ਕੀ ਕਿਸੇ ਪਾਰਟੀ ਕੋਲ ਮੋਦੀ ਦਾ ''ਬਦਲ'' ਹੈ
Monday, Jan 02, 2017 - 04:08 AM (IST)
ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਖਸੀਅਤ ਨੇ ਸਿਆਸਤ ਅਤੇ ਮੀਡੀਆ ਦੇ ਦਾਇਰਿਆਂ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਹੈ। ਦੂਜੇ ਪਾਸੇ ਦੇਸ਼ ਦੀ ਆਮ ਜਨਤਾ ਇਸ ਉਮੀਦ ਵਿਚ ਹੈ ਕਿ ਮੋਦੀ ਦੀਆਂ ਨੀਤੀਆਂ ਉਨ੍ਹਾਂ ਦੇ ਦਿਨ ਬਦਲ ਦੇਣਗੀਆਂ, ਭਾਵ ਉਨ੍ਹਾਂ ਦੇ ਚੰਗੇ ਦਿਨ ਆਉਣ ਵਾਲੇ ਹਨ। ਇਹ ਉਹ ਜਮਾਤ ਹੈ, ਜਿਸ ਨੂੰ ਅੱਜ ਤਕ ਹਰੇਕ ਪ੍ਰਧਾਨ ਮੰਤਰੀ ਨੇ ਸੁਪਨੇ ਦਿਖਾਏ।
ਪੰ. ਨਹਿਰੂ ਨੇ ਯੋਜਨਾਬੱਧ ਵਿਕਾਸ ਦੀ ਗੱਲ ਕੀਤੀ ਤਾਂ ਇੰਦਰਾ ਗਾਂਧੀ ਨੇ ''ਗਰੀਬੀ ਹਟਾਓ'' ਦਾ ਨਾਅਰਾ ਦਿੱਤਾ। ਰਾਜੀਵ ਗਾਂਧੀ ਨੇ ਦੇਸ਼ ਨੂੰ 21ਵੀਂ ਸਦੀ ''ਚ ਲਿਜਾਣ ਦਾ ਸੁਪਨਾ ਦਿਖਾਇਆ ਤਾਂ ਵੀ. ਪੀ. ਸਿੰਘ ਨੇ ਭ੍ਰਿਸ਼ਟਾਚਾਰ ਮਿਟਾਉਣ ਦਾ, ਮਤਲਬ ਇਹ ਕਿ ਹਰ ਵਾਰ ਆਮ ਜਨਤਾ ਸੁਪਨੇ ਦੇਖਦੀ ਰਹਿ ਗਈ ਤੇ ਉਸ ਦੀ ਝੋਲੀ ''ਚ ਸਿਵਾਏ ਉਡੀਕ ਦੇ ਅਜਿਹਾ ਕੁਝ ਨਹੀਂ ਡਿਗਿਆ, ਜੋ ਉਸ ਦੀ ਜ਼ਿੰਦਗੀ ਬਦਲ ਦਿੰਦਾ। ਹੁਣ ਨਰਿੰਦਰ ਮੋਦੀ ਦੀ ਵਾਰੀ ਹੈ ਤੇ ਸਮਾਂ ਹੀ ਦੱਸੇਗਾ ਕਿ ਉਹ ਆਮ ਜਨਤਾ ਨੂੰ ਕਦੋਂ ਤਕ ਤੇ ਕਿਹੋ ਜਿਹੀ ਰਾਹਤ ਦੇਣਾ ਚਾਹੁੰਦੇ ਹਨ। ਉਦੋਂ ਤਕ ਉਡੀਕ ਕਰਨੀ ਪਵੇਗੀ।
