ਨਰਿੰਦਰ ਮੋਦੀ ਦੀ ਸਫਲ ਰਣਨੀਤੀ

Monday, Aug 13, 2018 - 04:07 AM (IST)

ਨਰਿੰਦਰ ਮੋਦੀ ਦੀ ਸਫਲ ਰਣਨੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਣਨੀਤੀ ਕਾਫੀ ਸਫਲ ਰਹੀ, ਜਿਸ ਕਾਰਨ ਐੱਨ. ਡੀ. ਏ. ਨੇ ਰਾਜ ਸਭਾ ਦੇ ਉਪ-ਚੇਅਰਮੈਨ ਦੀ ਸੀਟ ਜਿੱਤ ਲਈ ਹੈ। ਅਸਲ 'ਚ ਪ੍ਰਧਾਨ ਮੰਤਰੀ ਇਸ ਸਮੇਂ ਮੰਤਰੀ ਮੰਡਲ ਵਿਚ ਕੋਈ ਤਬਦੀਲੀ ਨਹੀਂ ਕਰਨਾ ਚਾਹੁੰਦੇ ਸਨ ਅਤੇ ਆਪਣੇ ਵਾਅਦੇ ਮੁਤਾਬਿਕ ਉਨ੍ਹਾਂ ਨੇ ਜੇ. ਡੀ. ਯੂ. ਨੂੰ ਉਪ-ਚੇਅਰਮੈਨ ਦਾ ਅਹੁਦਾ ਦੇ ਕੇ ਉਸ ਨੂੰ ਮਾਣ ਦਿੱਤਾ ਹੈ। ਇਸ ਦੇ ਨਾਲ ਹੀ ਮੋਦੀ ਨੇ ਬਿਹਾਰ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ. ਡੀ. ਯੂ. ਅਤੇ ਭਾਜਪਾ ਵਿਚਾਲੇ ਗੱਠਜੋੜ ਦਿਨ-ਪ੍ਰਤੀ-ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ ਅਤੇ ਇਸ ਦਾ ਅਸਰ 2019 ਦੀਆਂ ਲੋਕ ਸਭਾ ਚੋਣਾਂ 'ਚ ਉੱਤਰ ਪ੍ਰਦੇਸ਼ 'ਤੇ ਵੀ ਪਵੇਗਾ। 
ਦੂਜਾ, ਉਹ ਉਪ-ਚੇਅਰਮੈਨ ਦਾ ਅਹੁਦਾ ਅਕਾਲੀ ਦਲ ਨੂੰ ਨਹੀਂ ਦੇਣਾ ਚਾਹੁੰਦੇ ਸਨ ਕਿਉਂਕਿ ਅਕਾਲੀ ਦਲ ਉਨ੍ਹਾਂ ਨੂੰ ਹੋਰਨਾਂ ਪਾਰਟੀਆਂ ਦੀਆਂ ਵੋਟਾਂ ਨਹੀਂ ਦਿਵਾ ਸਕਦਾ ਸੀ, ਜਦਕਿ ਨਿਤੀਸ਼ ਕੁਮਾਰ ਹੋਰ ਪਾਰਟੀਆਂ, ਜਿਵੇਂ ਕਿ ਬੀਜੂ ਜਨਤਾ ਦਲ ਅਤੇ ਟੀ. ਆਰ. ਐੱਸ. ਦੀਆਂ ਜ਼ਿਆਦਾ ਵੋਟਾਂ ਉਨ੍ਹਾਂ ਨੂੰ ਦਿਵਾ ਸਕਦੇ ਹਨ, ਜੋ ਉਨ੍ਹਾਂ ਨੇ ਸਿੱਧ ਕੀਤਾ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ 'ਆਪ', ਟੀ. ਆਰ. ਐੱਸ. ਅਤੇ ਬੀਜੂ ਜਨਤਾ ਦਲ ਸਮੇਤ ਕਿਸੇ ਵੀ ਪਾਰਟੀ ਨਾਲ ਸੰਪਰਕ ਨਹੀਂ ਕੀਤਾ, ਜਿਸ ਦੇ ਸਿੱਟੇ ਵਜੋਂ ਐੱਨ. ਡੀ. ਏ. ਦੇ ਉਮੀਦਵਾਰ ਹਰਿਵੰਸ਼ ਨਾਰਾਇਣ ਸਿੰਘ 20 ਵੋਟਾਂ ਨਾਲ ਜਿੱਤ ਗਏ।
ਰਾਜਸਥਾਨ 'ਚ ਚੋਣਾਂ
