ਆਪਣੇ ਪਤੀ ਦੇ ਕਾਤਲਾਂ ਲਈ ਮੌਤ ਦੀ ਨਹੀਂ, ਸਗੋਂ ਉਮਰ ਕੈਦ ਦੀ ਸਜ਼ਾ ਚਾਹੁੰਦੀ ਹੈ ਮਰੀਅਮ

Saturday, Sep 29, 2018 - 07:08 AM (IST)

ਮਰੀਅਮ ਖਾਤੂਨ ਚਾਹੁੰਦੀ ਹੈ ਕਿ ਉਸ ਦੇ ਪਤੀ ਦੇ  ਕਾਤਲ ਆਪਣੇ ਪਰਿਵਾਰਾਂ ਨਾਲੋਂ ਅੱਡ ਹੋਣ ਦਾ ਦਰਦ ਮਹਿਸੂਸ ਕਰਨ। ਉਹ ਪਿਛਲੇ ਸਾਲ ਕਈ ਵਾਰ ਕਹਿ ਚੁੱਕੀ ਹੈ ਕਿ ਉਹ ਉਨ੍ਹਾਂ ਲੋਕਾਂ ਲਈ ਮੌਤ ਦੀ ਸਜ਼ਾ ਨਹੀਂ ਚਾਹੁੰਦੀ, ਜਿਨ੍ਹਾਂ ਨੇ ਉਸ ਦੇ ਪਤੀ ਨੂੰ ਮਾਰ ਦਿੱਤਾ ਸੀ। ਉਹ ਨਹੀਂ ਚਾਹੁੰਦੀ ਕਿ ਕੋਈ ਹੋਰ ਔਰਤ ਵਿਧਵਾ ਬਣੇ ਪਰ ਉਹ ਉਦੋਂ ਤਕ ਆਰਾਮ ਨਾਲ ਵੀ ਬੈਠਣਾ ਨਹੀਂ ਚਾਹੁੰਦੀ, ਜਦੋਂ ਤਕ ਕਿ  ਕਾਤਲਾਂ ਨੂੰ ਉਮਰ ਭਰ ਲਈ ਜੇਲ ’ਚ  ਨਹੀਂ ਸੁੱਟ ਦਿੱਤਾ ਜਾਂਦਾ। 
45 ਸਾਲਾ ਮਰੀਅਮ ਨੇ ਦੱਸਿਆ ਕਿ ਕਾਤਲਾਂ ਨੂੰ ਵੀ ਆਪਣੇ ਬੱਚਿਅਾਂ ਨਾਲੋਂ ਅੱਡ ਹੋਣ ਦੀ ਪੀੜ ਦਾ ਅਹਿਸਾਸ ਹੋਵੇਗਾ। ਉਹ ਆਸ ਕਰਦੀ ਹੈ ਕਿ ਅਜਿਹਾ ਹੋਵੇਗਾ ਤੇ ਫਿਰ ਉਹ ਉਸ ਨੂੰ (ਮਰੀਅਮ ਨੂੰ) ਯਾਦ ਕਰਨਗੇ ਅਤੇ ਸੋਚਣਗੇ ਕਿ ਉਨ੍ਹਾਂ ਨੇ ਠੀਕ ਕੀਤਾ ਜਾਂ ਗਲਤ? 
ਝਾਰਖੰਡ ਦੇ ਰਾਮਗੜ੍ਹ ਦੀ ਰਹਿਣ ਵਾਲੀ ਮਰੀਅਮ ਸ਼ਾਂਤ ਹੈ ਪਰ ਆਪਣੇ ਪਤੀ ਬਾਰੇ ਗੱਲ ਕਰਦੇ ਸਮੇਂ ਉਹ ਕਾਫੀ ਭਾਵੁਕ ਹੋ ਜਾਂਦੀ ਹੈ। ਉਹ ਕਿਸੇ ਵਿਅਕਤੀ ਦੇ ਇਸ ਅਧਿਕਾਰ ਦਾ ਬਚਾਅ ਕਰਦੀ ਹੈ ਕਿ ਉਹ  ਜੋ  ਖਾਣਾ  ਚਾਹੁੰਦਾ ਹੈ, ਖਾ ਸਕੇ ਜਾਂ ਫਿਰ ਜਿਵੇਂ ਕਿ ਉਸ ਨੇ ਇਕ ਵਾਰ ਅਧਿਕਾਰੀਅਾਂ ਸਾਹਮਣੇ ਕਿਹਾ ਸੀ ਕਿ ਸਾਰਿਅਾਂ ਨੂੰ ਸ਼ਾਕਾਹਾਰੀ ਕਿਉਂ ਨਹੀਂ ਬਣ ਜਾਣਾ ਚਾਹੀਦਾ?
ਜਦੋਂ ਵੀ ਉਸ ਦੇ 6 ਬੱਚਿਅਾਂ ’ਚੋਂ ਕੋਈ ਬਾਹਰ ਜਾਂਦਾ ਹੈ ਤਾਂ ਉਹ ਡਰੀ ਰਹਿੰਦੀ ਹੈ। ਉਸ ਦੇ ਪਤੀ ਦੀ ਹੱਤਿਆ ਕਰਨ ਤੋਂ ਪਹਿਲਾਂ ਦੋ ਦੋਸ਼ੀ ਉਸ ਦੇ ਘਰ ਅੱਗੇ ਹੀ ਖੜ੍ਹੇ ਸਨ ਪਰ ਇਹ ਘਟਨਾ ਵੀ ਮਰੀਅਮ ਨੂੰ ਗਊ ਨੂੰ ਲੈ ਕੇ ਹਿੰਸਾ ਅਤੇ ਇਸ ਘਿਨਾਉਣੇ ਅਪਰਾਧ ’ਚ ਹੁਣੇ ਜਿਹੇ ਹੋਏ ਵਾਧੇ ’ਚ ਭਾਜਪਾ ਦੀ ਕਥਿਤ ਸ਼ਮੂਲੀਅਤ ਵਿਰੁੱਧ ਬੋਲਣ ਤੋਂ ਨਹੀਂ ਰੋਕ ਸਕੀ।
ਉਹ ਕਹਿੰਦੀ ਹੈ ਕਿ ਭਾਰਤ ’ਚ ਮੁਸਲਮਾਨ ਹੋਣਾ ਇਕ ਅਪਰਾਧ ਹੈ। ਸੰਯੁਕਤ ਰਾਸ਼ਟਰ ’ਚ ਦਾਖਲ ਇਕ ਰਿਪੋਰਟ ਭਾਜਪਾ ਦੀ 2014 ’ਚ ਜਿੱਤ ਅਤੇ ਦਲਿਤ, ਮੁਸਲਿਮ, ਜਨਜਾਤੀ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਵਿਰੁੱਧ ਹਿੰਸਾ ਦੀਅਾਂ ਘਟਨਾਵਾਂ ਵਿਚਾਲੇ ਸਬੰਧ ਨੂੰ ਜ਼ਾਹਿਰ ਕਰਦੀ ਹੈ। 
ਰਾਮਗੜ੍ਹ ਦੇ ਸਥਾਨਕ  ਸ਼ਨੀਵਾਰ  ਬਾਜ਼ਾਰ ’ਚ ਦਿਨ-ਦਿਹਾੜੇ ਭੀੜ ਵਲੋਂ ਹਮਲਾ ਕਰ ਕੇ ਮਰੀਅਮ ਦੇ ਪਤੀ ਅਲੀਮੂਦੀਨ ਅੰਸਾਰੀ ਦੀ ਹੱਤਿਆ ਕਰਨ, ਜਿਸ ਬਾਰੇ ਉਸ ਨੂੰ ਸੂਚਨਾ ਇਕ ਵ੍ਹਟਸਐਪ ਵੀਡੀਓ ਰਾਹੀਂ ਮਿਲੀ ਸੀ, ਤੋਂ 9 ਮਹੀਨਿਅਾਂ ਬਾਅਦ ਇਕ ਫਾਸਟ ਟਰੈਕ ਕੋਰਟ ਨੇ 11 ਦੋਸ਼ੀਅਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਮਰੀਅਮ ਨੇ ਯਾਦ ਕਰਦਿਅਾਂ ਦੱਸਿਆ ਕਿ ਗਵਾਹੀ ਤੋਂ ਬਾਅਦ ਉਸ ਨੇ ਜੱਜ ਨੂੰ ਕਿਹਾ ਸੀ ਕਿ ਉਹ ਇਕ ਹੋਰ ਬਿੰਦੂ ਉਠਾਉਣਾ ਚਾਹੁੰਦੀ ਹੈ। ਹੁਣ ਤਕ ਰਾਮਗੜ੍ਹ ’ਚ ਹਿੰਦੂਅਾਂ-ਮੁਸਲਮਾਨਾਂ ਵਿਚਾਲੇ ਕੋਈ ਫਰਕ ਨਹੀਂ ਸੀ ਅਤੇ ਸਾਰੇ ਖੁਸ਼ੀ-ਖੁਸ਼ੀ ਮਿਲ-ਜੁਲ ਕੇ ਰਹਿੰਦੇ ਸਨ ਪਰ ਇਨ੍ਹਾਂ ਵਿਅਕਤੀਅਾਂ ਨੇ ਇਕ ਫੁੱਟ ਪਾ ਦਿੱਤੀ ਹੈ। ਉਹ ਇਨਸਾਫ ਚਾਹੁੰਦੀ ਹੈ। ਇਸ ’ਤੇ ਵਧੀਕ ਜ਼ਿਲਾ ਜੱਜ ਓਮ ਪ੍ਰਕਾਸ਼ ਨੇ ਮਰੀਅਮ ਨੂੰ ਭਰੋਸਾ ਦਿੱਤਾ ਸੀ ਕਿ ਉਸ ਨੂੰ ਇਨਸਾਫ ਜ਼ਰੂਰ ਮਿਲੇਗਾ। 
ਗਊ ਰੱਖਿਆ ਦੇ ਨਾਂ ’ਤੇ ਕਤਲ ਦੇ ਮਾਮਲੇ ’ਚ ਇਹ ਭਾਰਤ ਦਾ ਇਕੋ-ਇਕ ਅਜਿਹਾ ਕੇਸ ਸੀ, ਜਿਸ ਦਾ ਦੋਸ਼ੀਅਾਂ ਨੂੰ ਸਜ਼ਾ ਦੇ ਰੂਪ ’ਚ ਨਤੀਜਾ ਨਿਕਲਿਆ ਪਰ ਹੇਠਲੀ ਅਦਾਲਤ ਦੇ ਇਤਿਹਾਸਿਕ ਫੈਸਲੇ ਤੋਂ  3 ਮਹੀਨਿਅਾਂ  ਬਾਅਦ ਹੀ ਹਾਈਕੋਰਟ ਨੇ ਇਕ ਸਥਾਨਕ ਭਾਜਪਾ ਆਗੂ ਸਮੇਤ  8 ਵਿਅਕਤੀਅਾਂ ਨੂੰ ਜੇਲ ’ਚੋਂ ਰਿਹਾਅ ਕਰ ਦਿੱਤਾ। 
ਉਸ ਦਿਨ (9 ਜੁਲਾਈ ਨੂੰ) ਕੇਂਦਰੀ ਮੰਤਰੀ ਜੈਅੰਤ ਸਿਨ੍ਹਾ, ਜਿਨ੍ਹਾਂ ਨੇ ਬਾਅਦ ’ਚ ਕਿਹਾ ਸੀ ਕਿ ਉਨ੍ਹਾਂ ਨੇ ਦੋਸ਼ੀਅਾਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਸੀ, ਇਨ੍ਹਾਂ ਵਿਅਕਤੀਅਾਂ ਨੂੰ ਆਪਣੇ ਘਰ ਬੁਲਾ ਕੇ ਉਨ੍ਹਾਂ ਦੇ ਗਲਾਂ ’ਚ ਫੁੱਲਾਂ ਦੇ ਹਾਰ ਪਾਏ। ਸਿਨ੍ਹਾ ਨੇ ਇਸ ਕਾਰਵਾਈ ਨੂੰ ਜਾਇਜ਼ ਠਹਿਰਾਇਆ ਤੇ ਬਾਅਦ ’ਚ ਮੁਆਫੀ ਮੰਗ ਲਈ। ਅਜਿਹਾ ਪਹਿਲੀ ਵਾਰ ਨਹੀਂ ਸੀ ਕਿ ਸਿਨ੍ਹਾ ਨੇ ਦੋਸ਼ੀਅਾਂ ਦਾ ਸਮਰਥਨ ਕੀਤਾ ਸੀ। ਸਿਨ੍ਹਾ ਨੇ ਉਨ੍ਹਾਂ ਨੂੰ ਦੋਸ਼ੀ ਠਹਿਰਾਏ ਜਾਣ ’ਤੇ ਸੀ. ਬੀ. ਆਈ. ਜਾਂਚ ਦੀ ਮੰਗ ਵੀ ਕੀਤੀ ਸੀ। 