ਇਕ ਹੋਰ ਜਮਾਤ ਹੈ, ਜਿਸ ਦੇ ਪਿਛਲੇ 69 ਸਾਲਾਂ ਤੋਂ ਚੰਗੇ ਦਿਨ ਚੱਲ ਰਹੇ ਸਨ ਪਰ ਹੁਣ ਮੋਦੀ ਦੇ ਆਉਣ ਨਾਲ ਇਸ ਜਮਾਤ ਦੇ ਲੋਕਾਂ ਨੂੰ ਨਿਰਾਸ਼ਾ ਹੋਈ ਹੈ। ਇਹ ਉਹ ਜਮਾਤ ਹੈ, ਜਿਸ ਨੇ ਸਰਕਾਰ ਨੂੰ ਟੈਕਸ ਦੇਣਾ ਕਦੇ ਜ਼ਰੂਰੀ ਨਹੀਂ ਸਮਝਿਆ, ਜਦਕਿ ਇਹ ਲੋਕ ਸਾਲ ਭਰ ''ਚ ਹਜ਼ਾਰਾਂ ਕਰੋੜ ਰੁਪਏ ਦਾ ਕਾਰੋਬਾਰ ਕਰ ਰਹੇ ਸਨ।
ਇਕ ਭਾਈਚਾਰਾ ਵਿਸ਼ੇਸ਼ ਤਾਂ ਅਜਿਹਾ ਹੈ, ਜਿਸ ਦੇ ਇਲਾਕੇ ਵਿਚ ਜੇ ਕੋਈ ਆਮਦਨ ਕਰ ਜਾਂ ਵਿਕਰੀ ਕਰ ਅਧਿਕਾਰੀ ਗਲਤੀ ਨਾਲ ਵੀ ਚਲਾ ਜਾਵੇ ਤਾਂ ਉਸ ਨੂੰ ਖੂਬ ਕੁੱਟਿਆ ਜਾਂਦਾ ਸੀ। ਕਈ ਸਰਕਾਰਾਂ ਨੇ ਇਸ ਜਮਾਤ ਦੇ ਲੋਕਾਂ ਨੂੰ ਹਮੇਸ਼ਾ ਆਪਣੇ ''ਜਵਾਈ'' ਵਾਂਗ ਸਮਝਿਆ ਤੇ ਚੰਦ ਵੋਟਾਂ ਦੀ ਖਾਤਿਰ ਉਨ੍ਹਾਂ ਦੀ ਹਰੇਕ ਜਾਇਜ਼-ਨਾਜਾਇਜ਼ ਗੱਲ ਬਰਦਾਸ਼ਤ ਕੀਤੀ।
ਚੰਗੇ ਦਿਨਾਂ ''ਚ ਰਹਿੰਦੀ ਆਈ ਇਸੇ ਜਮਾਤ ''ਚ ਦੇਸ਼ ਦੇ ਰਾਜਨੇਤਾ ਅਤੇ ਨੌਕਰਸ਼ਾਹ ਵੀ ਆਉਂਦੇ ਹਨ, ਜਿਨ੍ਹਾਂ ਨੇ ਆਮ ਲੋਕਾਂ ਨੂੰ ਲੁੱਟ ਕੇ ਅੱਜ ਤਕ ਬਹੁਤ ਚੰਗੇ ਦਿਨ ਦੇਖੇ ਹਨ ਪਰ ਇਹ ਜਮਾਤ ਅਜੇ ਵੀ ਮੋਦੀ ਦੇ ਕਾਬੂ ''ਚ ਨਹੀਂ ਆਈ। ''ਨੋਟਬੰਦੀ'' ਦੀ ਇਸ ਜਮਾਤ ''ਤੇ ਕੋਈ ਮਾਰ ਨਹੀਂ ਪਈ।
ਇਸ ਦੇ ਬਾਵਜੂਦ ਲੋਕ ਜੇਕਰ ਦੇਸ਼ ਵਿਚ ਸਹੂਲਤਾਂ ਦੀ ਘਾਟ ਦਾ ਰੋਣਾ ਰੋਂਦੇ ਰਹਿਣ ਅਤੇ ਦੇਸ਼ ਦੇ ਸੁਧਾਰ ਲਈ ਟੈਕਸ ਵੀ ਨਾ ਦੇਣਾ ਚਾਹੁਣ ਤਾਂ ਦੇਸ਼ ਦੇ ਹਾਲਾਤ ਕਿਵੇਂ ਸੁਧਰਨਗੇ? ਇਸ ਲਈ ਮੋਦੀ ਸਰਕਾਰ ਦਾ ਟੈਕਸਾਂ ਦੇ ਮਾਮਲੇ ਵਿਚ ਸਖ਼ਤ ਕਦਮ ਚੁੱਕਣਾ ਬੇਹੱਦ ਜ਼ਰੂਰੀ ਹੈ। ਦੱਬੀ ਜ਼ੁਬਾਨ ਨਾਲ ਤਾਂ ਹੁਣ ਵਪਾਰੀ ਵਰਗ ਵੀ ਇਹ ਮੰਨਣ ਲੱਗਾ ਹੈ ਕਿ ਜੇ ਉਚਿਤ ਦਰ ''ਤੇ ਉਸ ਦਾ ਬਕਾਇਆ ਧਨ ''ਚਿੱਟਾ'' ਹੋ ਜਾਵੇ ਤਾਂ ਉਸ ਦੀ ਸਥਿਤੀ ਅੱਜ ਨਾਲੋਂ ਬਿਹਤਰ ਹੋ ਜਾਵੇਗੀ।
ਪਰ ਇਸ ਗੱਲ ''ਤੇ ਵੀ ਦੇਸ਼ ਵਿਚ ਆਮ ਰਾਏ ਹੈ ਕਿ ਪੂਰਾ ਭਾਰਤੀ ਸਮਾਜ ਅਜੇ ਡਿਜੀਟਲ ਹੋਣ ਲਈ ਤਿਆਰ ਨਹੀਂ ਹੈ। ਹਾਲਾਂਕਿ ਜਿਸ ਤਰ੍ਹਾਂ ਅਸੀਂ ਪਿਛਲੇ ਕਾਲਮ ਵਿਚ ਲਿਖਿਆ ਸੀ ਕਿ ਜੇ ਮੋਦੀ ਵੀ ਮੁਸਤਫ਼ਾ ਕਮਾਲ ਪਾਸ਼ਾ ਵਾਂਗ ਲੱਕ ਬੰਨ੍ਹ ਲੈਣ ਤਾਂ ਸ਼ਾਇਦ ਉਹ ਕਾਮਯਾਬ ਹੋ ਸਕਦੇ ਹਨ।
ਪਰ ਇਸ ਦੇ ਨਾਲ ਹੀ ਨੌਕਰਸ਼ਾਹੀ ਪ੍ਰਤੀ ਮੋਦੀ ਦੇ ਅਥਾਹ ਪਿਆਰ ਨੂੰ ਲੈ ਕੇ ਵੀ ਸਮਝਦਾਰ ਲੋਕ ਚਿੰਤਤ ਹਨ। ਜਿਸ ਨੌਕਰਸ਼ਾਹੀ ਨੇ ਪਿਛਲੇ 69 ਸਾਲਾਂ ਵਿਚ ਆਪਣਾ ਰਵੱਈਆ ਨਹੀਂ ਬਦਲਿਆ, ਉਹ ਰਾਤੋ-ਰਾਤ ਕਿਵੇਂ ਬਦਲ ਸਕੇਗੀ? ਜੇਕਰ ਤਨਖਾਹ ਲੈਣ ਵਾਲੇ ਅਫਸਰ ਈਮਾਨਦਾਰ ਅਤੇ ਫਰਜ਼ਾਂ ਪ੍ਰਤੀ ਵਫਾਦਾਰ ਹੁੰਦੇ ਤਾਂ ਭਾਰਤ ਅੱਜ ਪਤਾ ਨਹੀਂ ਕਿੰਨੀ ਉਚਾਈ ''ਤੇ ਪਹੁੰਚ ਗਿਆ ਹੁੰਦਾ। ਇਸ ਲਈ ਮੋਦੀ ਦੇ ਸ਼ੁੱਭਚਿੰਤਕਾਂ ਦੀ ਸਲਾਹ ਹੈ ਕਿ ਉਹ ਕਿਸੇ ਵੀ ਵਰਗ ਪ੍ਰਤੀ ਇੰਨੇ ਆਸਵੰਦ ਨਾ ਹੋਣ, ਸਗੋਂ ਬਦਲਵੇਂ ਵਿਚਾਰ, ਨੀਤੀ ਨਿਰਧਾਰਨ ਅਤੇ ਨੀਤੀਆਂ ਲਾਗੂ ਕਰਨ ਲਈ ਨੌਕਰਸ਼ਾਹੀ ਦੇ ਦਾਇਰੇ ''ਚੋਂ ਬਾਹਰ ਨਿਕਲਣ ਤੇ ਆਪਣੇ-ਆਪਣੇ ਖੇਤਰ ਵਿਚ ਲੱਗੇ ਲੋਕਾਂ ਨੂੰ ਨੀਤੀਆਂ ਤੇ ਯੋਜਨਾਵਾਂ ਬਣਾਉਣ ਦੇ ਕੰਮ ਨਾਲ ਜੋੜਨ, ਜਿਸ ਨਾਲ ਤਬਦੀਲੀ ਆਵੇ ਤੇ ਸੰਤੁਲਨ ਬਣਿਆ ਰਿਹਾ।
ਇਸ ਦੇ ਨਾਲ ਹੀ ਮੋਦੀ ਦੇ ਮਿੱਤਰਾਂ ਦੀ ਇਕ ਸਲਾਹ ਇਹ ਵੀ ਹੈ ਕਿ ਉਹ ਧਮਕਾਉਣ ਦੀ ਭਾਸ਼ਾ ਕੰਜੂਸੀ ਨਾਲ ਵਰਤਣ ਤੇ ਦੇਸ਼ ਨੂੰ ਆਸਵੰਦ ਕਰਨ ਕਿ ਉਨ੍ਹਾਂ ਦਾ ਉਦੇਸ਼ ਕਾਰੋਬਾਰਾਂ ਨੂੰ ਬਰਬਾਦ ਕਰਨਾ ਨਹੀਂ ਹੈ, ਸਗੋਂ ਅਜਿਹੇ ਹਾਲਾਤ ਪੈਦਾ ਕਰਨਾ ਹੈ, ਜਿਸ ਨਾਲ ਛੋਟੇ ਤੋਂ ਛੋਟਾ ਵਪਾਰੀ ਵੀ ਸਨਮਾਨਜਨਕ ਢੰਗ ਨਾਲ ਜੀਅ ਸਕੇ ਪਰ ਇਸ ਦਿਸ਼ਾ ਵਿਚ ਅਜੇ ਕੁਝ ਵੀ ਠੋਸ ਨਹੀਂ ਹੋਇਆ ਹੈ।
ਮਗਧ ਸਾਮਰਾਜ ਦਾ ਮੌਰਿਆ ਰਾਜਾ ਅਸ਼ੋਕ ਭੇਸ ਬਦਲ ਕੇ ਬਿਨਾਂ ਸੁਰੱਖਿਆ ਦੇ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਪਹੁੰਚ ਜਾਂਦਾ ਸੀ ਤੇ ਆਪਣੇ ਸ਼ਾਸਨ ਬਾਰੇ ਲੋਕਾਂ ਦੀ ਬੇਬਾਕ ਰਾਏ ਜਾਣਨ ਦੀ ਕੋਸ਼ਿਸ਼ ਕਰਦਾ ਸੀ। ਜਿਹੜੀਆਂ ਸਮੱਸਿਆਵਾਂ ''ਚੋਂ ਭਾਰਤ ਅੱਜ ਲੰਘ ਰਿਹਾ ਹੈ, ਜਿਸ ਤਰ੍ਹਾਂ ਦਾ ਅੱਜ ਕੌਮਾਂਤਰੀ ਮਾਹੌਲ ਹੈ, ਉਸ ਦੇ ਮੱਦੇਨਜ਼ਰ ਭਾਰਤ ਨੂੰ ਇਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ। ਮੋਦੀ ਇਸ ਘਾਟ ਨੂੰ ਪੂਰੀ ਕਰਨ ਵਾਲੇ ਲੱਗਦੇ ਹਨ, ਇਸ ਲਈ ਲੋਕਾਂ ਨੂੰ ਉਨ੍ਹਾਂ ਤੋਂ ਉਮੀਦਾਂ ਹਨ।
ਅੱਜ ਕੇਂਦਰ ਤੇ ਸੂਬਾਈ ਪੱਧਰ ''ਤੇ ਪਾਰਟੀਆਂ ਅੰਦਰ ਜਿਸ ਤਰ੍ਹਾਂ ਦੀ ਉਥਲ-ਪੁਥਲ ਹੋ ਰਹੀ ਹੈ, ਕੀ ਉਸ ਨੂੰ ਦੇਖਦਿਆਂ ਕਿਸੇ ਪਾਰਟੀ ਕੋਲ ਮੋਦੀ ਨਾਲੋਂ ਬਿਹਤਰ ਬਦਲ ਮੁਹੱਈਆ ਹੈ? ਭਾਈ-ਭਤੀਜਾਵਾਦ ਤੇ ਸਰਕਾਰੀ ਸੋਮਿਆਂ ਦੀ ਲੁੱਟ ਵਿਚ ਲੱਗੀਆਂ ਇਹ ਪਾਰਟੀਆਂ ਮੋਦੀ ਦਾ ਮੁਕਾਬਲਾ ਕਿਵੇਂ ਕਰ ਸਕਦੀਆਂ ਹਨ।
ਅੱਜ ਲੋੜ ਇਸ ਗੱਲ ਦੀ ਹੈ ਕਿ ਮੋਦੀ ਦੋ ਪੌੜੀਆਂ ਹੇਠਾਂ ਉਤਰ ਕੇ ਸਹੀ ਲੋਕਾਂ ਨਾਲ ਦੇਸ਼ ਦੇ ਹਿੱਤ ਵਿਚ ਸੰਵਾਦ ਕਾਇਮ ਕਰਨ ਤੇ ਉਸ ਆਧਾਰ ''ਤੇ ਨੀਤੀਆਂ ਬਣਾਉਣ।
ਦੂਜੇ ਪਾਸੇ ਉਨ੍ਹਾਂ ਦੇ ਆਲੋਚਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜਿਹੜਾ ਜ਼ੋਰ ਉਹ ਮੋਦੀ ਦਾ ਮਜ਼ਾਕ ਉਡਾਉਣ ਜਾਂ ਉਨ੍ਹਾਂ ਦੀਆਂ ਕਮੀਆਂ ਕੱਢਣ ''ਤੇ ਲਾਉਂਦੇ ਹਨ, ਉਹੀ ਜ਼ੋਰ ਜੇਕਰ ਠੋਸ ਸੁਝਾਅ ਦੇਣ ਵਿਚ ਲਾਉਣ ਅਤੇ ਅਜਿਹਾ ਮਾਹੌਲ ਬਣਾਉਣ ਕਿ ਉਹ ਸੁਝਾਅ ਸੁਣੇ ਜਾਣ ਤਾਂ ਦੇਸ਼ ਦਾ ਜ਼ਿਆਦਾ ਭਲਾ ਹੋਵੇਗਾ।