ਰਾਜਸਥਾਨ ਭਾਜਪਾ ਵਿਚ ਅੰਦਰੂਨੀ ਕਲੇਸ਼ ਤੋਂ ਬਾਅਦ ਮੁੱਖ ਮੰਤਰੀ ਵਸੁੰਧਰਾ ਰਾਜੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੇ ਨਾਂ ਦਾ ਐਲਾਨ ਕਰਨ 'ਚ ਸਫਲ ਰਹੀ ਹੈ ਅਤੇ ਉਸ ਨੇ ਸੂਬਾ ਪਾਰਟੀ ਪ੍ਰਧਾਨ ਦੀ ਨਾਮਜ਼ਦਗੀ ਦੀ ਲੜਾਈ ਵੀ ਜਿੱਤ ਲਈ ਹੈ। ਹੁਣ ਉਸ ਨੇ ਸੂਬੇ ਦੀ ਗੌਰਵ ਯਾਤਰਾ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ ਦੀ ਯਾਤਰਾ ਉਸ ਨੇ 2003 ਅਤੇ 2013 ਵਿਚ ਵੀ ਕੀਤੀ ਸੀ ਪਰ ਉਸ ਸਮੇਂ ਉਹ ਵਿਰੋਧੀ ਧਿਰ ਵਿਚ ਸੀ ਅਤੇ ਰੈਲੀ ਦੇ ਕਾਫੀ ਹਾਂ-ਪੱਖੀ ਨਤੀਜੇ ਨਿਕਲੇ ਸਨ ਪਰ ਇਸ ਵਾਰ ਉਹ ਸੱਤਾ 'ਚ ਹੈ, ਇਸ ਲਈ ਉਸ ਨੂੰ ਜ਼ਿਆਦਾ ਸਮਰਥਨ ਨਹੀਂ ਮਿਲ ਰਿਹਾ। 
ਉਸ ਨੇ ਆਪਣੀ ਗੌਰਵ ਯਾਤਰਾ ਆਦੀਵਾਸੀ ਖੇਤਰ ਉਦੈਪੁਰ ਤੋਂ ਸ਼ੁਰੂ ਕੀਤੀ ਹੈ। ਅਜਿਹਾ ਲੱਗਦਾ ਹੈ ਕਿ ਜੋ ਪਾਰਟੀ ਉਦੈਪੁਰ ਖੇਤਰ 'ਚ ਜਿੱਤਦੀ ਹੈ, ਉਹ ਸੱਤਾ ਵਿਚ ਆਉਂਦੀ ਹੈ। ਇਸ ਯਾਤਰਾ ਦੌਰਾਨ ਉਹ ਲੋਕਾਂ ਨੂੰ ਉਨ੍ਹਾਂ ਦੇ ਪਿਛਲੇ 5 ਸਾਲਾਂ ਦੇ ਕਾਰਜਕਾਲ ਵਿਚ ਚਲਾਏ ਗਏ ਵਿਕਾਸ ਦੇ ਪ੍ਰੋਗਰਾਮਾਂ ਅਤੇ ਕਰਵਾਏ ਗਏ ਵਿਕਾਸ ਬਾਰੇ ਦੱਸ ਰਹੀ ਹੈ ਅਤੇ ਲੋਕਾਂ ਨੂੰ ਇਹ ਬੇਨਤੀ ਕਰ ਰਹੀ ਹੈ ਕਿ ਉਹ ਇਸ ਵਾਰ ਸਰਕਾਰ ਨੂੰ ਨਾ ਬਦਲਣ, ਜਿਵੇਂ ਕਿ ਉਹ ਹਰ 5 ਸਾਲਾਂ ਬਾਅਦ ਕਰਦੇ ਰਹੇ ਹਨ। ਇਸ ਦੌਰਾਨ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਜੈਪੁਰ ਵਿਚ ਰੈਲੀ ਕੀਤੀ ਅਤੇ 13 ਕਿਲੋਮੀਟਰ ਦੇ ਰੋਡ ਸ਼ੋਅ ਤੋਂ ਬਾਅਦ ਉਸ ਨੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨਾਲ ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਅਤੇ ਵਧਦੀ ਮਹਿੰਗਾਈ ਦੇ ਮੁੱਦਿਆਂ 'ਤੇ ਗੱਲ ਕੀਤੀ। ਉਸ ਨੇ ਵਾਅਦਾ ਕੀਤਾ ਕਿ ਉਸ ਦੀ ਪਾਰਟੀ ਕਿਸੇ ਭ੍ਰਿਸ਼ਟ ਜਾਂ ਪੈਰਾਸ਼ੂਟੀ ਵਿਅਕਤੀ ਨੂੰ ਟਿਕਟ ਨਹੀਂ ਦੇਵੇਗੀ, ਸਗੋਂ ਜ਼ਮੀਨੀ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਇਸ ਰੋਡ ਸ਼ੋਅ ਦੌਰਾਨ ਕਾਫੀ ਭੀੜ ਇਕੱਠੀ ਹੋਈ। ਵਸੁੰਧਰਾ ਰਾਜੇ ਸਾਰੇ ਜ਼ਿਲਿਆਂ ਦਾ ਦੌਰਾ ਕਰੇਗੀ ਅਤੇ ਕਾਂਗਰਸ ਵੀ ਸੂਬੇ ਦੇ ਸਾਰੇ ਜ਼ਿਲਿਆਂ 'ਚ ਰੋਡ ਸ਼ੋਅ ਅਤੇ ਮੀਟਿੰਗਾਂ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੀ ਹੈ। 
