ਅਣਮਨੁੱਖੀ ‘ਖਤਨਾ ਪ੍ਰਥਾ’ ਉੱਤੇ ਰੋਕ ਲਾਉਣ ਲਈ ਮੁਸਲਿਮ ਸਮਾਜ ਅੱਗੇ ਆਵੇ

Saturday, Sep 22, 2018 - 07:50 AM (IST)

ਮੁਸਲਿਮ ਸਮਾਜ ਨੂੰ ਲੈ ਕੇ ਅਕਸਰ ਇਹ ਬਹਿਸ ਹੁੰਦੀ ਰਹਿੰਦੀ ਹੈ ਕਿ ਆਖਿਰ ਇਸ ਧਰਮ ’ਚ ਇਕ ਅੱਲ੍ਹਾ, ਇਕ ਹੀ ਕਲਮਾ-ਏ-ਸ਼ਹਾਦਤ (ਇਥੇ ਸ਼ਹਾਦਤ ਤੋਂ ਭਾਵ ਗਵਾਹੀ ਹੈ, ਸ਼ਹੀਦੀ ਨਹੀਂ), ਇਕ ਨਬੀ, ਇਕ ਕੁਰਾਨ ਦੀ ਕਲਪਨਾ ਦੇ ਬਾਵਜੂਦ ਇਨ੍ਹਾਂ ’ਚ ਇੰਨੇ ਆਪਾ-ਵਿਰੋਧ ਕਿਉਂ ਹਨ?
ਇਸਲਾਮ ਦੇ ਸਾਰੇ ਪੈਰੋਕਾਰ ਉਂਝ ਤਾਂ ਖ਼ੁਦ ਨੂੰ ਮੁਸਲਮਾਨ ਕਹਿੰਦੇ ਹਨ ਪਰ ਇਸਲਾਮਿਕ ਕਾਨੂੰਨ ਅਤੇ ਇਸਲਾਮਿਕ ਇਤਿਹਾਸ ਦੀ ਆਪੋ-ਆਪਣੀ ਵਿਆਖਿਆ ਅਤੇ ਨਿੱਜੀ ਸਮਝ ਦੇ ਆਧਾਰ ’ਤੇ ਇਹ ਕਈ ਮੱਤਾਂ ’ਚ ਵੰਡੇ ਗਏ ਹਨ। ਵੱਡੇ  ਪੱਧਰ ’ਤੇ ਮੁਸਲਮਾਨ ਦੋ ਹਿੱਸਿਅਾਂ, ਭਾਵ ਸ਼ੀਆ ਅਤੇ ਸੁੰਨੀ ’ਚ ਵੰਡੇ ਹੋਏ ਹਨ ਤੇ ਇਹ ਵੀ ਦੋਵੇਂ ਅੱਗਿਓਂ ਕਈ ਫਿਰਕਿਅਾਂ ’ਚ ਵੰਡੇ ਨਜ਼ਰ ਆਉਂਦੇ ਹਨ। ਅਸਲ ’ਚ ਸ਼ੀਆ-ਸੁੰਨੀ ਵਿਚਾਲੇ  ਪੈਗੰਬਰ ਮੁਹੰਮਦ ਸਾਹਿਬ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਉੱਤਰਾਧਿਕਾਰੀ ਦੇ ਮੁੱਦੇ ’ਤੇ ਗੰਭੀਰ ਮੱਤਭੇਦ ਹਨ।
ਸੁੰਨੀਅਾਂ ’ਚ ਹਨਫੀ, ਮਾਲਿਕੀ, ਸ਼ਾਫਈ, ਹਬਲੀ, ਸਲਫੀ, ਵਹਾਬੀ, ਅਹਿਲੇ ਹਦੀਸ, ਸੁੰਨੀ ਬੋਹਰਾ ਵਰਗੇ ਕਈ ਫਿਰਕੇ ਹਨ, ਜਦਕਿ ਸ਼ੀਆ ਸਮਾਜ ’ਚ ਇਸਨਾ ਅਸ਼ਰੀ, ਜ਼ੈਦੀਆ, ਇਸਮਾਇਲੀ  ਸ਼ੀਆ, ਖੋਜਾ, ਨੁਸੈਰੀ, ਦਾਊਦੀ  ਬੋਹਰਾ  ਵਰਗੇ  ਵਰਗ  ਬਣ ਗਏ ਹਨ। ਇਨ੍ਹਾਂ ਤੋਂ ਇਲਾਵਾ ਵੀ ਇਸਲਾਮ ’ਚ ਕਈ ਛੋਟੇ-ਛੋਟੇ ਮੱਤ ਬਣਦੇ ਗਏ। ਸਾਰਿਅਾਂ ਨੇ ਖ਼ੁਦ ਨੂੰ ਸਹੀ ਅਤੇ ਦੂਜਿਅਾਂ ਨੂੰ ਗਲਤ ਦੱਸਣ ’ਚ ਕੋਈ ਕਸਰ ਨਹੀਂ ਛੱਡੀ।
