ਜੇ ਇਮਰਾਨ ਵਲੋਂ ਸੱਦਾ ਮਿਲੇ ਤਾਂ ਮੋਦੀ ਨੂੰ ਪਾਕਿਸਤਾਨ ਨਹੀਂ ਜਾਣਾ ਚਾਹੀਦਾ

Saturday, Aug 04, 2018 - 06:13 AM (IST)

ਜੇ ਇਮਰਾਨ ਵਲੋਂ ਸੱਦਾ ਮਿਲੇ ਤਾਂ ਮੋਦੀ ਨੂੰ ਪਾਕਿਸਤਾਨ ਨਹੀਂ ਜਾਣਾ ਚਾਹੀਦਾ

ਭਾਰਤੀ ਮੀਡੀਆ 'ਚ ਇਸ ਗੱਲ ਨੂੰ ਲੈ ਕੇ ਕਿਆਸ ਲਾਏ ਜਾ ਰਹੇ ਹਨ ਕਿ ਕੀ ਇਮਰਾਨ ਖਾਨ ਜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਆਪਣੇ ਸਹੁੰ-ਚੁੱਕ ਸਮਾਗਮ ਵਿਚ ਸਾਰਕ ਦੇਸ਼ਾਂ ਦੇ ਨੇਤਾਵਾਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਣਗੇ? ਹਾਲਾਂਕਿ ਇਹ ਵਿਚਾਰ ਕਿਤਿਓਂ ਵੀ ਸਾਹਮਣੇ ਨਹੀਂ ਆਇਆ ਹੈ ਪਰ ਮੀਡੀਆ ਨੇ ਇਸ ਨੂੰ ਪ੍ਰਚਾਰਿਤ ਕਰ ਕੇ ਇਸ ਵਿਸ਼ੇ 'ਤੇ ਚਰਚਾ ਛੇੜ ਦਿੱਤੀ ਹੈ। ਇਮਰਾਨ ਖਾਨ ਵਲੋਂ ਅਜੇ ਤਕ ਭਾਰਤੀ ਪ੍ਰਧਾਨ ਮੰਤਰੀ ਨੂੰ ਸੱਦਾ ਨਹੀਂ ਭੇਜਿਆ ਗਿਆ ਹੈ ਪਰ ਇਸ ਗੱਲ ਨੂੰ ਲੈ ਕੇ ਦਲੀਲਬਾਜ਼ੀ ਸ਼ੁਰੂ ਹੋ ਗਈ ਹੈ ਕਿ ਜੇ ਅਜਿਹਾ ਕੋਈ ਸੱਦਾ ਆਉਂਦਾ ਹੈ ਤਾਂ ਭਾਰਤ ਨੂੰ ਉਸ 'ਤੇ ਕਿਹੋ ਜਿਹੀ ਪ੍ਰਤੀਕਿਰਿਆ ਪ੍ਰਗਟਾਉਣੀ ਚਾਹੀਦੀ ਹੈ? ਜੇ ਇਹ ਡਰਾਮੇਬਾਜ਼ੀ ਨਹੀਂ ਤਾਂ ਹੋਰ ਕੀ ਹੈ? ਇਸ ਦੇ ਕਈ ਕਾਰਨ ਹਨ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਪ੍ਰਤੀ ਠੰਡਾ ਰਵੱਈਆ ਕਿਉਂ ਅਪਣਾਉਣਾ ਚਾਹੀਦਾ ਹੈ? ਬਦਕਿਸਮਤੀ ਨਾਲ ਅਜਿਹਾ ਲੱਗਦਾ ਹੈ ਕਿ ਉਹ ਇਸ ਦੇ ਉਲਟ ਕਰ ਰਹੇ ਹਨ। ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਇਕ ਵਾਰ ਪਾਕਿਸਤਾਨ ਦੇ ਚੋਣ ਨਤੀਜਿਆਂ 'ਤੇ ਬਿਆਨ ਜਾਰੀ ਕਰਨ ਮਗਰੋਂ ਭਾਰਤੀ ਪੱਖ ਵਲੋਂ ਕੁਝ ਹੋਰ ਕਰਨ ਦੀ ਲੋੜ ਨਹੀਂ ਸੀ। ਇਹ ਪ੍ਰਧਾਨ ਮੰਤਰੀ ਲਈ ਬਿਲਕੁਲ ਗੈਰ-ਜ਼ਰੂਰੀ ਸੀ ਕਿ ਉਹ ਇਮਰਾਨ ਖਾਨ ਨੂੰ ਫੋਨ ਕਰ ਕੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੰਦੇ ਅਤੇ ਐਲਾਨ ਕਰਦੇ ਕਿ ਉਹ 'ਪਾਕਿਸਤਾਨ ਨਾਲ ਰਿਸ਼ਤਿਆਂ ਦੇ ਇਕ ਨਵੇਂ ਯੁੱਗ ਵਿਚ ਦਾਖਲ ਹੋਣ ਲਈ ਤਿਆਰ ਹਨ।' ਮੋਦੀ ਨੇ ਕੂਟਨੀਤਕ ਨਿਮਰਤਾ ਦਿਖਾਈ ਜਾਂ ਉਨ੍ਹਾਂ ਨੇ ਖ਼ੁਦ ਨੂੰ ਬਹਿਕਾਅ ਲਿਆ ਹੈ ਜਾਂ  ਉਹ ਇਹ ਮੰਨਦੇ ਹਨ ਕਿ ਇਮਰਾਨ ਖਾਨ ਇਕ ਭਰੋਸੇਯੋਗ ਵਾਰਤਾਕਾਰ ਹੋ ਸਕਦੇ ਹਨ, ਇਹ ਸਪੱਸ਼ਟ ਨਹੀਂ ਹੈ। ਭਾਰਤ ਵਿਚ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਇਮਰਾਨ ਖਾਨ ਕਿਉਂਕਿ ਅੱਤਵਾਦੀਆਂ ਦਾ 'ਲਾਡਲਾ' ਹੈ, ਇਸ ਲਈ ਉਹ ਉਹੀ ਕੁਝ ਕਰਨਗੇ, ਜੋ ਫੌਜ ਉਨ੍ਹਾਂ ਨੂੰ ਕਰਨ ਲਈ ਕਹੇਗੀ। ਸਿੱਟੇ ਵਜੋਂ ਭਾਰਤ ਪਾਕਿਸਤਾਨ ਦੀਆਂ ਗੈਰ-ਫੌਜੀ ਸਰਕਾਰਾਂ ਨਾਲ ਗੱਲਬਾਤ ਦੌਰਾਨ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਰਿਹਾ ਹੈ, ਉਹ ਹੁਣ ਇਮਰਾਨ ਖਾਨ ਨਾਲ ਗੱਲਬਾਤ ਵੇਲੇ ਪੇਸ਼ ਨਹੀਂ ਆਉਣਗੀਆਂ। ਪਰ ਇਹ ਇਕ ਬਹੁਤ ਹੀ ਦਿਖਾਵਟੀ ਦਲੀਲ ਹੈ। ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਕਿ ਉਥੇ ਕਿਹੜੀ ਗੈਰ-ਫੌਜੀ ਸਰਕਾਰ ਹੈ, ਉਸ ਨੂੰ ਪਾਕਿ ਫੌਜ ਦੇ ਬੁਰੇ ਸੈਨਿਕ ਨਾਲ ਚੰਗੇ ਸੈਨਿਕ ਵਾਲੀ ਖੇਡ ਖੇਡਣੀ ਪੈਂਦੀ ਹੈ ਕਿਉਂਕਿ ਪਾਕਿਸਤਾਨ ਨੇ 'ਚੰਗਾ ਸੈਨਿਕ, ਬੁਰਾ ਸੈਨਿਕ' ਵਾਲੇ ਵਰਤਾਓ ਵਿਚ ਮੁਹਾਰਤ ਹਾਸਿਲ ਕਰ ਲਈ ਹੈ। ਇਹ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ, ਜੋ ਕਦੇ ਨਹੀਂ ਮੁੱਕਦੀ, ਫਿਰ ਵੀ ਜੇ ਭਾਰਤ ਇਸ ਦੋਗਲੀ ਖੇਡ ਦੇ ਨਤੀਜਿਆਂ ਨੂੰ ਇਕ ਵਾਰ ਫਿਰ ਸਹਿਣ ਕਰਨਾ ਚਾਹੁੰਦਾ ਹੈ ਤਾਂ ਮੋਦੀ ਸਰਕਾਰ ਨੂੰ ਸ਼ੁੱਭ-ਇੱਛਾਵਾਂ। ਜੇ ਮੋਦੀ ਬਹੁਤ ਜ਼ਿਆਦਾ ਦੋਸਤਾਨਾ ਅਤੇ ਕਿਤੇ ਅੱਗੇ ਜਾ ਕੇ ਪਾਕਿਸਤਾਨ ਲਈ ਸਦਭਾਵਨਾ ਦਿਖਾਉਂਦੇ ਹਨ ਤਾਂ ਵੀ ਉਹ ਚੰਗੀ ਸਥਿਤੀ ਵਿਚ ਹੋਣਗੇ। ਚੰਗਾ ਹੁੰਦਾ, ਜੇ ਮੋਦੀ ਫੋਨ ਚੁੱਕ ਕੇ ਇਮਰਾਨ ਖਾਨ ਨਾਲ ਗੱਲ ਕਰਨ ਦੀ ਬਜਾਏ ਉਦੋਂ ਤਕ ਉਡੀਕ ਕਰਦੇ, ਜਦੋਂ ਤਕ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਨਹੀਂ ਚੁੱਕ ਲੈਂਦੇ ਤੇ ਫਿਰ ਭਾਰਤੀ ਹਾਈ ਕਮਿਸ਼ਨ ਦੇ ਜ਼ਰੀਏ ਉਨ੍ਹਾਂ ਨੂੰ ਇਕ ਵਧਾਈ ਪੱਤਰ ਭੇਜਦੇ। ਮੋਦੀ ਵਰਗੇ ਤਜਰਬੇਕਾਰ ਸਿਆਸਤਦਾਨ ਵਲੋਂ ਭਾਵਨਾਵਾਂ ਵਿਚ ਵਹਿ ਕੇ ਇਮਰਾਨ ਖਾਨ ਦੇ ਜੇਤੂ ਭਾਸ਼ਣ ਦਾ ਹਵਾਲਾ ਦੇਣਾ ਅਤੇ ਉਸ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਨਾ ਹੈਰਾਨੀਜਨਕ ਹੈ। ਇਮਰਾਨ ਖਾਨ ਨੇ ਜੋ ਵੀ ਕਿਹਾ, ਉਸ ਵਿਚ ਅਜਿਹਾ ਕੁਝ ਨਹੀਂ ਸੀ, ਜੋ ਉਨ੍ਹਾਂ ਤੋਂ ਪਹਿਲਾਂ ਕਿਸੇ ਹੋਰ ਨੇ ਨਾ ਕਿਹਾ ਹੋਵੇ। ਜੇ ਉਸ ਵਿਚ ਅੱਗੇ ਵਧਣ ਦਾ ਜ਼ਰਾ ਜਿੰਨਾ ਵੀ ਕੋਈ ਤੱਤ ਸੀ ਤਾਂ ਇਮਰਾਨ ਖਾਨ ਨੇ ਕਸ਼ਮੀਰ ਨੂੰ ਇਕ ਮੁੱਖ ਵਿਵਾਦ ਦੱਸ ਕੇ ਉਸ ਨੂੰ ਨਸ਼ਟ ਕਰ ਦਿੱਤਾ। ਜੇ ਅਸੀਂ ਇਹ ਮੰਨ ਲਈਏ ਕਿ ਮੋਦੀ ਨੂੰ ਅਜਿਹਾ ਕੋਈ ਅਲੌਕਿਕ 'ਸੱਦਾ' ਆਵੇਗਾ ਤਾਂ ਮੋਦੀ ਲਈ ਸਭ ਤੋਂ ਵਧੀਆ ਗੱਲ ਇਹ ਹੋਵੇਗੀ ਕਿ ਉਹ ਭਾਰਤ ਦੀ ਨੁਮਾਇੰਦਗੀ ਕਰਨ ਲਈ ਕਿਸੇ ਜੂਨੀਅਰ ਮੰਤਰੀ ਨੂੰ ਭੇਜ ਦੇਣ।