ਰਾਹੁਲ ਗਾਂਧੀ ਦੀ ਪੱਤਰਕਾਰਾਂ ਨਾਲ ਗੱਲਬਾਤ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਪੱਤਰਕਾਰਾਂ ਦੇ ਵੱਖ-ਵੱਖ ਸਮੂਹਾਂ ਨਾਲ ਗੱਲਬਾਤ ਕਰਨ 'ਚ ਰੁੱਝੇ ਹੋਏ ਹਨ ਅਤੇ ਇਹ ਮੀਟਿੰਗਾਂ ਆਫ ਦਿ ਰਿਕਾਰਡ ਹੋ ਰਹੀਆਂ ਹਨ। ਉਨ੍ਹਾਂ ਨੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਵੱਖ-ਵੱਖ ਮਾਮਲਿਆਂ 'ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਸਭ ਤੋਂ ਪਹਿਲਾਂ ਉਹ 24 ਜੁਲਾਈ ਨੂੰ ਮਹਿਲਾ ਪੱਤਰਕਾਰਾਂ ਨੂੰ ਮਿਲੇ, ਜਿਸ ਵਿਚ ਉਨ੍ਹਾਂ ਨੇ ਸਾਰੀਆਂ ਮਹਿਲਾ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। 
3 ਅਗਸਤ ਨੂੰ ਉਨ੍ਹਾਂ ਨੇ ਮਰਦ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ ਅਤੇ ਪੂਰੇ ਆਤਮ-ਵਿਸ਼ਵਾਸ ਨਾਲ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਛੇਤੀ ਹੀ ਕੈਲਾਸ਼ ਮਾਨਸਰੋਵਰ ਜਾਣਗੇ ਕਿਉਂਕਿ ਅਜਿਹਾ ਕਰਨ ਦੀ ਉਨ੍ਹਾਂ ਦੀ ਬਹੁਤ ਇੱਛਾ ਹੈ।  ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਮਾਨਸੂਨ ਵਿਚ ਸੁਧਾਰ ਹੁੰਦੇ ਹੀ ਉਹ ਕੈਲਾਸ਼ ਮਾਨਸਰੋਵਰ ਜਾਣ ਦੀ ਯੋਜਨਾ ਬਣਾਉਣਗੇ। 9 ਅਗਸਤ ਨੂੰ ਰਾਹੁਲ ਗਾਂਧੀ ਨੇ ਇੰਟਰਨੈਸ਼ਨਲ ਪ੍ਰੈੱਸ ਨਾਲ ਮੁਲਾਕਾਤ ਕੀਤੀ ਅਤੇ ਹੁਣ ਉਹ ਪਿੰ੍ਰਟ ਅਤੇ  ਇਲੈਕਟ੍ਰਾਨਿਕ ਮੀਡੀਆ ਦੇ ਸੰਪਾਦਕਾਂ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ। 
ਛੱਤੀਸਗੜ੍ਹ 'ਚ ਕਾਂਗਰਸ ਦੀ ਰਣਨੀਤੀ 