ਮੁਸਲਿਮ ਸਮਾਜ ’ਚ ਕਈ ਮਾਮਲਿਅਾਂ ਨੂੰ ਲੈ ਕੇ ਮੱਤਭਿੰਨਤਾ ਹੈ, ਇਸ ਲਈ ਵੱਖ-ਵੱਖ ਫਿਰਕਿਅਾਂ ਨੇ ਆਪੋ-ਆਪਣੀ ਮਾਨਤਾ ਅਨੁਸਾਰ ਆਪਣੇ ਰੀਤੀ-ਰਿਵਾਜ ਬਣਾਏ ਹੋਏ ਹਨ ਤੇ ਅਜਿਹਾ ਹੀ ਇਕ ਰਿਵਾਜ ਵਰ੍ਹਿਅਾਂ ਤੋਂ ਚਰਚਾ ਵਿਚ ਹੈ ਅਤੇ ਵਿਵਾਦਪੂਰਨ ਵੀ। ਵਿਵਾਦਪੂਰਨ ਇੰਨਾ ਕਿ ਹੁਣ ਤਾਂ ਇਹ ਸੁਪਰੀਮ ਕੋਰਟ ਦੀ ਦਹਿਲੀਜ਼ ਤਕ ਪਹੁੰਚ ਗਿਆ ਹੈ ਅਤੇ ਇਹ ਰਿਵਾਜ ਹੈ ਮੁਸਲਿਮ ਬੱਚੀਅਾਂ ਦਾ ਖਤਨਾ ਕਰਨ ਬਾਰੇ। ਅਸਲ ’ਚ ਮੁਸਲਿਮ ਸਮਾਜ ਦੇ ਦਾਊਦੀ ਬੋਹਰਾ ਭਾਈਚਾਰੇ ’ਚ ਨਾਬਾਲਗ ਬੱਚੀਅਾਂ ਦੇ ਜਨਨ ਅੰਗ ਦੇ ਖਤਨੇ ਦੀ ਪ੍ਰਥਾ ’ਤੇ ਸੁਪਰੀਮ ਕੋਰਟ ਨੇ ਸਵਾਲ ਉਠਾਏ ਹਨ। 
ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਇਸ ਨਾਲ ਬੱਚੀਅਾਂ ਦੇ ਸਰੀਰ ਦੀ ਸੰਪੂਰਨਤਾ ਦੀ ਉਲੰਘਣਾ ਹੁੰਦੀ ਹੈ। ਔਰਤਾਂ ਦਾ ਖਤਰਾ ਸਿਰਫ ਇਸ ਲਈ ਨਹੀਂ ਕੀਤਾ ਜਾਂਦਾ ਕਿ ਉਨ੍ਹਾਂ ਨੇ ਵਿਆਹ ਕਰਵਾਉਣਾ ਹੈ ਤੇ ਔਰਤਾਂ ਦਾ ਜੀਵਨ ਸਿਰਫ ਵਿਆਹ ਤੇ ਪਤੀ ਲਈ ਨਹੀਂ ਹੁੰਦਾ। ਜ਼ਿਕਰਯੋਗ ਹੈ ਕਿ ਮੁਸਲਿਮ ਸਮਾਜ ਸੁਧਾਰਕਾਂ ਦੇ ਕਈ ਧੜੇ ਅਤੇ ਖ਼ੁਦ ਦਾਊਦੀ ਬੋਹਰਾ ਸਮਾਜ ਦਾ ਇਕ ਵਰਗ ਵੀ ਵਰ੍ਹਿਅਾਂ ਤੋਂ ਇਹੋ ਕਹਿੰਦਾ ਆਇਆ ਹੈ ਪਰ ਹੁਣ ਜਾ ਕੇ ਸੁਪਰੀਮ ਕੋਰਟ ਤੋਂ ਬੱਚੀਅਾਂ ਦਾ ਖਤਨਾ ਕੀਤੇ ਜਾਣ ਦੀ ਪ੍ਰਥਾ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ। 
