ਵਾਰਾਨਸੀ ’ਚ ਮੋਦੀ ਬਾਰੇ ਮਿਲੀ-ਜੁਲੀ ਪ੍ਰਤੀਕਿਰਿਆ

Wednesday, May 01, 2019 - 06:42 AM (IST)

ਕਲਿਆਣੀ ਸ਼ੰਕਰ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 5 ਸਾਲਾਂ ਤਕ ਵਾਰਾਨਸੀ ਦੀ ਨੁਮਾਇੰਦਗੀ ਕਰਨ ਤੋਂ ਬਾਅਦ ਕੀ ਇਸ ਲੋਕ ਸਭਾ ਹਲਕੇ ’ਚ ਬਿਹਤਰੀ ਦੀ ਦਿਸ਼ਾ ’ਚ ਕੋਈ ਤਬਦੀਲੀ ਆਈ ਹੈ? ਕੀ ਜੁਲਾਹਿਆਂ ਦੇ ਜੀਵਨ ’ਚ ਸੁਧਾਰ ਹੋਇਆ ਹੈ? ਕੀ ਹਵਾ ਪ੍ਰਦੂਸ਼ਣ ਘਟਿਆ ਹੈ? ਕੀ ਗੰਗਾ ਨਦੀ ਪਹਿਲਾਂ ਨਾਲੋਂ ਸਾਫ ਹੋਈ ਹੈ? ਕੀ ਬੁਨਿਆਦੀ ਢਾਂਚੇ ’ਚ ਸੁਧਾਰ ਹੋਇਆ ਹੈ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਜਨਤਾ ਦੀ ਅਦਾਲਤ ਵਲੋਂ 23 ਮਈ ਨੂੰ ਸੁਣਾਇਆ ਜਾਵੇਗਾ, ਜਦੋਂ ਚੋਣ ਨਤੀਜੇ ਐਲਾਨੇ ਜਾਣਗੇ। ਮੋਦੀ ਨੇ ਵਾਰਾਨਸੀ ਤੋਂ 26 ਅਪ੍ਰੈਲ ਨੂੰ ਦੂਜੀ ਵਾਰ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਅਤੇ ਇਸ ਤੋਂ ਇਕ ਦਿਨ ਪਹਿਲਾਂ 25 ਅਪ੍ਰੈਲ ਨੂੰ ਮੋਦੀ ਦੇ ਮੈਗਾ ਰੋਡ ਸ਼ੋਅ ’ਚ ਖੂਬ ਭੀੜ ਜੁੜੀ। ਬਨਾਰਸ ਹਿੰਦੂ ਯੂਨੀਵਰਸਿਟੀ (ਬੀ. ਐੱਚ. ਯੂ.) ਦੇ ਪ੍ਰੋਫੈਸਰ ਏ. ਕੇ. ਸ਼੍ਰੀਵਾਸਤਵ ਦਾ ਮੰਨਣਾ ਹੈ ਕਿ ਵਾਰਾਨਸੀ ਦੇ ਦੌਰੇ ਤੋਂ ਪਤਾ ਲੱਗਦਾ ਹੈ ਕਿ ਮੋਦੀ ਨੇ ਕਾਫੀ ਕੰਮ ਕੀਤਾ ਹੈ ਪਰ ਅਜੇ ਵੀ ‘ਕੰਮ ਤਰੱਕੀ ’ਤੇ ਹੈ’। ਮੈਂ ਦੇਖਿਆ ਕਿ ਵਾਰਾਨਸੀ ਦੋ ਤਰ੍ਹਾਂ ਦੇ ਧੜਿਆਂ ’ਚ ਵੰਡੀ ਹੋਈ ਹੈ–ਇਕ ਉਹ, ਜਿਹੜੇ ਮੋਦੀ ਦੀ ਖਾਹਿਸ਼ੀ ਵਿਕਾਸ ਯੋਜਨਾ ਦਾ ਸਮਰਥਨ ਕਦੇ ਹਨ ਅਤੇ ਦੂਜੇ ਉਹ, ਜਿਹੜੇ ਇਸ ਦਾ ਵਿਰੋਧ ਕਰਦੇ ਹਨ।