ਛੱਤੀਸਗੜ੍ਹ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਮੁੱਖ ਮੰਤਰੀ ਦੇ ਅਹੁਦੇ ਲਈ ਕਿਸੇ ਦਾ ਵੀ ਨਾਂ ਐਲਾਨ ਨਹੀਂ ਕਰੇਗੀ ਅਤੇ ਇਹ ਚੋਣਾਂ ਕੁਰਮੀ ਨੇਤਾ ਤੇ ਸੂਬਾ ਪ੍ਰਧਾਨ ਭੂਪੇਸ਼ ਬਘੇਲ ਅਤੇ ਹਾਲ ਹੀ 'ਚ ਸੀ. ਡਬਲਯੂ. ਸੀ. ਵਿਚ ਸ਼ਾਮਿਲ ਕੀਤੇ ਗਏ ਤਾਮਰਧਵਜ ਸਾਹੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਟੀ. ਐੱਸ. ਸਿੰਘ ਦੇਯੋ ਦੀ ਸਾਂਝੀ ਲੀਡਰਸ਼ਿਪ 'ਚ ਲੜੇਗੀ ਕਿਉਂਕਿ ਪਹਿਲਾਂ ਦਲਿਤ ਵੋਟਾਂ, ਜੋ ਸੂਬੇ ਵਿਚ 42 ਫੀਸਦੀ ਹਨ, ਕਾਂਗਰਸ ਦਾ ਮੁੱਖ ਵੋਟ ਬੈਂਕ ਹੁੰਦੀਆਂ ਸਨ ਪਰ 2015 'ਚ ਅਜੀਤ ਜੋਗੀ ਦੇ ਪਾਰਟੀ ਛੱਡ ਕੇ ਛੱਤੀਸਗੜ੍ਹ ਜਨਤਾ ਕਾਂਗਰਸ ਨਾਂ ਦੀ ਨਵੀਂ ਪਾਰਟੀ ਬਣਾ ਲੈਣ ਨਾਲ ਉਸ ਨੇ ਦਲਿਤ ਵੋਟ ਬੈਂਕ 'ਚ ਸੰਨ੍ਹ ਲਾ ਦਿੱਤੀ ਹੈ ਕਿਉਂਕਿ ਉਹ ਜਨਜਾਤੀ ਭਾਈਚਾਰੇ 'ਚੋਂ ਹੈ, ਇਸ ਲਈ ਕਾਂਗਰਸ ਹੁਣ ਓ. ਬੀ. ਸੀ. ਵੋਟਾਂ ਲੈਣ ਲਈ ਰਣਨੀਤੀ ਬਣਾ ਰਹੀ ਹੈ, ਜੋ ਸੂਬੇ ਵਿਚ 36 ਫੀਸਦੀ ਹਨ। ਇਸ ਨੂੰ ਦੇਖਦੇ ਹੋਏ ਪਾਰਟੀ ਨੇ ਕੁਰਮੀ ਨੇਤਾ ਭੂਪੇਸ਼ ਬਘੇਲ ਨੂੰ ਪ੍ਰਦੇਸ਼ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਹੈ। ਕੁਰਮੀ ਇਥੇ ਆਬਾਦੀ ਦੇ 20 ਫੀਸਦੀ ਹਨ ਅਤੇ ਸਾਹੂ ਨੂੰ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਬਣਾ ਦਿੱਤਾ ਹੈ ਕਿਉਂਕਿ ਸਾਹੂ ਸੂਬੇ 'ਚ ਆਬਾਦੀ ਦਾ 16 ਫੀਸਦੀ ਹਨ। ਇਨ੍ਹਾਂ ਦੋਹਾਂ ਭਾਈਚਾਰਿਆਂ ਦੇ ਲੋਕ ਕਿਸਾਨ ਤੇ ਛੋਟੇ ਵਪਾਰੀ ਹਨ। 
ਪਿਛਲੀਆਂ ਚੋਣਾਂ 'ਚ ਸਾਹੂ ਭਾਈਚਾਰੇ ਦੇ ਲੋਕਾਂ ਨੇ ਭਾਜਪਾ ਨੂੰ ਵੋਟਾਂ ਦਿੱਤੀਆਂ ਸਨ। ਇਸ ਰਣਨੀਤੀ ਵਿਚ ਟੀ. ਐੱਸ. ਸਿੰਘ ਦੇਯੋ ਵੀ ਸ਼ਾਮਿਲ ਹੈ, ਜੋ ਠਾਕੁਰ ਹੈ ਅਤੇ ਉਸ ਦਾ ਇਸ ਭਾਈਚਾਰੇ 'ਤੇ ਕਾਫੀ ਪ੍ਰਭਾਵ ਹੈ। 
ਅਜਿਹਾ ਇਸ ਲਈ ਕੀਤਾ ਗਿਆ ਕਿ ਮੌਜੂਦਾ ਮੁੱਖ ਮੰਤਰੀ ਰਮਨ ਸਿੰਘ ਵੀ ਇਸ ਭਾਈਚਾਰੇ 'ਚੋਂ ਹੈ। ਰਾਹੁਲ ਗਾਂਧੀ ਛੇਤੀ ਹੀ ਸੂਬੇ ਦਾ ਦੌਰਾ ਕਰਨ ਵਾਲਾ ਹੈ ਅਤੇ ਸੂਬਾਈ ਪ੍ਰਧਾਨ ਭੂਪੇਸ਼ ਬਘੇਲ ਨੇ ਸੂਬੇ 'ਚ ਉਨ੍ਹਾਂ ਦੀਆਂ ਪੈਦਲ ਯਾਤਰਾਵਾਂ ਤੇ ਮੀਟਿੰਗਾਂ ਲਈ ਯੋਜਨਾ ਤਿਆਰ ਕਰ ਲਈ ਹੈ। 


Related News