ਮੀਡੀਆ ਨੂੰ ਸਿਆਸਤ ਤੋਂ ਅੱਡ ਰਹਿਣਾ ਚਾਹੀਦੈ

02/08/2019 6:57:54 AM

ਮੈਨੂੰ ਭਾਰਤ ਦੀ ਸਿਆਸਤ ਨਾਲ ਪਿਆਰ ਹੈ, ਮੈਂ ਚੋਣਾਂ ਦਾ ਮੌਸਮ ਪਸੰਦ ਕਰਦੀ ਹਾਂ। ਇਹ ਬਹੁਤ ਦਿਲਚਸਪ ਹੈ। ਟੀ. ਵੀ. ਚੈਨਲ ਸੋਪ ਓਪੇਰਾ ਵਾਂਗ ਹਨ, ਜਿੱਥੇ ਹਰੇਕ ਮਿੰਟ 'ਤੇ ਖਬਰ ਬਦਲਦੀ ਰਹਿੰਦੀ ਹੈ, ਹਰ ਕਿਤੇ ਬ੍ਰੇਕਿੰਗ ਨਿਊਜ਼ ਹੁੰਦੀ ਹੈ। ਅਸੀਂ ਬਹੁਤ ਆਸਾਨੀ ਨਾਲ ਜਾਣ ਲੈਂਦੇ ਹਾਂ ਕਿ ਕਿਹੜਾ ਚੈਨਲ ਕਿਹੜੀ ਸਿਆਸੀ ਪਾਰਟੀ ਨਾਲ ਜ਼ਿਆਦਾ ਜੁੜਿਆ ਹੋਇਆ ਹੈ। 
ਤੁਸੀਂ ਹੈਰਾਨ ਹੋਵੋਗੇ ਕਿ ਆਖਿਰ ਉਨ੍ਹਾਂ ਦਾ ਕੰਮ ਕੀ ਹੈ? ਸੋਸ਼ਲ ਮੀਡੀਆ ਸਿਆਸੀ ਦ੍ਰਿਸ਼ 'ਚ ਇਕ ਹੋਰ ਧਮਾਕਾ ਹੈ। ਮੈਂ ਨਹੀਂ ਸਮਝਦੀ ਕਿ ਇਹ ਚੋਣਾਂ ਨੂੰ  ਬਣਾ ਜਾਂ ਬਰਬਾਦ ਕਰ ਸਕਦਾ ਹੈ ਪਰ ਹਾਂ, ਇਸ ਦਾ ਬਹੁਤ ਪ੍ਰਭਾਵ ਹੁੰਦਾ ਹੈ। ਜਿੰਨੀ ਤੇਜ਼ੀ ਨਾਲ ਇਹ ਸਾਰੀ ਦੁਨੀਆ 'ਚ ਫੈਲ ਜਾਂਦਾ ਹੈ, ਉਹ ਹੈਰਾਨੀਜਨਕ ਹੈ। ਇਹ ਇਕ ਅਜਿਹੀ ਤਕਨੀਕ ਹੈ, ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ। 
ਵੋਟਰਾਂ 'ਤੇ ਅਸਰ 
ਮੀਡੀਆ ਵੋਟਰਾਂ ਨੂੰ ਪ੍ਰਭਾਵਿਤ ਕਰਦਾ ਹੈ, ਚਾਹੇ ਉਹ ਪ੍ਰਿੰਟ ਮੀਡੀਆ ਹੋਵੇ ਜਾਂ ਇਲੈਕਟ੍ਰਾਨਿਕ ਪਰ ਸਾਡੇ ਵੋਟਰ ਬੇਵਕੂਫ ਨਹੀਂ ਹਨ। ਜੇ ਅੱਜ ਤੁਸੀਂ ਕਿਸੇ ਆਮ ਆਦਮੀ ਨਾਲ ਗੱਲ ਕਰੋ ਤਾਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਉਹ ਤੁਹਾਨੂੰ ਇਥੋਂ ਤਕ ਦੱਸ ਸਕਦਾ ਹੈ ਕਿ ਪਿਛਲੇ 5 ਸਾਲਾਂ 'ਚ ਕੀ ਕੁਝ ਹੋਇਆ ਹੈ? ਚਾਹੇ ਇਹ ਕਾਂਗਰਸ ਹੋਵੇ ਜਾਂ ਭਾਜਪਾ ਜਾਂ ਕੋਈ ਹੋਰ ਖੇਤਰੀ ਪਾਰਟੀ–ਹੁਣ ਵੋਟਰਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਉਹ ਸਾਡੀ ਸੋਚ ਨਾਲੋਂ ਕਿਤੇ ਜ਼ਿਆਦਾ ਚੁਸਤ ਤੇ ਅਮਲੀ ਗਿਆਨ ਵਾਲੇ ਹਨ। 
ਅਸਲੀ ਵੋਟਰ ਉਹ ਹੈ, ਜੋ ਤੁਹਾਡੇ 'ਤੇ ਨਜ਼ਰ ਰੱਖਦਾ ਹੈ ਅਤੇ ਜਿਹੜਾ ਮੱਧ ਵਰਗ ਦਾ ਨਹੀਂ, ਸਗੋਂ ਹੇਠਲੇ ਮੱਧ ਵਰਗ ਦਾ ਅਤੇ ਮਜ਼ਦੂਰ ਸ਼੍ਰੇਣੀ ਦਾ ਹੈ। ਇਹ ਉਹ ਵੋਟਰ ਹੈ, ਜੋ ਵੋਟ ਪਾਉਂਦਾ ਹੈ। ਮੈਨੂੰ ਆਮ ਲੋਕਾਂ ਨਾਲ ਗੱਲ ਕਰਨੀ ਚੰਗੀ ਲੱਗਦੀ ਹੈ, ਚਾਹੇ ਉਹ ਡਰਾਈਵਰ ਹੋਣ ਜਾਂ ਦੁਕਾਨਦਾਰ ਜਾਂ ਵਪਾਰੀ ਵਰਗ। ਮੈਨੂੰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਸਰਕਾਰ ਤੋਂ ਜੋ ਉਮੀਦ ਉਹ ਰੱਖਦੇ ਹਨ, ਉਸ ਪ੍ਰਤੀ ਕਿੰਨੇ ਅਸਹਿਣਸ਼ੀਲ ਹੁੰਦੇ ਹਨ। ਉਹ ਸਭ ਕੁਝ ਤੁਰੰਤ ਚਾਹੁੰਦੇ ਹਨ।
ਜੇ ਸਿਆਸਤਦਾਨ ਤੁਹਾਡੇ ਨਾਲ ਕਿਸੇ ਚੀਜ਼ ਦਾ ਵਾਅਦਾ ਕਰਦੇ ਹਨ ਤਾਂ ਉਹ ਵਾਅਦਾ ਅਗਲੇ 6 ਮਹੀਨਿਆਂ ਜਾਂ ਅਗਲੇ ਇਕ ਸਾਲ 'ਚ ਪੂਰਾ ਕੀਤਾ ਜਾਣਾ ਚਾਹੀਦਾ ਹੈ। ਨਵੇਂ ਵੋਟਰਾਂ ਦੀ ਆਦਤ ਇਹ ਹੈ ਕਿ ਤੁਸੀਂ ਨਤੀਜਾ ਦਿਓ ਜਾਂ ਵਾਅਦੇ ਪੂਰੇ ਕਰੋ ਅਤੇ ਅਸੀਂ ਤੁਹਾਨੂੰ  ਵੋਟ ਦਿਆਂਗੇ। 
ਨੌਜਵਾਨ ਸਬਰ ਵਾਲੇ ਨਹੀਂ
ਅੱਜ ਦਾ ਨੌਜਵਾਨ ਸਬਰ ਵਾਲਾ ਨਹੀਂ ਹੈ। ਅੱਜ ਦਾ ਵੋਟਰ ਆਕੜ ਬਰਦਾਸ਼ਤ ਨਹੀਂ ਕਰਦਾ। ਉਹ ਸਿਆਸਤਦਾਨਾਂ ਵਲੋਂ ਕੀਤੇ ਜਾਣ ਵਾਲੇ ਝੂਠੇ ਵਾਅਦੇ, ਰੁੱਖੇਪਨ, ਝਗੜਿਆਂ ਤੇ ਗਾਲ੍ਹੀ-ਗਲੋਚ ਤੋਂ ਅੱਕ ਚੁੱਕਾ ਹੈ। ਮੈਂ ਕਈ ਵਾਰ ਗੌਰ ਕੀਤਾ ਹੈ ਕਿ ਆਮ ਲੋਕ ਕਿਸੇ ਵੀ ਸਿਆਸਤਦਾਨ ਵਲੋਂ ਕਿਸੇ ਦੂਜੇ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਨੂੰ ਸਵੀਕਾਰ ਨਹੀਂ ਕਰਦੇ, ਖਾਸ ਕਰਕੇ ਅੱਜਕਲ ਟੀ. ਵੀ. ਚੈਨਲਾਂ 'ਤੇ ਚੱਲ ਰਹੀਆਂ ਬਹਿਸਾਂ ਬਾਰੇ ਮੈਨੂੰ ਪੂਰਾ ਯਕੀਨ ਹੈ ਕਿ ਆਮ ਆਦਮੀ ਨਿਊਜ਼ ਚੈਨਲ ਦੇਖਣ ਦੀ ਬਜਾਏ ਮਨੋਰੰਜਨ ਚੈਨਲ ਦੇਖਦਾ ਹੈ ਕਿਉਂਕਿ ਉਸ ਸਾਹਮਣੇ ਪਰੋਸੀਆਂ ਜਾ ਰਹੀਆਂ ਖ਼ਬਰਾਂ 'ਤੇ ਉਸ ਨੂੰ ਹੁਣ ਭਰੋਸਾ ਨਹੀਂ ਰਿਹਾ। ਆਮ ਆਦਮੀ ਸਮਝਦਾ ਹੈ ਕਿ ਇਹ ਖ਼ਬਰਾਂ 'ਪੇਡ' ਹਨ, ਜਿਨ੍ਹਾਂ ਨੂੰ ਪੂਰੀ ਯੋਜਨਾ ਨਾਲ ਬਣਾਇਆ ਗਿਆ ਹੈ। ਉਹ ਇਹ ਵੀ ਸਮਝਦੇ ਹਨ ਕਿ ਸਰਕਾਰ ਅਤੇ ਇਹ ਨਵੇਂ ਚੈਨਲ ਵੋਟਰਾਂ ਦੀ ਸਮਝਦਾਰੀ ਦਾ ਅਪਮਾਨ ਕਰ ਰਹੇ ਹਨ। 
ਇਹ ਸਹੀ ਸਮਾਂ ਹੈ ਕਿ ਸਾਡਾ ਮੀਡੀਆ ਪ੍ਰਪੱਕ ਬਣੇ ਤੇ ਖ਼ਬਰ ਨੂੰ ਖ਼ਬਰ ਵਾਂਗ ਹੀ ਪੇਸ਼ ਕਰੇ। ਬਹੁਤ ਸਾਰੇ ਲੋਕ ਹੁਣ ਫਿਰ ਦੂਰਦਰਸ਼ਨ ਦੇਖਣ ਲੱਗ ਪਏ ਹਨ, ਜਿਵੇਂ ਕਿ ਅਸੀਂ ਬਚਪਨ 'ਚ ਦੇਖਦੇ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਥੇ ਹੀ ਉਨ੍ਹਾਂ ਨੂੰ ਸਹੀ ਖ਼ਬਰ ਦੇਖਣ-ਸੁਣਨ ਨੂੰ ਮਿਲਦੀ ਹੈ। ਲੋਕ ਹੁਣ ਚਾਰ ਨੇਤਾਵਾਂ ਨੂੰ ਇਕ-ਦੂਜੇ 'ਤੇ ਗੁੱਸੇ ਨਾਲ ਵਰ੍ਹਦੇ, ਇਕ-ਦੂਜੇ ਦਾ ਅਪਮਾਨ ਕਰਦੇ ਦੇਖਣਾ ਅਤੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ। ਪਹਿਲਾਂ ਇਹ ਮਨੋਰੰਜਨ ਸੀ ਪਰ ਹੁਣ ਇਹ ਇਕ ਗੰਦੀ ਸਿਆਸਤ 'ਚ ਬਦਲ ਗਿਆ ਹੈ। 
ਸੋਸ਼ਲ ਮੀਡੀਆ 