ਜ਼ਿਕਰਯੋਗ ਹੈ ਕਿ ਬੋਹਰਾ ਸਮਾਜ ਮੁਸਲਮਾਨਾਂ ਦਾ ਸਭ ਤੋਂ ਪੜ੍ਹਿਆ-ਲਿਖਿਆ ਤੇ ਖੁਸ਼ਹਾਲ ਭਾਈਚਾਰਾ ਅਖਵਾਉਂਦਾ ਹੈ। ਵੋਹਰਾ ਸਮਾਜ ਦੀਅਾਂ ਔਰਤਾਂ ਖ਼ੁਦ ਇਹ ਮੰਗ ਕਰਦੀਅਾਂ ਰਹੀਅਾਂ ਹਨ ਕਿ ਇਸ ਪ੍ਰਥਾ ’ਤੇ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਮਾਸੂਮ ਬੱਚੀਅਾਂ ਨੂੰ ਮਾਨਿਸਕ, ਭਾਵਨਾਤਮਕ ਅਤੇ ਸਰੀਰਕ ਠੇਸ ਲੱਗਦੀ ਹੈ, ਜਿਸ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ। ਹੁਣ ਕਾਨੂੰਨੀ ਪੰਗੇ ’ਚ ਫਸਣ ਤੋਂ ਬਾਅਦ ਬੋਹਰਾ ਸਮਾਜ ਚਾਹੁੰਦਾ ਹੈ ਕਿ ਇਸ ਮਾਮਲੇ ਨੂੰ ਸੰਵਿਧਾਨਿਕ ਬੈਂਚ ਕੋਲ ਭੇਜਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਇਕ ਧਰਮ ਦੀ ਜ਼ਰੂਰੀ ਪ੍ਰਥਾ ਦਾ ਮਾਮਲਾ ਹੈ, ਜਿਸ ਦੀ ਸਮੀਖਿਆ ਕੀਤੇ ਜਾਣ ਦੀ ਲੋੜ ਹੈ। ਸੁਪਰੀਮ ਕੋਰਟ ਨੇ ਇਸ ’ਤੇ ਸਵਾਲ ਉਠਾਉਂਦਿਅਾਂ ਪੁੱਛਿਆ ਹੈ ਕਿ ਆਖਿਰ ਕਿਸੇ ਹੋਰ ਦੇ ਜਨਨ ਅੰਗਾਂ ’ਤੇ ਕਿਸੇ ਹੋਰ ਦਾ ਕੰਟਰੋਲ ਕਿਉਂ  ਹੋਣਾ ਚਾਹੀਦਾ ਹੈ। ਕੇਂਦਰ ਸਰਕਾਰ ਨੇ ਵੀ ਸੁਪਰੀਮ ਕੋਰਟ ’ਚ ਕਿਹਾ ਹੈ ਕਿ ਧਰਮ ਦੇ ਨਾਂ ਹੇਠ ਬੱਚੀਅਾਂ ਦਾ ਖਤਨਾ ਕਰਨਾ ਅਪਰਾਧ ਹੈ ਤੇ ਉਹ ਇਸ ’ਤੇ ਰੋਕ ਦਾ ਸਮਰਥਨ ਕਰਦੀ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ, ਕੈਨੇਡਾ, ਬੈਲਜੀਅਮ, ਇੰਗਲੈਂਡ, ਅਮਰੀਕਾ, ਸਵੀਡਨ, ਡੈਨਮਾਰਕ ਤੇ ਸਪੇਨ ਸਮੇਤ ਲੱਗਭਗ 27 ਅਫਰੀਕੀ ਦੇਸ਼ਾਂ ’ਚ ਵੀ ਇਸ ਪ੍ਰਥਾ ’ਤੇ ਰੋਕ ਹੈ ਤੇ ਕਈ ਦੇਸ਼ ਇਸ ਨੂੰ ਪਹਿਲਾਂ ਹੀ ਅਪਰਾਧ ਕਰਾਰ ਦੇ ਚੁੱਕੇ ਹਨ। 