2014 ’ਚ ਮੋਦੀ ਨੇ ਮੈਟਰੋ, ਮੋਨੋਰੇਲ, ਸਿਕਸ ਲੇਨ ਰਾਜਮਾਰਗ, ਫਲਾਈਓਵਰ, ਸੈਟੇਲਾਈਟ ਕਸਬੇ, 24 ਘੰਟੇ ਬਿਜਲੀ ਤੇ ਪਾਣੀ, ਸਾਫ ਗੰਗਾ, ਗੰਗਾ ’ਚ ਲਗਜ਼ਰੀ ਕਰੂਜ਼, ਠੋਸ ਕਚਰੇ ਨੂੰ ਟਿਕਾਣੇ ਲਾਉਣ ਦੇ ਪ੍ਰਬੰਧ ਤੇ ਹੋਰ ਵਿਕਾਸ ਕਾਰਜਾਂ ਦੇ ਵਾਅਦੇ ਕੀਤੇ ਸਨ। ਮੋਦੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਾ ਸਿਰਫ ਸੜਕਾਂ ਨੂੰ ਸੁਧਾਰਿਆ ਹੈ, ਸਗੋਂ ਵਾਰਾਨਸੀ ਅਤੇ ਇਸ ਦੇ ਆਸ-ਪਾਸ ਪੂਰੇ ਬੁਨਿਆਦੀ ਢਾਂਚੇ ’ਚ ਸੁਧਾਰ ਕੀਤਾ ਹੈ। ਮਲਟੀ ਮਾਡਲ ਟਰਮੀਨਲ ਤੇ ਟ੍ਰੇਡ ਫੈਸਿਲੀਟੇਸ਼ਨ ਸੈਂਟਰ, ਵਾਰਾਨਸੀ ਦੇ ਆਲੇ-ਦੁਆਲੇ ਸਥਾਪਿਤ ਕੀਤੀਆਂ ਗਈਆਂ ਹੈਰੀਟੇਜ ਲਾਈਟਾਂ ਕੁਝ ਮਿਸਾਲਾਂ ਹਨ। ਕਾਗਜ਼ਾਂ ’ਚ ਮੋਦੀ ਇਨ੍ਹਾਂ 5 ਸਾਲਾਂ ’ਚ ਲੱਗਭਗ 30 ਹਜ਼ਾਰ ਕਰੋੜ ਰੁਪਏ ਦੇ ਲੱਗਭਗ ਪ੍ਰਾਜੈਕਟ ਲੈ ਕੇ ਆਏ ਹਨ। ਲਾਲ ਬਹਾਦੁਰ ਸ਼ਾਸਤਰੀ ਹਵਾਈ ਅੱਡੇ ’ਤੇ ਪਹੁੰਚਣ ’ਤੇ ਪਹਿਲੀ ਜੋ ਚੀਜ਼ ਤੁਹਾਡੇ ਧਿਆਨ ’ਚ ਆਉਂਦੀ ਹੈ, ਉਹ ਹੈ ਸ਼ਹਿਰ ਲਈ ਫੋਰਲੇਨ ਸੜਕ, ਜਿਸ ’ਚ ਤਿੰਨ ਫਲਾਈਓਵਰ ਹਨ। ਏਅਰਪੋਰਟ ਤੋਂ ਸ਼ਹਿਰ ਤਕ ਪਹੁੰਚਣ ’ਚ ਹੁਣ ਸਿਰਫ 45 ਮਿੰਟ ਲੱਗਦੇ ਹਨ, ਜਦਕਿ ਪਹਿਲਾਂ 3 ਘੰਟੇ ਲੱਗ ਜਾਂਦੇ ਸਨ। ਵਾਰਾਨਸੀ ’ਚ ਦਾਖਲ ਹੋਣ ’ਤੇ ਗੰਗਾ ਦਾ ਸਪੱਸ਼ਟ ਦੀਦਾਰ, ਚੌੜੀਆਂ ਸੜਕਾਂ, ਪੁਲ ਅਤੇ ਫਲਾਈਓਵਰ ਤੁਹਾਡਾ ਸਵਾਗਤ ਕਰਦੇ ਹਨ।