ਗਊ ਰੱਖਿਆ ਦੇ ਨਾਂ ’ਤੇ ਹਿੰਸਕ ਘਟਨਾਵਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਸੂੂਬਾ ਹੈ ਝਾਰਖੰਡ, ਜਿੱਥੇ ਸਿਰਫ ਇਸ ਸਾਲ ਹੀ ਗਊ ਰੱਖਿਆ ਨਾਲ ਸਬੰਧਤ ਹਿੰਸਾ ਦੀਅਾਂ 17 ਘਟਨਾਵਾਂ  ਹੋਈਅਾਂ, 34 ਵਿਅਕਤੀ ਸ਼ਿਕਾਰ ਬਣੇ ਤੇ 8 ਵਿਅਕਤੀ ਮਾਰੇ ਗਏ। ਅਜਿਹੇ ਪੀੜਤ ਪਰਿਵਾਰਾਂ ਨੂੰ ਅਜੇ ਤਕ ਨਾ ਤਾਂ ਕੋਈ ਮੁਆਵਜ਼ਾ ਮਿਲਿਆ ਹੈ ਤੇ ਨਾ ਹੀ ਆਪਣੇ ਪਤੀ ਗੁਆਉਣ ਵਾਲੀਅਾਂ ਔਰਤਾਂ ਨੂੰ ਵਿਧਵਾ ਪੈਨਸ਼ਨ ਮਿਲੀ ਹੈ। ਕਈਅਾਂ ਨੂੰ ਤਾਂ ਦੋਸ਼ੀਅਾਂ ਵਲੋਂ ਹੁਣ ਤਕ ਧਮਕੀਅਾਂ ਦਿੱਤੀਅਾਂ ਜਾ ਰਹੀਅਾਂ ਹਨ। 
ਇਕ ਔਰਤ ਨੇ ਦੱਸਿਆ ਕਿ ਉਸ ਵਿਰੁੱਧ  ਪੁਲਸ ਨੇ ਅਪਰਾਧਿਕ ਮਾਮਲਾ ਦਰਜ ਕੀਤਾ ਹੈ ਕਿਉਂਕਿ ਆਪਣੇ ਬੇਟੇ ਦੀ ਲਾਸ਼ ਦੇਖਣ ਤੋਂ ਬਾਅਦ ਪ੍ਰੇਸ਼ਾਨੀ ’ਚ ਉਸ ਨੇ ਇਕ ਪੁਲਸ ਅਧਿਕਾਰੀ ਨੂੰ ਧੱਕਾ ਦੇ ਦਿੱਤਾ ਸੀ। ਦੋ ਮਾਮਲਿਅਾਂ ’ਚ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਮਰੀਅਮ ਅਜੇ ਵੀ ਮੁਆਵਜ਼ੇ ਅਤੇ ਇਕ ਨੌਕਰੀ ਦੀ ਉਡੀਕ ਕਰ ਰਹੀ ਹੈ, ਜਿਸ ਦਾ ਜ਼ਿਲਾ ਅਧਿਕਾਰੀ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਸ ਦੇ ਵੱਡੇ ਬੇਟੇ ਨੂੰ ਨੌਕਰੀ ਦਿੱਤੀ ਜਾਵੇਗੀ। ਇਹ ਸਭ ਇਸ ਤੱਥ ਦੇ ਬਾਵਜੂਦ ਹੈ ਕਿ ਝਾਰਖੰਡ ਉਨ੍ਹਾਂ ਕੁਝ ਸੂਬਿਅਾਂ ’ਚੋਂ ਇਕ ਹੈ, ਜੋ ਸੁਪਰੀਮ ਕੋਰਟ ਦੀ ਹਾਲ ਹੀ ਦੀ ਉਸ ਵਿਵਸਥਾ ਦੀ ਪਾਲਣਾ ਕਰ ਰਹੇ ਹਨ, ਜਿਸ ’ਚ ਉਸ ਨੇ ਮੌਬ ਲਿੰਚਿੰਗ ਤੋਂ ਬਚਣ ਅਤੇ ਦੋਸ਼ੀਅਾਂ ਨੂੰ ਸਜ਼ਾ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀਅਾਂ ਸਨ। 
ਇਹ ਪੁੱਛਣ ’ਤੇ ਕਿ ਜੇ ਮੰਤਰੀ ਉਸ ਦੇ ਘਰ ਆਉਂਦੇ ਹਨ ਤਾਂ ਉਹ ਕਿਹੋ ਜਿਹੀ ਪ੍ਰਤੀਕਿਰਿਆ ਜ਼ਾਹਿਰ ਕਰੇਗੀ ਤਾਂ ਮਰੀਅਮ ਨੇ ਕਿਹਾ ਕਿ ਜੋ ਕੋਈ ਵੀ ਉਸ ਨਾਲ ਇਕਜੁੱਟਤਾ/ਹਮਦਰਦੀ ਦਿਖਾਉਣ ਆਏਗਾ, ਉਹ ਉਸ ਦਾ ਸਵਾਗਤ ਕਰੇਗੀ। 
ਮਰੀਅਮ ਦਾ ਕਹਿਣਾ ਹੈ ਕਿ ਜੇ ਸਿਨ੍ਹਾ ਆਉਣਾ ਚਾਹੁੰਦੇ ਤਾਂ ਉਹ ਉਦੋਂ ਹੀ ਆ ਜਾਂਦੇ, ਜਦੋਂ 2017 ’ਚ ਉਸ ਦੇ ਪਤੀ ਦੀ ਹੱਤਿਆ ਕੀਤੀ ਗਈ ਸੀ ਪਰ ਉਹ ਉਦੋਂ ਨਹੀਂ ਆਏ ਤੇ ਹੁਣ ਵੀ ਨਹੀਂ ਆਉਣਗੇ। ਜੇ ਉਹ ਆਉਂਦੇ ਤਾਂ ਮੀਡੀਆ ਵੀ ਉਨ੍ਹਾਂ ਦੇ ਨਾਲ ਹੁੰਦਾ ਤੇ ਜਦੋਂ ਮੈਂ ਮੀਡੀਆ ਸਾਹਮਣੇ ਉਨ੍ਹਾਂ ਤੋਂ ਸਵਾਲ ਪੁੱਛਦੀ ਤਾਂ ਉਨ੍ਹਾਂ ਕੋਲ ਦੇਣ ਲਈ ਜਵਾਬ ਨਹੀਂ ਹੋਣੇ ਸਨ ਅਤੇ ਇਹ ਗੱਲ ਉਨ੍ਹਾਂ ਲਈ ਸ਼ਰਮਨਾਕ ਹੋਣੀ ਸੀ। 
ਮਰੀਅਮ ਦਾ ਮੰਨਣਾ ਹੈ ਕਿ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਜਾਣਾ ਚਾਹੀਦਾ ਸੀ। ਮਰੀਅਮ ਨੇ ਇਹ ਵੀ ਦੱਸਿਆ ਕਿ ਉਸ ਦੇ ਪਤੀ ਦੀ ਹੱਤਿਆ ਤੋਂ ਬਾਅਦ ਭਾਜਪਾ ਨੂੰ ਛੱਡ ਕੇ ਜ਼ਿਆਦਾਤਰ ਸਿਆਸੀ ਪਾਰਟੀਅਾਂ ਨੇ ਆਪਣੇ ਨੁਮਾਇੰਦੇ ਉਸ ਨਾਲ ਹਮਦਰਦੀ ਪ੍ਰਗਟਾਉਣ ਲਈ ਭੇਜੇ।      (ਮੁੰਮਿ)


Related News