ ਵਿਆਜ ਆਈ. ਐੱਮ. ਐੱਫ. ਅਤੇ ਵਿਸ਼ਵ ਬੈਂਕ ਤੋਂ ਕਿਤੇ ਵੱਧ ਹੈ। ਚੀਨ ਕਦੇ ਵੀ ਉਧਾਰ ਦੇਣ ਵਾਲੇ ਤਰੀਕਿਆਂ ਨੂੰ ਨਹੀਂ ਮੰਨਦਾ ਹੈ। ਇਸਦਾ ਭਾਵ ਇਹ ਹੈ ਕਿ ਚੀਨ ਦੇ ਆਪਣੇ ਖੁਦ ਦੇ ਕਾਨੂੰਨ ਹਨ। ਚੀਨ ਦੀਆਂ ਸ਼ਰਤਾਂ ਇੰਨੀਆਂ ਟੇਢੀਆਂ-ਮੇਢੀਆਂ ਹੁੰਦੀਆਂ ਹਨ ਕਿ ਅਕਸਰ ਕਰਜ਼ਾ ਲੈਣ ਵਾਲਾ ਉਸਦੀ ਅਦਾਇਗੀ ਕਰਨ ਵਿਚ ਅਸਮਰੱਥ ਹੁੰਦਾ ਹੈ।
ਅਜਿਹੀ ਹਾਲਤ ਵਿਚ ਚੀਨ ਆਪਣੇ ਚੁਣੇ ਹੋਏ ਤਰੀਕਿਆਂ ਦੀ ਵਰਤੋਂ ਕਰਕੇ ਉਸ ਦੇਸ਼ ਨੂੰ ਕਰਜ਼ੇ ਦੇ ਜਾਲ ਵਿਚ ਫਸਾ ਲੈਂਦਾ ਹੈ। ਫਿਰ ਉਸ ਦੇਸ਼ ਵਿਚ ਆਪਣੇ ਸਿਆਸੀ ਅਤੇ ਆਰਥਿਕ ਹਿੱਤ ਪੂਰੇ ਕਰਨ ਵਿਚ ਜੁੱਟ ਜਾਂਦਾ ਹੈ। ਉਦਾਹਰਣ ਵਜੋਂ ਚੀਨ ਭਾਰਤ ਦੇ ਸਭ ਗੁਆਂਢੀ ਦੇਸ਼ਾਂ ਨੂੰ ਕਰਜ਼ਾ ਦੇ ਕੇ ਉਨ੍ਹਾਂ ਦੇਸ਼ਾਂ ਵਿਚ ਆਪਣੀ ਹੋਂਦ ਵਧਾਉਂਦਾ ਹੋਇਆ ਆਪਣੇ ਵਿਰੋਧੀ ਭਾਰਤ ਨੂੰ ਘੇਰਨਾ ਚਾਹੁੰਦਾ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਵਿਚ ਜਿਥੇ ਚੀਨ ਦੀ ਆਰਥਿਕ ਹਾਲਤ ਖਰਾਬ ਹੋ ਰਹੀ ਹੈ ਅਤੇ ਕਈ ਦੇਸੀ-ਵਿਦੇਸ਼ੀ ਕੰਪਨੀਆਂ ਚੀਨ ਵਿਚੋਂ ਬਾਹਰ ਨਿਕਲ ਰਹੀਆਂ ਹਨ ਤਾਂ ਉਨ੍ਹਾਂ ਵਿਚੋਂ ਵਧੇਰੇ ਕੰਪਨੀਆਂ ਭਾਰਤ ਆ ਕੇ ਆਪਣਾ ਵੀ-ਨਿਰਮਾਣ ਦਾ ਕੰਮ ਸ਼ੁਰੂ ਕਰ ਰਹੀਆਂ ਹਨ।
ਇਸਨੂੰ ਦੇਖਦੇ ਹੋਏ ਚੀਨ ਭਾਰਤ ਨੂੰ ਘੇਰ ਕੇ ਉਸਦੀ ਤਰੱਕੀ ਦੇ ਰਾਹ ਵਿਚ ਰੋੜੇ ਅਟਕਾਉਣਾ ਚਾਹੁੰਦਾ ਹੈ ਤਾਂ ਜੋ ਭਾਰਤ ਅੱਗੇ ਨਾ ਵਧ ਸਕੇ ਅਤੇ ਚੀਨ ਵਾਪਸ ਆਪਣੀ ਪਹਿਲਾਂ ਵਾਲੀ ਰਫਤਾਰ ’ਤੇ ਕਾਬਜ਼ ਹੋ ਜਾਏ, ਜਿਸ ਤੇਜ਼ੀ ਨਾਲ ਚੀਨ ਨੇ ਵਿਦੇਸ਼ਾਂ ਵਿਚ ਆਪਣੇ ਕਰਜ਼ੇ ਦਾ ਜਾਲ ਵਿਛਾਇਆ ਹੈ, ਉਸ ਦੇ ਬਦਲੇ ਅਜੇ ਤੱਕ ਚੀਨ ਨੂੰ ਉਸ ਮੁਤਾਬਕ ਲਾਭ ਨਹੀਂ ਮਿਲਿਆ।
ਕੋਰੋਨਾ ਮਹਾਮਾਰੀ ਪਿੱਛੋਂ ਸਮੁੱਚੀ ਦੁਨੀਆ ਦੇ ਦੇਸ਼ ਆਪਣੀ ਅਰਥਵਿਵਸਥਾ ਨੂੰ ਵਾਪਸ ਲੀਹ ’ਤੇ ਲਿਆਉਣ ਲਈ ਸਿਰਤੋੜ ਕੋਸ਼ਿਸ਼ ਕਰ ਰਹੇ ਹਨ। ਅਜਿਹੀ ਹਾਲਤ ਵਿਚ ਚੀਨ ਤੋਂ ਲਿਆ ਕਰਜ਼ਾ ਇਸ ਸਮੇਂ ਵਾਪਸ ਕਰਨ ਵਿਚ ਅਸਮਰੱਥ ਹਨ। ਸ਼ਾਇਦ ਇਹੀ ਕਾਰਨ ਹੈ ਕਿ ਚੀਨ ਇਸ ਸਮੇਂ ਬਹੁਤ ਕਾਹਲੀ ਵਿਚ ਹੈ ਅਤੇ ਆਪਣੇ ਪੁਰਾਣੇ ਕਰਜ਼ਦਾਰ ਦੇਸ਼ਾਂ ਨੂੰ ਨਵੇਂ ਕਰਜ਼ੇ ਵਿਚ ਫਸਾ ਕੇ ਉਨ੍ਹਾਂ ਨੂੰ ਆਪਣਾ ਗੁਲਾਮ ਬਣਾ ਕੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਕਰਨੀ ਚਾਹੁੰਦਾ ਹੈ।


Aarti dhillon

Content Editor

Related News