ਮੋਦੀ ਦੇ ਕੱਟੜ ਸਮਰਥਕ ਆਨੰਦ ਚੌਬੇ ਅਨੁਸਾਰ ਇਥੇ ਹੋਏ ਸੁਧਾਰਾਂ ’ਚ ਗੈਸ ਪਾਈਪ ਲਾਈਨ, ਰਿੰਗ ਰੋਡ, ਗੰਗਾ ਤੇ ਵਰੁਣਾ ਨਦੀ ’ਤੇ ਬਣੇ ਪੁਲ ਸ਼ਾਮਿਲ ਹਨ ਪਰ ਮੋਦੀ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਅੰਡਰਗਰਾਊਂਡ ਕੇਬਲ ਵਿਛਾਉਣ ਲਈ ਸੜਕਾਂ ਦੇ ਕਿਨਾਰੇ ਪੁੁੱਟ ਦਿੱਤੇ ਗਏ, ਸ਼ਹਿਰ ’ਚ ਗੰਦਗੀ ਹੈ ਤੇ ਪੁਲ ਡਿੱਗਣ ਵਾਲੇ ਹਨ। ਕਾਂਗਰਸ ਦੇ ਉਮੀਦਵਾਰ ਅਜੈ ਰਾਏ ਮੰਨਦੇ ਹਨ ਕਿ ਸਾਫ-ਸਫਾਈ ’ਚ ਸੁਧਾਰ ਹੋਇਆ ਹੈ ਪਰ ਖਰਾਬ ਡਰੇਨੇਜ ਸਿਸਟਮ ਇਕ ਵੱਡੀ ਸਮੱਸਿਆ ਹੈ। ਅਜੈ ਰਾਏ ਮੰਦਰ ਲਈ ਵਿਸ਼ਵਨਾਥ ਕੋਰੀਡੋਰ ਦੀ ਆਲੋਚਨਾ ਕਰਦੇ ਹਨ। ਇਸ ਪ੍ਰਾਜੈਕਟ ’ਚ ਲੱਗਭਗ 250 ਢਾਂਚਿਆਂ ਨੂੰ ਤੋੜਨ ਤੋਂ ਬਾਅਦ ਬਣਾਈ ਗਈ 50 ਫੁੱਟ ਚੌੜੀ ਸੜਕ ਵੀ ਸ਼ਾਮਿਲ ਹੈ ਪਰ ਤੋੜੇ ਜਾਣ ਵਾਲੇ ਢਾਂਚਿਆਂ ’ਚ ਕੁਝ 17ਵੀਂ ਸਦੀ ਦੇ ਵੀ ਹਨ। 600 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਨਾਲ 45,000 ਵਰਗ ਮੀਟਰ ਜਗ੍ਹਾ ਬਣੇਗੀ। ਕੁਝ ਜਗ੍ਹਾ ਸਥਾਨਕ ਲੋਕਾਂ ਤੋਂ ਮਕਾਨ ਖਰੀਦੇ ਗਏ ਸਨ ਪਰ ਉਹ ਖੁਸ਼ ਨਹੀਂ ਹਨ। ਕੁਝ ਧਾਰਮਿਕ ਆਗੂਆਂ ਨੇ ਵੀ ਇਸ ਪ੍ਰਾਜੈਕਟ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਪ੍ਰਾਜੈਕਟ ਨਾਲ ‘ਕਾਸ਼ੀ ਦੀ ਆਤਮਾ’ ਨੂੰ ਕੁਚਲਿਆ ਜਾ ਰਿਹਾ ਹੈ। ਦੂਜੇ ਪਾਸੇ ਮੁਸਲਮਾਨਾਂ ਵਲੋਂ ਮੁਫਤੀ ਮੌਲਾਨਾ ਅਬਦੁਲ ਬਤਿਨ ਨੋਮਾਨੀ ਮੰਦਰ ਨਾਲ ਲੱਗਦੀ ਮਸਜਿਦ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਆਰ. ਐੱਸ. ਐੱਸ. ਦੇ ਨੇਤਾ ਰਮੇਸ਼ ਤੇ ਵਿਹਿਪ ਦੇ ਨੇਤਾ ਦਿਵਾਕਰ ਇਹ ਦਾਅਵਾ ਕਰਦੇ ਹਨ ਕਿ ਹੁਣ ਸ਼ਰਧਾਲੂ ਆਜ਼ਾਦ ਤੌਰ ’ਤੇ ਇਥੇ ਘੁੰਮ-ਫਿਰ ਸਕਦੇ ਹਨ। ਮੰਦਰ ਦੇ ਦੌਰੇ ਦੌਰਾਨ ਇਹ ਸਿੱਧ ਹੋਇਆ ਹੈ ਕਿ ਸ਼ਰਧਾਲੂ ਕੋਰੀਡੋਰ ਦਾ ਸਵਾਗਤ ਕਰ ਰਹੇ ਹਨ।