ਮੋਦੀ ਜਦੋਂ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਆਪਣੇ ਗੁਆਂਢੀ ਦੇਸ਼ਾਂ ਨਾਲ ਰਿਸ਼ਤਿਆਂ 'ਤੇ ਜੰਮੀ ਬਰਫ ਤੋੜਨ ਲਈ ਆਪਣੀ ਇਸੇ ਨੀਤੀ ਦਾ ਇਸਤੇਮਾਲ ਕੀਤਾ ਸੀ। ਇਸ ਕਦਮ ਨੇ ਸੰਸਾਰਕ ਪੱਧਰ 'ਤੇ ਇਹ ਹਲਚਲ ਮਚਾ ਦਿੱਤੀ ਸੀ ਕਿ ਮੋਦੀ ਕੁਝ ਕਰਨਾ ਚਾਹੁੰਦੇ ਹਨ। ਹਾਲਾਂਕਿ ਇਕ ਹਵਾ ਬਣਾਉਣ ਦੇ ਬਾਵਜੂਦ ਕੋਈ ਖਾਸ ਪ੍ਰਾਪਤੀ ਹਾਸਿਲ ਨਹੀਂ ਕੀਤੀ ਜਾ ਸਕੀ। ਇਸ ਤੋਂ ਵੀ ਖਰਾਬ ਗੱਲ ਇਹ ਹੈ ਕਿ ਮੋਦੀ ਨੇ ਘੱਟੋ-ਘੱਟ 4 ਵਾਰ ਨਵਾਜ਼ ਸ਼ਰੀਫ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਸਾਰੇ ਯਤਨ ਮੂਧੇ-ਮੂੰਹ ਜਾ ਡਿੱਗੇ। 
ਇਸ ਗੱਲ ਵਿਚ ਯਕੀਨ ਕਰਨ ਦਾ ਕੋਈ ਕਾਰਨ ਨਹੀਂ ਕਿ ਜੇ ਹੁਣ ਮੋਦੀ ਇਸਲਾਮਾਬਾਦ ਜਾਂਦੇ ਹਨ ਤਾਂ ਸਥਿਤੀਆਂ ਵੱਖਰੀਆਂ ਹੋਣਗੀਆਂ। ਅਜਿਹਾ ਸਿਰਫ ਇਸ ਲਈ ਹੈ ਕਿਉਂਕਿ ਕੋਈ ਅਜਿਹੀ ਗੱਲ ਨਜ਼ਰ ਨਹੀਂ ਆਉਂਦੀ, ਜਿਹੜੀ ਇਹ ਸੰਕੇਤ ਦਿੰਦੀ ਹੋਵੇ ਕਿ ਭਾਰਤ ਪ੍ਰਤੀ ਪਾਕਿਸਤਾਨ ਦੀਆਂ ਨੀਤੀਆਂ, ਨਫਰਤ ਜਾਂ ਜ਼ਹਿਰ ਉਗਲਣ ਵਿਚ ਕੋਈ ਤਬਦੀਲੀ ਆਈ ਹੋਵੇ।
ਅਸਲ ਵਿਚ ਲਸ਼ਕਰੇ-ਤੋਇਬਾ ਵਰਗੇ ਕੌਮਾਂਤਰੀ ਪੱਧਰ ਦੇ ਅੱਤਵਾਦੀ ਸੰਗਠਨ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀਆਂ ਤਜਵੀਜ਼ਾਂ ਦੇ ਤਹਿਤ ਕੀਤੇ ਗਏ ਵਾਅਦੇ ਦੀ ਉਲੰਘਣਾ ਕਰ ਕੇ ਆਮ ਚੋਣਾਂ ਲੜਨ ਦੀ ਇਜਾਜ਼ਤ ਦੇਣਾ ਅਤੇ ਦੱਖਣੀ ਪੰਜਾਬ ਵਿਚ ਜੈਸ਼-ਏ-ਮੁਹੰਮਦ ਵਲੋਂ ਬਣਾਈ ਜਾ ਰਹੀ ਵਿਸ਼ਾਲ ਸੁਵਿਧਾ ਇਕਾਈ ਵਲੋਂ ਅੱਖਾਂ ਮੀਚੀ ਰੱਖਣਾ ਪਾਕਿਸਤਾਨ ਵਲੋਂ ਇਹ ਸੰਦੇਸ਼ ਦੇਣਾ ਹੈ ਕਿ ਭਾਰਤ ਦੀ ਇਸ ਨੀਤੀ ਦੀ ਕੋਈ ਅਹਿਮੀਅਤ ਨਹੀਂ ਕਿ 'ਗੱਲਬਾਤ ਅਤੇ ਅੱਤਵਾਦ ਨਾਲੋ-ਨਾਲ ਨਹੀਂ ਚੱਲ ਸਕਦੇ'। ਜੇ ਫਿਰ ਵੀ ਭਾਰਤ ਸਰਕਾਰ ਇਹ ਸੋਚਦੀ ਹੈ ਕਿ ਉਸ ਨੂੰ ਪਾਕਿਸਤਾਨ ਤਕ ਪਹੁੰਚ ਬਣਾਉਣੀ ਚਾਹੀਦੀ ਹੈ ਤਾਂ ਉਸ ਨੂੰ ਜਾਂ ਘਟੀਆ ਸਲਾਹ ਦਿੱਤੀ ਗਈ ਹੈ ਜਾਂ ਇਹ ਬੇਹੱਦ ਖੋਖਲਾ ਵਿਚਾਰ ਹੈ। 