ਬੁਲਾਰੇ ਇਕ-ਦੂਜੇ ਦਾ ਅਪਮਾਨ ਕਰ ਰਹੇ ਹਨ, ਉਹ ਨਿੱਜੀ ਪਰਿਵਾਰਕ ਹਮਲਿਆਂ ਤਕ ਪਹੁੰਚ ਜਾਂਦੇ ਹਨ ਪਰ ਦਰਸ਼ਕ ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ। ਸੋਸ਼ਲ ਮੀਡੀਆ ਸਕਿੰਟਾਂ 'ਚ ਉਨ੍ਹਾਂ ਨੂੰ ਅਸਲੀ ਤਸਵੀਰ ਦਿਖਾ ਦਿੰਦਾ ਹੈ, ਟਵਿਟਰ ਕਈਆਂ ਲਈ ਅੱਖਾਂ ਖੋਲ੍ਹਣ ਵਾਲਾ ਹੈ, ਫੇਸਬੁੱਕ ਲੋਕਾਂ ਨੂੰ ਜੋੜਦੀ ਹੈ, ਇਸ ਲਈ ਇਲੈਕਟ੍ਰਾਨਿਕ ਮੀਡੀਆ ਸੋਸ਼ਲ ਮੀਡੀਆ ਤੋਂ ਵੀ ਹਾਰ ਰਿਹਾ ਹੈ। 
ਲੋਕਾਂ ਨੂੰ ਕੁਝ ਐਂਕਰਾਂ 'ਤੇ ਟਿੱਪਣੀਆਂ ਕਰਦੇ ਦੇਖਣਾ ਬਹੁਤ ਬੁਰਾ ਲੱਗਦਾ ਹੈ, ਜੋ ਕਿਸੇ ਪਾਰਟੀ ਦੇ ਬੁਲਾਰੇ ਵਾਂਗ ਨਜ਼ਰ ਆਉਂਦੇ ਹਨ ਅਤੇ ਇਹ ਭੁੱਲ ਜਾਂਦੇ ਹਨ ਕਿ ਉਹ ਉਥੇ ਕਿਸ ਲਈ ਬੈਠੇ ਹਨ, ਸਿਰਫ ਨਿਊਜ਼ ਐਂਕਰਜ਼। 
ਅਫਸੋਸ ਦੀ ਗੱਲ ਹੈ ਕਿ ਕੁਝ ਲੋਕਾਂ ਕਾਰਨ ਮੀਡੀਆ ਉਤੋਂ ਭਰੋਸਾ ਉੱਠ ਰਿਹਾ ਹੈ, ਜਿਨ੍ਹਾਂ 'ਤੇ ਕਿਸੇ ਏਜੰਡੇ ਦੇ ਤਹਿਤ ਕੰਮ ਕਰਨ ਦੇ ਦੋਸ਼ ਲੱਗਦੇ ਹਨ। ਇਹ ਸੱਚਮੁਚ ਇਕ ਸ਼ਰਮ ਵਾਲੀ ਗੱਲ ਹੈ ਤੇ ਇਸ ਨੂੰ ਤੁਰੰਤ ਹੀ ਦਰੁਸਤ ਕਰਨ ਦੀ ਲੋੜ ਹੈ, ਨਹੀਂ ਤਾਂ ਨਿਊਜ਼ ਟੀ. ਵੀ. ਚੈਨਲ ਅਤੇ ਉਨ੍ਹਾਂ ਦੀਆਂ ਟੀਮਾਂ ਆਪਣੀ ਭਰੋਸੇਯੋਗਤਾ ਗੁਆ ਲੈਣਗੀਆਂ, ਜੋ ਇਕ ਲੋਕਤੰਤਰ ਲਈ ਸਹੀ ਨਹੀਂ ਹੈ।
ਆਪਣੀ ਨਿੱਜੀ ਨੇੜਤਾ ਨੂੰ ਆਪਣੇ ਕਾਰਜ ਖੇਤਰ ਤੋਂ ਬਾਹਰ ਰੱਖਣਾ ਚਾਹੀਦਾ ਹੈ ਕਿਉਂਕਿ ਜੇ ਸਰਕਾਰ ਬਦਲ ਜਾਂਦੀ ਹੈ ਤੇ ਉਸ ਦੀ ਥਾਂ ਇਕ ਹਮਲਾਵਰ ਸਰਕਾਰ ਆਉਂਦੀ ਹੈ ਤਾਂ ਤੁਹਾਨੂੰ ਆਪਣਾ ਰਵੱਈਆ ਬਦਲਣਾ ਪਵੇਗਾ, ਜੋ ਤੁਹਾਡੇ ਲਈ ਸ਼ਰਮਨਾਕ ਸਿੱਧ ਹੋਵੇਗਾ। 
 


Related News