ਮੋਦੀ ਦੇ ਫੈਨ ਹਨ ਬੋਟਮੈਨ

ਤੁਹਾਨੂੰ 90 ਘਾਟਾਂ ਦੀ ਸੈਰ ਕਰਵਾਉਣ ਵਾਲੇ ਬੋਟਮੈਨ ਮੋਦੀ ਦੇ ਵੱਡੇ ਫੈਨ ਹਨ। ਨਦੀ ਕਿਨਾਰੇ ਲਾਈਆਂ ਗਈਆਂ ਲਾਈਟਾਂ ਦਿਖਾਉਂਦਿਆਂ ਬੋਟਮੈਨ ਮਹੇਸ਼ ਸੈਣੀ ਇਸ ਗੱਲ ’ਤੇ ਮਾਣ ਕਰਦੇ ਹਨ ਕਿ ਘਾਟਾਂ ’ਚ ਸੁਧਾਰ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਜੀ ਨੇ ਬਹੁਤ ਕੰਮ ਕੀਤਾ ਹੈ। ਆਸੀ, ਦਸਾਸ਼ਵਾਮੇਧ ਤੇ ਕੁਝ ਹੋਰ ਘਾਟਾਂ ’ਚ ਫਰਕ ਸਾਫ ਨਜ਼ਰ ਆਉਂਦਾ ਹੈ। ਨੋਰਡਿਕ ਕਰੂਜ਼ ਲਾਈਨ ਵਲੋਂ ਚਲਾਈ ਜਾ ਰਹੀ 60 ਸੀਟਾਂ ਵਾਲੀ ਅਲਕਨੰਦਾ ਲਗਜ਼ਰੀ ਬੋਟ ਗੰਗਾ ਨਦੀ ’ਚ ਸ਼ਾਨਦਾਰ ਸਵਾਰੀ ਕਰਵਾਉਂਦੀ ਹੈ। ਸਪਾ ਦੀ ‘ਡੰਮੀ’ ਉਮੀਦਵਾਰ ਸ਼ਾਲਿਨੀ ਯਾਦਵ ਦੱਸਦੀ ਹੈ ਕਿ ਆਸੀ ਘਾਟ ਤੋਂ ਕੁਝ ਦੂਰੀ ’ਤੇ ਵਾਰਾਨਸੀ ਦਾ ਕੂੜਾ ਗੰਗਾ ਨਦੀ ’ਚ ਹੀ ਸੁੱਟਿਆ ਜਾ ਰਿਹਾ ਹੈ ਤੇ ਹੋਰ ਥਾਵਾਂ ’ਤੇ ਵੀ ਅਜਿਹਾ ਹੁੰਦਾ ਹੈ। ਵਾਰਾਨਸੀ ’ਚ ਪ੍ਰਦੂਸ਼ਣ ਦੀ ਵੀ ਗੰਭੀਰ ਸਮੱਸਿਆ ਹੈ। ਸੰਕਟਮੋਚਨ ਮੰਦਰ ਦੇ ਮਹੰਤ ਵਿਸ਼ੰਭਰਨਾਥ ਮਿਸ਼ਰਾ ਸੀਵੇਜ ਸਿਸਟਮ ਦੀ ਕਮੀ ਤੇ ਗੰਗਾ ਦੀ ਸਾਫ-ਸਫਾਈ ਨਾ ਹੋਣ ਕਰਕੇ ਖੁਸ਼ ਨਹੀਂ ਹਨ। ਮੋਦੀ ਨੇ ਇਸ ਨਦੀ ਨੂੰ ਸਾਫ ਕਰਨ ਲਈ 21 ਹਜ਼ਾਰ ਕਰੋੜ ਰੁਪਏ ਦਾ ਐਲਾਨ ਕੀਤਾ ਸੀ, ਜਿਨ੍ਹਾਂ ’ਚੋਂ 600 ਕਰੋੜ ਰੁਪਏ ਖਾਸ ਤੌਰ ’ਤੇ ਵਾਰਾਨਸੀ ਲੋਕ ਸਭਾ ਹਲਕੇ ਲਈ ਸਨ।