ਦੇਖਿਆ ਜਾਵੇ ਤਾਂ ਇਸ ਪ੍ਰਥਾ ਨਾਲ ਛੋਟੀਅਾਂ ਬੱਚੀਅਾਂ ਦੇ ਕਈ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਪਰ ਬੋਹਰਾ ਭਾਈਚਾਰੇ ਨੇ ਇਸ ਪ੍ਰਥਾ ਨੂੰ ਕਾਇਮ ਰੱਖਿਆ ਹੈ। ਪੂਰੇ ਮੁਸਲਿਮ ਸਮਾਜ ਵਿਚ ਆਮ ਤੌਰ ’ਤੇ ਖਤਨਾ ਮਰਦਾਂ ਦਾ ਕੀਤਾ ਜਾਂਦਾ ਹੈ ਤੇ ਮੁਸਲਿਮ ਧਰਮ ’ਚ ਇਸ ਨੂੰ ‘ਪਾਕੀ’, ਭਾਵ ਪਵਿੱਤਰਤਾ ਦੇ ਨਾਂ ’ਤੇ ਜਾਇਜ਼ ਵੀ ਠਹਿਰਾਇਆ ਜਾਂਦਾ ਹੈ। ਕਈ ਵਿਗਿਆਨੀਅਾਂ ਨੇ ਵੀ ਮਰਦਾਂ ਦੇ ਖਤਨੇ ਨੂੰ ਲਾਹੇਵੰਦ ਦੱਸਿਆ ਹੈ ਕਿ ਇਸ ਨਾਲ ਕਈ ਖਤਰਨਾਕ ਬੀਮਾਰੀਅਾਂ ਤੋਂ ਬਚਿਆ ਜਾ ਸਕਦਾ ਹੈ। ਬੱਚਿਅਾਂ ਦੇ ਰੋਗਾਂ ਬਾਰੇ ਡਾਕਟਰਾਂ ਅਤੇ ਵਿਗਿਆਨਕ ਸਬੂਤਾਂ ਦੇ ਆਧਾਰ ’ਤੇ ਇਹ ਵੀ ਸਾਫ ਕਿਹਾ ਜਾ ਸਕਦਾ ਹੈ ਕਿ ਜੋ ਬੱਚੇ ਖਤਨਾ ਕਰਵਾਉਂਦੇ ਹਨ, ਉਨ੍ਹਾਂ ਨੂੰ ਕਈ ਤਰ੍ਹਾਂ ਦੀਅਾਂ ਬੀਮਾਰੀਅਾਂ ਹੋਣ ਦਾ ਖਦਸ਼ਾ ਘਟ ਜਾਂਦਾ ਹੈ। ਇਨ੍ਹਾਂ ’ਚ ਖਾਸ ਤੌਰ ’ਤੇ ਛੋਟੇ ਬੱਚਿਅਾਂ ਨੂੰ ਪੇਸ਼ਾਬ ’ਚ ਹੋਣ ਵਾਲੀ ਇਨਫੈਕਸ਼ਨ, ਮਰਦਾਂ ਦੇ ਗੁਪਤ ਅੰਗ ਸਬੰਧੀ ਕੈਂਸਰ, ਸੈਕਸ ਸਬੰਧਾਂ ਕਾਰਨ ਹੋਣ ਵਾਲੀਅਾਂ ਬੀਮਾਰੀਅਾਂ ਆਦਿ। 
ਬੋਹਰਾ ਸਮਾਜ ’ਚ ਪ੍ਰਚੱਲਿਤ ਇਸ ਪ੍ਰਥਾ ਅਨੁਸਾਰ ਬੱਚੀ ਦੇ ਗੁਪਤ ਅੰਗ ਦੇ ਬਾਹਰਲੇ ਹਿੱਸੇ ਨੂੰ ਕੱਟ ਦਿੱਤਾ ਜਾਂਦਾ ਹੈ ਜਾਂ ਉਸ ਦੀ ਬਾਹਰਲੀ ਚਮੜੀ ਨੂੰ ਕੱਢ ਦਿੱਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ‘ਖਫਦ’ ਜਾਂ ‘ਫੀਮੇਲ ਜੇਨਾਟਾਈਲ  ਮਿਊਟੀਲੇਸ਼ਨ’ ਵੀ ਕਹਿੰਦੇ ਹਨ। ਰਵਾਇਤੀ ਖਤਨਾ ਪ੍ਰਕਿਰਿਆ ’ਚ ਬੱਚੀ ਦੇ ਹੱਥ-ਪੈਰ ਕੁਝ ਔਰਤਾਂ ਫੜਦੀਅਾਂ ਹਨ ਤੇ ਇਕ ਔਰਤ ਚਾਕੂ ਜਾਂ ਬਲੇਡ ਨਾਲ ਉਸ ਦਾ ਖਤਨਾ ਕਰ ਦਿੰਦੀ ਹੈ। ਖੂਨ ਨਾਲ ਲੱਥਪਥ ਬੱਚੀ ਕਈ ਮਹੀਨਿਅਾਂ ਤਕ ਦਰਦ ਨਾਲ ਤੜਫਦੀ ਰਹਿੰਦੀ ਹੈ। 