ਕੂਟਨੀਤਕ ਤੌਰ 'ਤੇ ਵੀ (ਠੋਸ ਕਾਰਨਾਂ ਕਰਕੇ) ਸੁਆਰਥ ਦਾ ਬਾਈਕਾਟ ਕਰਨ ਤੋਂ ਬਾਅਦ ਹੁਣ ਸਹੁੰ-ਚੁੱਕ ਸਮਾਗਮ ਦੇ ਤਮਾਸ਼ੇ ਲਈ ਜਾਣ ਨੂੰ ਜਾਇਜ਼ ਠਹਿਰਾਉਣਾ ਮੁਸ਼ਕਿਲ ਹੋਵੇਗਾ। ਆਖਿਰ ਉਥੇ ਜਾਣ ਨਾਲ ਸੁਰੱਖਿਆ ਚਿੰਤਾਵਾਂ ਵੀ ਜੁੜੀਆਂ ਹੋਈਆਂ ਹਨ। ਜਿਸ ਤਰ੍ਹਾਂ ਉਥੇ ਭਾਰਤ ਦੇ ਪ੍ਰਧਾਨ ਮੰਤਰੀ ਵਿਰੁੱਧ ਇਕ ਤਰ੍ਹਾਂ ਦੀ ਨਫਰਤ ਫੈਲਾਈ ਗਈ ਹੈ ਅਤੇ ਉਨ੍ਹਾਂ ਵਿਰੁੱਧ ਜ਼ਹਿਰਾਲਾ ਪ੍ਰਚਾਰ ਕੀਤਾ ਗਿਆ ਹੈ, ਉਸ ਦੇ ਮੱਦੇਨਜ਼ਰ ਬਹੁਤੇ ਪਾਕਿਸਤਾਨੀ ਉਨ੍ਹਾਂ ਨੂੰ ਇਕ 'ਰਾਖਸ਼ਸ' ਵਜੋਂ ਦੇਖਦੇ ਹਨ। 
ਮੋਦੀ ਲਈ ਇਕ ਅਜਿਹੇ ਦੇਸ਼ 'ਚ ਜਾਣਾ ਅਸੁਰੱਖਿਅਤ ਹੋਵੇਗਾ, ਜਿਥੇ ਸੁਰੱਖਿਆ ਮੁਲਾਜ਼ਮ ਉਨ੍ਹਾਂ ਲੋਕਾਂ ਦੀ ਹੱਤਿਆ ਕਰਨ ਲਈ ਜਾਣੇ ਜਾਂਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਜਾਂਦਾ ਹੈ। ਇਸ ਮਾਮਲੇ ਵਿਚ ਤੁਹਾਨੂੰ ਸ਼ਾਇਦ ਮੁਮਤਾਜ ਕਾਦਰੀ ਚੇਤੇ ਹੋਣਗੇ। ਇਸ ਗੱਲ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਕਿ ਕੋਈ ਜਨੂੰਨੀ ਜੇਹਾਦੀ ਮੋਦੀ ਨਾਲ ਵੀ ਉਹੋ ਜਿਹਾ ਸਲੂਕ ਨਹੀਂ ਕਰੇਗਾ। 
ਇਸ ਲਈ ਭਾਰਤ ਵਾਸਤੇ ਇਹੋ ਬਿਹਤਰ ਹੋਵੇਗਾ ਕਿ ਦੁਸ਼ਮਣ ਨਾਲ ਗੱਲਬਾਤ ਦਾ ਇਕ ਹੋਰ ਜੂਆ ਖੇਡਣ ਤੋਂ ਪਹਿਲਾਂ ਉਦੋਂ ਤਕ ਉਡੀਕ ਕੀਤੀ ਜਾਵੇ, ਜਦੋਂ ਤਕ ਪਾਕਿਸਤਾਨ ਵਲੋਂ ਤਬਦੀਲੀ ਦੇ ਕੁਝ ਅਸਲੀ ਸੰਕੇਤ ਨਹੀਂ ਮਿਲਦੇ।                      (ਮੇਟੁ)


Related News