ਜੁਲਾਹਿਆਂ ਦੀ ਸਥਿਤੀ

ਇਕ ਮੁਸਲਿਮ ਜੁਲਾਹੇ ਹਾਜੀ ਹਬੀਬਉੱਲਾ ਦਾ ਕਹਿਣਾ ਹੈ ਕਿ ਮਸ਼ਹੂਰ ਬਨਾਰਸੀ ਸਿਲਕ ਉਦਯੋਗ ਬਹੁਤ ਜ਼ਿਆਦਾ ਕੱਪੜਿਆਂ ਦੇ ਉਤਪਾਦਨ ਤੇ ਚੀਨੀ ਮੁਕਾਬਲੇਬਾਜ਼ੀ ਕਾਰਨ ਖਤਮ ਹੋਣ ਕੰਢੇ ਹੈ। ਸ਼ਹਿਰ ’ਚ ਲੱਗਭਗ 6 ਲੱਖ ਜੁਲਾਹੇ (ਬੁਣਕਰ) ਹਨ, ਜਿਨ੍ਹਾਂ ’ਚੋਂ ਬਹੁਤੇ ਮੁਸਲਮਾਨ ਹਨ ਅਤੇ ਬਹੁਤ ਸਾਰਿਆਂ ਨੇ ਇਹ ਪੇਸ਼ਾ ਛੱਡ ਦਿੱਤਾ ਹੈ ਕਿਉਂਕਿ ਹੁਣ ਇਹ ਲਾਹੇਵੰਦ ਨਹੀਂ ਰਿਹਾ। ਮੋਦੀ ਦੀ ‘ਮੁਦਰਾ ਲੋਨ ਯੋਜਨਾ’ ਨੇ ਉਨ੍ਹਾਂ ਦੀ ਸਹਾਇਤਾ ਤਾਂ ਕੀਤੀ ਹੈ ਪਰ ਇਸ ਦੇ ਲਾਭਪਾਤਰੀਆਂ ਦੀ ਗਿਣਤੀ ਘਟ ਰਹੀ ਹੈ। ਉਨ੍ਹਾਂ ਨੂੰ ਜੀ. ਐੱਸ. ਟੀ. ਦੇ ਫਾਰਮ ਭਰਨ ’ਚ ਦਿੱਕਤ ਆਉਂਦੀ ਹੈ ਕਿਉਂਕਿ ਜ਼ਿਆਦਾ ਬੁਣਕਰ ਅਨਪੜ੍ਹ ਹਨ।

ਮੋਦੀ ਨੂੰ ਗੰਗਾ ’ਤੇ ਭਰੋਸਾ

ਵਾਰਾਨਸੀ ’ਚ ਨਰਿੰਦਰ ਮੋਦੀ ਨੂੰ ਚੁਣੌਤੀ ਦੇਣ ਵਾਲਾ ਕੋਈ ਨਹੀਂ ਹੈ। ਭਾਜਪਾ ਤੇ ਆਰ. ਐੱਸ. ਐੱਸ. ਦੇ ਵਰਕਰ ਆਪਣੇ ਕੰਮ ’ਚ ਲੱਗੇ ਹੋਏ ਹਨ। ਇਥੇ ਅਜੈ ਰਾਏ ਤੇ ਸ਼ਾਲਿਨੀ ਯਾਦਵ ਕਮਜ਼ੋਰ ਉਮੀਦਵਾਰ ਹਨ। ਜੇ ਪ੍ਰਿਯੰਕਾ ਗਾਂਧੀ ਇਥੋਂ ਚੋਣ ਲੜ ਰਹੀ ਹੁੰਦੀ ਤਾਂ ਸ਼ਾਇਦ ਕੁਝ ਮੁਕਾਬਲੇ ਵਾਲੀ ਗੱਲ ਹੁੰਦੀ। ਹੁਣ ਸਿਰਫ ਇਕ ਹੀ ਚਰਚਾ ਹੈ ਕਿ ਮੋਦੀ ਦੀ ਜਿੱਤ ਦਾ ਫਰਕ ਕਿੰਨਾ ਰਹਿੰਦਾ ਹੈ। 2014 ’ਚ ਉਹ 5 ਲੱਖ 80 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਮੋਦੀ ਨੇ ਕਾਗਜ਼ ਦਾਖਲ ਕਰਨ ਤੋਂ ਬਾਅਦ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮਾਂ ਗੰਗਾ ਮੇਰਾ ਧਿਆਨ ਰੱਖੇਗੀ।’’


Bharat Thapa

Content Editor

Related News