ਬੋਹਰਾ ਸਮਾਜ ਦੇ ਲੋਕ ਖਤਨੇ ਦੇ ਵੱਖ-ਵੱਖ ਕਾਰਨ ਦੱਸਦੇ ਹਨ। ਪਹਿਲਾਂ ਉਹ ਕਹਿੰਦੇ ਸਨ ਕਿ ਇਹ ਸਫਾਈ ਅਤੇ ਪਵਿੱਤਰਤਾ ਲਈ ਹੈ। ਫਿਰ ਕਿਹਾ ਜਾਣ ਲੱਗਾ ਕਿ ਇਹ ਕੁੜੀਅਾਂ ਦੀ ਸੈਕਸ ਇੱਛਾ ਕਾਬੂ ’ਚ ਕਰਨ ਲਈ ਹੈ ਪਰ ਹੁਣ ਜਦੋਂ ਇਸ ਦਾ ਵਿਰੋਧ ਹੋ ਰਿਹਾ ਹੈ ਤਾਂ ਉਹ ਕਹਿੰਦੇ ਹਨ ਕਿ ਇਹ ਸੈਕਸ ਇੱਛਾ ਵਧਾਉਣ ਲਈ ਹੈ। ਔਰਤਾਂ ਦੇ ਖਤਨੇ ਦੀ ਬੇਹੱਦ ਭੱਦੀ, ਦਰਦਨਾਕ ਤੇ ਅਣਮਨੁੱਖੀ ਪ੍ਰਥਾ ਅਫਰੀਕਾ ਮਹਾਦੀਪ ਦੇ ਮਿਸਰ, ਕੀਨੀਆ, ਯੂਗਾਂਡਾ ਵਰਗੇ ਕਈ ਦੇਸ਼ਾਂ ’ਚ ਸਦੀਅਾਂ ਤੋਂ ਜਾਰੀ ਹੈ। ਸਭ ਤੋਂ ਪਹਿਲਾਂ ਇਸ  ਪ੍ਰਥਾ ਦਾ ਵੇਰਵਾ ਰੋਮਨ ਸਾਮਰਾਜ ਅਤੇ ਮਿਸਰ ਦੀ ਪ੍ਰਾਚੀਨ ਸੱਭਿਅਤਾ ’ਚ ਮਿਲਦਾ ਹੈ। ਮਿਸਰ ਦੇ ਅਜਾਇਬਘਰਾਂ ’ਚ ਅਜਿਹੇ ਅਵਸ਼ੇਸ਼ ਰੱਖੇ ਹੋਏ ਹਨ, ਜੋ ਇਸ ਪ੍ਰਥਾ ਦੀ ਪੁਸ਼ਟੀ ਕਰਦੇ ਹਨ।
ਅਫਸੋਸਨਾਕ ਗੱਲ ਤਾਂ ਇਹ ਹੈ ਕਿ ਖਤਨੇ ਵਾਲੇ ਦਿਨ ਬਾਕਾਇਦਾ ਇਕ ਪ੍ਰੋਗਰਾਮ ਰੱਖ ਕੇ ਦਾਅਵਤ ਦਿੱਤੀ ਜਾਂਦੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪੁਰਾਤਨ ਹਦੀਸਾਂ ’ਚ ਮਰਦਾਂ ਦਾ ਖਤਨਾ ਕਰਵਾਉਣ ਦੀਅਾਂ ਧਾਰਮਿਕ ਅਤੇ ਵਿਗਿਆਨਿਕ ਦੋਵੇਂ ਦਲੀਲਾਂ ਮੌਜੂਦ ਹਨ ਪਰ ਔਰਤਾਂ ਦੇ ਖਤਨੇ ਦਾ ਕਿਤੇ ਜ਼ਿਕਰ ਨਹੀਂ ਹੈ।
ਬੋਹਰਾ ਮੁਸਲਿਮ ਸਮਾਜ ’ਚ ਰੋਜ਼ਾਨਾ ਹਜ਼ਾਰਾਂ ਬੱਚੀਅਾਂ ਇਸ ਦਰਦਨਾਕ ਪ੍ਰਕਿਰਿਆ ’ਚੋਂ ਲੰਘਦੀਅਾਂ ਹਨ। ਇਹ ਇਕ ਅਜਿਹੀ ਮਜ਼੍ਹਬੀ ਅਫੀਮ ਹੈ, ਜਿਸ ਨੂੰ ਧਾਰਮਿਕਤਾ ਦਾ ਜਾਮਾ ਪਹਿਨਾ ਕੇ ਉਨ੍ਹਾਂ ਬੱਚੀਅਾਂ ’ਤੇ ਠੋਸਿਆ ਗਿਆ ਹੈ, ਜਿਨ੍ਹਾਂ ਨੂੰ ਪਤਾ ਤਕ ਨਹੀਂ ਹੁੰਦਾ ਕਿ ਸੈਕਸ ਜਾਂ ਵਿਆਹ ਤੋਂ ਪਹਿਲਾਂ ਸਰੀਰਕ ਸਬੰਧ ਬਣਾਉਣਾ ਕੀ ਹੁੰਦਾ ਹੈ? 
ਹੁਣ ਮਾਮਲਾ ਸੁਪਰੀਮ ਕੋਰਟ ’ਚ ਹੈ ਅਤੇ ਸਰਕਾਰ ਵੀ ਇਸ ’ਚ ਇਕ ਧਿਰ ਹੈ, ਇਸ ਲਈ ਸਰਕਾਰ ਨੂੰ ਵੀ ਇਸ ਦਿਸ਼ਾ ’ਚ ਯਤਨ ਕਰਨੇ ਪੈਣਗੇ। ਬੋਹਰਾ ਸਮਾਜ ਦੇ ਧਰਮਗੁਰੂ ਪੇਸ਼ਵਾ ਦਾ ਜ਼ੋਰ ਮੁਸਲਿਮ ਸਮਾਜ ਦੇ ਹੋਰਨਾਂ ਫਿਰਕਿਅਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਸਰਕਾਰ ਨੂੰ ਬੋਹਰਾ ਭਾਈਚਾਰੇ ਦੇ ਧਾਰਮਿਕ ਆਗੂਅਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਦਖਲ ਤੋਂ ਬਿਨਾਂ ਇਸ ਅਣਮਨੁੱਖੀ ਪ੍ਰਥਾ ਨੂੰ ਖਤਮ ਕਰਨਾ ਬਹੁਤ ਮੁਸ਼ਕਿਲ ਹੈ। 
ਜਿਵੇਂ ਜਨਮ ਤੋਂ ਪਹਿਲਾਂ ਬੱਚੇ ਦੇ ਲਿੰਗ ਦੀ ਜਾਂਚ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ, ਉਸੇ ਤਰ੍ਹਾਂ ਜੇ ਸਰਕਾਰ ਚਾਹੇ ਤਾਂ  ਬੱਚੀਅਾਂ  ਦੇ ਖਤਨੇ ਨੂੰ ਵੀ ਗੈਰ-ਕਾਨੂੰਨੀ ਕਰਾਰ  ਦੇ ਸਕਦੀ ਹੈ। ਇਹ ਸਿਰਫ ਮੁਸਲਿਮ ਬੋਹਰਾ ਸਮਾਜ ਦਾ ਮਾਮਲਾ ਨਹੀਂ ਹੈ। ਪੂਰੇ ਮੁਸਲਿਮ ਸਮਾਜ ਨੂੰ ਅੱਗੇ ਆ ਕੇ ਇਸ ਪ੍ਰਥਾ ਬਾਰੇ ਮੁਸਲਿਮ ਬੋਹਰਾ ਸਮਾਜ ਦੀਅਾਂ ਔਰਤਾਂ ਦੀਅਾਂ ਭਾਵਨਾਵਾਂ ਨੂੰ ਸਮਝ ਕੇ ਫੈਸਲਾ ਲੈਣਾ ਪਵੇਗਾ ਅਤੇ ਉਨ੍ਹਾਂ ਲਈ ਇਨਸਾਫ ਦੀ ਆਵਾਜ਼ ਬੁਲੰਦ ਕਰਨੀ ਪਵੇਗੀ।    (ਲੇਖਕ ਦੇ ਵਿਚਾਰ ਨਿੱਜੀ ਹਨ।)
(‘ਸਾਮਨਾ’ ਤੋਂ ਧੰਨਵਾਦ ਸਹਿਤ)


Related News